ਨਾ ਮਿਲਵਰਤਣ ਲਹਿਰ ਦੇ ਮੋਢੀ ਸਨ : ਨਾਮਧਾਰੀ ਬਾਬਾ ਰਾਮ ਸਿੰਘ

(ਸਮਾਜ ਵੀਕਲੀ)

ਭਾਰਤ ਦੇ ਆਣਾਦੀ ਦੇ ਇਤਿਹਾਸ ਵਿਚ ਇਹੋ ਪੜ੍ਹਾਇਆ ਜਾਂਦਾ ਕਿ ਅੰਗਰੇਜੀ ਹਕੂਮਤ ਵਿਚ ਨਾ ਮਿਲਵਰਤਨ ਲਹਿਰ ਮਹਾਤਮਾ ਗਾਂਧੀ ਨੇ ਸ਼ੁਰੂ ਕੀਤੀ, ਜਦ ਕਿ ਅਸਲੀਅਤ ਇਹ ਹੈ ਕਿ ਇਸ ਦਾ ਸਿਹਰਾ ਨਾਮਧਾਰੀ ਬਾਬਾ ਰਾਮ ਸਿੰਘ ਨੂੰ ਜਾਂਦਾ ਹੈ ਜਿਵੇਂ ਕਿ ਅੱਗੇ ਜਾ ਕੇ ਅਸੀਂ ਵੇਖਾਂਗੇ।ਬਾਬਾ ਰਾਮ ਸਿੰਘ ਦਾ ਦਾ ਜਨਮ ਫਰਵਰੀ 1816 ਵਿਚ ਬਸੰਤ ਪੰਚਮੀ ਦੀ ਰਾਤ ਨੂੰ ਭੈਣੀ ਅਰਾਈਆਂ ਪਿੰਡ ਵਿਚ ਹੋਇਆ। ਬੰਸਾਵਲੀ ਅਨੁਸਾਰ ਉਨ੍ਹਾਂ ਦੇ ਪੁਰਖੇ ਮੂਲ ਰੂਪ ਵਿਚ ਬੰਗਲੌਰ ਦੇ ਨਿਵਾਸੀ ਸਨ, ਜਿਥੋਂ ਚੱਲ ਕੇ ਉਹ ਅਲਵਰ ਰਾਜਸਥਾਨ ਆ ਗਏ। ਅਲਵਰ ਤੋਂ ਉਹ ਲੁਧਿਆਣੇ ਜਿਲ੍ਹਾ ਦੇ ਪਿੰਡ ਵੱਡੀ ਲਲਤੋਂ ਆ ਗਏ। ਉਨ੍ਹਾਂ ਦਾ ਕੰਮ ਲੋਹੇ ਦੇ ਸੰਦ ਬਣਾਉਣਾ ਸੀ । ਇਕ ਹੋਰ ਰਿਵਾਇਤ ਅਨੁਸਾਰ ਉਨ੍ਹਾਂ ਦੇ ਵਡੇਰਿਆਂ ਨੂੰ ਮਾਲਵੇ ਦੇ ਪ੍ਰਸਿੱਧ ਬਾਗੜੀਆ ਪ੍ਰਵਾਰ ਨੇ ਸਿੱਖੀ ਦੇ ਲੜ ਲਾਇਆ। ਇਹ ਪ੍ਰਵਾਰ ਸੱਤਵੀ ਪਾਤਸ਼ਾਹੀ ਦੇ ਸਮੇਂ ਤੋਂ ਹੀ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ।
ਰਾਮ ਸਿੰਘ ਦੀ ਮਾਤਾ ਦਾ ਨਾਂ ਸਦਾ ਕੌਰ ਤੇ ਪਿਤਾ ਦਾ ਨਾਂ ਜੱਸਾ ਸਿੰਘ ਸੀ। ਉਨ੍ਹਾਂ ਨੂੰ ਸਿੱਖੀ ਵਿਰਸੇ ਵਿਚ ਪ੍ਰਾਪਤ ਹੋਈ ਸੀ। ਰਾਮ ਸਿੰਘ ਨੇ ਛੋਟੀ ਉਮਰ ਹੀ ਮਾਤਾ ਪਾਸੋਂ ਗੁਰਮੁਖੀ ਅਤੇ ਗੁਰਬਾਣੀ ਸਿਖੀ। ਰਾਮ ਸਿੰਘ ਨੂੰ ਰਸਮੀ ਤੌਰ ‘ਤੇ ਵਿਿਦਆ ਪ੍ਰਾਪਤੀ ਲਈ ਲਾਗਲੇ ਪਿੰਡ ਬਿਲਗਾ ਦੀ ਧਰਮਸ਼ਾਲਾ ਭੇਜਿਆ ਗਿਆ। ਉਹ ਕੁਝ ਸਮੇਂ ਲਈ ਉਦਾਸੀਆਂ ਅਤੇ ਨਿਰਮਲਿਆਂ ਦੀ ਸੰਗਤ ਵਿਚ ਰਹੇ। ਅਖੀਰ ਉਨ੍ਹਾਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ। ਉਹ ਅਜੇ ਪੰਜ ਸਾਲ ਦੇ ਹੀ ਸਨ ਕਿ ਉਨ੍ਹਾਂ ਦੀ ਮੰਗਣੀ ਧਾਰੋਅਦਨਾ ਪਿੰਡ ਦੀ ਕੁੜੀ ਬੀਬੀ ਜੱਸਾ ਨਾਲ ਕਰ ਦਿੱਤੀ ਗਈ । ਦੋ ਸਾਲਾਂ ਪਿਛੋਂ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ। ਉਨ੍ਹਾਂ ਦੇ ਦੋ ਧੀਆਂ ਅਤੇ ਇਕ ਪੁੱਤਰ ਹੋਇਆ, ਜੋ ਬਚਪਨ ਵਿਚ ਚੱਲ ਵੱਸਿਆ।
ਰਾਮ ਸਿੰਘ 20 ਸਾਲ ਦੀ ਉਮਰ ਵਿਚ ਆਪਣੇ ਜੀਜੇ ਦੀ ਪੈ੍ਰਰਨਾ ਕਰਕੇ ਕਾਬੁਲ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਵਿਚ ਭਰਤੀ ਹੋ ਗਏ। ਉਨ੍ਹਾਂ ਨੂੰ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਸ਼ਹਿਜਾਦਾ ਨੌਨਿਹਾਲ ਸਿੰਘ ਦੇ ਨਾਂ ‘ਤੇ ਬਣੀ ਰੈਜਮੰਟ ਨਾਲ ਜੋੜ ਦਿਤਾ ਗਿਆ। ਇਸ ਪਲਟਣ ਵਿਚ ਹੋਰ ਵੀ ਕਈ ਸਿੱਖ ਨਾਮ ਸਿਮਰਨ ਵਾਲੇ ਸਨ, ਇਸ ਲਈ ਇਸ ਪਲਟਣ ਨੂੰ ਭਗਤਾਂ ਦੀ ਪਲਟਣ ਜਾਂ ਭਗਤਾਂ ਦੀ ਰੈਜਮੈਂਟ ਕਿਹਾ ਜਾਣ ਲਗ ਗਿਆ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿਛੋਂ ਖ਼ਾਲਸਾ ਦਰਬਾਰੀ ਤੇ ਅਹਿਲਕਾਰ ਬਦਨਾਮ ਹੋ ਗਏ ਅਤੇ ਉਹ ਅਫ਼ੀਮ, ਸ਼ਰਾਬ ਤੇ ਰੰਡੀਬਾਜ਼ੀ ਵਲ ਤੁਰ ਪਏ। ਉਹ ਲੁੱਟਾਂ ਖੋਹਾਂ ਵੀ ਕਰਨ ਲੱਗ ਗਏ।ਰਾਮ ਸਿੰਘ ਖਾਲਸੇ ਦੇ ਵਤੀਰੇ ਤੋਂ ਦੁਖੀ ਹੋ ਕੇ ਇਨ੍ਹਾਂ ਨੂੰ ਮਲੇਸ਼ ਖਾਲਸਾ ਕਹਿਣ ਲਗੇ। ਸ਼ਰੇਆਮ ਆਪਣੇ ਅਫਸਰਾਂ ਤੇ ਸਾਥੀਆਂ ਦੀ ਨੁਕਤਾਚੀਨੀ ਕਰਨ ਕਰਕੇ ਰਾਮ ਸਿੰਘ ਦਾ ਕੋਰਟ ਮਾਰਸ਼ਲ ਹੋਇਆ ਤੇ ਭਾਰੀ ਸਜ਼ਾ ਦਿੱਤੀ ਗਈ। 1845 ਵਿਚ ਜਦੋਂ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਪਹਿਲਾ ਯੁੱਧ ਹੋਇਆ ਤਾਂ ਉਨ੍ਹਾਂ ਆਪਣੀ ਬੰਦੂਕ ਸਤਲੁਜ ਦਰਿਆ ਵਿਚ ਸੁੱਟੀ ਅਤੇ ਘਰ ਆ ਗਏ। 18 ਦਸੰਬਰ 1845 ਵਿਚ ਮੁਦਕੀ ਵਿਚ ਖਾਲਸੇ ਦੀ ਹਾਰ ਪਿਛੋਂ ਉਨ੍ਹਾਂ ਨੌਕਰੀ ਛੱਡ ਦਿਤੀ ਤੇ ਪੱਕੇ ਤੌਰ ਤੇ ਪਿੰਡ ਆ ਗਏ।
ੳਨ੍ਹਾਂ ਨੇ ਪਹਿਲਾਂ ਖੇਤੀਬਾੜੀ, ਫਿਰ ਦੁਕਾਨਦਾਰੀ ਤੇ ਫਿਰ ਆਪਣੇ ਮਾਮੇ ਦੇ ਪੁੱਤਰ ਭਾਈ ਹਰੀ ਸਿੰਘ ਕੋਲ ਫਿਰੋਜ਼ਪੁਰ ਆ ਗਏ ਜਿੱਥੇ ਕਿ ਕਿੱਲ੍ਹੇ ਦੀ ਉਸਾਰੀ ਦਾ ਕੰਮ ਚਲ ਰਿਹਾ ਸੀ। ਰਾਮ ਸਿੰਘ ਨੂੰ ਉਨ੍ਹਾਂ ਨੇ ਭਾਈਵਾਲ ਬਣਵਾ ਦਿੱਤਾ।
ਬਹੁਤ ਸਮਾਂ ਪਹਿਲਾਂ ਉਨ੍ਹਾਂ ਦੀ ਰੈਜਮੈਂਟ ਨੂੰ 1841 ਵਿਚ ਪਿਸ਼ਾਵਰ ਜਾਣ ਦਾ ਹੁਕਮ ਹੋਇਆ ਸੀ ਤਾਂ ਉਨ੍ਹਾਂ ਨੂੰ ਕੈਥਲਪੁਰ ਜਿਲ੍ਹੇ ਦੇ ਹਜ਼ਰੇ ਪਿੰਡ ਜਾ ਕੇ ਬਾਬਾ ਬਾਲਕ ਸਿੰਘ ਨੂੰ ਮਿਲਣ ਦਾ ਮੌਕਾ ਮਿਿਲਆ ਸੀ। ਉਸ ਸਮੇਂ ਤੀਕ ਬਾਬਾ ਬਾਲਕ ਸਿੰਘ ਸਮਾਜਿਕ ਤੇ ਧਾਰਮਿਕ ਸੁਧਾਰਾਂ ਦਾ ਪ੍ਰਚਾਰ ਕਰਨ ਵਾਲੇ ਅਧਿਆਤਮਕ ਆਗੂ ਦੇ ਤੌਰ ‘ਤੇ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਸਨ। 1862 ਵਿਚ ਬਾਬਾ ਬਾਲਕ ਸਿੰਘ ਚੜਾਈ ਕਰ ਗਏ ਤਾਂ ਉਨ੍ਹਾਂ ਦੇ ਤਿੰਨ ਚੇਲੇ ਸਨ- ਕਾਨ੍ਹ ਸਿੰਘ, ਲਾਲ ਸਿੰਘ ਅਤੇ ਰਾਮ ਸਿੰਘ। ਕਾਨ੍ਹ ਸਿੰਘ ਹਜ਼ਰੇ ਵਿਖੇ ਸੰਪ੍ਰਦਾਇ ਦਾ ਮੁੱਖੀ ਬਣੇ। ਲਾਲ ਸਿੰਘ ਅੰਮ੍ਰਿਤਸਰ ਆ ਵਸੇ ਅਤੇ ਰਾਮ ਸਿੰਘ ਆਪਣੇ ਪਿੰਡ ਭੈਣੀ ਆਲ੍ਹਾ ਆ ਗਏ। ਰਾਮ ਸਿੰਘ ਨੂੰ ਵਿੱਧੀ ਅਨੁਸਾਰ ਬਾਬਾ ਬਾਲਕ ਸਿੰਘ ਦਾ ਉੱਤਰਾਧਿਕਾਰੀ ਚੁਣਿਆ ਗਿਆ।
ਉਸ ਸਮੇਂ ਅੰਗਰੇਜ਼ਾਂ ਵਲੋਂ ਇਸਾਈ ਮੱਤ ਦੇ ਪ੍ਰਚਾਰ ਲਈ ਜਿੱਥੇ ਗਿਰਜੇ ਬਣਾਏ ਜਾ ਰਹੇ ਸਨ, ਉੱਥੇ ਸਿੱਖ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਅੰਗਰੇਜ਼ ਅਫ਼ਸਰ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕਰਦੇ ਸਨ। ਇਹ ਅਫ਼ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਜਿਹੇ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਬਣਦਾ ਸਤਿਕਾਰ ਨਹੀ ਦਿੰਦੇ ਸਨ। ਉਹ ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਬਣਾਏ ਜਾਣ, ਗਊਆਂ ਨੂੰ ਮਾਰਨ ਲਈ ਬੁਚੜਖਾਣੇ ਖਾਸ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਖੋਲ੍ਹੇ ਜਾਣ ਦੀ ਗੱਲ ਕਰਦੇ ਸਨ। ਨਾਮਧਾਰੀ ਗੁਰੂ ਰਾਮ ਸਿੰਘ ਨੇ ਸਿੱਖਾਂ ਵਿਚ ਆਏ ਨੈਤਿਕ ਨਿਘਾਰ ਨੂੰ ਠੱਲ ਪਾਉਣ ਤੇ ਸਿੱਖਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦਾ ਮਨ ਬਣਾਇਆ।
ਪਹਿਲੇ ਪੜਾਅ ਵਿਚ ਉਨ੍ਹਾਂ ਨੇ ਆਪਣੇ ਗੁਰੂ ਬਾਬਾ ਬਾਲਕ ਸਿੰਘ ਵਾਂਗ ਸਮਾਜਿਕ ਧਾਰਮਿਕ ਕੰਮ ਜਾਰੀ ਰੱਖੇ। ਦੂਜੇ ਪੜਾਅ ਵਿਚ ਉਨ੍ਹਾਂ ਜਦੋਂ 1857 ਤੇ ਗ਼ਦਰ ਸਮੇਂ ਸੰਤ ਖਾਲਸਾ ਦੀ ਨੀਂਹ ਰੱਖੀ ਤਾਂ ਉਹ ਸਹਿਜਧਾਰੀ ਤੋਂ ਖਾਲਸਾ ਪਰੰਪਰਾ ਵੱਲ ਆ ਗਏ। ਤੀਜੇ ਅਤੇ ਅੰਤਿਮ ਪੜਾਅ ਵਿਚ ਉਨ੍ਹਾਂ ਖਾਲਸਾ ਰਾਜ ਦੀ ਬਹਾਲੀ ਤੇ ਬਰਤਾਨਵੀ ਰਾਜ ਦੇ ਅੰਤ ਦਾ ਸੁਫ਼ਨਾ ਵੇਖਿਆ। ਉਨ੍ਹਾਂ ਪਿੰਡ ਆ ਕੇ ਮਾਲਵੇ ਵਿਚ ਸਿੱਖੀ ਦਾ ਪ੍ਰਚਾਰ ਵੱਡੇ ਪੱਧਰ ਤੇ ਕੀਤਾ। ਉਨ੍ਹਾਂ ਲੋਕਾਂ ਨੂੰ ਅੰਧਵਿਸ਼ਵਾਸਾਂ ਤੇ ਕਰਮਕਾਂਡਾਂ ਤੋਂ ਲੋਕਾਂ ਨੂੰ ਦੂਰ ਕੀਤਾ ਤੇ ਨਾਮ ਸਿਮਰਨ ‘ਤੇ ਸਿੱਖ ਸਿਧਾਂਤ ਉੱਪਰ ਅਮਲ ਕਰਨ ‘ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਆਪਣੇ ਸ਼ਰਧਾਲੂਆਂ ਨੂੰ ਖੰਡੇ ਬਾਟੇ ਦੀ ਪਾਹੁਲ ਦੇਣੀ ਸ਼ੁਰੂ ਕੀਤੀ। ਉਨ੍ਹਾਂ ਨੇ ਭੈਣੀ ਸਾਹਿਬ ਵਿਖੇ ਆਪਣੇ ਸਦਰ ਮੁਕਾਮ ਵਿਖੇ ਭਾਈ ਕਾਨ੍ਹ ਸਿੰਘ ਨਿਹੰਗ ਪਿੰਡ ਚੱਕ ਰਿਆੲਤ ਮਲੇਰਕੌਟਲਾ, ਭਾਈ ਲਾਭ ਸਿੰਘ ਅੰਮ੍ਰਿਤਸਰ, ਭਾਈ ਨੈਣਾ ਸਿੰਘ ਵਰ੍ਹੀਆ, ਜ਼ਿਲ੍ਹਾ ਅੰਮ੍ਰਿਤਸਰ, ਭਾਈ ਆਤਮਾ ਸਿੰਘ ਪਿੰਡ ਮੁਹਾਰ ਜਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਤੇ ਭਾਈ ਸੁੱਖ ਸਿੰਘ, ਪਿੰਡ ਦੁਰਗਾਪੁਰ, ਜ਼ਿਲ੍ਹਾ ਜਲੰਧਰ ਨੂੰ ਖੰਡੇ ਦੀ ਪਾਹੁਲ ਦੇ ਕੇ ਆਪਣੇ ਸਦਰ ਮੁਕਾਮ ਦੀ ਪ੍ਰਤੀਸ਼ਤ ਵਿਚ ਵਾਧਾ ਕੀਤਾ। ਉੱਨਵੀ ਸਦੀ ਵਿਚ ਪੰਜਾਬ ਵਿਚ ਔਰਤਾਂ ਨੂੰ ਅੰਮ੍ਰਿਤ ਛਕਾਉਣ ਰਸਮ ਬਾਰੇ ਵਾਦ ਵਿਵਾਦ ਸੀ ਪਰ ਆਪ ਜੀ ਵਲੋਂ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਖੰਡੇ ਦੀ ਪਾਹੁਲ ਦੇਣੀ ਜਾਰੀ ਰਖੀ।
ਆਪ ਨੇ ਸੰਤ ਖ਼ਾਲਸੇ ਦੇ ਪੁਰਸ਼ਾਂ ਨੂੰ ਸਿਖਲਾਈ ਲਈ ਗਤਕੇ, ਘੋੜ ਸੁਆਰੀ ਅਤੇ ਹਥਿਆਰਾਂ ਦੇ ਅਭਿਆਸ ਦਾ ਪ੍ਰਬੰਧ ਵੀ ਕੀਤਾ। ਆਪ ਨੇ ਪੇਸ਼ਾਵਰ ਗਾਇਕ, ਰਾਗੀ ਨੌਕਰ ਰਖੇ ਅਤੇ ਢਾਡੀ ਜਥੇ ਤੇ ਰਾਗੀ ਜਥੇ ਵੀ ਤਿਆਰ ਕੀਤੇ। ਉਨ੍ਹਾਂ ਨੇ ਨਾਮਧਾਰੀਆਂ ਦੇ ਠਹਿਰਣ ਲਈ ਧਰਮਸ਼ਾਲਾਵਾਂ ਦੀ ਸਥਾਪਨਾ ਕੀਤੀ।
ਉਨ੍ਹਾਂ ਨੇ ਵੱਖ-ਵੱਖ ਸ਼ਹਿਰਾਂ ਦੇ ਦੌਰੇ ਵੀ ਕੀਤੇ ।ਉਨ੍ਹਾਂ ਦੇ ਨਾਲ 100 ਤੋਂ 500 ਤੀਕ ਸ਼ਰਧਾਲੂ ਨਾਲ ਜਾਂਦੇ ਸਨ। ਉਨ੍ਹਾਂ ਨੇ ਅਪ੍ਰੈਲ 1881 ਵਿਚ ਹਰਦੁਆਰ ਦੀ ਯਾਤਰਾ ਉਸ ਸਮੇਂ ਕੀਤੀ ਜਦੋਂ ਉੱਥੇ ਅਰਧ ਕੁੰਭ ਚਲ ਰਿਹਾ ਸੀ।1882 ਵਿਚ ਆਪ ਨੇ ਅੰਮ੍ਰਿਤਸਰ ਦੀ ਯਾਤਰਾ ਦੀਵਾਲੀ ਸਮੇਂ ਕੀਤੀ। ਏਹ ਜ਼ਰੂਰ ਭਾਸਦਾ ਹੈ ਕਿ ਖਾਲਸੇ ਨੂੰ ਦੁਬਾਰਾ ਸੁਰਜੀਤ ਕਰਨ ਦੇ ਕਾਰਜ ਵਿਚ ਇਸ ਦੀ ਰਾਜਨੀਤਕ ਸ਼ਕਤੀ ਨੂੰ ਬਲਵਾਨ ਕਰਨਾ ਵੀ ਉਹ ਜ਼ਰੂਰੀ ਸਮਝਦੇ ਸਨ।ਉਨ੍ਹਾਂ ਨੇ ਫੇਰ ਖਾਲਸੇ ਵਿਚ ਰਾਜਨੀਤਕ ਸੁਤੰਤ੍ਰਤਾ ਨੂੰ ਪ੍ਰਾਪਤ ਕਰਨ ਲਈ ਨਾਮਿਲਵਰਤਨ ਲਹਿਰ ਸ਼ੁਰੂ ਕੀਤੀ ਜਿਸ ਨੂੰ 50 ਸਾਲ ਪਿਛੋਂ ਕਾਂਗਰਸ ਨੇ ਪਾਸ ਕੀਤਾ। ਇਸ ਲਹਿਰ ਵਿਚ ਉਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਦੀਆਂ ਬਣੀਆਂ ਵਸਤੂਆਂ ਵਰਤਣ, ਖੱਦਰ ਦਾ ਕਪੜਾ ਪਹਿਨਣ, ਅਦਾਲਤਾਂ ਵਿਚ ਨਾ ਜਾਣ, ਰੇਲ ਵਿਚ ਸਫ਼ਰ ਨਾ ਕਰਨ ਅਤੇ ਡਾਕਖਾਨੇ ਰਾਹੀਂ ਚਿਠੀਆਂ ਨਾ ਭੇਜਣ ਲਈ ਪ੍ਰਚਾਰ ਕੀਤਾ । ਇਸ ਦੇ ਉਲਟ ਉਨ੍ਹਾਂ ਨੇ ਆਪਣੀਆਂ ਅਦਾਲਤਾਂ ਅਤੇ ਅਪਣਾ ਡਾਕ ਦਾ ਪ੍ਰਬੰਧ ਕੀਤਾ ਜਿਸ ਨਾਲ ਉਨ੍ਹਾਂ ਦੀਆਂ ਚਿੱਠੀਆਂ ਸਰਕਾਰੀ ਚਿੱਠੀਆਂ ਨਾਲੋਂ ਛੇਤੀ ਪਹੁੰਚ ਜਾਇਆ ਕਰਦੀਆਂ ਸਨ।
ਉਹ ਹਿੰਸਾ ਦੇ ਵਿਰੁਧ ਸਨ ਤੇ ਚਾਹੁੰਦੇ ਸਨ ਕਿ ਸਾਨੂੰ ਦੂਸਰਿਆਂ ਦੇ ਜੀਵਨ ਦਾ ਪੂਰੀ ਤਰਾਂ ਲਿਹਾਜ਼ ਰਖਣਾ ਚਾਹੀਦਾ। ਉਨ੍ਹਾਂ ਦੇ ਸਿੱਖ ਵਧੇਰੇ ਜੋਸ਼ ਵਾਲੇ ਸਨ ।ਉਹ ਆਪਣੇੇ ਮਨ ਨੂੰ ਵੱਸ ਵਿਚ ਨਾ ਰਖ ਸਕੇ ।ਪਰ ਬਾਬਾ ਜੀ ਦੇ ਸਮਝਾਉਣ ਦੇ ਬਾਵਜੂਦ ਉਹ ਹਿੰਸਾ ਤੋਂ ਨਾ ਟਲੇ ।ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜਾਂ ਨੂੰ ਹਦਾਇਤ ਕੀਤੀ ਸੀ ਕਿ ਜਦੋਂ ਵੀ ਤੁਹਾਡੀ ਫ਼ੌਜ ਮੇਰੇ ਰਾਜ ਵਿੱਚੋਂ ਲੰਘੇ ਤਾਂ ਗਊ-ਹੱਤਿਆ ਨਹੀਂ ਕਰਨੀ।ਪਰ ਜਦ ਪੰਜਾਬ ‘ਤੇ ਉਨ੍ਹਾਂ ਦਾ ਕਬਜਾ ਹੋ ਗਿਆ ਤਾਂ ਉਨ੍ਹਾਂ ਨੇ ਇਸ ਹਦਾਇਤ ਦੇ ਵਿਰੁਧ ਜਾਣਬੁਝ ਕੇ ਅੰਮ੍ਰਿਤਸਰ ਵਿਚ ਬੁਚੜ੍ਹਖਾਨੇ ਖੋਲ ਕੇ ਗਊ-ਹੱਤਿਆ ਸ਼ੁਰੂ ਕਰ ਦਿੱਤੀ।ਨਾਮਧਾਰੀ ਗੁਰੂ ਚੌਂਕ ਘੰਟਾ ਘਰ, ਦਰਬਾਰ ਸਾਹਿਬ, ਨੇੜੇ ਬੁੱਚੜਖਾਣਾ ਖੋਲ੍ਹੇ ਜਾਣ ਤੇ ਕਾਫੀ ਪਰੇਸ਼ਾਨ ਸਨ। ਨਿਧਾਨ ਸਿੰਘ ਆਲਮ ਅਨੁਸਾਰ ਇਹ ਬੁੱਚੜਖਾਣਾ ਇਥੋਂ ਹਟਾਉਣ ਲਈ ਦਸ ਨਾਮਧਾਰੀ ਮਰਜੀਵੜਿਆਂ ਦਾ ਇੱਕ ਜੱਥਾ ਤਿਆਰ ਕੀਤਾ ਗਿਆ। ਜੱਥਾ ਅੰਮ੍ਰਿਤਸਰ ਵੱਲ ਨੂੰ ਤੁਰ ਪਿਆ ਅਤੇ ਲਾਹੌਰੀ ਦਰਵਾਜ਼ੇ ਨੇੜੇ ਬੁੱਚੜਖਾਣਾ ਵੇਖ ਕੇ ਦੁਖੀ ਹੋਇਆ। ਪਰ ਜਦੋਂ ਉਨ੍ਹਾਂ ਦਰਬਾਰ ਸਾਹਿਬ ਦੇ ਲਾਗੇ ਬੁੱਚੜਖਾਣਾ ਵੇਖਿਆ ਤਾਂ ਉਹ ਆਪਣੀਆਂ ਭਾਵਨਾਵਾਂ ‘ਤੇ ਕਾਬੂ ਨਾ ਰੱਖ ਸਕੇ ਅਤੇ ਉਨ੍ਹਾਂ ਮੁਸਲਮਾਨ ਬੁੱਚੜਾਂ ਨੂੰ ਮਾਰ-ਮੁਕਾਉਣ ਦਾ ਨਿਸ਼ਚਾ ਕਰ ਲਿਆ। ਉਨ੍ਹਾਂ ਮਿਸਤਰੀ ਲਹਿਣਾ ਸਿੰਘ ਦੇ ਘਰ ਬੈਠ ਕੇ ਇਕ ਯੋਜਨਾ ਬਣਾਈ ਅਤੇ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਵਿਚ ਗਊ-ਹੱਤਿਆ ਬੰਦ ਕਰਾਉਣ ਦਾ ਪ੍ਰਣ ਕਰ ਲਿਆ। 14 ਜੂਨ ਦੀ ਰਾਤ ਨੂੰ ਕੋਈ ਅੱਠ ਨਾਮਧਾਰੀ ਸਿੱਖਾਂ ਨੇ ਬੁੱਚੜਖਾਣੇ ਅੰਦਰ ਬੁੱਚੜਾਂ ‘ਤੇ ਹਮਲਾ ਕੀਤਾ। ਤਿੰਨ ਬੁੱਚੜ ਮੌਕੇ ‘ਤੇ ਹੀ ਮਾਰੇ ਗਏ ਅਤੇ ਤਿੰਨ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ। ਸਥਾਨਕ ਪੁਲਿਸ ਅਫ਼ਸਰ ਨੇ ਇਨ੍ਹਾਂ ਕਤਲਾਂ ਲਈ ਸ਼ਹਿਰ ਦੇ ਬਾਰਾਂ ਹਿੰਦੂ ਅਤੇ ਸਿੱਖ ਵਸਨੀਕ ਗ੍ਰਿਫ਼ਤਾਰ ਕਰ ਲਏ ਅਤੇ ਉਨ੍ਹਾਂ ਖ਼ਿਲਾਫ਼ ਅਦਾਲਤ ਵਿਚ ਮੁਕੱਦਮਾ ਦਾਇਰ ਕਰ ਦਿੱਤਾ। ਪੁਲਿਸ ਨੇ ਉਨ੍ਹਾਂ ਤੋਂ ਜੁਰਮ ਕਬੂਲ ਕਰਾਉਣ ਲਈ ਉਨ੍ਹਾਂ ਨੂੰ ਤਸੀਹੇ ਦਿੱਤੇ। ਡਿਪਟੀ ਕਮਿਸ਼ਨਰ ਨੇ ਮੁਲਜ਼ਿਮਾਂ ਨੂੰ ਸੈਸ਼ਨ ਸਪੁਰਦ ਕਰ ਦਿੱਤਾ। ਜਦੋਂ ਨਾਮਧਾਰੀ ਗੁਰੂ ਨੂੰ ਪਤਾ ਲੱਗਾ ਕਿ ਬੇਦੋਸ਼ੇ ਲੋਕਾਂ ਨੂੰ ਸਜ਼ਾ ਹੋਣ ਜਾ ਰਹੀ ਹੈ ਤਾਂ ਉਨ੍ਹਾਂ ਦੋਸ਼ੀਆਂ (ਨਾਮਧਾਰੀ ਸਿੱਖਾਂ) ਨੂੰ ਹੁਕਮ ਦਿੱਤਾ ਕਿ ਉਹ ਮੈਜਿਸਟ੍ਰੇਟ ਸਾਮ੍ਹਣੇ ਪੇਸ਼ ਹੋਣ ਅਤੇ ਆਪਣਾ ਜੁਰਮ ਕਬੂਲ ਕਰਣ। ਆਪਣੇ ਹੀ ਇਕਬਾਲੀਆ ਬਿਆਨ ‘ਤੇ ਚਾਰ ਨਾਮਧਾਰੀ ਸਿੱਖਾਂ ਨੇ 15 ਸਤੰਬਰ, 1871 ਨੂੰ ਫਾਂਸੀ ਦੇ ਰੁੱਸੇ ਚੁੰਮ ਲਏ। ਇਸ ਘਟਨਾ ਵਿਚ ਨਾਮਧਾਰੀ ਗੁਰੂ ਵੱਲੋਂ ਦਖ਼ਲ ਦੇ ਕੇ ਆਪਣੇ ਸ਼ਰਧਾਲੂਆਂ ਨੂੰ ਜੁਰਮ ਕਬੂਲ ਕਰਨ ਲਈ ਆਖਣਾ ਉਨ੍ਹਾਂ ਦੀ ਨੈਤਿਕ ਪ੍ਰਤੀਬੱਧਤਾ ਦਾ ਪਤਾ ਦਿੰਦਾ ਹੈ।ਇਨ੍ਹਾਂ ਸ਼ਹੀਦਾਂ ਦੀ ਯਾਦਗਾਰ ਅੰਮਿਤਸਰ ਰਾਮ ਬਾਗ਼ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਸੀ ਦੇ ਸਾਹਮਣੇ ਗੁਰੁ ਤੇਗ਼ ਬਹਾਦਰ ਹਸਪਤਾਲ ਜਿਸ ਨੂੰ ਕਿ ਉਸ ਸਮੇਂ ਵਿਕਟੋਰੀਆ ਜੁਬਲੀ ਹਸਪਤਾਲ ਕਿਹਾ ਜਾਂਦਾ ਸੀ ਵਿਚ ਬਣੀ ਹੈ। ਉਹ ਦਰਖ਼ਤ ਵੀ ਕਾਇਮ ਹੈ , ਜਿਸ ਨਾਲ ਇਨ੍ਹਾਂ ਜੋਧਿਆਂ ਨੂੰ ਫ਼ਾਂਸੀ ਦਿੱਤੀ ਗਈ ਸੀ।ਇਸ ਯਾਦਗਾਰ ਦੀ ਸਾਂਭ ਸੰਭਾਲ ਨਾਮਧਾਰੀਆਂ ਵਲੋਂ ਕੀਤੀ ਜਾ ਰਹੀ ਹੈ ।
ਇਸੇ ਤਰ੍ਹਾਂ ਦਾ ਬੁੱਚੜਾਂ ਦਾ ਕਤਲ ਨਾਮਧਾਰੀ ਸਿੱਖਾਂ ਨੇ 15 ਜੁਲਾਈ, 1871 ਨੂੰ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਵਿਚ ਕੀਤਾ। ਇਨ੍ਹਾਂ ਬੁੱਚੜਾਂ ਵਿਚੋਂ ਚਾਰ ਮੌਕੇ ‘ਤੇ ਮਾਰੇ ਗਏ ਅਤੇ ਸੱਤ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ। ਇਸ ਮਾਮਲੇ ਵਿਚ ਨਾਭਾ ਅਤੇ ਪਟਿਆਲਾ ਦੇ ਮਹਾਰਾਜਿਆਂ ਦੀ ਮਦਦ ਨਾਲ ਸੱਤ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ, ਪੰਜ ਨਾਭੇ ਤੋਂ ਅਤੇ ਦੋ ਪਟਿਆਲੇ ਤੋਂ। ਉਨ੍ਹਾਂ ਨੂੰ ਬੱਸੀਆਂ ਪਿੰਡ ਵਿਖੇ ਮੈਜਿਸਟ੍ਰੇਟ ਸਾਮ੍ਹਣੇ ਪੇਸ਼ ਕੀਤਾ ਗਿਆ। ਪੁਲਿਸ ਨੇ ਗੁਰੂ ਰਾਮ ਸਿੰਘ ਨੂੰ ਵੀ ਫੁਸਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ‘ਤੇ ਮੁਕੱਦਮਾ ਚਲਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਨਾਂ ਸੰਮਨ ਜਾਰੀ ਕਰਕੇ ਬੱਸੀਆਂ ਵਿਖੇ ਮੈਜਿਸਟ੍ਰੇਟ ਸਾਮ੍ਹਣੇ ਪੇਸ਼ ਹੋਣ ਲਈ ਆਖਿਆ ਗਿਆ ਅਤੇ ਉਹ ਪੇਸ਼ ਹੋਏ।ਪਰ ਸਰਕਾਰ ਨੂੰ ਸਫ਼ਲਤਾ ਨਾ ਮਿਲੀ। ਜਿੱਥੋਂ ਤੀਕ ਦੋਸ਼ੀਆਂ ਦਾ ਸਬੰਧ ਹੈ , ਉਨ੍ਹਾਂ ਵਿਚੋਂ ਤਿੰਨ ਨੂੰ 5 ਅਗਸਤ, 1871 ਨੂੰ ਲੋਕਾਂ ਦੇ ਵੱਡੇ ਇਕੱਠ ਦੀ ਮੌਜੂਦਗੀ ਵਿਚ ਫਾਂਸੀ ਦੇ ਦਿੱਤੀ ਗਈ। ਇਸ ਮਾਮਲੇ ਦੇ ਦੋ ਹੋਰ ਦੋਸ਼ੀਆਂ, ਗਿਆਨੀ ਰਤਨ ਸਿੰਘ ਅਤੇ ਰਤਨ ਸਿੰਘ ਨਾਈਵਾਲਾ ਨੂੰ 26 ਨਵੰਬਰ, 1871 ਨੂੰ ਲੁਧਿਆਣਾ ਜੇਲ੍ਹ ਦੇ ਬਾਹਰ ਸੂਲੀ ਚੜ੍ਹਾ ਦਿੱਤਾ ਗਿਆ।
ਅਗਲੀ ਘਟਨਾ ਵਿਚ ਕੂਕਿਆਂ ਨੇ 13 ਜਨਵਰੀ 1872 ਨੂੰ ਲੁਧਿਆਣਾ ਜ਼ਿਲ੍ਹੇ ਦੇ ਤੇਜਹੀਨ ਕਿਲ੍ਹਾ ਮਲੌਦ ‘ਤੇ ਹਮਲਾ ਕੀਤਾ ਅਤੇ ਫਿਰ ਆਪਣੀ ਵਧੀ ਹੋਈ ਸ਼ਕਤੀ ਸਹਿਤ ਮਾਲੇਰਕੋਟਲਾ ਸ਼ਹਿਰ ਅੰਦਰ ਦਾਖ਼ਿਲ ਹੋਣ ਦੀ ਕੋਸ਼ਿਸ਼ ਕੀਤੀ। ਲੜ੍ਹਾਈ ਵਿਚ ਉਨ੍ਹਾਂ ਨੁਕਸਾਨ ਉਠਾਇਆ। ਦੋ ਕੂਕੇ ਮਾਰੇ ਗਏ, ਚਾਰ ਜ਼ਖ਼ਮੀ ਹੋਏ ਪਰ ਉਹ ਤਿੰਨ ਤਲਵਾਰਾਂ, ਇਕ ਦੁਨਾਲੀ ਬੰਦੂਕ, ਦੋ ਘੋੜੇ ਅਤੇ ਇਕ ਘੋੜੀ ਹਾਸਿਲ ਕਰਨ ਵਿਚ ਕਾਮਯਾਬ ਰਹੇ।ਆਪਣੇ ਉਦੇਸ਼ ਵਿਚ ਅਸਫਲ ਹੋ ਕੇ ਇਹ ਕੂਕੇ ਪਟਿਆਲੇ ਦੀ ਸੀਮਾ ਅੰਦਰ ਜਾ ਵੜੇ। ਰੂੜ ਪਿੰਡ ਤੋਂ ਦੋ ਔਰਤਾਂ ਸਮੇਤ 68 ਕੂਕੇ ਫੜ ਲਏ ਗਏ। ਉਨ੍ਹਾਂ ਵਿਚੋਂ 49 ਨੂੰ, ਬਿਨਾ ਮੁਕੱਦਮਾ ਚਲਾਇਆ ਹੀ, ਤੋਪਾਂ ਨਾਲ ਉਡਾ ਦਿੱਤਾ।ਬਦਲਾਖੋਰੀ ਦੀ ਇਸ ਭਾਵਨਾ ਨਾਲ ਅੰਗਰੇਜ ਅਫ਼ਸਰ ਕੌਵਨ ਨੇ ਕੂਕੇ ਕੈਦੀਆਂ ਦਾ ਆਖਰੀ ਪੂਰ ਤੋਪਾਂ ਨਾਲ ਉਡਾ ਦਿੱਤਾ। ਉਸ ਦੇ ਸ਼ਿਕਾਰਾਂ ਵਿਚ ਇੱਕ ਬੱਚਾ ਵੀ ਸੀ, ਜਿਸ ਨੇ ਉਸ ਉੱਪਰ ਵਹਿਸ਼ੀ ਹਮਲਾ ਕੀਤਾ ਪਰ ਉਸ ਦੇ ਮੌਕੇ ‘ਤੇ ਹੀ ਟੋਟੇ ਕਰ ਦਿੱਤੇ ਗਏ। ਕੌਵਨ ਨੇ ਬੱਚੇ ਨੂੰ ਸਮਝਾਇਆ ਗਿਆ ਕਿ ਉਹ ਅੰਗਰੇਜ਼ਾਂ ਦੀ ਸਰਦਾਰੀ ਕਬੂਲ ਕਰ ਲਵੇ ਪਰ ਉਸ ਨੇ ਆਪਣਾ ਧਾਰਮਿਕ ਕਾਰਜ ਤਿਆਗਣ ਤੋਂ ਇਨਕਾਰ ਕਰ ਦਿੱਤਾ।
ਬਿਨਾਂ ਮੁਕੱਦਮਾ ਚਲਾਇਆਂ 1872 ਵਿਚ ਨਾਮਧਾਰੀ ਗੁਰੂ ਅਤੇ ਉਨ੍ਹਾਂ ਦੇ ਸੂਬਿਆਂ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ ਜਿਸ ਨੂੰ ਹੁਣ ਮਾਯਾਮਾਰ ਕਿਹਾ ਜਾਂਦਾ ਹੈ ਭੇਜ ਦਿੱਤਾ, ਜਿੱਥੇ ਉਹ 14 ਸਾਲ ਬਤੌਰ ਸਰਕਾਰੀ ਕੈਦੀ ਰਹੇ। ਉਨ੍ਹਾਂ ਦੇ ੳੋੁਪਸ਼ਕਾਂ ਦਾ ਮੰਨਣਾ ਹੈ ਕਿ ਉਹ ਅਜੇ ਵੀ ਜਿੰਦਾ ਹਨ ਤੇ ਉਹ ਇਕ ਦਿਨ ਜਰੂਰ ਆ ਕੇ ਸਾਡੀ ਅਗਵਾਈ ਕਰਨਗੇ।

ਡਾ. ਚਰਨਜੀਤ ਸਿੰਘ ਗੁਮਟਾਲਾ 

919417533060

gumtalacs@gmail.com

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਜਦੋਂ ਅਣਚਾਹਿਆ ਮੋਬਾਇਲ ਵਰਤ ਰੱਖਿਆ ਗਿਆ (ਹੱਢਬੀਤੀ)
Next articleਸਾਹਿਤਕਾਰਾ ਅੰਜਨਾ ਮੈਨਨ ਦਾ ਰੂ ਬ ਰੂ ਤੇ ਸਨਮਾਨ ਸਮਾਗਮ