ਸੰਵਾਦ ਪ੍ਰਕਿਰਿਆ ਭਰੋਸੇਯੋਗ ਬਣਾਉਣ ਲਈ ਜੰਮੂ ਕਸ਼ਮੀਰ ਵਿੱਚ ਦਮਨਕਾਰੀ ਯੁੱਗ ਸਮਾਪਤ ਹੋਵੇ: ਮਹਿਬੂਬਾ

ਨਵੀਂ ਦਿੱਲੀ (ਸਮਾਜ ਵੀਕਲੀ): ਪੀਡੀਪੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ ਕਸ਼ਮੀਰ ਦੇ ਮੁੱਖ ਆਗੂਆਂ ਨਾਲ ਸ਼ੁਰੂ ਕੀਤੀ ਗਈ ਸੰਵਾਦ ਪ੍ਰਕਿਰਿਆ ਨੂੰ ਭਰੋਸੇਯੋਗ ਬਣਾਉਣ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ‘ਜ਼ੁਲਮ ਤੇ ਦਮਨ ਦਾ ਯੁੱਗ’ ਸਮਾਪਤ ਹੋਣਾ ਚਾਹੀਦਾ ਹੈ। ਨਾਲ ਹੀ ਇਹ ਵੀ ਸਮਝਣਾ ਚਾਹੀਦਾ ਹੈ ਕਿ ਅਸਹਿਮਤੀ ਪ੍ਰਗਟਾ ਕਰਨਾ ਕੋਈ ਅਪਰਾਧਿਕ ਕਾਰਵਾਈ ਨਹੀਂ ਹੈ। ਉਨ੍ਹਾਂ ਕਿਹਾ, ‘‘ਪਹਿਲਾਂ ਲੋਕਾਂ   ਨੂੰ ਸਾਹ ਲੈਣ ਦਾ ਅਧਿਕਾਰ ਦਿਓ, ਬਾਕੀ ਸਭ ਬਾਅਦ ਵਿਚ।’’

ਸਾਬਕਾ ਮੁੱਖ ਮੰਤਰੀ ਨੇ ਜੰਮੂ ਕਸ਼ਮੀਰ ਦੇ ਮੁੱਖ ਆਗੂਆਂ ਦੇ 14 ਮੈਂਬਰੀ ਵਫ਼ਦ ਦੀ ਪ੍ਰਧਾਨ ਮੰਤਰੀ ਨਾਲ ਵੀਰਵਾਰ ਨੂੰ ਹੋਈ ਮੀਟਿੰਗ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਤਕਲੀਫ਼ਾਂ ਦੇ ਖ਼ਾਤਮੇ ਵੱਲ ਇਕ ਕਦਮ ਕਰਾਰ ਦਿੱਤਾ। ਮਹਿਬੂਬਾ ਜੋ ਕਿ ਇਸ 14 ਮੈਂਬਰੀ ਵਫ਼ਦ ਦਾ ਹਿੱਸਾ ਸੀ, ਨੇ ਸਪੱਸ਼ਟ ਕੀਤਾ ਕਿ ਸੰਵਾਦ ਪ੍ਰਕਿਰਿਆ ਨੂੰ ਭਰੋਸੇਯੋਗ ਬਣਾਉਣਾ ਕੇਂਦਰ ਦੇ ਹੱਥ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਵਿਸ਼ਵਾਸ ਬਣਾਉਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਸੁੱਖ ਦਾ ਸਾਹ ਲੈਣ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇੱਥੋਂ ਦੇ ਲੋਕਾਂ ਦੇ ਰੁਜ਼ਗਾਰ ਤੇ ਜ਼ਮੀਨ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

ਇੱਥੇ ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿਚ ਮਹਿਬੂਬਾ ਨੇ ਕਿਹਾ, ‘‘ਜਦੋਂ ਮੈਂ ਲੋਕਾਂ ਨੂੰ ਸਾਹ ਲੈਣ ਦੇਣ ਦੀ ਗੱਲ ਕਰਦੀ ਹਾਂ ਤਾਂ ਮੇਰਾ ਮਤਲਬ ਹੁੰਦਾ ਹੈ ਕਿ ਅੱਜ ਅਸਹਿਮਤੀ ਪ੍ਰਗਟਾਉਣ ਵਾਲੇ ਕਿਸੇ ਵੀ ਪੱਖ ਨੂੰ ਜੇਲ੍ਹ ਵਿਚ ਡੱਕਣ ਦਾ ਖ਼ਤਰਾ ਰਹਿੰਦਾ ਹੈ। ਹਾਲ ਹੀ ਵਿਚ, ਇਕ ਵਿਅਕਤੀ ਨੂੰ ਭਾਵਨਾਵਾਂ ਜ਼ਾਹਿਰ ਕਰਨ ਲਈ ਜੇਲ੍ਹ ਭੇਜ ਦਿੱਤਾ ਗਿਆ ਸੀ। ਉਸ ਨੇ ਕਿਹਾ ਸੀ ਕਿ ਉਸ ਨੂੰ ਇਕ ਕਸ਼ਮੀਰੀ ਸਲਾਹਕਾਰ ਤੋਂ ਕਾਫੀ ਆਸ ਸੀ। ਸਬੰਧਤ ਡਿਪਟੀ ਕਮਿਸ਼ਨਰ ਨੇ ਇਹ ਯਕੀਨੀ ਬਣਾਇਆ ਕਿ ਅਦਾਲਤ ਤੋਂ ਜ਼ਮਾਨਤ ਮਿਲਣ ਦੇ ਬਾਵਜੂਦ ਉਹ ਕੁਝ ਦਿਨ ਜੇਲ੍ਹ ਵਿਚ ਰਹੇ। ਇਸ ਵਾਸਤੇ ਜਦੋਂ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਉਹ ਦਿਲਾਂ ਦੀਆਂ ਦੂਰੀਆਂ ਖ਼ਤਮ ਕਰਨਾ ਚਾਹੁੰਦੇ ਹਨ ਤਾਂ ਇਸ ਤਰ੍ਹਾਂ ਦੇ ਦਮਨ ਦਾ ਤੁਰੰਤ ਅੰਤ ਹੋ ਜਾਣਾ ਚਾਹੀਦਾ ਹੈ।’’

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁੱਡੂਚੇਰੀ ਮੰਤਰੀ ਮੰਡਲ ’ਚ ਪੰਜ ਮੰਤਰੀ ਸ਼ਾਮਲ
Next articleਵੱਡੇ ਸੰਕਟ ਅੱਗੇ ਸਰਕਾਰੀ ਨੀਤੀਆਂ ਅਸਫ਼ਲ: ਰਾਹੁਲ