(ਸਮਾਜ ਵੀਕਲੀ)
ਸੱਚ ਸੱਚ ਹੀ ਹੁੰਦਾ
ਤੇ ਝੂਠ ਕੁਝ ਵੀ ਨਹੀਂ
ਸੱਚ ਦਾ ਪਤਾ ਲਗਾਉਣ ਲਈ
ਪੌਲੀਗ੍ਰਾਫ ਯੰਤਰ ਦੀ ਲੋੜ ਨਹੀਂ ਪੈਂਦੀ
ਸੱਚ ਸੂਲੀ ਉੱਤੇ ਵੀ ਮੁਸਕਰਾਉਂਦਾ
ਸੱਚ ਬੰਦ ਬੰਦ ਕਟਵਾਉਂਦਿਆਂ ਵੀ ਨਹੀਂ ਡੋਲਦਾ
ਸੱਚ ਤੱਤੀਆਂ ਤਵੀਆਂ ਉੱਤੇ ਵੀ ਨਹੀਂ ਭੁਜਦਾ
ਸੱਚ ਆਰਿਆਂ ਨਾਲ ਵੀ ਨਹੀਂ ਚਰਾਇਆ ਜਾਂਦਾ
ਸੱਚ ਉਬਲਦੀਆਂ ਦੇਗਾਂ ਚ ਉੱਤੇ ਹੀ ਤੈਰਦਾ
ਸੱਚ ਸੀਸ ਤਲੀ ਤੇ ਧਰ ਕੇ ਲੜਦਾ
ਸੱਚ ਦੇ ਲੱਖਾਂ ਸਿਰ ਉਗ ਆਉਂਦੇ
ਤੇ ਝੂਠ ਦਾ ਕੋਈ ਸਿਰ ਪੈਰ ਨਹੀਂ ਹੁੰਦਾ
ਸੱਚ ਬੋਲਦਿਆਂ
ਬੰਦੇ ਦੇ ਮੱਥੇ ਤੇ ਤ੍ਰੇਲੀ ਨਹੀਂ ਆਉਂਦੀ
ਤੇ ਨਾ ਹੀ ਅੱਖਾਂ ਝੁਕਦੀਆਂ
ਝੂਠ ਬੁਖਲਾ ਉੱਠਦਾ
ਸੱਚ ਦੀ ਸੁਰ ਧੀਮੀ ਹੁੰਦੀ
ਝੂਠ ਉੱਚੀ ਉੱਚੀ ਸ਼ੋਰ ਪਾਉਂਦਾ
ਸੱਚ ਸੜਕਾਂ ਉੱਤੇ
ਹਰ ਰੁੱਤ ਨੂੰ ਆਪਣੇ ਪਿੰਡੇ ਤੇ ਹੰਢਾਉਂਦਾ
ਝੂਠ ਦਾ ਸਾਹ
ਏ .ਸੀ ਅਤੇ ਗਰਮ ਕਮਰਿਆਂ ਵਿੱਚ ਵੀ ਘੁੱਟਦਾ
ਸੱਚ …ਉੱਗਦਾ ਹੋਇਆ
ਸੂਰਜ ਬਣ ਕੇ ਪੂਰਬ ‘ਚ ਚੜ੍ਹਦਾ
ਝੂਠ ਬਦਨਾਮ ਗਲੀਆਂ ਵਿੱਚ ਗੁਆਚ ਜਾਂਦਾ
ਸੱਚ ਦੀ ਆਵਾਜ਼ ਨੀਂਹਾਂ ਤਾਂ ਕੀ
ਪਤਾਲ ਚੋਂ ਵੀ ਸੁਣਾਈ ਦਿੰਦੀ
ਤੇ ਝੂਠ ਅੱਜ ਕੱਲ੍ਹ
ਬੱਸ ….ਟੀ.ਵੀ ਉੱਤੇ ਹੀ ਆਪਣੇ ਜੁੰਡੇ ਪੁੱਟਦਾ!!
ਵਿਰਕ ਪੁਸ਼ਪਿੰਦਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly