(ਸਮਾਜ ਵੀਕਲੀ)- ਹਿਮਾਚਿਲ ਪ੍ਦੇਸ ਵਿੱਚ ਪਈਆਂ ਬਾਰਿਸ਼ਾਂ ਦੇ ਕਾਰਣ ਅਚਾਨਕ ਆਏ ਹੜ੍ਹਾਂ ਦੀ ਤਬਾਹੀ ਪੰਜਾਬ ਵਿੱਚ ਆ ਕੇ ਆਪਣਾ ਭਿਆਨਕ ਰੂਪ ਧਾਰਣ ਕਰ ਚੁੱਕੀ ਹੈ। ਇਹਨਾਂ ਹੜ੍ਹਾਂ ਨੇ ਜਿੱਥੇ ਹਿਮਾਚਲ ਵਿੱਚ ਆਰਥਿਕ ਨੁਕਸਾਨ ਕੀਤਾ ਹੈ, ਉਸ ਤੋਂ ਵੱਧ ਪੰਜਾਬ ਦੀ ਤਬਾਹੀ ਕੀਤੀ ਹੈ। ਇਹ ਕਰੋਪੀ ਵੀ ਕੁਦਰਤ ਦਾ ਹੀ ਰੂਪ ਹੈ। ਪਾਣੀ ਦੇ ਵਹਾਅ ਵਾਲੇ ਥਾਂਵਾਂ ਤੇ ਅਤੇ ਸੜਕਾਂ, ਨਦੀਆਂ ਦੇ ਕਿਨਾਰੇ ਉਸਾਰੀਆਂ ਬਿਲਡਿੰਗਾਂ ਕੁਦਰਤ ਦੇ ਰਸਤੇ ਦਾ ਰੋੜਾ ਸਨ ਸੋ ਉਹਨਾਂ ਦਾ ਵਹਿਣਾ ਵੀ ਕੁਦਰਤੀ ਸੀ। ਕੁਦਰਤ ਦੇ ਰਾਹ ਵਿੱਚ ਅੜ ਕੇ ਖੜੵਨਾ ਮਨੁੱਖ ਦੀ ਬਹੁਤ ਵੱਡੀ ਗਲ਼ਤੀ ਹੈ। ਇਸ ਗਲ਼ਤੀ ਤੋਬ ਮਨੁੱਖ ਨੂੰ ਸਬਕ ਸਿੱਖਣਾ ਚਾਹੀਂਦਾ ਹੈ।
ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਕੁਦਰਤੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਪੰਜਾਬ ਦੀ ਧਰਤੀ ਤੇ ਇੰਨੀ ਬਾਰਿਸ਼ ਹੋਈ ਹੀ ਨਹੀੰ। ਬਾਰਿਸ਼ਾਂ ਦੇ ਪਾਣੀਆਂ ਨੇ ਤਾਂ ਆਪਣੇ ਨਿਕਾਸ ਲਈ ਧਰਤੀ ਦੀ ਢਾਲ ਮੁਤਾਬਿਕ ਆਦਿ ਕਾਲ ਤੋਂ ਹੀ ਆਪਣੇ ਨਿਕਾਸੀ ਰਾਹ ਪਹਿਲਾਂ ਹੀ ਬਣਾਏ ਹੋਏ ਹਨ। ਅਫ਼ਸੋਸ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਵੀ ਜ਼ਮੀਨਾਂ ਨੂੰ ਕੰਪਿਊਟਰ ਕਰਾਹ ਲਾ ਲਾ ਕੇ ਆਪਣੀ ਮਰਜ਼ੀ ਮੁਤਾਬਿਕ ਧਰਤੀ ਨੂੰ ਸਮਤਲ ਬਣਾ ਰੱਖਿਆ ਹੈ।ਸੜਕਾਂ ਦੇ ਨਵੇਂ ਉੱਚੇ ਵਿਸ਼ਾਲ ਰੂਪ ਨੇ ਵੀ ਇਸ ਤਬਾਹੀ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਲੋਕਾਂ ਨੇ ਦੋਵਾਂ ਤਰਫ਼ਾਂ ਤੋਂ ਬਣੀਆਂ ਨੀਵਾਣਾਂ-ਖੱਡਿਆਂ ਨੂੰ ਵੀ ਨਹੀਂ ਛੱਡਿਆ। ਬਰਸਾਤੀ ਚੋਆਂ ਦੇ ਆਲੇ-ਦੁਆਲ਼ੇ ਆਪਣੇ ਕਬਜ਼ੇ ਕਰ ਕੇ ਖਤਮ ਕੀਤਾ ਹੋਇਆ ਹੈ। ਟੋਭਿਆਂ -ਛੱਪੜਾਂ ਤੇ ਕਬਜ਼ੇ ਕਰਕੇ ਮਿੱਟੀ ਨਾਲ਼ ਪੂਰ ਰੱਖੇ ਹਨ। ਰੂੜੀਆਂ ਲਾ ਲਾ ਗੰਦਗ਼ੀ ਫੈਲ਼ਾ ਰੱਖੀ ਹੈ। ਭੂ-ਮਾਫ਼ੀਆ ਨੇ ਨਜ਼ਾਇਜ਼ ਕਲੋਨੀਆਂ ਕੱਟ ਕੇ ਨੀਵੇਂ ਸਥਾਨਾਂ ਤੇ ਮਿੱਟੀ ਪਾ ਪਾ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਿਆ ਹੈ। ਸੜਕਾਂ ਦਾ ਜ਼ਮੀਨੀ ਤਲ ਤੋਂ ਉਪਰ ਚੁੱਕ ਚੁੱਕ ਬਣਾਏ ਜਾਣਾ ਸਿਆਣਪ ਨਹੀਂ ਇੰਜਨੀਅਰਾਂ ਦੀ ਮਹਾਂ-ਮੂਰਖਤਾ ਹੈ।
ਮੌਨਸੂਨ ਦਾ ਸਮਾਂ ਤਕਰੀਬਨ ਤਹਿ ਐ। ਡੈਮਾਂ ਨੂੰ ਬਾਰਿਸ਼ਾਂ ਤੋਂ ਪਹਿਲਾਂ ਖਾਲ਼ੀ ਨਾ ਕਰਨਾ ਵੀ ਸਿਆਣਪ ਨਹੀਂ। ਪਹਿਲਾਂ ਜਮਾਂ ਪਾਣੀ ਵਿੱਚ ਅਚਾਨਕ ਤੇਜ਼ ਬਾਰਿਸ਼ ਦਾ ਪਾਣੀ ਆ ਇਕੱਠਾ ਹੋਣਾ ਡੈਮਾਂ ਦੇ ਵੱਸ ਦੀ ਗੱਲ ਨਹੀਂ। ਜਿਹਨਾਂ ਨਹਿਰਾਂ ਵਿੱਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਸੀ ਪਰ ਹੜੵ ਦੀ ਸਥਿਤੀ ਵਿੱਚ ਉਹਨਾਂ ਵਿੱਚ ਪਾਣੀ ਨਾ ਛੱਡ ਕੇ ਖਾਲ਼ੀ ਰੱਖਣਾ ਲੋਕਾਂ ਨੂੰ ਡਬੋ ਕੇ ਮਾਰਨ ਦੀ ਕੋਝੀ ਸਾਜ਼ਿਸ ਨਹੀਂ ਤਾਂ ਹੋਰ ਕੀ ਹੈ ? ਖੇਤਾਂ ਨੂੰ ਜਾਂਦੇ ਸੂਏ -ਕੱਸੀਆਂ ,ਖਾਲ਼ ਨਹਿਰੀ ਪਾਣੀ ਨੂੰ ਤਰਸ ਰਹੇ ਹਨ।
ਇਹ ਤਾਜ਼ੀਆਂ ਆਮ ਲੋਕਾਂ ਦੁਆਰਾ ਪਾਈਆਂ ਤਸਵੀਰਾਂ ਆਪਣੇ ਮੂੰਹੋਂ ਬੋਲਦੀਆਂ ਹਨ। ਹੜ੍ਹਾਂ ਦੀ ਤਬਾਹੀ ਦਾ ਮੰਜ਼ਰ ਦਰਦਨਾਕ ਹੈ। ਬੇ-ਜੁਬਾਨ ਪਾਲਤੂ , ਅਵਾਰਾ ਅਤੇ ਜੰਗਲ਼ੀ ਪਸ਼ੂਆਂ ਦਾ ਪਾਣੀ ਦੇ ਤੇਜ਼ ਵਹਾਅ ਨਾਲ਼ ਰੁੜ ਕੇ ਮਰਜਾਣਾ ਮਨੁੱਖਤਾ ਲਈ ਸਰਾਪ ਹੈ।ਕਿਸਾਨਾਂ ਕਿਰਤੀਆਂ ਦੇ ਲੋਕ ਨੂੰ ਤੋੜਨ ਵਾਲੀ ਤਬਾਹੀ ਹੈ। ਮਰੇ ਜਾਨਵਰਾਂ ਦੀਆਂ ਲਾਸ਼ਾਂ ਵਿੱਚੋ ਬਦਬੂ ਦਾ ਫ਼ੈਲਣਾ ਭਿਆਨਕ ਬੀਮਾਰੀਆਂ ਨੂੰ ਸੱਦਾ-ਪੱਤਰ ਹੀ ਤਾਂ ਹੈ। ਕੁਦਰਤ ਦੀ ਕਰੋਪੀ ਮਨੁੱਖਾਂ ਲਈ ਆਰਥਿਕ,ਸਮਾਜਿਕ ਅਤੇ ਮਾਨਸਿਕ ਬਰਬਾਦੀ ਦਾ ਸਦਾ ਕਾਰਣ ਬਣਿਆ ਹੈ।
ਕੁਦਰਤ ਦੀਆਂ ਸ਼ਕਤੀਆਂ ਨਾਲ਼ ਮਨੁੱਖ ਲੜ ਨਹੀਂ ਸਕਦਾ, ਇਹ ਮਨੁੱਖ ਦੇ ਵੱਸ ਤੋਂ ਬਾਹਰ ਦੀ ਗੱਲ ਹੈ। ਪਰ ਇਹੋ ਜਿਹੀ ਤਬਾਹੀ ਦੇ ਮੰਜ਼ਰ ਤੇ ਵੀ ਰਾਜਨੀਤਿਕ ਲੋਕਾਂ ਨੇ ਰਾਜਨੀਤੀ ਦੀਆਂ ਰੋਟੀਆਂ ਸੇਕੀਆਂ ਹਨ। ਇਸ ਦੌੜ ਵਿੱਚ ਸੱਤਾ ਤੇ ਕਾਬਿਜ਼ ਪਾਰਟੀ ਅਵੱਲ ਰਹੀ ਹੈ। ਹਰ ਵਿਦਾਇਕ ਨੇ ਕੈਮਰਿਆਂ ਦ ਖਾਸ਼ ਪ੍ਬੰਧ ਕਰਕੇ ਫੋਟੋਗਰਾਫ਼ੀ ਦਾ ਮੈਡਲ ਲੈਣਾ ਚਾਹਿਆ। ਇਹ ਲੋਕਾਂ ਦੇ ਨਾਲ਼ ਹਮਦਰਦੀ ਨਹੀਂ ਸਗੋਂ ਮੌਤ ਦਾ ਤਮਾਸ਼ਾ ਬਣਾਇਆ ਗਿਆ। ਸਿਆਸਤ ਨੇ ਕਿਸਾਨਾਂ ਦੀਆਂ ਬਰਬਾਦ ਹੁੰਦੀਆਂ ਫਸਲ਼ਾਂ ਦੀ ਫੋਟੋਗਰਾਫ਼ੀ ਨਹੀਂ ਕੀਤੀ ਬਲਿਕ ਸਿਆਸੀ ਲੋਕਾਂ ਦੇ ਚਿਹਰਿਆਂ ਨੂੰ ਲੋਕਾਂ ਦੇ ਹਮਦਰਦੀ ਹੋਣ ਲਈ ਵਰਤਿਆ।ਇਹ ਮੈਂ ਨਹੀਂ ਬੋਲਦਾ ਪਿਛਲ਼ੇ ਦਿਨਾਂ ਦੀਆਂ ਤਸਵੀਰਾਂ ਬੋਲਦੀਆਂ ਹਨ। ਪੰਜਾਬ ਦਾ ਸ਼ੋਸਲ ਮੀਡੀਆ ਬੋਲ ਰਿਹਾ ਹੈ।
ਜੇਕਰ ਸੈਨਾ ਨੂੰ ਪੂਰਣ ਕਮਾਂਡ ਅਤੇ ਲੜਨ ਲਈ ਸਮੱਗਰੀ ਦੇਣ ਵਾਲਾ ਚੀਫ਼ ਕਮਾਂਡਰ ਹੀ ਆਮ ਸਿਪਾਹੀ ਦੀ ਤਰਾਂ ਬੰਦੂਕ ਉਠਾ ਕੇ ਰਣ ਵਿੱਚ ਖੜਾ ਦਿਸੇ ਤਾਂ ਸੈਨਾ ਦੀ ਅਗਵਾਈ ਕੌਣ ਕਰੇਗਾ। ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਵੀ ਬਿਨੵ ਮੱਤਲਵ ਚਿੱਕੜੵ ਵਿੱਚ ਵਾੜ ਕੇ ਵਖ਼ਤ ਪਾਉਣ ਵਾਲਾ ਨੇਤਾ ਲੋਕ ਸੇਵਕ ਨਹੀ ਸਿਆਸਤੀ ਛਲੇਡਾ ਹੀ ਕਿਹਾ ਜਾ ਸਕਦਾ ਹੈ। ਤਸਵੀਰਾਂ ਦੀ ਜੁਬਾਨ ਬੇਸ਼ੱਕ ਨਹੀਂ ਹੁੰਦੀ ਪਰ ਇਹ ਸਦੀਆਂ ਤੱਕ ਚਿਹਰਿਆਂ ਦੇ ਅੰਦਰਲ਼ੇ ਰਾਜ਼ ਬੋਲ ਬੋਲ ਖੋਲਦੀਆਂ ਰਹਿੰਦੀਆਂ ਹਨ। ਫੋਟੋ ਖਿੱਚਵਾਉਣ ਵਾਲੇ ਦੀ ਨੀਅਤ ਕੀ ਹੈ ਇਹ ਅਨਪੜੵ ਲੋਕ ਵੀ ਚੰਗੀ ਤਰਾਂ ਪੜੵਨ ਵਿੱਚ ਸਮਰੱਥ ਹਨ। ਭੋਲ਼ੇ-ਭਾਲ਼ੇ ਕਿਰਤੀ ਲੋਕਾਂ ਨੂੰ ਇਸ ਸ਼ੂਟ ਕੀਤੀਆਂ ਵੀਡੀਓ ਫਿਲਮਾਂ ਅਤੇ ਤਸਵੀਰਾਂ ਨਵੀਂ ਚੇਤਨਤਾ ਪ੍ਦਾਨ ਕਰਕੇ ਫਿਰ ਚਿੰਤਨ ਕਰਨ ਲਈ ਮਜ਼ਬੂਰ ਕਰ ਦੇਣਗੀਆਂ। ਇਹੋ ਤਸਵੀਰਾਂ ਸ਼ੋਸਲ ਮੀਡੀਆ ਤੇ ਵਾਇਰਲ ਹੋ ਕੇ ਚੋਣਾਂ ਦੇ ਦਿਨਾਂ ਵਿੱਚ ਘਮਸਾਣ ਮਚਾਉਣਗੀਆਂ ਅਤੇ ਰਾਜਨੀਤਿਕ ਲੋਕਾਂ ਦੀ ਡਰਾਮੇਬਾਜ਼ੀ ਦੀਆਂ ਵੱਖੀਆਂ ਉਧੇੜਨਗੀਆਂ।
ਕੁਦਰਤ ਦੀ ਕਰੋਪੀ ਨਾਲ਼ ਪੰਜਾਬ ਦੇ ਸਿਰੜੀ ਲੋਕ ਇੱਕ-ਮਿੱਕ ਹੋ ਕੇ ਖੁਦ ਨਜਿੱਠ ਲੈਣਗੇ। ਸਖ਼ਤ ਮਿਹਨਤੀ ਪੰਜਾਬੀ ਲੋਕ ਇਕ ਦੂਸਰੇ ਦੀ ਬਾਂਹ ਫੜੵ ਕੇ ਗਿਰਿਆਂ ਨੂੰ ਉਠਾ ਫਿਰ ਨਾਲ਼ ਤੋਰ ਲੈਣਗੇ, ਪਰ ਰਾਜਨੀਤਿਕ ਲੋਕਾਂ ਦੀਆਂ ਹਾਸੋ-ਹੀਣੀਆਂ ਅਤੇ ਗੈਰ-ਜ਼ਿੰਮੇਵਰਾਨਾ ਖੱਚਰ-ਵਿਧੀਆਂ ਦਾ ਜਵਾਬ ਵੀ ਜ਼ਰੂਰ ਦੇਣਗੇ। ਪੰਜਾਬ ਦੇ ਲੋਕ ਅਸਲੀ ਸੁੱਚੇ ਨਗਾਂ ਦੇ ਕਦਰਦਾਨ ਹਨ। ਇਹ ਸਾਹਮਣੇ ਵਾਲੇ ਦੀ ਅੱਖ ਦੇਖ ਕੇ ਉਸ ਨੂੰ ਪੈਰਾਂ ਤੱਕ ਪੜੵਨ ਜਾਣਦੇ ਹਨ। ਈਸ਼ਵਰ ਸਭ ਮਨੁੱਖਾਂ ਨੂੰ ਸੁਮੱਤ ਬਖਸ਼ੇ ਅਤੇ ਕਿਰਤੀ ਕਿਸਾਨ ਲੋਕਾਂ ਨੂੰ ਮੁੜ ਉੱਠਣ ਲਈ ਬਲ , ਬੁੱਧੀ ਅਤੇ ਵਿਵੇਕ ਬਖਸ਼ੇ।
ਬਲਜਿੰਦਰ ਸਿੰਘ “ਰੇਤਗੜੵ”
9465129168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly