(ਸਮਾਜ ਵੀਕਲੀ)
ਚੇਤਿਆਂ ਦੀ ਕੈਨਵਸ ਤੇ ਫੁੱਲ ਵਾਹਿਆ
ਤੇਰੇ ਹੱਥੀਂ ਕੱਢੀ ਫੁਲਕਾਰੀ ਦਾ
ਸ਼ੋਖ ਜਿਹਾ ਰੰਗ ਭਰਿਆ ਗਿਆ
ਤੇਰੇ ਦਿੱਤੇ ਸੂਟ ਨਸਵਾਰੀ ਦਾ
ਝਾਉਲਾ ਜਿਹਾ ਨਿੱਤ ਪੈਂਦਾ ਹੈ
ਤੇਰੀ ਨਿੱਘੀ ਸੂਰਤ ਪਿਆਰੀ ਦਾ
ਗਲ਼ੀ ਚ ਡੁਗਡੁਗੀ ਵੱਜਦੀ ਸੀ
ਮੈਨੂੰ ਰੋਕਣ ਲਈ ਤੂੰ ਗੱਜਦੀ ਸੀ
ਛੱਡ ਕਿਤਾਬਾਂ ਮੈਂ ਭੱਜਦੀ ਸੀ
ਦੇਖਣ ਲਈ ਖੇਲ ਮਦਾਰੀ ਦਾ
ਝਾਉਲਾ ਜਿਹਾ ਨਿੱਤ ਪੈਂਦਾ ਹੈ
ਤੇਰੀ ਨਿੱਘੀ ਸੂਰਤ ਪਿਆਰੀ ਦਾ
ਜਦ ਤੇਰੀਆਂ ਅੱਖਾਂ ਵੱਲ ਤੱਕਦੀ ਸੀ
ਤੂੰ ਚਾਦਰ ਕੱਢ ਦੀ ਨਾ ਥੱਕਦੀ ਸੀ
ਤੈਨੂੰ ਝੋਰਾ ਖਾਂਦਾ ਰਹਿੰਦਾ ਸੀ
ਮੇਰੇ ਵਿਆਹ ਦੇ ਦਾਜ ਦੀ ਤਿਆਰੀ ਦਾ
ਝਾਉਲਾ ਜਿਹਾ ਨਿੱਤ ਪੈਂਦਾ ਹੈ
ਤੇਰੀ ਨਿੱਘੀ ਸੂਰਤ ਪਿਆਰੀ ਦਾ
ਕੈਨਵਸ ਵੱਲ ਜਦ ਮੈਂ ਦੇਖਦੀਆਂ
ਅੱਸੂ ਦੀ ਧੁੱਪ ਦੇ ਨਿੱਘ ਵਾਂਗੂ
ਤੇਰੀ ਬੁੱਕਲ ਦੇ ਨਿੱਘ ਨੂੰ ਸੇਕਦੀਆਂ
ਅਹਿਸਾਸ ਕਰਾਉਂਦੇ ਬੋਲ ਤੇਰੇ
ਦਰੀਆਂ ਬੁਣਦੀ ਕਲਾਕਾਰੀ ਦਾ
ਝਾਉਲਾ ਜਿਹਾ ਨਿੱਤ ਪੈਂਦਾ ਹੈ
ਤੇਰੀ ਨਿੱਘੀ ਸੂਰਤ ਪਿਆਰੀ ਦਾ
ਨਿਰਲੇਪ ਕੌਰ ਸੇਖੋਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly