
(ਸਮਾਜ ਵੀਕਲੀ) ਲਾਭ ਸਿੰਘ ਉਗੋਕੇ ਕਾਵਿ ਸਫ਼ਰ ‘ਤੇ ਤੁਰਿਆ ਨਵਾਂ ਸੰਵੇਦਨਸ਼ੀਲ ਕਵੀ ਹੈ। ਜਿਸਨੇ ਹੁਣੇ ਆਪਣੀ ਪੁਸਤਕ ” ਤੂੰ ਇੱਕ ਦੀਵਾ ਬਣ ” ਨਾਲ਼ ਕਾਵਿਕ ਖੇਤਰ ਵਿੱਚ ਪੈਰ ਧਰਿਆ ਹੈ। ਸੰਵੇਦਨਸ਼ੀਲ ਹੋਣਾ ਇੱਕ ਕਵੀ ਅਤੇ ਸਧਾਰਨ ਵਿਅਕਤੀ ਦੇ ਜੀਵਨ ਦਾ ਖਾਊਸਾ ਹੈ ਪਰ ਅੱਜ ਦੇ ਮਸ਼ੀਨੀ ਅਤੇ ਮੁਕਾਬਲੇਬਾਜ਼ੀ ਦੇ ਯੁੱਗ ਵਿੱਚ ਇਹ ਸੰਵੇਦਨਾ ਮਨੁੱਖ ਅੰਦਰੋਂ ਅਲੋਪ ਹੁੰਦੀ ਜਾ ਰਹੀ ਹੈ। ਮਨੁੱਖ ਦਾ ਸੰਵੇਦਨਸ਼ੀਲ ਹੋਣਾ ਹੀ ਉਸ ਨੂੰ ਹੋਰ ਜੀਵਾਂ ਦੀ ਤੁਲਨਾ ਵਿੱਚ ਖ਼ਾਸ ਬਣਾਉਂਦਾ ਹੈ। ਆਤਮ ਵਿਸ਼ਵਾਸ ਤੋਂ ਲੈ ਕੇ ਅੰਦਰੂਨੀ ਵਿਕਾਸ ਲਈ ਸੰਵੇਦਨਾ ਵਿਸ਼ੇਸ਼ ਮਹੱਤਵ ਰੱਖਦੀ ਹੈ। ਸਮਾਜਿਕ ਜੀਵਨ ਜਿਉਂਦਿਆਂ ਸੰਵੇਦਨਸ਼ੀਲਤਾ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਮਨੁੱਖ ਆਪਣੀਆਂ ਸਾਰੀਆਂ ਭਾਵਨਾਵਾਂ ਪ੍ਰਤੀ ਸੰਵੇਦਨਸ਼ੀਲ ਹੁੰਦਾ ਹੈ।ਜਿੱਥੇ ਸੰਵੇਦਨਾ ਹੁੰਦੀ ਹੈ, ਉੱਥੇ ਆਪਣੇ ਪਰਾਏ ਦੇ ਫ਼ਰਕ ਮਿਟ ਜਾਂਦੇ ਹਨ। ਮਨੁੱਖ ਨੇ ਆਪਣੀ ਨੈਤਿਕਤਾ ਅਤੇ ਸੰਵੇਦਨਸ਼ੀਲਤਾ ਨੂੰ ਸਿਰਫ਼ ਇੱਕ ਦਾਇਰੇ ਤੱਕ ਸੀਮਤ ਕਰ ਰੱਖਿਆ ਹੈ ਜਿਸ ਦੀ ਹੱਦ ਮਨੁੱਖ ਦੇ ਸਵਾਰਥ ਅਨੁਸਾਰ ਬਦਲਦੀ ਰਹਿੰਦੀ ਹੈ। ਹੇਠਾਂ ਅਸੀਂ ਲਾਭ ਸਿੰਘ ਉਗੋਕੇ ਦੇ ਸੰਵੇਦਨਸ਼ੀਲ ਮਨ ਦੀਆਂ ਮਨੋਵਿਰਤੀਆਂ ਰਾਹੀਂ ਪ੍ਰਗਟ ਹੋਏ ਕਾਵਿਕ ਪਸਾਰਾਂ ਬਾਰੇ ਵਿਚਾਰ ਚਰਚਾ ਕਰਾਂਗੇ। ਇਸ ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਪਰਿਵਾਰਿਕ ਰਿਸ਼ਤਿਆਂ ਦਾ ਥੀਮ ਸਿਰਜਦੀਆਂ ਹਨ। ਆਧੁਨਿਕ ਮਨੁੱਖ ਪਰਸਪਰ ਪਿੰਡ ਆਧਾਰਿਤ ਸਹਿਜ ਜੀਵਨ ਚਾਲ ਵਿੱਚੋਂ ਨਿਕਲ ਕੇ ਸ਼ਹਿਰ ਅਧਾਰਿਤ ਨਿੱਤ ਨਵੇਂ ਬਣਦੇ ਅਨਿਸ਼ਚਿਤ, ਆਰਥਿਕ ,ਸਮਾਜਿਕ ਅਤੇ ਮਾਨਸਿਕ ਰਿਸ਼ਤਿਆਂ ਦੇ ਜਾਲ਼ ਵਿੱਚ ਫ਼ਸ ਗਿਆ ਹੈ। ਇਹਨਾਂ ਕਵਿਤਾਵਾਂ ਵਿੱਚ ਕਵੀ ਇੱਕ ਡਰ ਦਾ ਜੀਵਨ ਜਿਉਂ ਰਿਹਾ ਹੈ। ਇਹ ਡਰ ਉਸਦੇ ਲਈ ਪਰੰਪਰਾ ਤੋਂ ਟੁੱਟ ਕੇ ਪੈਦਾ ਹੋਇਆ ਹੈ। ਇਸ ਪੁਸਤਕ ਦੀਆਂ ਕਵਿਤਾਵਾਂ ਅਤੀਤ ਮੁਖੀ ਯਾਦਾਂ ਵਿੱਚੋਂ ਆਪਣੀਆਂ ਜੜ੍ਹਾਂ ਦੀ ਤਲਾਸ਼ ਵੀ ਕਰਦੀਆਂ ਹਨ ,ਪਿੰਡ ਦੀ ਪੇਸ਼ਕਾਰੀ ਰਾਹੀਂ ਆਪਣੇ ਸੱਭਿਆਚਾਰ ਪ੍ਰਤੀ ਮੋਹ ਵੀ ਜਗਾਉਂਦੀਆਂ ਹਨ। ਕਵੀ ਅੰਦਰ ਬੇਗਾਨਗੀ ਅਤੇ ਹੇਰਵੇ ਦਾ ਅਹਿਸਾਸ ਏਨਾ ਡੂੰਘਾ ਤੇ ਏਨਾ ਸਹਿਜ ਹੈ ਕਿ ਉਹ ਦੁਖਾਂਤਿਕ ਦ੍ਰਿਸ਼ ਸਿਰਜਣ ਦੀ ਬਜਾਇ, ਪਿੰਡ ਦਾ ਮੋਹ ਪਿੱਛੇ ਰਹਿ ਗਏ ਸਬੰਧੀਆਂ , ਯਾਰਾਂ/ਦੋਸਤਾਂ ਨਾਲ ਗੁਜ਼ਾਰੇ ਦਿਨਾਂ ਦਾ ਚਿਤਰਨ ਕਰਨ ਲੱਗਦਾ ਹੈ ।ਇਹਨਾਂ ਕਵਿਤਾਵਾਂ ਅੰਦਰ ਜਿੱਥੇ ਸੰਵੇਦਨਸ਼ੀਲ ਮਾਨਵ ਦੇ ਪਿੱਛੇ ਰਹਿ ਗਏ ਪਿੰਡ ਦਾ ਹੇਰਵਾ ਹੈ, ਉੱਥੇ ਉਸਦੀਆਂ ਸਮਰਿਤੀਆਂ ਦੇ ਵਿੱਚ ਪਿੰਡ ਦੇ ਛੋਟੇ- ਛੋਟੇ ਚਿੰਨ, ਰਿਸ਼ਤੇ ਅਤੇ ਯਾਦਾਂ ਦੀ ਲੜੀ ਬਣੇ ਹੋਏ ਹਨ ।ਪਿੰਡ ਉਸਦੇ ਅੰਦਰੋਂ ਸਿਮਰਤੀਆਂ ਦੀ ਕਿਰਨ ਵਾਂਗ ਫੁੱਟਦਾ ਹੈ । ਬੀਤ ਗਏ ਪਲ ਜਿਸ ਤਰਾਂ ਸਾਡੀਆਂ ਯਾਦਾਂ ਦਾ ਹਿੱਸਾ ਬਣ ਜਾਂਦੇ ਹਨ, ਉਸੇ ਤਰ੍ਹਾਂ ਕਵੀ ਜੋ ਪਹਿਲਾਂ ਪਿੰਡ ਵਿੱਚ ਵਸਦਾ ਸੀ ਅੱਜ ਪਿੰਡ ਉਸਦੇ ਅੰਦਰ ਵਸਦਾ ਹੈ । ਬੇਸ਼ਕ ਉਸਨੇ ਪਿੰਡ ਛੱਡ ਦਿੱਤਾ ਹੈ ਪਰ ਪਿੰਡ ਨੇ ਉਸਨੂੰ ਕਦੇ ਨਹੀਂ ਛੱਡਿਆ। ਕਿਸੇ ਅਭੁੱਲ ਯਾਦ ਵਾਂਗ ਪੁਸਤਕ ਦੀਆਂ ਕਵਿਤਾਵਾਂ ਦੇ ਆਬਾ ਮੰਡਲ ਵਿੱਚ ਪਸਰ ਗਿਆ ਹੈ। ਆਪਣੇ ਪਿੰਡ ਬਾਰੇ ਉਹ ਲਿਖਦਾ ਹੈ :-
ਚਲ ਛੱਡ ਮੁਕਾਈਏ
ਝਗੜਾ ਝੇੜਾ
ਹਾਕਾਂ ਮਾਰੇ
ਬੇਬੇ ਦਾ ਵੇਹੜਾ
ਸੁਰਗਾਂ ਵਾਂਗ ਲੱਗਦਾ ਸੀ
ਪਿੰਡ ਦੀ ਫਿਰਨੀ ਦਾ ਗੇੜਾ
ਵਸਦਾ ਰਹੇ
ਮੇਰਾ ਨਗਰ ਖੇੜਾ
ਪੂੰਜੀਵਾਦ ਦਾ ਪ੍ਰਭਾਵ ਮਨੁੱਖੀ ਸੋਚ ਦੇ ਗਹਿਰਾ ਪਿਆ ਹੈ।ਇਸ ਪ੍ਰਭਾਵ ਅਧੀਨ ਮਨੁੱਖੀ ਰਿਸ਼ਤਿਆਂ ਵਿੱਚੋਂ ਨਿੱਘ ਅਤੇ ਮੋਹ ਖ਼ਤਮ ਹੁੰਦਾ ਜਾ ਰਿਹਾ ਹੈ। ਪੈਸਾ ਅਤੇ ਸਵਾਰਥ ਪ੍ਰਮੁੱਖ ਹੋ ਗਿਆ ਹੈ।ਇਸ ਲਈ ਅੱਜ ਮਨੁੱਖੀ ਰਿਸ਼ਤਿਆਂ ਦੀ ਬੁਨਿਆਦ ਸਵਾਰਥ ਦੇ ਧਰਾਤਲ ਤੇ ਵਿਚਰਦੀ ਨਜ਼ਰ ਆ ਰਹੀ ਹੈ। ਇਸ ਪੁਸਤਕ ਦੀਆਂ ਕਵਿਤਾਵਾਂ ਮਨੁੱਖੀ ਜੀਵਨ ਦੇ ਯਥਾਰਥ ਅਤੇ ਰਿਸ਼ਤਿਆਂ ਦਾ ਥੀਮ ਸਿਰਜ ਰਹੀਆਂ ਹਨ। ਕਵੀ ਇਹਨਾਂ ਕਵਿਤਾਵਾਂ ਵਿੱਚ ਅੰਤਰਮੁਖੀ ਯਾਦਾਂ ਅਤੇ ਘਟਨਾਵਾਂ ਦੇ ਮਾਧਿਅਮ ਰਾਹੀਂ ਆਪਣੀ ਮਾਂ , ਬਾਪ ਅਤੇ ਗੁਆਚੇ ਪਿਆਰ ਦੀ ਤਲਾਸ਼ ਕਰਦਿਆਂ, ਆਪਣੇ ਅਸਤਿੱਤਵ ਨੂੰ ਇਨ੍ਹਾਂ ਰਿਸ਼ਤਿਆਂ ਨਾਲ਼ ਜੋੜੀ ਰੱਖਣ ਦੇ ਲਈ ਤਤਪਰ ਹੈ। ਮਾਂ ਪ੍ਰਤੀ ਉਸਦਾ ਮੋਹ ,ਪਿਤਾ ਪ੍ਰਤੀ ਸਤਿਕਾਰ ਦੀ ਭਾਵਨਾ ਉਸ ਦੇ ਸੰਵੇਦਨਸ਼ੀਲ ਮਨ ਦੀ ਸੁੱਚਤਾ ਦਾ ਪ੍ਰਗਟਾਵਾ ਕਰਦੇ ਹਨ ।ਭਾਵੇਂ ਦੁਨੀਆਂ ਦੀ ਹਰ ਮਾਂ ਆਪਣੇ ਬੱਚਿਆਂ ਲਈ ਨਕਸ਼ ਘਾੜਾ ਹੁੰਦੀ ਹੈ ਪਰ ਜਦੋਂ ਨਕਸ਼ ਘੜਨ ਲਈ ਮਾਂ ਨੂੰ ਅਸਹਿ ਕਸ਼ਟ ਝੱਲਣੇ ਪੈਣ ਤਾਂ ਫਿਰ ਨਕਸ਼ ਘੜਾ ਮਾਂ ਸਿਰਫ਼ ਮਾਂ ਨਹੀਂ ਰਹਿੰਦੀ । ਮਾਂ ਸਿਰਜਣਾ ਦੀ ਦੇਵੀ ਬਣ ਜਾਂਦੀ ਹੈ। ਜਿਸਨੇ ਬੱਚੇ ਦੇ ਜੀਵਨ ਨੂੰ ਵੱਖਰੇ ਰੰਗਾਂ ਨਾਲ਼ ਉਗਾੜਨ ਦਾ ਜਿੰਮਾ ਆਪਣੇ ਸਿਰ ਲਿਆ ਹੁੰਦਾ ਹੈ। ਭਾਵੇਂ ਕਵੀ ਅੱਜ ਸ਼ੋਹਰਤ ਦੀਆਂ ਬੁਲੰਦੀਆਂ ਛੋਹ ਰਿਹਾ ਹੈ ਪਰ ਮਾਂ ਦੀਆਂ ਦੁਸ਼ਵਾਰੀਆਂ ਦਾ ਚੇਤਾ ਉਸ ਨੇ ਆਪਣੇ ਮਨੋ ਨਹੀਂ ਵਿਸਾਰਿਆ। ਉਹ ਲਿਖਦਾ ਹੈ
ਆਪਣੇ ਪੈਰੀ ਬੇਸ਼ਕ ਉਸਦੇ
ਕਸੀਆਂ ਚੱਪਲਾਂ ਦਾ ਜੋੜਾ ਹੀ ਦੇਖਿਆ
ਮੈਂ ਆਪਣੇ ਲਈ ਕਦੇ ਨਾ
ਕਿਸੇ ਚੀਜ਼ ਦਾ ਤੋੜਾ ਦੇਖਿਆ।
ਆਪਣੀ ਮਾਂ ਵਾਂਗ ਉਹ ਆਪਣੇ ਬਾਪੂ ਪ੍ਰਤੀ ਵੀ ਬੜਾ ਮੋਹ ਰੱਖਦਾ ਹੈ। ਕਵੀ ਦੀਆਂ ਕਵਿਤਾਵਾਂ ਵਿੱਚ ਉਸਦੇ ਬਾਪੂ ਦਾ ਜ਼ਿਕਰ ਵਾਰ-ਵਾਰ ਆਇਆ ਹੈ। ਉਹ ਜਾਣਦਾ ਹੈ ਕਿ ਇੱਕ ਪਿਤਾ ਦਾ ਪੁੱਤਰ ਦੀ ਜ਼ਿੰਦਗੀ ਨੂੰ ਸੇਧ ਦੇਣ, ਉਸਦਾ ਵਿਅਕਤਿਤਵ ਸਿਰਜਣ ਵਿੱਚ ਅਹਿਮ ਰੋਲ ਹੁੰਦਾ ਹੈ ਕਵੀ ਦੀ ਸੋਚ ਦੇ ਸਮੁੱਚ ਵਿੱਚੋਂ ਉਸਦੇ ਬਾਪੂ ਨੂੰ ਪ੍ਰਮੁੱਖ ਰੂਪ ਵਿੱਚ ਪੁਸਤਕ ਦੇ ਪੰਨਿਆਂ ਦੇ ਤੇ ਅਨੇਕਾਂ ਵਾਰ ਦੇਖਿਆ ਜਾ ਸਕਦਾ ਹੈ ਉਹ ਆਪਣੇ ਬਾਪੂ ਨੂੰ ਯਾਦ ਕਰਦਾ ਲਿਖਦਾ ਹੈ:-
ਬਾਪੂ ਦੀ ਸਿਰ ਤੇ ਛਾਂ ਨਾ ਰਹੀ
ਹੁਣ ਤਾਂ ਰੁੱਖਾਂ ਦੀ ਛਾਂ ਵੀ ਸਾੜੇ
ਕਦੇ ਨਾ ਪੂਰੇ ਜਾਣੇ ਮੈਥੋਂ
ਬਾਪੂ ਨਾਲ਼ ਜੋ ਪੈ ਗਏ ਪਾੜੇ।
ਜੀਵਨ ਸੰਪ੍ਰਦਾਇ ਦਾ ਮਹੱਤਵ ਸਮਝਣ ਅਤੇ ਇਸ ਨੂੰ ਸਾਰਥਕ ਕਰਨ ਲਈ ਆਤਮ ਬੋਧ ਦਾ ਹੋਣਾ ਜ਼ਰੂਰੀ ਹੈ। ਆਤਮ ਬੋਧ ਦਾ ਲਫ਼ਜ਼ੀ ਮਤਲਬ ਹੈ ਖੁਦ ਦੀ ਸੋਝੀ ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਆਪਣੀਆਂ ਭਾਵਨਾਵਾਂ, ਅਹਿਸਾਸਾਂ, ਫਰਜਾਂ, ਸਮਰੱਥਾਵਾਂ ਅਤੇ ਕਮਜ਼ੋਰੀਆਂ ਆਦਿ ਦਾ ਸਪਸ਼ਟ ਗਿਆਨ। ਮਨੁੱਖ ਹੀ ਅਜਿਹਾ ਪ੍ਰਾਣੀ ਹੈ, ਜੋ ਆਤਮ ਗਿਆਨ ਦੇ ਅਹਿਸਾਸ ਰਾਹੀਂ ਜੀਵਨ ਵਿਚਲੀਆਂ ਕਠਿਨ ਪਰਿਸਥਿਤੀਆਂ ਨੂੰ ਸੁਖਦਾਈ ਪਲਾਂ ਵਿੱਚ ਤਬਦੀਲ ਕਰ ਸਕਦਾ ਹੈ। ਆਤਮ ਮੰਥਨ ਦੀ ਸੋਝੀ ਮਨੁੱਖ ਅੰਦਰ ਤਾਂ ਹੀ ਆ ਸਕਦੀ ਹੈ ,ਜੇਕਰ ਉਸਦੇ ਕੋਲ਼ ਅੱਖਰਾਂ ਦਾ ਗਿਆਨ ਹੈ। ਕਵੀ ਦੀ ਸੰਵੇਦਨਾ ਇਸ ਵਿਚਾਰਧਾਈ ਸੱਚ ਤੋਂ ਭਲੀ ਭਾਂਤ ਜਾਣੂ ਹੈ। ਅੱਖਰਾਂ ਦੇ ਮਨੁੱਖੀ ਜੀਵਨ ਵਿੱਚ ਮਹੱਤਵ ਨੂੰ ਸਮਝਦਿਆਂ, ਉਹ ਅੱਖਰਾਂ ਬਾਰੇ ਲਿਖਦਾ ਹੈ:-
ਇਹ ਜੋ ਕਾਲ਼ੇ ਅੱਖਰ ਨੇ
ਤੇਰੀ ਜ਼ਿੰਦਗੀ ਨੂੰ ਰੁਸਨਾ ਸਕਦੇ ਨੇ,,,
ਘੁੱਪ ਹਨੇਰੇ ‘ਚ ਰਸਤਾ ਦਿਖਾ ਸਕਦੇ ਨੇ,,,
ਤੇਰੇ ਅੰਦਰ ਦੇ ਅੰਧਕਾਰ ਨੂੰ ਮਿਟਾ ਸਕਦੇ ਨੇ,,,
ਤੇਰੇ ਦਿਮਾਗ਼ ਦੀ ਤਾਕਤ ਵਧਾ ਸਕਦੇ ਨੇ।
ਅੱਜ ਦੇ ਸਮੇਂ ਵਿੱਚ ਜਿੱਥੇ ਨੌਜਵਾਨ ਪੀੜੀ ਕਿਤਾਬਾਂ ਤੋਂ ਦੂਰ ਹੋ ਰਹੀ ਹੈ, ਉੱਥੇ ਕਵੀ ਦੇ ਪਲੇਠੇ ਬੋਲ ਕਿਤਾਬਾਂ ਪ੍ਰਤੀ ਬੜੇ ਸੁੱਖਦਾਈ ਅਹਿਸਾਸ ਲੈ ਕੇ ਹਾਜ਼ਰ ਹੋਏ ਹਨ। ਪੁਸਤਕ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਕਿਤਾਬਾਂ ਬਾਰੇ ਹਨ। ਇਹਨਾਂ ਕਵਿਤਾਵਾਂ ਵਿੱਚ ਕਵੀ ਦੇ ਬੋਲ ਗਹਿਰੇ ਭਾਵ ਬੋਧ ਵਾਲ਼ੇ ਹਨ। ਉਸ ਨੂੰ ਇਲਮ ਹੈ ਕਿ ਕਿਤਾਬਾਂ ਮਨੁੱਖੀ ਜੀਵਨ ਨੂੰ ਖ਼ੂਬਸੂਰਤ ਹੀ ਨਹੀਂ ਬਣਾਉਂਦੀਆਂ, ਸਗੋਂ ਗਿਆਨਵਾਨ ਅਤੇ ਵਿਚਾਰਾਂ ਵਾਲ਼ਾ ਵੀ ਬਣਾਉਂਦੀਆਂ ਹਨ। ਇਹ ਕਿਤਾਬਾਂ ਹੀ ਹਨ ,ਜੋ ਮਨੁੱਖ ਨੂੰ ਭੌਤਿਕ ਅਤੇ ਸਮਾਜਿਕ ਜਗਤ ਵਿੱਚ ਆਪਣੇ ਆਪ ਨੂੰ ਸਮਝਣ ਦੇ ਸਮਰੱਥ ਬਣਾਉਂਦੀਆਂ ਹਨ। ਇਸੇ ਲਈ ਥਾਮਸ ਕਾਰਲਾਇਲ ਕਹਿੰਦਾ ਹੈ ਕਿ “ਮਨੁੱਖ ਨੇ ਜੋ ਕੁਝ ਸੋਚਿਆ ਅਤੇ ਹਾਸਿਲ ਕੀਤਾ ਹੈ ਇਹ ਜਾਦੂ ਕਿਤਾਬਾਂ ਵਿੱਚ ਬੰਦ ਹੈ।” ਵਿਚਾਰ ਅਧੀਨ ਪੁਸਤਕ ਅੰਦਰ ਕਿਤਾਬਾਂ ਪ੍ਰਤੀ ਚੇਤਨਾ ਬੜੀ ਗਹਿਰੀ ਹੈ:-
ਇਸ ਦੇ ਅੰਦਰ ਭਰਿਆ ਹੈ
ਗਿਆਨ ਦਾ ਸੰਦੂਕ
ਇਸ ਦੇ ਅੱਗੇ ਡਿੱਗ ਪੈਂਦੀ ਹੈ
ਲੋਹੇ ਦੀ ਬੰਦੂਕ ।
ਕਵੀ ਦੇ ਅੰਦਰ ਅਸੀਮ ਸੰਭਾਵਨਾਵਾਂ ਨਜ਼ਰੀ ਪੈਂਦੀਆਂ ਹਨ। ਇਹ ਸੰਭਾਵਨਾਵਾਂ ਵਿੱਚ ਹੀ ਉਸ ਦੀਆਂ ਕਵਿਤਾਵਾਂ ਦੇ ਮਜੀਠ ਹੋਣ ਦਾ ਰੰਗ ਛੁਪਿਆ ਹੋਇਆ ਹੈ। ਕਿਤੇ-ਕਿਤੇ ਉਸਦੀ ਕਵਿਤਾ ਵਿੱਚ ਬੜੇ ਉੱਚੇ ਖਿਆਲਾਂ ਦੀਆਂ ਤਸਬੀਹਾਂ ਨਜ਼ਰ ਪੈਂਦੀਆਂ ਹਨ।ਉਹ ਬੜੇ ਸਾਦੇ ਅਤੇ ਸਪਸ਼ਟ ਲਫਜ਼ਾਂ ਵਿੱਚ ਆਪਣੀ ਗੱਲ ਕਹਿੰਦਾ ਹੈ :-
ਬੁੱਲਾਂ ਦੀ ਚੁੱਪ
ਦੁਪਹਿਰ ਦੀ ਧੁੱਪ
ਜਿਆਦਾ ਦੇਰ ਤੱਕ ਨਹੀਂ ਰਹਿੰਦੀ
ਚੰਨ ਦੀ ਚਾਨਣੀ ਤਾਰਿਆਂ ਦੀ ਲੋਅ
ਕਦੇ ਬਨੇਰਿਆਂ ਤੇ ਨਹੀਂ ਬਹਿੰਦੀ ।
ਇਹ ਕਵਿਤਾ ਦਾ ਵਿਚਾਰ ਆਤਮਿਕ ਧੁਰਾ ਅਨੰਤ ਸਾਲਾਂ ਅਤੇ ਸਦੀਆਂ ਦੇ ਵਕਫੇ ਨਾਲ਼ ਜੁੜਿਆ ਹੋਇਆ ਹੈ।ਅਨੰਤ ਸਾਲਾਂ ਤੋਂ ਜੀਵਨ ਇਸੇ ਤੋਂ ਤੁਰਿਆ ਹੋਇਆ ਹੈ। ਅਨੰਤ ਸਾਲਾਂ ਤੋਂ ਇਹ ਵਰਤਾਰਾ ਬੜੀ ਸਹਿਜ ਅਵਸਥਾ ਵਿੱਚ ਹੈ ਪਰ ਟਿਕਾਉ ਨਹੀਂ ਹੈ, ਨਾ ਹੀ ਬੁੱਲ੍ਹਾਂ ਦੀ ਚੁੱਪ ਵਿੱਚ ਏਨਾ ਸਬਰ ਹੈ ਕਿ ਉਹ ਮੋਨ ਅਵਸਥਾ ਵਿੱਚ ਰਹੇ, ਨਾ ਹੀ ਦੁਪਹਿਰ ਦੀ ਧੁੱਪਾਂ ਆਪਣੇ ਆਪ ਨੂੰ ਸਥਿਰ ਰੱਖ ਸਕਦੀ ਹੈ, ਨਾ ਹੀ ਹਮੇਸ਼ਾ ਵਾਸਤੇ ਚੰਨ ਦੀ ਚਾਨਣੀ ਤੇ ਤਾਰਿਆਂ ਦੀ ਲੋਅ ਬਨੇਰਿਆਂ ਤੇ ਬਹਿ ਸਕਦੀ ਹੈ। ਇਹ ਕਵਿਤਾ ਵਿੱਚ ਕਵੀ ਦੀ ਚੇਤਨਾ ਆਪਣੀ ਚਰਮ ਸੀਮਾ ਤੇ ਹੈ, ਜੋ ਉਸ ਦੀ ਕਵਿਤਾ ਨੂੰ ਵਿਚਾਰ ਗੋਚਰਾ ਬਣਾਉਂਦੀ ਹੈ।
ਬੰਦਾ ਸਵੈ ਦੇ ਨਾਲ਼-ਨਾਲ਼ ਸਮੁੱਚ ਵਿੱਚ ਵੀ ਜਿਉਂਦਾ ਹੈ। ਸਮੁੱਚ ਵਿੱਚ ਅਣਜਾਣ ਲੋਕਾਂ ਲੋਕ ਵੀ ਸ਼ਾਮਿਲ ਹੁੰਦੇ ਹਨ, ਨਜ਼ਦੀਕੀ ਅਤੇ ਅਤਿ ਨਜ਼ਦੀਕੀ ਲੋਕ ਵੀ । ਜਿਨ੍ਹਾਂ ਦੀ ਹੋਂਦ ਅਤੇ ਅਣਹੋਂਦ ਬੰਦੇ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਇਹ ਸਕੇ- ਸੰਬੰਧੀ ਸਾਡੇ ਪਾਸ ਹੁੰਦੇ ਹਨ, ਸਾਡੇ ਜੀਵਨ ਦੇ ਅੰਗ-ਸੰਗ ਹੁੰਦੇ ਹਨ ਤਾਂ ਅਸੀਂ ਖ਼ੁਸ਼ ਵੀ ਰਹਿੰਦੇ ਹਾਂ, ਜੀਵਨ ਵਿੱਚ ਅੱਗੇ ਵੀ ਵਧਦੇ ਹਾਂ ਅਤੇ ਤਰੱਕੀ ਵੀ ਕਰਦੇ ਹਾਂ ਪਰ ਜਦੋਂ ਇਹ ਆਪਣੇ ਸਾਡੇ ਤੋਂ ਦੂਰ ਹੁੰਦੇ ਹਨ ਤਾਂ ਜ਼ਿੰਦਗੀ ਬੋਝ ਵੀ ਲੱਗਦੀ ਹੈ ਅਤੇ ਅਸੀਂ ਸੁੰਨਾਪਣ ਵੀ ਮਹਿਸੂਸ ਕਰਦੇ ਹਾਂ ਇਹ ਪੁਸਤਕ ਵਿੱਚ ਕਵੀ ਨੇ ਇਹ ਖ਼ਿਆਲ ਨੂੰ ਬੜੀ ਖ਼ੂਬਸੂਰਤੀ ਨਾਲ਼ ਪੇਸ਼ ਕੀਤਾ ਹੈ :-
ਤੇਰੇ ਹੋਣ ਜਾਂ ਨਾ ਹੋਣ ਨਾਲ਼ ਫ਼ਰਕ ਤਾਂ ਪੈਂਦਾ ਹੈ
ਜਿਵੇਂ ਉਡੀਕ ਹੁੰਦੀ ਹੈ ਹਨੇਰਿਆਂ ਨੂੰ ਪ੍ਰਭਾਤਾਂ ਦੀ
ਔੜਾਂ ਮਾਰੀ ਧਰਤੀ ਨੂੰ ਬਰਸਾਤਾਂ ਦੀ
ਪੱਤਝੜ ਪਿੱਛੋਂ ਫੁੱਲਾਂ ਦੀਆਂ ਸੌਗਾਤਾਂ ਦੀ
ਤੇਰੇ ਹੋਣ ਜਾਂ ਨਾ ਹੋਣ ਨਾਲ਼ ਫ਼ਰਕ ਤਾਂ ਜ਼ਰੂਰ ਪੈਂਦਾ ਹੈ
ਮਨੁੱਖੀ ਜੀਵਨ ਅਣ-ਕਿਆਸੀਆਂ ਘਟਨਾਵਾਂ ਨਾਲ਼ ਭਰਪੂਰ ਹੈ ਜਿੱਥੇ ਸਫ਼ਲਤਾ ਅਤੇ ਅਸਫ਼ਲਤਾ, ਸੁੱਖ ਅਤੇ ਦੁੱਖ ,ਉਥਾਨ ਅਤੇ ਪਤਨ ਦਾ ਚੱਕਰ ਚਲਦਾ ਰਹਿੰਦਾ ਹੈ। ਜੇਕਰ ਵਿਅਕਤੀ ਨਾ ਨਾਕਰਾਤਮਿਕ ਸੋਚ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਦੀ ਚੇਤਨਾ ਨਕਾਰਾ ਹੋਣ ਲੱਗਦੀ ਹੈ ਤੇ ਉਹ ਹਾਰ ਨੂੰ ਅੰਤਿਮ ਸੱਚ ਤਸਵਰ ਕਰ ਲੈਂਦਾ ਹੈ।ਇਸ ਦੇ ਉਲਟ ਆਸ਼ਾਵਾਦ ਵਿਅਕਤੀ ਨੂੰ ਹਰ ਮੁਸ਼ਕਿਲ ਵਿੱਚ ਨਵਾਂ ਰਸਤਾ ਦਿਖਾਉਂਦਾ ਹੈ। ਇਸੇ ਲਈ ਅਮਰੀਕਨ ਵਿਦਵਾਨ ਹੈਲਨ ਕੇਲਰ ਲਿਖਦਾ ਹੈ ਕਿ “ਆਸ਼ਾਵਾਦ ਉਹ ਵਿਸ਼ਵਾਸ ਹੈ ਜੋ ਮਨੁੱਖ ਨੂੰ ਪ੍ਰਾਪਤੀ ਵੱਲ ਲੈ ਕੇ ਜਾਂਦਾ ਹੈ। ਇਸੇ ਵਿਚਾਰ ਅਧੀਨ ਪੁਸਤਕ ਦਾ ਕਵੀ ਨਿਰਾਸ਼ ਨਹੀਂ ਉਸਦੇ ਅੰਦਰ ਇੱਕ ਆਸ਼ਾਵਾਦੀ ਚਿਣਗ ਹੈ, ਜੋ ਉਸ ਨੂੰ ਹਾਂ ਪੱਖੀ ਊਰਜਾ ਪ੍ਰਦਾਨ ਕਰਦੀ ਹੈ। ਉਹ ਲਿਖਦਾ ਹੈ
ਮੁੱਕਣ ਨਾ ਦਿਓ
ਆਪਣੇ ਅਲਫਾਜ਼ਾਂ ਨੂੰ
ਦਬਣ ਨਾ ਦਿਓ ਆਪਣੇ
ਦਿਲ ਦੇ ਜਜ਼ਬਾਤਾਂ ਨੂੰ
ਦਿਲ ਤੇ ਨਾ ਲਾ ਲੈਣਾ
ਕਿਸੇ ਕਮਲੇ ਦੀਆਂ ਬਾਤਾਂ ਨੂੰ
ਸੂਰਜ ਦੀ ਬਸ ਇਕ ਕਿਰਨ ਨੇ
ਖ਼ਤਮ ਕਰ ਦੇਣਾ ਹੁੰਦਾ
ਬੇਹੱਦ ਕਾਲ਼ੀਆਂ ਰਾਤਾਂ ਨੂੰ ।
ਪੰਜਾਬ ਅੰਦਰ ਚਲੰਤ ਮਸਲਿਆਂ ਵਿੱਚ ਪਾਣੀ ਦਾ ਮਸਲਾ ਬੜਾ ਗੰਭੀਰ ਹੈ, ਜੋ ਪੰਜਾਬ ਲਈ ਸੰਕਟ ਬਣਦਾ ਜਾ ਰਿਹਾ ਹੈ।ਇਹ ਸੰਕਟ ਉਪਲਬਧਤਾ ਦੇ ਸੰਕਟ ਨਾਲੋਂ ਪਾਣੀ ਦੀ ਸਾਂਭ- ਸੰਭਾਲ ਅਤੇ ਪ੍ਰਬੰਧਨ ਦਾ ਸੰਕਟ ਜਿਆਦਾ ਹੈ। ਇਹ ਸੰਕਟ ਦੀ ਮੁੱਖ ਵਜ੍ਹਾ ਮੌਜੂਦਾ ਸਮਾਜਿਕ ਸਿਆਸੀ ਪ੍ਰਬੰਧ, ਸਰਮਾਏਦਾਰੀ ਦਿਸ਼ਾ ਨਿਰਦੇਸ਼ਿਤ, ਨੀਅਤ ਅਤੇ ਨੀਤੀਆਂ ਹਨ। ਜਿਸ ਤਹਿਤ ਮੁਨਾਫ਼ੇ ਦੀ ਅੰਨੀ ਹਵਸ ਅਤੇ ਖੋਟੀਆਂ ਨੀਯਤਾਂ ਅਤੇ ਨੀਤੀਆਂ ਨੇ ਜੀਵਨ ਦੇ ਇਸ ਅਨਮੋਲ ਕੁਦਰਤੀ ਸੋਮੇ ਦੀ ਬੇਲੋੜੀ ਵਰਤੋਂ ਅਤੇ ਬੇ-ਲਿਹਾਜਾ ਲੁੱਟ ਕਰ, ਇਸ ਨੂੰ ਸੰਕਟਮਈ ਅਵਸਥਾ ਤੱਕ ਲਿਆਂਦਾ ਹੈ ।ਕਵੀ ਦੀ ਚੇਤਨਾ ਉਸਨੂੰ ਹਲੂਣਦੀ ਹੈ ਤੇ ਉਹ ਲਿਖਦਾ ਹੈ :-
ਜੇ ਜਹਿਰਾਂ ਵਿੱਚ ਤਬਦੀਲ ਹੋ ਗਿਆ ਸਾਡਾ ਪਾਣੀ
ਫਿਰ ਪੰਜਾਬ ਦੀ ਖ਼ਤਮ ਕਹਾਣੀ
ਕਿੱਥੋਂ ਬੀਜ ਲਵਾਂਗੇ ਫਸਲਾਂ
ਕਿੱਥੋਂ ਸਾਂਭ ਲਵਾਂਗੇ ਨਸਲਾਂ
ਪਿਆਸੇ ਹੀ ਅਸੀਂ ਮਰ ਜਾਣਾ
ਮਾਰੂਥਲ ਵਿੱਚ ਸੜ ਜਾਣਾ
ਅਤੀਤ ਦੀਆਂ ਗੱਲਾਂ ਹੋ ਜਾਣੀਆਂ
ਸਤਲੁਜ ਬਿਆਸ ਦੀਆਂ ਛੱਲਾਂ ਕਿਧਰੇ ਖੋ ਜਾਣੀਆਂ ।
ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਅੱਜ ਦਾ ਮਨੁੱਖ ਭਟਕਣ ਵਿੱਚ ਹੈ। ਉਸਦੇ ਅੰਦਰਲੇ ਵਲਵਲੇ ਭਾਵਨਾਵਾਂ ਜਜਬਾਤ ,ਪਿਆਰ ਆਪਸੀ ਨਿੱਘ ਕਿਧਰੇ ਦੂਰ ਵਿਸਰ ਗਏ ਹਨ। ਮਸ਼ੀਨੀਕਰਨ ਨੇ ਮਨੁੱਖੀ ਸੰਵੇਦਨਾ ਨੂੰ ਤਾਰੋ-ਪੀੜ ਕਰ ਦਿੱਤਾ ਹੈ। ਇਸੇ ਕਾਰਨ ਮਨੁੱਖੀ ਅਸਥਿਤ ਆਪਣੇ ਇਨਸਾਨੀ ਖ਼ਾਸੇ ਤੋਂ ਵਿੱਥ ਥਾਪਣ ਲੱਗੀ ਹੈ ।ਕਵੀ ਇਸ ਇਸ ਵਰਤਾਰੇ ਨੂੰ ਸ਼ਿੱਦਤ ਨਾਲ਼ ਮਹਿਸੂਸ ਕਰਦਾ ਹੈ ਅਤੇ ਮਨੁੱਖੀ ਮਨ ਦੀ ਸਾਤਵਿਕਤਾ ਤੇ ਪੈ ਚੁੱਕੇ ਕਾਲ਼ੇ ਧੱਬੇ ਨੂੰ ਸੱਪ ਦੇ ਮੈਟਾਫਰ ਰਾਹੀਂ ਪੇਸ਼ ਕਰਦਾ ਹੈ:-
ਸੱਪ ਜਹੇ
ਹੋ ਗਏ ਲੋਕ
ਚਮਕੀਲੀ ਚਮੜੀ
ਪਰ ਅੰਦਰ ਜਹਿਰਾਂ
ਮੂੰਹ ਤੇ ਮਾਸੂਮੀਅਤ
ਅੰਦਰ ਨਫ਼ਰਤ ਦੀਆਂ ਲਹਿਰਾਂ
ਕਵੀ ਦੀ ਕਵਿਤਾ ਮਨੁੱਖ ਅਤੇ ਉਸ ਦੀ ਮੈਂ ਦੇ ਦਰਮਿਆਨ ਸੰਵਾਦ ਸਿਰਜਦੀ ਹੈ। ਜਿਸ ਵਿੱਚ ‘ਮੈਂ’ ਪਾਤਰ ਅੰਤਰ ਦਵੰਦਾ ਵਿੱਚ ਘਿਰਿਆ ਹੋਇਆ ਹੈ ਅਤੇ ਆਪਣੇ- ਆਪ ‘ਤੇ ਸਵੈ ਕਟਾਕਸ਼ ਕਰਦਾ ਹੈ ।’ਮੈਂ’ ਪਾਤਰ ਸਮਾਜਿਕ ਰਾਜਨੀਤਿਕ ਝਮੇਲਿਆਂ ਵਿੱਚ ਫਸਿਆ ਹੋਇਆ ਹੈ ਜੋ ਇਨ੍ਹਾਂ ਤੋਂ ਪਾਰ ਹੋਣਾ ਲੋਚਦਾ ਹੈ।ਇਥੇ ਕਵੀ ਦਾ ਕਾਵਿ ਥੀਮ ਸਮਾਜ ਦੇ ਡੂੰਘੇ ਹਨੇਰਿਆਂ ਤੋਂ ਪਾਰ ਵਿਚਰਦਾ ਹੈ।’ ਮੈਂ’ ਪਾਤਰ ਇਹਨਾਂ ਝਮੇਲਿਆਂ ਤੋਂ ਮੁਕਤੀ ਦਾ ਅਭਿਆਸੀ ਹੈ। ਉਹ ਇਸ ਮੁਕਤੀ ਮਾਰਗ ਦੀ ਤਲਾਸ਼ ਕਿਧਰੇ ਅਧਿਆਤਮਕ ਫ਼ਲਸਫ਼ੇ ਵਿੱਚੋਂ ਨਹੀਂ ਸਗੋਂ ਆਪਣੇ ਮੂਲ ਦੇ ਸਮੁੱਚ ਆਪਣੀ ਮਾਂ ਦੀ ਮਮਤਾਮਈ ਛਾਂ ਚੋ ਤਲਾਸ਼ ਕਰਦਾ ਹੈ ।ਇਸੇ ਲਈ ਉਹ ਲਿਖਦਾ ਹੈ:-
ਮੇਰੇ ਪਿੰਡ ਦੀ ਮਿੱਟੀ ਜਦੋਂ ਵੀ
ਮੇਰੇ ਪੈਰਾਂ ਦੀਆਂ ਤਲੀਆਂ ਨੂੰ ਛੂੰਹਦੀ ਹੈ ਤਾਂ
ਮੈਨੂੰ ਮੇਰੀ ਮਾਂ ਦੀ ਬੁੱਕਲ ਵਾਲ਼ੀ
ਮਮਤਾ ਦਾ ਅਹਿਸਾਸ ਹੁੰਦੈ
ਉਹ ਪਲ ਮੇਰੇ ਲਈ ਬੇਹਦ ਖ਼ਾਸ ਹੁੰਦੈ।
ਕਵੀ ਦਾ ਤਸਵਰ ਵੱਡਾ ਹੈ ਉਹ ਸੰਘਰਸ਼ ਨੂੰ ਜੀਵਨ ਦਾ ਮੂਲ ਸੱਚ ਮੰਨਦਾ ਹੈ । ਉਹ ਜਾਣਦਾ ਹੈ ਕਿ ਸਦੀਆਂ ਤੋਂ ਸੰਘਰਸ਼ ਦੇ ਰਾਹ ਤੁਰਿਆ ਮਨੁੱਖ ਦੁਨਿਆਵੀ ਬ੍ਰਹਮੰਡ ਵਿੱਚ ਆਪਣੀ ਅੱਜ ਦੀ ਹੋਂਦ ਦਰਸਾ ਰਿਹਾ ਹੈ। ਸਦੀਆਂ ਦੇ ਸੰਘਰਸ਼ ਨੂੰ ਆਪਣਾ ਹਾਸਲ ਮੰਨੀ ਬੈਠਾ ਮਨੁੱਖ ,ਅਨੇਕਾਂ ਕਠਿਨਾਈਆਂ ਔਕੜਾਂ ਨੂੰ ਪਾਰ ਕਰਦਿਆਂ,ਦੁਸ਼ਵਾਰੀਆਂ ਝੱਲਦਿਆਂ, ਇਹ ਨਹੀਂ ਭੁੱਲਿਆ ਕਿ ਇਨ੍ਹਾਂ ਤੋਂ ਪਾਰ ਨਿੱਕਲ ਜ਼ਿੰਦਗੀ ਦੇ ਕਸੀਦੇ ਕੁਝ ਅਜਿਹੇ ਪਲ ਵੀ ਹਨ ਜੋ ਰੂਹ ਨੂੰ ਸਕੂਨ ਦੇਣਗੇ ਉਹ ਆਪਣੀ ਕਵਿਤਾ ਵਿੱਚ ਲਿਖਦਾ ਹੈ:-
ਔਖੇ ਸਮੇਂ ਨਾਲ਼ ਲੜਨਾ ਪੈਣਾ
ਮੁਸ਼ਕਿਲਾਂ ਅੱਗੇ ਖੜਨਾ ਪੈਣਾ
ਜੇ ਤੂੰ ਬਣਨਾ ਕੁੰਦਨ ਬੰਦਿਆ
ਭੱਠੀ ਦੇ ਵਿੱਚ ਸੜਨਾ ਪੈਣਾ
ਕਵੀ ਦੀ ਕਵਿਤਾ ਦਾ ਇਹ ਮਹੱਤਵਪੂਰਨ ਪੱਖ ਵੀ ਵਿਚਾਰਨ ਵਾਲ਼ਾ ਹੈ ਕਿ ਦਿਨ ਪ੍ਰਤੀ ਦਿਨ ਗ਼ਰੀਬ ਵਰਗ ਦੇ ਲੋਕਾਂ ਕੋਲੋਂ ਜ਼ਿੰਦਗੀ ਜਿਉਂਣ ਦੇ ਸੁਪਨੇ ਖੋਹੇ ਜਾ ਰਹੇ ਹਨ। ਸਾਡੇ ਸਮਾਜ ਵਿੱਚ ਜਾਤੀ ਆਧਾਰਿਤ ਵੰਡ ਨੇ ਇੱਕ ਅਜਿਹਾ ਵਰਤਾਰਾ ਸਿਰਜਿਆ ਹੈ,ਜਿਸ ਅਧੀਨ ਨਿਮਨ ਵਰਗ ਨਾਲ਼ ਸਬੰਧਿਤ ਲੋਕ ਅਮਾਨਵੀ ਜੀਵਨ ਜਿਉਂਣ ਲਈ ਮਜਬੂਰ ਹਨ। ਇਹ ਪੁਸਤਕ ਵਿੱਚ ਕਵੀ ਨੇ ਆਪਣੀ ਕਾਵਿ ਚੇਤਨਾ ਅਤੇ ਕਾਵਿ ਸੰਵੇਦਨਾ ਰਾਹੀਂ ਨਿਮਨ ਵਰਗ ਦੀ ਸਥਿਤੀ ਨੂੰ ਕਈ ਕਵਿਤਾਵਾਂ ਵਿੱਚ ਬੜੇ ਭਾਵਮਈ ਰੂਪ ਵਿੱਚ ਪੇਸ਼ ਕੀਤਾ ਹੈ:-
ਕੱਚੇ ਸਾਡੇ ਚੁੱਲ੍ਹੇ
ਡਰਾਉਂਦੇ ਹਵਾ ਦੇ ਬੁੱਲੇ
ਕੱਚੇ ਸਾਡੇ ਰਾਹ
ਲੱਭਦੀ ਨਾ ਦੁੱਖਾਂ ਦੀ ਦਵਾ
ਕੱਚੇ ਸਾਡੇ ਘਰ
ਮੀਂਹ ਕਣੀ ਦਾ ਡਰ
ਕੱਢੇ ਸਾਡੇ ਸਾਹ
ਰਹਿੰਦਾ ਗ਼ਰੀਬੀ ਨਾਲ਼ ਵਾਹ ।
ਸੋ ਇਸ ਤਰ੍ਹਾਂ ਕਵੀ ਲਾਭ ਸਿੰਘ ਉਗੋਕੇ ਨੇ ਆਪਣੀ ਕਾਵਿ ਪੁਸਤਕ “ਤੂੰ ਇੱਕ ਦੀਵਾ ਬਣ” ਵਿੱਚ ਜੀਵਨ ਨਾਲ਼ ਸਬੰਧਿਤ ਵਿਭਿੰਨ ਮਸਲਿਆਂ ਨੂੰ ਯਥਾਰਤਮਈ ਰੂਪ ਵਿੱਚ ਪਕੜਨ ਅਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਵਿਕ ਪ੍ਰਪੱਕਤਾ ਅਤੇ ਕਾਵਿਕ ਸਮਝ ਦੀ ਅਣਹੋਂਦ ਦੇ ਬਾਵਜੂਦ ਇਹ ਪੁਸਤਕ ਬਹੁਤ ਸਾਰੀਆਂ ਕਾਵਿਕ ਸੰਭਾਵਨਾਵਾਂ ਨੂੰ ਆਪਣੇ ਅੰਦਰ ਸਾਂਭੀ ਬੈਠੀ ਹੈ। ਆਸ ਰੱਖਦੇ ਹਾਂ ਕਿ ਕਵੀ ਲਾਭ ਸਿੰਘ ਉਗੋਕੇ ਆਪਣੇ ਇਸ ਕਾਵਿ ਸਫ਼ਰ ਨੂੰ ਨਿਰੰਤਰ ਜਾਰੀ ਰੱਖੇਗਾ। ਕਾਵਿਕ ਬਰੀਕੀਆਂ ਪ੍ਰਤੀ ਆਪਣੀ ਸਮਝ ਨੂੰ ਹੋਰ ਪਰਪੱਖ ਕਰੇਗਾ। ਇਸ ਆਸ ਤੇ ਉਮੀਦ ਨਾਲ਼ ਉਗੋਕੇ ਦੀ ਲੇਠੀ ਪੁਸਤਕ ਨੂੰ ਜੀ ਆਇਆ ਤੇ ਮੁਬਾਰਕਬਾਦ।
——–੦——–
ਰਾਮਪਾਲ ਸ਼ਾਹਪੁਰੀ (ਡਾ.)
9914886310



