ਕਵਿਤਾ

ਸਰਬਜੀਤ ਕੌਰ ਪੀਸੀ

(ਸਮਾਜ ਵੀਕਲੀ)

ਚੱਲ ਮੰਨ ਕਿ ਪਰਿਵਰਤਨ ਹੋ ਰਿਹਾ
ਮੇਰੇ ਅਗਾਂਹ ਵਧੂ ਵਿਚਾਰਾਂ ਵਿੱਚ
ਸੂਚਿਤ ਹੋ ਗਈ ਹਾਂ ਮੈਂ,ਆਪਣੇ ਅਧਿਕਾਰਾਂ ਤੋਂ
ਪਰਿਵਰਤਨ ਨੂੰ ਤੋਹਮਤ ਦਾ ਨਾਮ ਨਾ ਦੇ
ਜੇ ਮੈਂ ਆ ਖੜੀ,ਪਰਿਵਰਤਨ ਦੀ ਦਿਹਲੀਜ ਤੇ
ਸਥਿਤੀ ਉਪਰਾਲਿਆਂ ਨੇ ਮੇਰੇ ਹੱਕ ‘ਚ ਕਰਤੀ
ਕਿਉਂਕਿ ਸੰਸਾਰ ਨੂੰ ਦੇਣ ਲਈ,ਕੁਦਰਤ ਨੇ
ਦੋਵਾਂ ਬਰਾਬਰ ਝੋਲੀ ਭਰੀ ਸੀ।
ਮੈਨੂੰ ਧਰਤੀ ਸਮਝ ਕੁੱਖ ਤੇ ਤੈਨੂੰ ਬੀਜ ਦਿੱਤੇ ਸੀ
ਇਨਸਾਨ ਬਣਾਉਣ ਤੇ ਲੁਕਾਈ ਸਜਾਉਣ ਲਈ
ਤੂੰ ਬਥੇਰੀ ਮੈਨੂੰ ਭਰਮਾ ਕੇ ਰੋਕਣ ਦੀ
ਵਿਅਰਥ ਕੋਸ਼ਿਸ਼ ਕੀਤੀ ਤੇ ਜਾਰੀ ਹੈ।
ਸੁੱਟ ਪਰਾਂ ਆਪਣੇ ਤੋਹਮਤਾਂ ਤੇ ਬੇਇੱਜ਼ਤੀ ਦੇ ਹਥਿਆਰ
ਜੋ ਤੂੰ ਸੋਚਦਾ ਕਿ ਮੇਰੇ ਕਾਰਨ ਹੁੰਦੀ ਆਈ
ਤੂੰ ਖੇਡ ਖੇਡ ਸੁੱਚਾ ਪਵਿੱਤਰ ਪਾਪੀ ਕਿਹਾ ਜਾਂਦਾ ਰਿਹਾ
ਤੇ ਮੈਂ ਬਲੱਸ਼ਣੀ, ਬਦ ਦਿਮਾਗ, ਬੇਸ਼ਰਮ ਕਹੀ ਗਈ
ਅਕਲ ਆਖਿਰ ਗੁੱਤ ਥੱਲਿਓਂ ਕੱਢਣੀ ਹੀ ਪਈ
ਜੋ ਮੈਂ ਮਾਪਿਆਂ ਡਰੋਂ ਵਰਤਣੋਂ ਗੁਰੇਜ਼ ਕਰਦੀ ਰਹੀ
ਤੂੰ ਸਭ ਕਰ ਕਰਾ ਸੁੱਚਾ ਬਣ ਜਾਂਦਾ ਰਿਹਾ
ਤੇ ਮੈਂ ਆਪਣੇ ਗਰਭ ਵਿੱਚ ਸਮੋ ਨਹੀਂ ਸਕਦੀ ਸੀ
ਨਤੀਜੇ ਤੇ ਨਿਸ਼ਾਨ,ਆਪਣੀਆਂ ਸਹਿਮਤੀ ਦੀਆਂ ਖੇਡਾਂ ਦੇ
ਪਰਿਵਰਤਨ ਦੇ ਰਾਹ ਵਿੱਚ ਹੁਣ ਤੂੰ
ਰੁਕਾਵਟਾਂ ਖੜੀਆਂ ਨਾ ਕਰ।
ਬਹੁਤ ਸਘੰਰਸ਼ ਕੀਤਾ ਮੈਂ ਬਦਲਾਅ ਲਈ
ਕਿਤਾਬਾਂ ਨੂੰ ਅੱਖਾਂ ਤੇ ਦਿਮਾਗ ਰਾਹੀਂ ਅੰਦਰ ਵਾੜਿਆ
ਫਿਰ ਜਾ ਕੇ ਹੱਕਾਂ ਖਾਤਰ ਪਰਿਵਰਤਨ ਦੀ ਸੋਝੀ ਆਈ
ਮੈਂ ਸੁਆਰਥੀ ਨਹੀਂ ਬਣਨਾ ਚਾਹੁੰਦੀ, ਸਗੋਂ
ਕੁੱਟ ਕੁੱਟ ਭਰਨੀ ਚਾਹੁੰਦੀ ਹਾਂ ਔਲਾਦ ਵਿੱਚ
ਉਹ ਸਰਵ ਸੰਪੰਨ ਗੁਣ, ਜੋ ਮੈਂ ਹਾਸਿਲ ਕਰ ਲਏ ਮੈਂ
ਮੈਂ ਨਹੀਂ ਚਾਹੁੰਦੀ ਖੋਜ ਖਤਮ ਹੋਜੇ
ਕਿਉਂਕਿ ਕੋਈ ਖੋਜ ਆਖ਼ਰੀ ਨਹੀਂ ਹੋ ਸਕਦੀ
ਜੇ ਮੈਂ ਬੁੱਢੀ ਹੋ ਕੇ ਸੋਝੀ ਪਾਈ ਤੇ ਕੀ ਹੋਇਆ
ਮੇਰੀ ਔਲਾਦ ਰੂਪੀ,ਕਰੂੰਬਲੀ ਅਜੇ ਤਾਜੀ ਹੈ
ਬੇਇੱਜ਼ਤ ਹੋਣਾ ਛੱਡ ਤੇ ਬਾਂਹ ਵਿੱਚ ਬਾਂਹ ਪਾ
ਆ ਚੱਲੀਏ ਦੋਵੇਂ ਨਵੀਂ ਖੋਜ ਦੀ ਚਾਹ ਵਿੱਚ
ਕਾਇਨਾਤ ਦੇ ਨਜ਼ਾਰੇ ਵੇਖਣ ਸੰਗ ਸੰਗ
ਔਰਤ ਤੇ ਮਰਦ ਦਿਵਸ ਮਨਾਈਏ ਸੰਗ ਸੰਗ
ਕੁਦਰਤ ਨਾਲ਼ ਸਤਿਯ ਨੂੰ ਜਾਣਦੇ ਹੋਏ
ਕਿ ੴ ਹੈ ਚਾਰੇ ਪਾਸੇ,
ਪਸਾਰਾ ਜਿਸਦਾ ਸਭ ਲਈ ਬਰਾਬਰ
ਬਾਕੀ ਸਭ ਸਮਝਾਉਣ ਦੀਆਂ ਕੋਸ਼ਿਸ਼ਾਂ ਨੇ
ਜਿੰਦਗੀ ਸੁਚੱਜੀ ਤਰਾਂ ਚੱਲਦੀ ਰੱਖਣ ਲਈ
ਜ਼ਿੱਦਾਂ ਸਰਬ ਨੇ ਜਾਣ ਲਿਆ ਸੱਚ
ਕਿ ਏਕੋ ਨਾਮ ਨਿਰੰਜਨ ਓਸਦਾ,
ਤੇ ਸਾਰੇ ਜੀਅ ਓਸ ਲਈ ਬਰਾਬਰ ਨੇ
ਓਸਦੀ ਰਜ੍ਹਾ ਵਿੱਚ,
ਆ ਤੇ ਭਾਣਾ ਮੰਨਣ ਦੀ ਆਦਤ ਪਾ।

ਸਰਬਜੀਤ ਕੌਰ ਪੀਸੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next article“ਜੇ ਹਵਾ ਇਹੀ ਰਹੀ ਤਾਂ ————–?