ਕਵਿਤਾ

ਵਿਰਕ ਪੁਸ਼ਪਿੰਦਰ

(ਸਮਾਜ ਵੀਕਲੀ)

ਹੱਥ ਵਿੱਚ ਫੜ੍ਹਿਆ ਮੋਬਾਇਲ ਕੋਈ
ਅਲਾਦੀਨ ਦੇ ਚਿਰਾਗ ਵਾਲਾ ਜਿੰਨ ਨਹੀਂ!

ਇਹ ਤਾਂ ਉਹ ਕੌਡਾ ਰਾਖਸ਼ ਹੈ
ਜੋ ਤੁਹਾਡੀਆਂ ਸੋਚਾਂ ਉੱਤੇ ਕਾਲਾ ਕੱਪੜਾ ਪਾ
ਉਦਾਸੀ ਦੇ ਭੰਵਰ ਵਿਚ ਤਾਂ ਨਹੀਂ ਡਿੱਗਣ ਦੇਵੇਗਾ
ਪਰ ਖਾ ਜਾਵੇਗਾ ਤੁਹਾਡੀ
ਕਿਰਤ,ਅਮਨ ਤੇ ਸੰਵੇਦਨਾ ਨੂੰ!

ਹੁਣ ਤੁਸੀਂ ਹਨੇਰੇ ਵਿੱਚ ਵੀ ਚਾਨਣ ਮਹਿਸੂਸ ਕਰੋਂਗੇ
ਆਪਣੀ ਜੇਬ ਭਰੀ ਹੋਈ ਦਾ ਅਹਿਸਾਸ ਲੈ
ਪੱਤਝੜ ਵਿੱਚ ਵੀ ਖੂਬਸੂਰਤ ਫੋਟੋ ਖਿੱਚ
ਭਰਮ ਸਿਰਜ
ਬੇਚੈਨ ਕਰਦੇ ਰਹੋਂਗੇ ਅਜਨਬੀਆਂ ਨੂੰ!

ਤੁਹਾਡੀ ਥਾਲੀ ਵਿਚ ਰੋਟੀ ਨਹੀਂ ਹੋਵੇਗੀ
ਤੁਸੀਂ ਇਸ਼ਤਿਹਾਰਾਂ ਨੂੰ ਚਿੱਥਦੇ ਰਹੋਂਗੇ ਲੰਬੇ ਸਮੇਂ ਤਕ
ਤੁਹਾਡੀ ਉਗਾਲੀ ਕਿਸੇ ਹੋਰ ਲਈ ਇਸ਼ਤਿਹਾਰ ਹੋਵੇਗੀ!

ਇਹ ਤਾਂ ਇਕ ਸੋਨੇ ਦੀ ਬਾਰਬੀ ਦੀ ਤਰ੍ਹਾਂ
ਤੁਹਾਡੇ ਅੱਗੇ ਹੱਸੇਗਾ ਸ਼ਰਮਾਵੇਗਾ
ਹੁਣ ਤੁਸੀਂ ਹੱਥਾਂ ਵਿੱਚੋਂ ਹਥੌੜੀਆਂ ਕਹੀਆਂ
ਆਰੀਆਂ ਤੇ ਤੇਸੇ ਛੱਡ
ਉਸ ਦੇਵਤੇ ਦੀ ਬੁੱਕਲ ਵਿੱਚ ਜਾ ਬੈਠੋਂਗੇ
ਜੋ ਆਪਣੇ ਹੱਥਾਂ ਨਾਲ਼ ਨਹੀਂ
ਬਲਕਿ ਅੱਖਾਂ ਨਾਲ਼ ਖੁੱਲ੍ਹੇਗਾ ਬਿਕਨੀਆਂ ਦੇ ਬਟਨ
ਇੱਕ ਮਨੋਰੋਗੀ ਦੀ ਤਰ੍ਹਾਂ ਕਾਮ ਨੂੰ ਭੋਗੋਂਗੇ!

ਕੌਡਾ ਰਾਕਸ਼ ਹੱਥ ਘੁੰਮਾਵੇਗਾ
ਤੁਹਾਡੇ ਸਿਰ ਉੱਤੇ
ਤੇ ਕੱਢੇਗਾ ਰਿਸ਼ਤਿਆਂ ਸਾਂਝਾਂ ਅਤੇ ਮੁਹੱਬਤ ਦੀਆਂ ਤੰਦਾਂ ਨੂੰ
ਤੇ ਤੁਸੀਂ ਰਹਿ ਜਾਵੋਂਗੇ
ਹੱਡੀਆਂ ਵਾਲਾ ਸਟੈਚੂ ਬਣੇ!

ਹੌਲ਼ੀ ਹੌਲ਼ੀ ਤੁਸੀਂ ਲੜਖੜਾਉਂਦੇ ਲੜਖੜਾਉਂਦੇ
ਅਪਾਹਿਜ਼ ਹੋ ਜਾਵੋਂਗੇ
ਰੇਂਗੋਂਗੇ ਧਰਤੀ ਉੱਤੇ ਕੀੜੇ-ਮਕੌੜਿਆਂ ਦੀ ਤਰ੍ਹਾਂ!

ਇਸ ਵਾਰ ਸੋਚਾਂ ਦੇ ਨਾਲ਼ ਨਾਲ਼
ਕਿਰਤ ਅਤੇ ਲੱਤਾਂ ਦੀ ਵੀ ਬਲੀ ਹੋਵੇਗੀ
ਵਿਕਾਸ ਦੇ ਨਾਮ ਉੱਤੇ!

ਵਿਰਕ ਪੁਸ਼ਪਿੰਦਰ

 

Previous articleਜਿੰਦਗੀ ਦੇ ਰੰਗ
Next articleਸੇਲ ਸੇਲ ਸੇਲ