ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਨਿੱਕੇ ਹੁੰਦੇ ਅਸੀਂ ਨਿੰਮ ਦੇ ਥੱਲ੍ਹੇ ਉੱਗੇ ਨਿੰਮ ਦੇ ਬੂਟਿਆਂ ਨੂੰ ਖੁੰਗਕੇ ਦੂਜੀ ਜਗ੍ਹਾ ਲਗਾ ਦਿੰਦੇ ਤੇ ਉਹ ਅਕਸਰ ਦਿਨਾਂ ਵਿੱਚ ਹੀ ਚੱਲ ਪੈਂਦੇ। ਹੁਣ ਵੀ ਆਪਾਂ ਨਿੱਤ ਵੇਖਦੇ ਹਾਂ ਕਿ ਮਾਲੀ ਇੱਕ ਜਗ੍ਹਾ ਤੋਂ ਬੂਟੇ ਖੁੰਗਕੇ ਦੂਸਰੀ ਜਗ੍ਹਾ ਲਗਾਉਂਦੇ ਹਨ ਤੇ ਉਹ ਕਾਮਯਾਬ ਹੋ ਜਾਂਦੇ ਹਨ। ਅਜਿਹਾ ਅਕਸਰ ਛੋਟੇ ਪੌਦਿਆਂ ਨਾਲ ਹੀ ਹੁੰਦਾ ਹੈ ਕਿਸੇ ਵੱਡੇ ਦਰਖਤ ਨੂੰ ਖੁੰਗਣਾ ਵੀ ਔਖਾ ਤੇ ਲਾਉਣਾ ਵੀ ਤੇ ਨਾ ਹੀ ਉਸਦੇ ਕਾਮਜਾਬ ਹੋਣ ਦੀ ਗਾਰੰਟੀ ਹੁੰਦੀ ਹੈ। ਇਹੀ ਹਾਲ ਬੰਦਿਆਂ ਦਾ ਹੁੰਦਾ ਹੈ। ਦੇਸ਼ ਦੀ ਵੰਡ ਸਮੇਂ ਖੁੰਗੇ ਗਏ ਬਹੁਤੇ ਪਰਿਵਾਰ ਚਾਹੇ, ਉਹ ਸਫਲ ਵੀ ਹੋ ਗਏ ਹਨ, ਆਪਣੀਆਂ ਪਾਕਿਸਤਾਨ ਵਿਚਲੀਆਂ ਜੜ੍ਹਾਂ ਨੂੰ ਨਹੀਂ ਭੁੱਲੇ ਹਨ।
ਪੰਜਾਬ ਦੇ ਕਾਲੇ ਦੌਰ ਵਿੱਚ ਜਦੋਂ ਹਿੰਦੂ ਪਰਿਵਾਰ ਹਿਜ਼ਰਤ ਕਰ ਰਹੇ ਸਨ ਤਾਂ ਮੇਰੇ ਪਾਪਾ ਜੀ ਨੇ ਵੀ ਮੇਰੇ ਦਾਦਾ ਜੀ ਨੂੰ ਆਪਣੇ ਜੱਦੀ ਪਿੰਡ ਤੋਂ ਖੁੰਗਕੇ ਸ਼ਹਿਰ ਵਸਾਉਣ ਦੀ ਕੋਸ਼ਿਸ਼ ਕੀਤੀ ਤਾਂ ਦਾਦਾ ਜੀ ਨੇ ਇਹ ਕਹਿਕੇ ਪਾਪਾ ਜੀ ਨੂੰ ਚੁੱਪ ਕਰਵਾ ਦਿੱਤਾ, “ਓਮ ਪ੍ਰਕਾਸ਼ ਜੇ ਮੈਂ ਘੁਮਿਆਰੇ ਮਰਿਆ ਤਾਂ ਲੋਕੀ ਕਹਿਣਗੇ ਕਿ ਸੇਠ ਹਰਗੁਲਾਲ ਮਰ ਗਿਆ। ਪਰ ਜੇ ਮੈਂ ਸ਼ਹਿਰ ਪੂਰਾ ਹੋਇਆ ਤਾਂ ਲੋਕਾਂ ਨੇ ਕਹਿਣਾ ਹੈ ਕਿ ਕਾਨੂੰਨਗੋ ਦਾ ਪਿਓ ਮਰ ਗਿਆ।” ਉਦੋਂ ਮੇਰੇ ਪਾਪਾ ਜੀ ਕਾਨੂੰਨਗੋ ਸਨ। ਆਮਤੌਰ ਤੇ ਹਰ ਔਲਾਦ ਹੀ ਚਾਹੁੰਦੀ ਹੈ ਕਿ ਉਸਦੇ ਮਾਪੇ ਆਪਣੇ ਬੁਢਾਪੇ ਦਾ ਸਮਾਂ ਉਹਨਾਂ ਕੋਲ੍ਹ ਹੀ ਗੁਜਾਰਣ। ਪਰ ਬਜ਼ੁਰਗ ਆਪਣੀਆਂ ਜੜ੍ਹਾਂ ਨੂੰ ਛੱਡਣਾ ਨਹੀਂ ਚਾਹੁੰਦੇ। ਮੈਨੂੰ ਵੀ ਜੀਵਨ ਦੇ ਛੇਵੇਂ ਦਹਾਕੇ ਤੋਂ ਬਾਅਦ ਔਲਾਦ ਦੀ ਇੱਛਾਂ ਨੂੰ ਮੁੱਖ ਰੱਖਦੇ ਹੋਏ ਆਪਣੀ ਜਮੀਨ ਨੂੰ ਛੱਡਕੇ ਦੂਜੀ ਜਗ੍ਹਾ ਯਾਨੀ ਖੁੰਗਕੇ ਲਿਆਂਦਾ ਗਿਆ। ਭਾਵੇਂ ਇੱਥੇ ਆਕੇ ਮੇਰੀਆਂ ਟਾਹਣੀਆਂ ਬਹੁਤ ਵੱਧ ਗਈਆਂ। ਮੇਰੇ ਡਾਹਣੇ ਵੀ ਫੈਲ ਗਏ ਪਰ ਜੜ੍ਹਾਂ ਦੇ ਖੁੱਸਣ ਦਾ ਮਲਾਲ ਜਰੂਰ ਹੈਗਾ । ਮਸਲਾ ਸਿਰਫ ਦਰੱਖਤ ਦੇ ਹਰੇ ਰਹਿਣ ਜਾਂ ਵੱਧਣ ਫੁੱਲਣ ਦਾ ਨਹੀਂ ਹੁੰਦਾ ਉਸਦੇ ਕੱਦ ਮੁਤਾਬਿਕ ਜੜ੍ਹਾਂ ਦਾ ਡੂੰਘਾ ਤੇ ਫੈਲਿਆਂ ਹੋਣਾ ਵੀ ਜ਼ਰੂਰੀ ਹੁੰਦਾ ਹੈ। ਸਾਡਾ ਇੱਕ ਕਰੀਬੀ ਰਿਸ਼ਤੇਦਾਰ ਜੋ ਕਿਸੇ ਵੱਡੇ ਅਹੁਦੇ ਤੋਂ ਸੇਵਾਮੁਕਤ ਹੈ ਉਸ ਦਾ ਇਕਲੌਤਾ ਬੇਟਾ ਕਿਸੇ ਨਾਲਦੇ ਸੂਬੇ ਦਾ ਆਹਲਾ ਪੁਲਸ ਅਫਸਰ ਹੈ। ਉਥੇ ਉਸਦੀ ਸੇਵਾ ਸੰਭਾਲ ਲਈ ਨੌਕਰ ਚਾਕਰ ਵਾਧੂ ਹਨ। ਰੁਤਬੇ ਅਨੁਸਾਰ ਇੱਜਤਮਾਣ ਵੀ ਬਹੁਤ ਹੁੰਦਾ ਹੈ ਪਰ ਉਥੇ ਉਸਦਾ ਮਨ ਨਹੀ ਟਿਕਦਾ। ਹਰ ਦੂਜੇ ਤੀਜੇ ਮਹੀਨੇ ਆਪਣੇ ਹੋਮ ਟਾਊਨ ਨੂੰ ਭੱਜਦਾ ਹੈ। ਕਿਉਂਕਿ ਇੱਥੇ ਆਪਣੀਆਂ ਜੜ੍ਹਾਂ ਵੀ ਹਨ ਤੇ ਸ਼ਰੀਕਾ ਕਬੀਲਾ ਵੀ। ਜੇ ਬਿਨਾਂ ਜੜ੍ਹਾਂ ਤੋਂ ਦਰੱਖਤ ਵੀ ਚੱਲਦੇ ਹੋਣ ਤਾਂ ਸ਼ਾਇਦ ਦਰਖਤ ਕੱਟਣ ਦੀ ਨੌਬਤ ਹੀ ਨਾ ਆਉਂਦੀ। ਕਨੇਡਾ, ਅਮਰੀਕਾ, ਆਸਟਰੇਲੀਆ ਜਿਹੇ ਦੇਸ਼ਾਂ ਵਿੱਚ ਸੈਟਲਡ ਜੁਆਕ ਵੀ ਆਪਣੇ ਮਾਪਿਆਂ ਨੂੰ ਆਪਣੇ ਕੋਲ੍ਹ ਬੁਲਾ ਲੈਂਦੇ ਹਨ ਤਾਂ ਕਿ ਉਹ ਵੀ ਜਿੰਦਗੀ ਦਾ ਅੰਤਿਮ ਪੜਾਅ ਵਧੀਆ ਗੁਜ਼ਾਰ ਸਕਣ। ਪਰ ਇਥੋਂ ਖੁੰਗਕੇ ਲਿਜਾਏ ਗਏ ਬਜ਼ੁਰਗ ਆਪਣੇ ਆਪ ਨੂੰ ਐਡਜਸਟ ਨਹੀਂ ਕਰ ਪਾਉਂਦੇ। ਦੋ ਕੁ ਮਹੀਨਿਆਂ ਬਾਅਦ ਹੀ ਵਾਪੀਸੀ ਦਾ ਟਿਕਟ ਕਟਾਉਂਦੇ ਆਮ ਹੀ ਦੇਖੇ ਜਾਂਦੇ ਹਨ। ਜਿਹੜੇ ਪੱਕੇ ਫਸ ਜਾਂਦੇ ਹਨ ਉਹ ਆਪਣੇ ਆਪ ਨੂੰ ਸੋਨੇ ਦੇ ਪਿੰਜਰੇ ਵਿੱਚ ਕੈਦ ਸਮਝਦੇ ਹਨ। ਬਥੇਰੇ ਖੰਬ ਫੜ ਫੜਾਉਂਦੇ ਹਨ ਪਰ ਕੋਈਂ ਵਾਹ ਨਹੀਂ ਲੱਗਦੀ। ਫਿਰ ਉਹ ਇੱਥੇ ਫੋਨ ਤੇ “ਹੋਰ ਸੁਣਾ ਹੋਰ ਸੁਣਾ” ਕਹਿੰਦੇ ਫੋਨ ਦਾ ਖਹਿੜਾ ਨਹੀਂ ਛੱਡਦੇ। ਉਂਜ ਨਿੰਮ ਥੱਲ੍ਹੇ ਉੱਗੇ ਨਿੱਕੇ ਬੂਟਿਆਂ ਤੇ ਸਦੀਆਂ ਪੁਰਾਣੇ ਬੋਹੜਾਂ ਵਿੱਚ ਫ਼ਰਕ ਤੇ ਹੁੰਦਾ ਹੀ ਹੈ। ਨਿੱਕੇ ਪੌਦੇ ਨਵੀਂ ਜਗ੍ਹਾ ਤੇ ਜਾਕੇ ਆਪਣੀ ਮਰਜ਼ੀ ਨਾਲ ਜੜਾਂ ਫੈਲਾ ਲੈਂਦੇ ਹਨ ਤੇ ਬੋਹੜ ਨੂੰ ਆਪਣੀਆਂ ਜੜ੍ਹਾਂ ਨੂੰ ਛੱਡਣ ਦਾ ਦੁੱਖ ਹੀ ਲ਼ੈ ਬਹਿੰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj