ਕਵਿਤਾ

ਮਾਨ ਭੈਣੀ ਬਾਘੇ ਆਲ਼ਾ

(ਸਮਾਜ ਵੀਕਲੀ)

ਸਦੀ ਇੱਕੀਵੀਂ ਕਲਯੁਗ ਘੋਰ ਯਾਰੋ,

ਗੱਲਾਂ ਹੁੰਦੀਆਂ ਝੱਲ ਵਲੱਲੀਆਂ ਨੇ।
ਯੁੱਗ ਮਸ਼ੀਨੀ ਤੇ ਬੰਦਾ ਫਿਰੇ ਵਿਹਲਾ,
ਮੰਦੀ ਮਹਿੰਗਾਈ ਵਜਾਈਆਂ ਟੱਲੀਆਂ ਨੇ।
ਏ ਸੀ ਕਮਰਿਆਂ ਦੇ ਵਿੱਚ ਗਿਆਨ ਝੜਦਾ,
ਕਬੀਲਦਾਰੀ ਨੇ ਚਾੜ੍ਹੀਆਂ ਖੱਲੀਆਂ ਨੇ।
ਕੋਈ ਕਿਸੇ ਦੀ ਲੱਗੀ ਨੂੰ ਕੀ ਜਾਣੇ,
ਪਤਾ ਓਸੇ ਨੂੰ ਜੀਹਨੇ ਝੱਲੀਆਂ ਨੇ।
ਰੱਖ ਹੌਂਸਲਾ ਰੱਬ ਦੀ ਰਜ਼ਾ ਜਾਣੀ,
ਟਲ ਜਾਣ ਮੁਸੀਬਤਾਂ ਘੱਲੀਆਂ ਨੇ।
ਇੱਕ ਦੂਜੇ ਨੂੰ ਦੇਖ ਕੇ ਸੜੀ ਜਾਂਦੇ,
ਚੁੱਲ੍ਹੇ ਵਿੱਚ ਜਿਉਂ ਭੁੱਜੀਆਂ ਛੱਲੀਆਂ ਨੇ।
ਮੈਂ ਰਹਾਂ ਕਿਉਂ ਬਾਬਲਾ ਦੱਸ ਕੱਲੀ,
ਧੀਆਂ ਤਾਏ ਦੀਆਂ ਜਿਹੜੇ ਰਾਹ ਚੱਲੀਆਂ ਨੇ।
ਸਦਾ ਬਹਾਰ ਨੇ ਚਿੱਤੜਹਾਰ ਚੱਲਦੇ,
ਪਈਆਂ ਜਮਾਂ ਟਿਕਾਣਿਓਂ ਹੱਲੀਆਂ ਨੇ।
ਰੂੜੀ ਵਾਦੀ ਐ ਮਾਨ ਤਾਂ ਲੱਖ ਵਾਰੀ,
ਗੱਲਾਂ ਹੁੰਦੀਆਂ ਸਾਥੋਂ ਨਾ ਦੱਲੀਆਂ ਨੇ।
ਵਾਢੀ ਨਾਲ਼ ਮਸ਼ੀਨਾਂ ਦੇ ਹੋਣ ਲੱਗੀ,
ਖੋਹੀ ਗਰੀਬਾਂ ਤੋਂ ਬੋਦੀ ਬੱਲੀਆਂ ਨੇ।
ਤੂੜੀ ਥੋੜੀ ਤੇ ਆਪ ਅਚਾਰ ਪਾ ਲਏ,
ਹੱਥ ਗਰੀਬ ਦੇ ਆਈਆਂ ਪੱਲੀਆਂ ਨੇ।
ਇੱਕ ਦੂਜੇ ਨੂੰ ਲੋਕਾਂ ਨੇ ਲਾ ਠਿੱਬੀ,
ਅੱਗੇ ਬੈਠ ਜਗ੍ਹਾਵਾਂ ਮੱਲੀਆਂ ਨੇ।
ਸੁਣਾਇਆ ਸੱਚ ਬੇਸ਼ੱਕ ਹੈ ਮਾਨ ਲੋਕੋ,
ਕਈਆਂ ਕਹਿਣਾ ਕਿ ਮਾਰੀਆਂ ਝੱਲੀਆਂ ਨੇ।
ਭੈਣੀ ਵਾਲੇ ਦੀ ਕਲਮ ਨਾ ਰਹੇ ਗੁੱਝੀ,
ਗੱਲਾਂ ਛੇੜੀਆਂ ਏਸ ਅਵੱਲੀਆਂ ਨੇ।
 ਮਾਨ ਭੈਣੀ ਬਾਘੇ ਆਲ਼ਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਕੋਹਾਰਵਾਲਾ ਸਕੂਲ ਦੀਆਂ ‘ਹੋਣਹਾਰ ਧੀਆਂ’ ਦਾ ਵਿਸ਼ੇਸ਼ ਸਨਮਾਨ
Next articleਚਾਲਬਾਜ਼