(ਸਮਾਜ ਵੀਕਲੀ)
ਸੁਣ, ਰੂਹ ਦੇ ਹਾਣੀਆ ਵੇ ਦਿਲ ਦੇ ਜਾਨੀਆ ਵੇ
ਨਾ ਹੋਰ ਜਿੰਦ ਨਿਮਾਣੀ ਨੂੰ ਸਤਾ
ਤਰਸਦੇ ਨੇ ਨੈਣ ਵੇ ਤੇਰੀ ਇੱਕ ਤੱਕਣੀ ਨੂੰ
ਕਿੱਧਰੇ ਆਣ ਚੰਨ ਮੁੱਖੜਾ ਤੂੰ ਵਿਖਾ
ਉੱਠਦੀ ਏ ਪੀੜ ਜਦ ਕਾਲਜੇ ਸਾਡੇ
ਅੱਧੀਂ ਅੱਧੀਂ ਰਾਤੀਂ ਨੀਂਦਰੋਂ ਜਗਾਵੇ
ਚੰਨ ਚਾਨਣੀ ਵੀ ਕੇਰਨ ਰੱਜ ਰੱਜ ਹੰਝੂ
ਰੋ ਰੋ ਦਿਲ ਬਿਰਹਾ ਦੇ ਗੀਤ ਜਦ ਗਾਵੇ
ਗੂੜਾ ਪਿਆਰ ਪਾ ਕੇ ਦੂਰ ਜਾਣ ਵਾਲਿਆ
ਇਹਨਾਂ ਅੱਖੀਆਂ ਦੀ ਰੀਝ ਤੂੰ ਪੁਗਾ
ਸੁਣ, ਰੂਹ ਦੇ ਹਾਣੀਆ ਵੇ ਦਿਲ ਦੇ ਜਾਨੀਆ ਵੇ
ਨਾ ਹੋਰ ਜਿੰਦ ਨਿਮਾਣੀ ਨੂੰ ਸਤਾ
ਘੱਲੇ ਕਈ ਸੁਨੇਹੇ ਅਸੀਂ ਕਾਲੇ ਕਾਂਵਾਂ ਵੇ
ਕੁੱਟ ਕੁੱਟ ਚੂਰੀਆਂ ਬਹਿ ਹੱਥੀਂ ਖਿਲਾਵਾਂ ਵੇ
ਤੜਫ਼ਦੀ ਜਿੰਦ ਦੱਸ ਕਿੱਦਾਂ ਸਮਝਾਵਾਂ ਵੇ
ਵਾਂਗ ਸ਼ੁਦਾਈ ਹਾਕਾਂ ਮਾਰ ਬੁਲਾਵਾਂ ਵੇ
ਖਾਈਆਂ ਸੀ ਕਸਮਾਂ ਜੋ ਮਿਲ ਮੇਰੇ ਹਾਣੀਆ
ਕਿੱਧਰੇ ਉਹਨਾਂ ਕਸਮਾਂ ਨੂੰ ਆਣ ਤੂੰ ਨਿਭਾ
ਸੁਣ, ਰੂਹ ਦੇ ਹਾਣੀਆ ਵੇ ਦਿਲ ਦੇ ਜਾਨੀਆ ਵੇ
ਨਾ ਹੋਰ ਜਿੰਦ ਨਿਮਾਣੀ ਨੂੰ ਸਤਾ
ਮੰਗੇ ਹਰ ਵੇਲੇ ‘ ਰੇਨੂੰ ‘ ਰੱਬ ਤੋਂ ਦੁਆਵਾਂ
ਸਦਾ ਸਿਰ ਤੇ ਰਹਿਣ ਤੇਰੇ ਠੰਢੜੀਆਂ ਛਾਂਵਾਂ
ਤੇਰੇ ਬਾਝੋਂ ਨਬਜ਼ ਸਾਡੀ ਰੁੱਕਦੀ ਜਾਂਦੀ
ਔਖੇ ਆਣ ਸਾਹ ਜਿੰਦ ਮੁੱਕਦੀ ਜਾਂਦੀ
ਸਾਹਾਂ ਤੋਂ ਨੇੜੇ ਵੱਸਣ ਵਾਲਿਆ ਵੇ
ਜਾਂਦੀ ਵਾਰ ਸਾਨੂੰ ਘੁੱਟ ਗਲ ਨਾਲ ਲਗਾ
ਸੁਣ, ਰੂਹ ਦੇ ਹਾਣੀਆ ਵੇ ਦਿਲ ਦੇ ਜਾਨੀਆ ਵੇ
ਨਾ ਹੋਰ ਜਿੰਦ ਨਿਮਾਣੀ ਨੂੰ ਸਤਾ |
ਰਜਿੰਦਰ ਰੇਨੂੰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly