ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵੰਸ਼ਵਾਦ ਦੀ ਸਿਆਸਤ ਜਮਹੂਰੀਅਤ ਲਈ ਖ਼ਤਰਨਾਕ ਹੈ ਤੇ ਭਾਜਪਾ ਇਸ ਦੇ ਸਖ਼ਤ ਖਿਲਾਫ਼ ਹੈ। ਇਹੀ ਵਜ੍ਹਾ ਹੈ ਕਿ ਪਾਰਟੀ ਨੇ ਅਸੈਂਬਲੀ ਚੋਣਾਂ ਦੌਰਾਨ ਭਾਜਪਾ ਸੰਸਦ ਮੈਂਬਰਾਂ ਦੇ ਬੱਚਿਆਂ ਨੂੰ ਟਿਕਟਾਂ ਨਾ ਦੇਣ ਦਾ ਸੁਚੇਤ ਫੈਸਲਾ ਲਿਆ ਸੀ। ਸ੍ਰੀ ਮੋਦੀ ਚਾਰ ਰਾਜਾਂ ਦੀਆਂ ਅਸੈਂਬਲੀ ਚੋਣਾਂ ਵਿੱਚ ਮਿਲੀ ਸ਼ਾਨਦਾਰ ਜਿੱਤ ਦੇ ਪਿਛੋਕੜ ਵਿੱਚ ਭਾਜਪਾ ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਦੀ ਵੀ ਸ਼ਲਾਘਾ ਕੀਤੀ। ਮੀਟਿੰਗ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਵੀ ਸੰਬੋਧਨ ਕੀਤਾ। ਬਜਟ ਇਜਲਾਸ ਦਾ ਦੂਜਾ ਅੱਧ ਸ਼ੁਰੂ ਹੋਣ ਮਗਰੋਂ ਭਾਜਪਾ ਸੰਸਦੀ ਦਲ ਦੀ ਇਹ ਪਲੇਠੀ ਮੀਟਿੰਗ ਸੀ।
ਸ੍ਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਆਗਾਮੀ ਪੰਜ ਚੋਣਾਂ ਵਾਲੇ ਰਾਜਾਂ ਵਿੱਚ ਆਪੋ-ਆਪਣੇ ਹਲਕਿਆਂ ’ਚ ਘੱਟੋ-ਘੱਟ 100 ਅਜਿਹੇ ਬੂਥਾਂ ਦੀ ਪਛਾਣ ਕਰਨ ਲਈ ਕਿਹਾ ਜਿੱਥੇ ਭਾਜਪਾ ਨੂੰ ਆਮ ਨਾਲੋਂ ਘੱਟ ਵੋਟ ਮਿਲਦੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਭਾਜਪਾ ਦਾ ਵੋਟ ਪ੍ਰਤੀਸ਼ਤ ਘੱਟ ਰਹਿਣ ਦੇ ਕਾਰਨਾਂ ਦੀ ਘੋਖ ਕੀਤੀ ਜਾਵੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੱਤਰਕਾਰਾਂ ਨੂੰ ਮੀਟਿੰਗ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ‘ਦੇਸ਼ ਵਿੱਚ ਵੰਸ਼ਵਾਦ ਦੀ ਸਿਆਸਤ ਖਿਲਾਫ਼ ਮਾਹੌਲ ਬਣਿਆ ਹੋਇਆ ਹੈ ਤੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਭਾਜਪਾ ਨੇ ਆਪਣੇ ਆਗੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਟਿਕਟਾਂ ਨਾ ਦੇਣ ਦਾ ਫੈਸਲਾ ਲਿਆ ਸੀ। ਪਾਰਟੀ ਆਗੂਆਂ ਨੇ ਤਾੜੀਆਂ ਮਾਰ ਕੇ ਇਸ ਫੈਸਲੇ ਨੂੰ ਸਵੀਕਾਰ ਕੀਤਾ।’’ ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਵੰਸ਼ਵਾਦ ਦੀ ਸਿਆਸਤ ਨਾਲ ਲੜਨ ਲਈ ਭਾਜਪਾ ਨੂੰ ਪਾਰਟੀ ਸੰਗਠਨ ਅੰਦਰ ਅਜਿਹੀਆਂ ਰਵਾਇਤਾਂ ’ਤੇ ਤਿੱਖੀ ਨਜ਼ਰ ਰੱਖਣੀ ਹੋਵੇਗੀ।
ਜੋਸ਼ੀ ਨੇ ਕਿਹਾ ਕਿ ਜੰਗ ਦੇ ਝੰਬੇ ਯੂਕਰੇਨ ’ਚੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੀਤੇ ਯਤਨਾਂ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਇਕ ਪਾਸੇ ਸਰਕਾਰ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਯਤਨਸ਼ੀਲ ਸੀ ਜਦੋਂਕਿ ਦੂਜੇ ਪਾਸੇ ਕੁਝ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਮੁੱਦੇ ਦੇ ਸਿਆਸੀਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਸੂਤਰਾਂ ਮੁਤਾਬਕ ਸ੍ਰੀ ਮੋਦੀ ਨੇ ਹਾਲੀਆ ਰਿਲੀਜ਼ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਅਜਿਹੀਆਂ ਫ਼ਿਲਮਾਂ ਬਣਦੀਆਂ ਰਹਿਣੀਆਂ ਚਾਹੀਦੀਆਂ ਹਨ।
ਜੋਸ਼ੀ ਨੇ ਕਿਹਾ ਕਿ ਸ੍ਰੀ ਨੱਢਾ ਨੇ ਆਪਣੇ ਸੰਬੋਧਨ ਵਿੱਚ ਸੰਸਦ ਮੈਂਬਰਾਂ ਨੂੰ ਅਸੈਂਬਲੀ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਕਿਵੇਂ ਪਾਰਟੀ ਨੇ ਸੱਤਾ ਵਿਰੋਧੀ ਲਹਿਰ ਨੂੰ ਸੱਤਾ ਪੱਖੀ ਲਹਿਰ ਵਿੱਚ ਤਬਦੀਲ ਕੀਤਾ। ਮੀਟਿੰਗ ਦੌੌਰਾਨ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ‘ਅਪਰੇਸ਼ਨ ਗੰਗਾ’ ਤਹਿਤ ਭਾਰਤੀਆਂ ਨੂੰ ਯੂਕਰੇਨ ’ਚੋਂ ਵਾਪਸ ਲਿਆਉਣ ਲਈ ਚਲਾਏ ਅਮਲ ਸਬੰਧੀ ਪੇਸ਼ਕਾਰੀ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly