– ਰਾਮਪਾਲ ਸ਼ਾਹਪੁਰੀ
(ਸਮਾਜ ਵੀਕਲੀ) ਅਜੋਕੀ ਪੰਜਾਬੀ ਕਵਿਤਾ ਵਿੱਚ ਵੱਡੇ ਬਦਲਾਅ ਆਏ ਹਨ। ਇਹ ਬਦਲਾਅ ਦਾ ਪਸਾਰਾ ਕਵਿਤਾ ਦੇ ਸਰੋਕਾਰਾਂ ਤੋਂ ਲੈ ਕੇ ਕਾਵਿ-ਭਾਸ਼ਾ ਤੱਕ ਫ਼ੈਲਿਆ ਹੋਇਆ ਹੈ। ਅੱਜ ਦੀ ਕਵਿਤਾ ਸਮਕਾਲੀ ਇਤਿਹਾਸ, ਸੱਭਿਆਚਾਰ, ਰਾਜਨੀਤੀ ਅਤੇ ਸਮਾਜਿਕ ਵਰਤਾਰਿਆਂ ਨੂੰ ਵਿਸ਼ਲੇਸ਼ਿਤ ਹੀ ਨਹੀਂ ਕਰਦੀ, ਸਗੋਂ ਇਨ੍ਹਾਂ ਪ੍ਰਤੀ ਸੰਵਾਦ ਛੇੜਦੀ ਹੈ। ਇਹ ਕਵਿਤਾ ਨਵੀਆਂ ਪ੍ਰਸਥਿਤੀਆਂ ਵਿੱਚ, ਨਵੀਂ ਪ੍ਰਵਚਨਕਾਰੀ, ਪੁਰਾਤਨ ਧਾਰਨਾਵਾਂ ਅਤੇ ਪ੍ਰਚੱਲਿਤ ਮਿੱਥਾਂ ਨੂੰ ਨਵੀਨ ਦਿ੍ਰਸ਼ਟੀ ਪ੍ਰਦਾਨ ਕਰਦੀ ਹੈ। ਵਰਤਮਾਨ ਪ੍ਰਸਥਿਤੀਆਂ ਦਾ ਵਿਸ਼ਲੇਸ਼ਣ ਅਤੇ ਸੰਸਲੇਸ਼ਨ ਇਸ ਕਵਿਤਾ ਦੀ ਪ੍ਰਵਚਨਕਾਰੀ ਵਿੱਚ ਆ ਰਿਹਾ ਹੈ। ਇਸ ਕਵਿਤਾ ਦੀ ਵਿਲੱਖਣਤਾ ਇਹ ਹੈ ਕਿ ਇਹ ਕਵਿਤਾ ਕਿਸੇ ਵਿਸ਼ੇਸ਼ ਵਾਦ, ਲਹਿਰ ਜਾਂ ਵਿਚਾਰਧਾਰਿਕ ਚੌਖਟੇ ਦੇ ਅਧੀਨ ਨਹੀਂ ਬੱਝੀ। ਇਹ ਕਵਿਤਾ ਪ੍ਰਤਿਰੋਧਕ ਸੁਰ ਦੀ ਪ੍ਰਵਚਨਕਾਰੀ ਹੈ। ਇਸ ਤਰ੍ਹਾਂ ਦੀ ਕਵਿਤਾ ਲਿਖਣ ਵਾਲ਼ੇ ਉਹ ਕਵੀ ਹਨ, ਜੋ ਆਪਣਾ ਸੰਬੰਧ ਪ੍ਰਗਤੀ ਦੀ ਪਰੰਪਰਾ ਨਾਲ਼ ਜੋੜਦੇ ਹਨ। ਗੁਰਪਿਆਰ ਹਰੀ ਨੋਂ ਵੀ ਇਨ੍ਹਾਂ ਲੇਖਕਾਂ ਵਿੱਚੋਂ ਹੀ ਇੱਕ ਹੈ। ਵਿਚਾਰ ਅਧੀਨ ਕਾਵਿ-ਪੁਸਤਕ ‘ਖ਼ਲਾਅ ਹੁਣ ਵੀ ਹੈ’ ਵਿੱਚ, ਗੁਰਪਿਆਰ ਨਵੀਆਂ ਪ੍ਰਸਥਿਤੀਆਂ ਵਿੱਚ, ਨਵੇਂ ਬਣ ਰਹੇ ਯਥਾਰਥ ਦੀ ਪਰਖ਼ ਪੜਚੋਲ ਵੱਲ ਆਹੁਲਦਾ ਹੋਇਆ, ਰੋਹ ਭਰੀ ਸੁਰ ਵਿੱਚ ਪ੍ਰਵਚਨਕਾਰੀ (ਕਾਵਿ-ਭਾਸ਼ਾ) ਕਰ ਰਿਹਾ ਹੈ। ਉਸਦੀ ਕਵਿਤਾ ਵਿੱਚ ਨਵੀਂ ਪੀੜ੍ਹੀ ਦੇ ਸਮੂਹਿਕ ਸੁਪਨਿਆਂ ਦੀ ਅਪੂਰਤੀ ਅਤੇ ਵਰਤਮਾਨ ਸਮਾਜਿਕ ਦੁਸ਼ਵਾਰੀਆਂ ਦਾ ਪ੍ਰਤਿਰੋਧਕ ਪ੍ਰਗਟਾ ਹੈ। ਗੁਰਪਿਆਰ ਵੱਲੋਂ ਇਸ ਕਵਿਤਾ ਵਿੱਚ ਆਪਣੇ ਸਵੈ ਨੂੰ ਨਵੇਂ ਅਰਥਾਂ ਵਿੱਚ ਸਪੇਸ ਦੇਣ ਕਾਰਨ, ਇਹ ਕਵਿਤਾ ਯਥਾਰਥਵਾਦ ਦੇ ਨੁਕਤੇ ਤੋਂ ਹੋਰ ਵੀ ਮਹੱਤਵਪੂਰਨ ਬਣ ਗਈ ਹੈ ਕਿਉਂਕਿ ਗੁਰਪਿਆਰ ਨੇ ਕਾਵਿ ਭਾਸ਼ਾ ਨਾਲ਼ ਹਕੀਕੀ ਸੋਚ ਨੂੰ ਬਿਆਨ ਕੀਤਾ ਹੈ। ਸਾਧਾਰਨ ਦਿ੍ਰਸ਼ਟੀ ਤੋਂ ਗੁਰਪਿਆਰ ਦੀਆਂ ਕਵਿਤਾਵਾਂ ਵਾਰਤਮੁਖੀ ਲਗਦੀਆਂ ਹਨ, ਪਰ ਇਨ੍ਹਾਂ ਕਵਿਤਾਵਾਂ ਦਾ ਵਿਚਾਰਧਾਰਿਕ ਪ੍ਰਸੰਗ ਬੜਾ ਡੂੰਘਾ ਹੈ। ਇਹ ਕਵਿਤਾਵਾਂ ਤਰਕ ਅਤੇ ਸੰਵੇਦਨਾ ਦੇ ਸੁਮੇਲ ਰਾਹੀਂ ਸਾਡੇ ਸਮਾਜ ਵਿੱਚ ਹੋ ਰਹੇ ਅਨਿਆਂ ਪ੍ਰਤੀ ਸਾਨੂੰ ਸੁਚੇਤ ਹੀ ਨਹੀਂ ਕਰਦੀਆਂ, ਸਗੋਂ ਘਟਿਤ ਹੋ ਰਹੀ ਪ੍ਰਸਥਿਤੀ ਦੀ ਤਹਿ ’ਚ ਲੁਕੇ ਅਰਥਾਂ ਦੀ ਸੋਝੀ ਵੀ ਕਰਵਾਉਂਦੀਆਂ ਹਨ। ਇਹ ਕਵਿਤਾਵਾਂ ਮੁਹੱਬਤ ਦੀ ਤਲਾਸ਼, ਮੱਠੇ ਵਿਰੋਧ ਅਤੇ ਜ਼ਿੰਦਗੀ ਦੇ ਵੱਖ-ਵੱਖ ਉੱਪ ਥੀਮਜ਼ ਰਾਹੀਂ, ਸੰਪੂਰਨਤਾ ਵੱਲ ਵਧਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿੱਚ ਕਦੇ ਉੱਪ-ਥੀਮ, ਮੁੱਖ-ਥੀਮ ਬਣੇ ਨਜ਼ਰ ਆਉਂਦੇ ਹਨ ਅਤੇ ਕਦੇ ਮੁੱਖ-ਥੀਮ ਉੱਪ ਥੀਮ ਬਣੇ। ਜ਼ਿੰਦਗੀ ਦੇ ਸਹਿਜ ਅਰਥ ਦਸਦੀਆਂ ਇਹ ਕਵਿਤਾਵਾਂ ਇੱਕ ਵਚਨਕਾਰੀ ਦੀ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿੱਚ ਬੇਚੈਨੀ ਹੈ, ਅਸੰਤੁਸ਼ਟੀ ਹੈ, ਸਮਕਾਲੀ ਨਿਜ਼ਾਮ ਅਤੇ ਸਮਾਜਿਕ ਪ੍ਰਸਥਿਤੀਆਂ ਪ੍ਰਤੀ ਖਿਝ ਹੈ। ਗੁਰਪਿਆਰ ਦੀ ਕਵਿਤਾ ਪ੍ਰਗਤੀਵਾਦੀ, ਮਾਨਵਵਾਦੀ, ਆਦਰਸ਼ਵਾਦੀ ਕਾਵਿਕ ਪਰੰਪਰਾ ਦੇ ਉਲਟ ਜਾਤ ਆਧਾਰਿਤ ਰਵੱਈਏ ਨੂੰ ਅਪਣਾ ਕੇ ਬ੍ਰਾਹਮਵਾਦੀ ਜਾਤੀਗਤ ਦਰਜਾਬੰਦੀ ਵਾਂਗ ਪੇਂਡੂ ਧਰਾਤਲ ’ਤੇ ਮੁੱਖਧਾਰਾ ਦੇ ਜਾਤੀ ਵਖਰੇਵੇਂ ਦੇ ਸਤਾਏ ਦਲਿਤ ਵਰਗ ਦੀ ਮੁਕਤੀ ਦੀ ਗੱਲ ਕਰਦੀ ਹੈ। ਭਾਵੇਂ ਪ੍ਰਗਤੀਵਾਦੀ, ਮਾਨਵਵਾਦੀ ਭਾਰਤੀ ਪਰੰਪਰਾ ਵਿੱਚ ਦਲਤ ਮੁਕਤੀ ਦੇ ਲਈ ਹਾਅ ਦਾ ਨਾਅਰਾ ਤਾਂ ਮਾਰਿਆ ਮਿਲਦਾ ਹੈ ਪਰ ਇਸ ਦੇ ਅੰਤਰਗਤ ਕਿਸੇ ਵੀ ਤਰ੍ਹਾਂ ਦੇ ਠੋਸ ਇਨਕਲਾਬੀ ਮੁਕਤੀ ਦੇ ਸੰਘਰਸ਼ ਦੀ ਅਣਹੋਂਦ ਹੀ ਰਹੀ ਹੈ। ਇਹ ਪਰੰਪਰਾ ਦਲਿਤ ਮਨੁੱਖ ਦੀ ਦਸ਼ਾ ਦੇ ਚਿਤਰਨ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੀ ਹੈ। ਇੱਥੇ ਗੁਰਪਿਆਰ ਦੀ ਕਵਿਤਾ ਦਲਿਤ ਮਨੁੱਖ ਦੀ ਦਸ਼ਾ ਦਾ ਚਿਤਰਨ ਹੀ ਨਹੀਂ ਕਰਦੀ, ਸਗੋਂ ਜਿਸ ਤਰ੍ਹਾਂ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਤਾਣੇ-ਬਾਣੇ ਨੇ ਦਲਿਤ ਮਨੁੱਖ ਨੂੰ ਹਾਸ਼ੀਆਕਿ੍ਰਤ ਕਰਕੇ, ਉਸਦੇ ਤਮਾਮ ਹੱਕਾਂ ਅਤੇ ਪਛਾਣ ਦਾ ਹਨਨ ਕੀਤਾ ਹੈ। ਉਸ ਤੋਂ ਮੁਕਤੀ ਲਈ ਕਿਸੇ ਮਾਰਗ ਦੀ ਤਲਾਸ਼ ਕਰਦੀ ਨਜ਼ਰ ਆ ਰਹੀ ਹੈ। ਦਲਿਤ ਮਨੁੱਖ ਦੀ ਪਛਾਣ ਨਾਲ਼ ਜੂਝ ਰਹੀ ਇਹ ਕਵਿਤਾ ਅਸਵੀਕਿ੍ਰਤੀ ਦੀ ਸੁਰ ਵਿੱਚ ਇਸ ਲਈ ਬੋਲਦੀ ਹੈ ਕਿਉਂਕਿ ਸਥਾਪਿਤ ਮਰਿਆਦਾ, ਕਦਰਾਂ-ਕੀਮਤਾਂ, ਸੱਭਿਆਚਾਰ ਅਤੇ ਪਰੰਪਰਾ ਨੇ ਦਲਿਤ ਮਨੁੱਖ ਦੀ ਪਛਾਣ ਖੋਹ ਪਿੰਝ ਦਿੱਤੀ ਹੈ। ਇਸੇ ਲਈ ਉਸਦੀ ਕਵਿਤਾ ਦੇ ਪਾਤਰ ਆਪਣੀ ਪਛਾਣ, ਸਥਾਪਿਤ ਵਿਵਸਥਾ ਅਤੇ ਕਦਰ ਪ੍ਰਬੰਧ ਦੇ ਵਿਰੋਧ ਵਿੱਚੋਂ ਪ੍ਰਾਪਤ ਕਰਦਾ ਹੈ –
ਸਾਡੀ ਸੋਚ
ਕਦੇ ਨਹੀਂ ਕਬੂਲਦੀ
ਤੁਹਾਡੀ ਗੁਲਾਮੀ ਨੂੰ
ਉਹ ਤਾਂ ਸਦਾ ਤਤਪਰ ਰਹਿੰਦੀ ਹੈ ਥੋਡੇ ਸਿੰਘਾਸਨ ਨਾਲ਼ ਟਕਰਾਉਣ ਤੇ ਥੋਡੀ ਹਕੂਮਤ ਨੂੰ ਤਹਿਸ ਨਹਿਸ ਕਰਨ ਲਈ।
ਗੁਰਪਿਆਰ ਦੀ ਕਵਿਤਾ ਵਿੱਚ ਇੱਕ ਖ਼ਾਸ ਨੁਕਤਾ ਉੱਭਰਦਾ ਹੈ। ਇਹ ਨੁਕਤਾ ਹੈ ਦਲਿਤ ਕਵਿਤਾ ਦਾ ਵੱਖਰਾ ਦਲਿਤ ਸੁਹਜ ਸ਼ਾਸਤਰ। ਇਹ ਦਲਿਤ ਸੁਹਜ ਸ਼ਾਸਤਰ ਮੁੱਖਧਾਰਾਈ ਪਰੰਪਰਿਕ ਸੁਹਜ ਸ਼ਾਸਤਰ ਉੱਤੇ ਨਿਰਭਰ ਨਹੀਂ। ਇਸ ਦਾ ਸੰਬੰਧ ਸਿੱਧੇ ਤੌਰ ’ਤੇ ਦਮਨਕਾਰੀ ਪ੍ਰਬੰਧ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਦਾ ਹੈ। ਇਹ ਸੁਹਜ-ਸ਼ਾਸਤਰ ਆਪਣੀ ਹੋਂਦ ਉਨ੍ਹਾਂ ਤਮਾਮ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪ੍ਰਸਥਿਤੀਆਂ ਤੋਂ ਇਖਤਿਆਰ ਕਰਦਾ ਹੈ। ਜਿਨ੍ਹਾਂ ਨੇ ਦਲਿਤ ਮਨੁੱਖ ਨੂੰ ਹਰ ਇੱਕ ਪਹਿਲੂ ਤੋਂ ਨਕਾਰਦੇ ਹੋਏ, ਉਸ ਦੀ ਕਿਰਤ ਦੇ ਮਿੱਠੇ ਫ਼ਲ ਨੂੰ ਤਾਂ ਮਾਣਿਆ ਹੈ, ਪ੍ਰੰਤੂ ਉਸਦੇ ਪੂਰੇ ਵਜੂਦ ਨੂੰ ਅਣਗੌਲਿਆ ਕਰੀ ਰੱਖਿਆ ਹੈ। ਮੁੱਖਧਾਰਾ ਸਮਾਜ ਵੱਲੋਂ ਦਲਿਤ ਵਰਗ ਨੂੰ ਨਿਰੰਤਰ ਅਣਗੌਲਿਆ ਕਰਨਾ, ਦਲਿਤ ਦਮਨ ਨੂੰ ਜਨਮ ਦਿੰਦਾ ਹੈ। ਜਿਸ ਦੀ ਚਰਚਾ ਗੁਰਪਿਆਰ ਦੀ ਕਵਿਤਾ ਵਿੱਚ ਹੋਈ ਹੈ। ਗੁਰਪਿਆਰ ਪਰੰਪਰਾਗਤ ਮੁੱਖ-ਧਾਰਾਈ ਕਾਵਿ-ਸੁਹਜ ਦੇ ਐਨ ਉਲਟ, ਜਿਸ ਦਲਿਤ ਸੁਹਜ ਸ਼ਾਸਤਰ ਨੂੰ ਸਿਰਜ ਰਿਹਾ ਹੈ, ਉਸ ਵਿੱਚ ਵਰਤੇ ਰੂਪਕ, ਚਿੰਨ੍ਹ, ਵਿਸ਼ੇਸ਼ਣ ਅਤੇ ਅਲੰਕਾਰ ਅਜਿਹੀ ਸਮਝ ਪੈਦਾ ਕਰਦੇ ਹਨ ਜੋ ਪੜ੍ਹਨ ਵਾਲ਼ੇ ਨੂੰ ਦਲਿਤ ਜੀਵਨ ਅਤੇ ਦਮਨ ਤੋਂ ਜਾਣੂ ਕਰਵਾਉਣ ਪ੍ਰਤੀ ਕੋਈ ਭੁਲੇਖਾ ਨਹੀਂ ਰਹਿਣ ਦਿੰਦੀ। ਬਰਾਬਰਤਾ ਦਾ ਅਭਿਲਾਸ਼ੀ ਗੁਰਪਿਆਰ ਦਲਿਤ ਵਰਗ ਨੂੰ ਮੁੱਖਧਾਰਾ ਵਾਸਤੇ ਘਾਲੀਆਂ ਘਾਲਣਾਵਾਂ ਸਦਕਾ, ਇੱਕ ਬਰਾਬਰ ਦੀ ਧਿਰ ਵਜੋਂ ਸਥਾਪਿਤ ਕਰਦਾ ਹੈ। ਉਹ ਲਿਖਦਾ ਹੈ –
ਕਈਆਂ ਨੂੰ
ਇਤਰਾਜ਼ ਹੈ
ਹਮੇਸ਼ਾਂ ਬਾਹਾਂ ਚੜਾ ਕੇ
ਰੱਖਦਾ ਹਾਂ
ਉਹ ਇਹ ਨਹੀਂ ਜਾਣਦੇ
ਮਜ਼ਦੂਰ ਦਾ ਪੁੱਤ ਹਾਂ
ਜੋ ਹਮੇਸ਼ਾ
ਮਿਹਨਤ ਲਈ ਤਿਆਰ ਰਹਿੰਦਾ ਹੈ
ਤੇ ਆਪਣੇ ਹੱਕ ਖਾਤਰ ਲੜਨ ਲਈ ਵੀ।
ਗੁਰਪਿਆਰ ਦੀ ਕਵਿਤਾ ਦਾ ਦੂਸਰਾ ਮਹੱਤਵਪੂਰਨ ਪੱਖ ਸੰਵੇਦਨਸ਼ੀਲ ਮਨੁੱਖ ਦੀ ਤਲਾਸ਼ ਹੈ। ਇਹ ਤਲਾਸ਼ ਕਿਸੇ ਧਾਰਮਿਕ ਜਾਂ ਅਧਿਆਪਕ ਆਦਰਸ਼ ਵਿੱਚੋਂ ਨਹੀਂ, ਸਗੋਂ ਉਸ ਮਾਹੌਲ ਤੇ ਪ੍ਰਸਥਿਤੀਆਂ ਵਿੱਚੋਂ ਹੈ। ਜਿਨ੍ਹਾਂ ਨੂੰ ਆਧੁਨਿਕ ਅਤੇ ਉੱਤਰ ਆਧੁਨਿਕ ਦੌਰ ਨੇ ਪੈਦਾ ਕੀਤਾ ਹੈ। ਪ੍ਰਗਤੀ ਦੀ ਦੌੜ ਵਿੱਚ ਅਜੋਕੇ ਮਨੁੱਖ ਦਾ ਆਪਾ ਗੁਆਚ ਗਿਆ ਹੈ। ਉਸ ਅੰਦਰੋਂ ਸੰਵੇਦਨਾ ਖ਼ਤਮ ਹੁੰਦੀ ਜਾ ਰਹੀ ਹੈ। ਇਹ ਸੰਵੇਦਨਾ ਹੀ ਹੈ, ਜੋ ਬੰਦੇ ਨੂੰ, ਬੰਦਾ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਉਹ ਲਿਖਦਾ ਹੈ –
ਰਾਂਝਾ ਉਡੀਕ ਰਿਹਾ ਹੈ
ਲੰਮੀ ਛੁੱਟੀ ਦੀ ਮਨਜ਼ੂਰੀ
ਜੋਗੀ ਹੋਣ ਲਈ
…
ਦਫ਼ਤਰੀ ਫ਼ਾਈਲਾਂ ’ਚ ਉਲਝੀ ਹੀਰ
ਉਡੀਕ ਰਹੀ ਹੈ
ਵਿਦੇਸ਼ ਗਈ ਸਹਿਤੀ ਨੂੰ
ਆਪਣਾ ਦੁੱਖੜਾ ਸੁਣਾਉਣ ਲਈ
…
ਗੋਰਖ ਨਾਥ
ਦੁਨੀਆਂ ਦੇ ਗੋਰਖ ਧੰਦੇ ਵਿੱਚ ਲੀਨ ਹੈ
…
ਤੇ ਮੁਹੱਬਤ
ਵਿਲਕ ਰਹੀ ਹੈ
ਅਮਰ ਹੋਣ ਲਈ।
ਗੁਰਪਿਆਰ ਆਪਣੀ ਕਵਿਤਾ ਵਿੱਚ ਸਵੈ ਦੀ ਉਪੇਖਿਆ ਕਰਨ ਦੀ ਥਾਂ ਸਵੈ-ਪਹਿਚਾਣ, ਸਵੈ ਦੇ ਸਮਕਾਲੀ ਅਤੇ ਸਰਬਕਾਲੀ ਸਮੂਹਿਕ ਚਿੱਤਰ ਨੂੰ ਪ੍ਰਾਥਮਿਕਤਾ ਦਿੰਦਾ ਹੈ। ਇਹ ਕਵਿਤਾ ਵਿੱਚ ਮਾਨਵੀ ਆਪੇ ਦਾ ਸਵੈ ਨਾਲ਼ ਜਾਂ ਬਾਹਰਮੁਖੀ ਯਥਾਰਥ ਨਾਲ਼ ਬੇ-ਲਿਹਾਜਾ ਤਕਰਾਰ ਹੈ। ਇਸ ਵਿੱਚ ਸਵੈ-ਸੰਵਾਦ ਹੈ, ਸਵੈ-ਸੰਤਾਪ ਹੈ, ਸਵੈ-ਦਵੰਦ ਦੇ ਉੱਚੇ ਨੀਵੇਂ ਧਰਾਤਲ ਹਨ। ਜਦੋਂ ਗੁਰਪਿਆਰ ਇਨਸਾਨੀ ਕੁਹਜ, ਵਰਤਾਰੇ ਜਾਂ ਬੁਰਾਈ ’ਤੇ ਉਂਗਲ ਉਠਾਉਂਦਾ ਹੈ ਤਾਂ ਸਵੈ ਨੂੰ ਉਸ ਵਿੱਚ ਸ਼ਾਮਿਲ ਰੱਖਦਾ ਹੈ। ਜਿਵੇਂ –
ਬਚਪਨ ਵਿੱਚ
ਛੋਟ ਦਾ ਨਰਮਾ
ਵੇਚਣ ਵੇਲ਼ੇ
ਹੋਰਨਾਂ ਜਵਾਕਾਂ ਵਾਂਗ
ਰੂੰਗੇ ਦੀਆਂ ਰਿਉੜੀਆਂ ਦੀ ਥਾਂ
ਗੱਚਕ ਲੈਣ ਦੀ
ਜ਼ਿੱਦ ਕਰ ’ਤੇ
ਤੇਰੀ ਮੇਰੇ ਮੂੰਹ ’ਤੇ ਮਾਰੀ ਹੋਈ ਚਪੇੜ
ਤੱਕ ਦਾ ਸਫ਼ਰ
ਮੈਨੂੰ ਸਮਝਾ ਗਈ
ਕਿ ਰਿਉੜੀਆਂ ਤੋਂ ਗੱਚਕ
ਬੜਾ ਲੰਮਾ ਏ।
ਗੁਰਪਿਆਰ ਨੇ ਆਪਣੀ ਕਵਿਤਾ ਵਿੱਚ ਗਲੋਬਲੀ ਯੁੱਗ ਦੇ ਅੰਤਰਗਤ ਚੱਲ ਰਹੀ ਵਿਸ਼ਵੀਕਰਨ ਦੀ ਪ੍ਰਕਿਰਿਆ ਨਾਲ, ਗੁਆਚ ਰਹੀ ਮਨੁੱਖ ਦੀ ਅਸਤਿੱਤਵੀ ਹੋਂਦ ਅਤੇ ਜੀਵਨ ਜਾਚ ਵਿੱਚ ਫ਼ੈਲ ਰਹੀ ਅਨਿਸ਼ਚਿਤਤਾ ਅਤੇ ਅਸਥਿਰਤਾ ਨੂੰ ਪੇਸ਼ ਕੀਤਾ ਹੈ। ਵਿਸ਼ਵੀਕਰਨ ਨੇ ਖੁੱਲ੍ਹੀ ਸੰਸਾਰ ਮੰਡੀ, ਸਭਿਆਚਾਰਕ ਅਦਾਨ-ਪ੍ਰਦਾਨ ਅਤੇ ਪੱਛਮੀਕਰਨ ਦੇ ਅਮਲ ਨੂੰ ਬੇਪਨਾਹ ਉੱਭਰਿਆ ਹੈ। ਜਿਸ ਦੇ ਕਾਰਨ ਸਾਡੀ ਜੀਵਨ ਦਿ੍ਰਸ਼ਟੀ, ਜੀਵਨ ਜਾਚ ਵਿੱਚ ਵਿਆਪਕ ਪਰਿਵਰਤਨ ਆਏ ਹਨ। ਮੰਡੀ ਦੀ ਚਕਾਚੌਂਧ, ਖਪਤ ਕਲਚਰ ਦੇ ਅੰਨ੍ਹੇ ਰੋੜ੍ਹ ਅਤੇ ਗਿਆਨ ਦੇ ਵਿਸਫੋਟ ’ਚ ਚੁੰਧਿਆਇਆ ਬੰਦਾ ਵਸਤੂਆਂ ਦੇ ਵਰਤਾਰਿਆਂ ਨੂੰ ਠੀਕ ਰੂਪ ਵਿੱਚ ਸਮਝ ਅਤੇ ਦੇਖ ਨਹੀਂ ਪਾ ਰਿਹਾ। ਮੰਡੀ ਦੇ ਵਰਤਾਰੇ ਵਿੱਚ ਮਨੁੱਖ ਆਪਣੀ ਮਰਜ਼ੀ ਦਾ ਮਾਲਕ ਨਹੀਂ ਰਿਹਾ। ਬੇਵੱਸ ਉਪਭੋਗੀ ਬਣ ਗਿਆ ਹੈ। ਵਸਤਾਂ ਨੂੰ ਭੋਗਣ ਦੀ ਲਾਲਸਾ ਅਧੀਨ, ਉਹ ਖ਼ੁਦ ਭੋਗਿਆ ਜਾ ਰਿਹਾ ਹੈ। ਗੁਰਪਿਆਰ ਦੀ ਕਵਿਤਾ ਵਿੱਚ ਉਪਭੋਗੀ ਕਲਚਰ ਅਤੇ ਮੰਡੀ ਵਸਤਾਂ ਪ੍ਰਤੀ ਵਿਰੋਧ ਹੈ। ਉਹ ਲਿਖਦਾ ਹੈ –
ਬਜ਼ਾਰ ਤੁਹਾਡੇ ਕਾਲੇ ਰੰਗ ਨੂੰ
ਗੋਰਾ ਕਰ ਸਕਦਾ
ਬਜ਼ਾਰ ਤੁਹਾਡੀ ਕਰੂਪ ਸ਼ਕਲ ਨੂੰ
ਸੋਹਣੀ ਬਣਾ ਸਕਦਾ
ਬਜ਼ਾਰ ਤੁਹਾਨੂੰ ਬਰੈਂਡਡ ਕੱਪੜੇ ਪਵਾ ਕੇ
ਮਾਡਰਨ ਬਣਾ ਸਕਦਾ
…
ਬਜ਼ਾਰ ਤੁਹਾਡੇ ਉਲਝੇ ਹੋਏ ਵਾਲਾਂ ਨੂੰ
ਸੰਵਾਰ ਸਕਦਾ
ਤੇ ਝੜੇ ਹੋਇਆਂ ਨੂੰ
ਮੁੜ ਉਗਾ ਸਕਦਾ
…
ਬਜ਼ਾਰ ਤੁਹਾਨੂੰ ਸੋਹਣੇ ਤੇ
ਸੁੱਖ ਭਰਪੂਰ ਘਰ ਦੇ ਸਕਦਾ
ਬਜ਼ਾਰ ਤੁਹਾਡੀ ਸੋਚ ਤੋਂ ਪਰੇ ਦੇ
ਐਸ਼-ਆਰਾਮ ਦੇ ਸਕਦਾ
ਪਰ ਸਾਵਧਾਨ!
ਬਜ਼ਾਰ ਲੋਕ
ਤੋੜ ਦਿੰਦਾ ਹੈ।
ਗੁਰਪਿਆਰ ਇਨ੍ਹਾਂ ਕਵਿਤਾਵਾਂ ਵਿੱਚ ਇਸ ਮਸ਼ੀਨੀਕਰਨ ਦੇ ਦੌਰ ਵਿੱਚ ਮਨੁੱਖ ਦੇ ਜੀਵਨ ਯਥਾਰਥ ਨੂੰ ਪੇਸ਼ ਕਰਦਾ ਹੋਇਆ, ਜੀਵਨ ਦੀਆਂ ਅਣ-ਫ਼ਰੋਲੀਆਂ ਪਰਤਾਂ ਨੂੰ ਵੀ ਫ਼ਰੋਲਦਾ ਹੈ। ਮਸ਼ੀਨੀ ਸੱਭਿਅਤਾ ਦੇ ਕਾਰਨ ਮਨੁੱਖੀ ਜ਼ਿੰਦਗੀ ਵਿੱਚ ਵਿਦਮਾਨ ਅਰਥਹੀਣਤਾ ਦੇ ਬੋਧ ਪ੍ਰਤੀ ਉਹ ਗਹਿਰੀ ਚਿੰਤਾ ਵਿਅਕਤ ਕਰਦਾ ਹੈ। ਅਜੋਕੇ ਯੁੱਗ ਦੇ ਬਦਲਦੇ ਸਮਾਜ ਵਿੱਚ ਮਨੁੱਖ ਦੀ ਬਦਲਦੀ ਹੋਂਦ ਨੂੰ ਕਾਵਿ ਦਾ ਆਧਾਰ ਬਣਾ ਕੇ ਉਹ ਅਜੋਕੇ ਮਾਨਵ ਦੇ ਅਹਿਸਾਸਾਂ ਨੂੰ ਅਭਿਵਿਅਕਤ ਕਰਦਾ ਹੈ। ਮਨੁੱਖੀ ਜ਼ਿੰਦਗੀ ਵਿੱਚੋਂ ਨਿੱਕੇ-ਨਿੱਕੇ ਅਹਿਸਾਸਾਂ, ਅਨੁਭਵਾਂ ਅਤ ਚਾਹਤਾਂ ਦਾ ਵਿਸਰ ਜਾਣਾ, ਉਸ ਨੂੰ ਤੰਗ ਕਰਦਾ ਹੈ। ਉਹ ਲਿਖਦਾ ਹੈ –
ਸੰਵੇਦਨਾਵਾਂ ਮਰ ਰਹੀਆਂ ਨੇ
ਭਾਵਨਾਵਾਂ ਡਰ ਰਹੀਆਂ ਨੇ
ਕਵਿਤਾ ਸਨਿਆਸੀ ਹੋ
ਦੂਰ ਜਾ ਰਹੀ ਹੈ
ਪਰ ਦਿਲ ’ਚ
ਖ਼ਲਾਅ ਤਾਂ ਹੁਣ ਵੀ ਹੈ।
ਗੁਰਪਿਆਰ ਦੀ ਕਵਿਤਾ ਨਿੱਜੀ ਵੀ ਹੈ – ਸਮੂਹਿਕ ਵੀ ਹੈ। ਕਾਲਿਕ ਵੀ ਹੈ ਇਕਾਲਿਕ ਵੀ। ਕਹਿਣ ਦਾ ਭਾਵ ਇਹ ਕਵਿਤਾ ਪ੍ਰਗਤੀਵਾਦੀ ਹੁੰਦੀ ਹੋਈ ਵੀ, ਪ੍ਰਗਤੀਵਾਦ ਦੀਆਂ ਸਿਧਾਂਤਕ ਕੋਟੀਆਂ ਨੂੰ ਨਹੀਂ ਅਪਣਾਉਂਦੀ। ਇਸੇ ਲਈ ਘਰ, ਪਰਿਵਾਰ, ਨਿੱਜੀ, ਵਿਅਕਤੀ, ਸਵੈ-ਸੰਸਕਿ੍ਰਤੀ, ਇਤਿਹਾਸਿਕ, ਮਿਥਿਹਾਸਕ ਸਾਰੇ ਮਸਲੇ, ਇਸ ਕਾਵਿ ਵਿੱਚ ਇਕਹਿਰੇਪਣ ਦੀ ਬਜਾਇ ਭਿੰਨ-ਭਿੰਨ ਦਿ੍ਰਸ਼ਟੀਕੋਣਾਂ ਤੋਂ ਪੇਸ਼ ਹੋ ਰਹੇ ਹਨ। ਗੁਰਪਿਆਰ ਜਿਸ ਤਰ੍ਹਾਂ ਦੇ ਸਮਾਜੀ ਪ੍ਰਬੰਧ ਅਤੇ ਇਤਿਹਾਸਿਕ, ਮਿਥਿਹਾਸਕ, ਪ੍ਰਸੰਗਾਂ ਦੀ ਚਰਚਾ ਆਪਣੀ ਕਵਿਤਾ ਵਿੱਚ ਕਰ ਰਿਹਾ ਹੈ। ਇਹ ਚਰਚਾ ਉਸਦੀ ਕਵਿਤਾ ਦੀ ਅਹਿਮੀਅਤ ਨੂੰ ਬੌਧਿਕ ਦਿ੍ਰਸ਼ਟੀ ਤੋਂ ਨਿਖਾਰਦੀ ਹੈ ਅਤੇ ਮਿਥਿਹਾਸ ਨੂੰ ਨਵੇਂ ਦਿ੍ਰਸ਼ਟੀਕੋਣ ਤੋਂ ਵਿਸ਼ਲੇਸ਼ਿਤ ਕਰਦੀ ਹੈ
ਉਸ ਨੂੰ ਖ਼ਬਰ ਜੀ
ਕਿ ਕਿਉਂ
ਗਲੀ ਤੋਂ ਲੰਘਣ ਵਾਲੇ
ਹਰ ਮਰਦ ਦੀ ਨਜ਼ਰ
ਉਸਦੇ ਘਰ ਦੀ ਦਹਿਲੀਜ਼ ਨੂੰ ਪਾਰ ਕਰ
ਘਰ ਦੀ ਚਾਰ ਦੀਵਾਰੀ ਨਾਲ਼ ਟਕਰਾ ਕੇ
ਮੁੜ ਗਲੀ ਵਿੱਚ ਪਰਤਦੀ ਹੈ
…
ਇਸੇ ਲਈ ਇੱਕ ਹੋਰ ਲੂਣਾ
ਸਲਵਾਨ ਦੀ ਡੋਲੀ ਚੜ੍ਹ ਗਈ।
ਮਿੱਥ ਅਤਿ ਸੂਖ਼ਮ, ਜਟਿਲ ਅਤੇ ਇਸਤਿ੍ਰਤ ਵਰਤਾਰਾ ਹੈ। ਇਸ ਦਾ ਦਾਇਰਾ ਜੀਵਨ ਦੇ ਨਿੱਕੇ-ਨਿੱਕੇ ਵੇਰਵਿਆਂ ਤੋਂ ਲੈ ਕੇ ਸੱਭਿਆਤਾਵਾਂ ਦੇ ਇਤਿਹਾਸ, ਧਰਮ ਅਤੇ ਦਰਸ਼ਨ ਦੀਆਂ ਵਿਰਾਟ ਸੰਕਲਪਨਾਵਾਂ ਤੱਕ ਫੈਲਿਆ ਹੋਇਆ ਹੈ। ਮਿੱਥ-ਸਿਰਜਣਾ ਮਨੁੱਖੀ ਜੀਵਨ ਦੀ ਇੱਕ ਸਹਿਜ ਪ੍ਰਵਿਰਤੀ ਹੈ, ਜੋ ਮਨੁੱਖੀ ਚੇਤਨਾ ਭਾਸ਼ਾ ਰਾਹੀਂ ਪ੍ਰਬੰਧਤ ਅਤੇ ਪ੍ਰਗਟ ਹੁੰਦੀ ਹੈ। ਮਿੱਥ ਵੀ ਇੱਕ ਤਰ੍ਹਾਂ ਦੀ ਭਾਸ਼ਾ ਹੈ ਜੋ ਮਾਨਵੀ ਚੇਤਨਾ ਦੇ ਸੂਖ਼ਮ ਅਤੇ ਸਿਰਜਣਾਤਮਕ ਰੂਪਾਂ ਨੂੰ ਪ੍ਰਬੰਧਤ ਕਰ ਚਿਹਨਾਤਮਕ ਅਭਿਵਿਅਕਤੀ ਪ੍ਰਦਾਨ ਕਰਦੀ ਹੈ। ਮਿੱਥ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਭਵਿੱਖ ਹਮੇਸ਼ਾ ਵਰਤਮਾਨ ਅਤੇ ਅਤੀਤ ਪ੍ਰਤੀ ਵਫ਼ਾਦਾਰ ਰਹੇਗਾ। ਇਸੇ ਲਈ ਮਿਥਿਹਾਸਕ ਬਿਰਤਾਂਤ ਉਪਯੁਕਤ ਸਮੇਂ ਅਤੇ ਸਥਾਨ ਦੇ ਪ੍ਰਸੰਗ ਵਿੱਚ ਵਿਸ਼ਲੇਸ਼ਣਾਤਮਕ ਅੰਤਰ ਦਿ੍ਰਸ਼ਟੀ ਦੀ ਅਧਿਐਨ ਵਸਤੂ ਬਣ, ਨਵ-ਅਰਥਾਂ ਸਹਿਤ ਉਜਾਗਰ ਹੋ ਉੱਠਦੇ ਹਨ। ਗੁਰਪਿਆਰ ਦੀ ਕਵਿਤਾ ਵਿਚ ਵੀ ਇਹ ਵਰਤਾਰਾ ਘਟਿਤ ਹੋਇਆ ਹੈ। ਉਸਦੀ ਕਵਿਤਾ ’ਫ਼ਰਕ’ ਵੀ ਮਿੱਥ ਨੂੰ ਨਵੀਨ ਅਰਥ ਪ੍ਰਦਾਨ ਕਰਦੀ ਹੈ –
ਬੜਾ ਫ਼ਰਕ ਹੈ
ਉਦੋਂ ਦੇ ਤੇ ਹੁਣ ਦੇ
ਦਰੋਣਾ ਅਤੇ ਏਕਲੱਵਯ ਵਿੱਚ
ਉਦੋਂ ਦੇ ਦਰੋਣਾ ਨੇ ਤਾਂ
ਏਕਲਵਯਾ ਦਾ ਅੰਗੂਠਾ ਕੱਟ
ਕਰ ਦਿੱਤਾ ਸੀ
ਮੁਕਤ ਉਸਨੂੰ।
ਅੱਜ ਦੇ ਦਰੋਣ
ਕੱਟ ਲੈਂਦੇ ਨੇ
ਏਕਲੱਵਯਾ ਦੀ ਜੀਭ
ਤੇ ਰੱਖਦੇ ਨੇ
ਆਪਣੇ ਨਾਲ-ਨਾਲ
ਅਰਜਨਾਂ ਦੇ ਸਿੰਘਾਸਨ
ਬਚਾਈ ਰੱਖਣ ਲਈ।
ਸੋ ਗੁਰਪਿਆਰ ਦੀ ਕਵਿਤਾ ਭਾਵੇਂ ਚਿੰਨ੍ਹਾਂ ਅਤੇ ਪ੍ਰਵਚਨਾਂ ਨੂੰ ਸਿਰਜਦੀ ਹੋਈ ਵਿਕਾਸ ਕਰ ਰਹੀ ਹੈ। ਅਜੋਕੇ ਮਨੁੱਖ ਅਤੇ ਸਮਾਜ ਦੇ ਸਭਿਆਚਾਰਕ ਦਵੰਦ, ਮਨੁੱਖੀ ਚਾਹਤਾਂ, ਉਮੰਗਾਂ, ਸੁਪਨਿਆਂ ਦੀ ਅਪੂਰਤੀ ਦੇ ਖ਼ਿਆਲ ਵਜੋਂ, ਇਹ ਕਵਿਤਾ ਰੋਹ ਦੀ ਕਵਿਤਾ ਹੈ। ਇਹ ਰੋਹ ਭਾਵੇਂ ਸਮਾਜ ਦੀ ਮੁੱਖਧਾਰਾ ਵਿਰੁੱਧ ਹੋਵੇ, ਰਾਜਨੀਤਿਕ ਵਿਵਸਥਾ ਵਿਰੁੱਧ ਹੋਵੇ, ਸਥਾਨਿਕ ਧਰਾਤਲ ’ਤੇ ਸਮਾਜਿਕ ਅਬਰਾਬਰਤਾ ਵਿਰੁੱਧ ਹੋਵੇ, ਮਨੁੱਖੀ ਅਸਤਿਤਵ ਵਿੱਚ ਆ ਰਹੀ ਨੈਤਿਕ ਗਿਰਾਵਟ ਪ੍ਰਤੀ ਹੋਵੇ ਜਾਂ ਵਿਸ਼ਵੀ ਸਰੂਪ ਵਿੱਚ ਮਨੁੱਖ ਦੇ ਉਪਭੋਗੀ ਬਣ ਜਾਣ ਵਿਰੁੱਧ ਹੋਵੇ। ਸਮੁੱਚੇ ਰੂਪ ਵਿੱਚ ਗੁਰਪਿਆਰ ਦੀ ਕਵਿਤਾ ਵਿੱਚ ਦਲਿਤ ਸਰੋਕਾਰਾਂ ਦੇ ਨਾਲ-ਨਾਲ ਮਨੁੱਖੀ ਜੀਵਨ ਨਾਲ਼ ਜੁੜੇ ਵਭਿੰਨ ਸਰੋਕਾਰ ਸ਼ਾਮਿਲ ਹੋਏ ਹਨ। ਸੂਖ਼ਮ ਅਨੁਭਵਾਂ, ਅਹਿਸਾਸਾਂ ਨੂੰ ਸੰਚਾਰਨ ਲਈ ਵਰਤੇ ਗਏ ਕਾਵਿ-ਮੈਟਾਫਰ, ਬਿੰਬ, ਪ੍ਰਤੀਕ ਇਸ ਕਵਿਤਾ ਦੀ ਕਾਵਿਕਤਾ ਦੇ ਰੰਗ ਨੂੰ ਹੋਰ ਗੂੜਾ ਕਰ ਰਹੇ ਹਨ।
ਸੰਪਰਕ : 99148-86310



