ਛੱਪੜ

(ਸਮਾਜ ਵੀਕਲੀ)

ਪਿੰਡ ਦੇ ਬਾਹਰਵਾਰ ਸੀ ਮਿਲਦਾ
ਜਾਂ ਫਿਰਨੀ ਤੇ ਚੜ੍ਹਦੇ, ਛਿਪਦੇ
ਜਿਵੇਂ ਸੁਆਗਤੀ ਪਿੰਡ ਦਾ ਕੋਈ
ਉਡੀਕੇ ਆਵਣ ਜਾਵਣ ਵਾਲਾ।

ਹਰ ਇੱਕ ਘਰ ਤੋਂ ਇੱਕ ਇੱਕ ਬੰਦਾ
ਕਰਦਾ ਲਾ ਕੇ ਜ਼ੋਰ ਸਫ਼ਾਈ
ਤਾਂ ਜੋ ਅਗਲੀ ਬਰਸਾਤਾਂ ਵਿੱਚ
ਕੱਠਾ ਕਰਲਾਂ ਪਿੰਡ ਲਈ ਪਾਣੀ।

ਨਲਕੇ ਉੱਕ ਗਏ ਖੂਹ ਵੀ ਸੁੱਕ ਗਏ
ਜਦ ਬੋਰਾਂ ਦਾ ਆਇਆ ਜਮਾਨਾ
ਪਿੰਡ ਦੇ ਬਾਹਰ, ਗਲੀਆਂ ਅੰਦਰ
ਟੁੱਟੀਆਂ ਨੇ ਪਿੰਡ ਘੇਰ ਲਿਆ ਜਦ।

ਵਧੀ ਆਬਾਦੀ ਪਸਰ ਗਿਆ ਪਿੰਡ
ਦੱਬ ਲਿਆ ਮੈਨੂੰ ਚਾਰ ਪਾਸਿਓਂ
ਕਿਸੇ ਕੰਧੋਲੀ, ਢੇਰ ਕਿਸੇ ਨੇ
ਮੇਰੇ ਸਿਰ ਤੇ ਆਣ ਧਰੇ ਫਿਰ।

ਖੁਦ ਨੂੰ ਪਾਣੀ ਵਿੱਚ ਡੁਬੋ ਕੇ
ਖੇਤਾਂ ਵਿਚਲਾ ਹੜ੍ਹ ਸਮੋਅ ਕੇ
ਪਾਣੀ ਕੱਠਾ ਕਰ ਲੈਂਦਾ ਸਾਂ
ਆਪਣਾ ਆਪਾ ਭਰ ਲੈਂਦਾ ਸਾਂ।

ਸੁਬ੍ਹਾ – ਸਵੇਰੇ, ਡੰਗਰ ਵੱਛਾ
ਸਿਖਰ ਦੁਪਹਿਰੇ ਪਿੰਡ ਦੇ ਗੱਭਰੂ
ਸ਼ਾਮੀਂ ਗਾਰਾ ਲੈਣ ਨੂੰ ਕੁੜੀਆਂ
ਆਉਂਦੀ ਸੀ, ਭਲਾ ਕਿੱਧਰ ਗਈਆਂ ?

ਕਹਿੰਦੇ ‘ਆਸਾ ਰਾਮ’ ਸੀ ਕਹਿ ਗਿਆ
ਵਾਂਗ ਓਸ ਦੇ ਮੀਂਹ ਵਰਸੇਗਾ
ਕੱਟਾ – ਵੱਛਾ, ਗਾਂ ਦਾ ਜਾਇਆ
ਪੀਣ ਨੂੰ ਪਾਣੀ ਸ਼ੀਂਹ ਤਰਸੇਗਾ।

ਸ਼ਹਿਰਾਂ ਨੇ ਪਿੰਡ ਨਿਗਲ਼ ਲਏ ਹਨ
ਬਾਗ਼ ਬਗ਼ੀਚੇ ਖਾ ਗਏ ਬਿਲਡਰ
ਪਿੰਡ ਦੀ ਫਿਰਨੀ ਦੀ ਹਿੱਕ ਉੱਤੇ
ਉਸਰੀਆਂ ਖੜੀਆਂ ਪੰਜ ਮੰਜ਼ਿਲਾਂ।

ਪਿੰਡ ਦੇ ਬਾਹਰ ਫਿਰਨੀ ਉੱਤੇ
ਮੈਂ ਨਹੀਂ ਮਿਲਦਾ, ਡੀਲਰ ਮਿਲਦੇ
ਦੋ- ਚਾਰ ਖਣ ਪਿੰਡ ਦੇ ਅੰਦਰ
ਬਚੇ ਹੋਏ ਜੋ, “ਦੱਸ ਕੀ ਲੈਣੈ ?”

ਕੈਸੇ ਦੇਖ ਜਮਾਨੇ ਆ ਗਏ
ਰਾਖੇ ਖੁਦ ਹੀ ਖੇਤ ਨੂੰ ਖਾ ਗਏ
ਕਹਿ ਦਿੱਤਾ ਜੋ ਮੈਂ ਕਹਿਣਾ ਸੀ
ਸੁਣਦੇ ਸੀ ਜੋ ਧਰਤ ਸਮਾਂ ਗਏ।

ਗੁਰਮਾਨ ਸੈਣੀ
ਰਾਬਤਾ : 9256346906
: 8360487488

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੰਗੋਲੀ ਮੁਕਾਬਲੇ ‘ਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐੱਫ ਜੇਤੂ ਰਿਹਾ
Next articleਕਾਕਾ ਫੌਅੜ੍ਹੀ