ਚਰਿੱਤਰਹੀਣ

(ਸਮਾਜ ਵੀਕਲੀ)

“ਓ ਕੇ ਬਾਏ ਡਾਰਲਿੰਗ!” ਸੰਗੀਤਾ ਨਾਲ ਖੂਬਸੂਰਤ ਰਾਤ ਬਿਤਾਉਣ ਤੋਂ ਬਾਅਦ ਉਸ ਨੂੰ ਜੱਫੀ ਪਾਉਂਦੇ ਅਲਵਿਦਾ ਲੈਂਦੇ ਹੋਏ ਨਰਿੰਦਰ ਆਪਣੀ ਕਾਰ ਵਿੱਚ ਆ ਬੈਠਾ ਤਾਂਕਿ ਉਹ ਸਿੱਧਾ ਘਰ ਜਾ ਕੇ ਫਰੈਸ਼ ਹੋ ਕੇ ਟਾਈਮ ਨਾਲ ਦਫ਼ਤਰ ਪਹੁੰਚ ਸਕੇ। ਕਾਰ ਵਿੱਚ ਗਾਣਿਆਂ ਦੀ ਮਿੱਠੀ ਧੁਨ ਨਾਲ ਮਸਤੀ ‘ਚ ਝੂਮਦਾ ਉਹ ਡ੍ਰਾਈਵਿੰਗ ਕਰ ਰਿਹਾ ਸੀ । ਤੇ ਨਾਲ ਹੀ ਗਾਣੇ ਦੇ ਨਾਲ ਨਾਲ ਗੁਣਗੁਣਾ ਰਿਹਾ ਸੀ। ਅਚਾਨਕ ਇੱਕ ਜਗ੍ਹਾ ਉਸ ਨੇ ਜ਼ੋਰਦਾਰ ਬਰੇਕ ਮਾਰੀ। ਉਹ ਕੀ ਦੇਖਦਾ ਹੈ ਕਿ ਉਸ ਦੀ ਪਤਨੀ ਜੋਤੀ ਸੜਕ ਕਿਨਾਰੇ ਖੜ੍ਹੀ ਕਿਸੇ ਗ਼ੈਰ ਮਰਦ ਨਾਲ ਹੱਸ -ਹੱਸ ਕੇ ਗੱਲਾਂ ਕਰ ਰਹੀ ਸੀ। ਉਹ ਅੱਗ ਬਬੂਲਾ ਹੋਇਆ ਉਸੇ ਵੇਲੇ ਕਾਰ ਚੋਂ ਉਤਰਿਆ ਤੇ ਆਪਣੀ ਪਤਨੀ ਦੇ ਸਾਹਮਣੇ ਜਾ ਖੜ੍ਹਾ ਹੋਇਆ।

ਜੋਤੀ ਉਸ ਨੂੰ ਦੇਖ ਕੇ ਹੈਰਾਨ ਹੋ ਗਈ,” ਤੁਸੀਂ ਇੱਥੇ ਕਿੱਦਾਂ ? ਤੁਸੀਂ ਤਾਂ ਦਫ਼ਤਰ ਦੀ ਟ੍ਰਿਪ ਤੇ ਗਏ ਸੀ ?”

“ਪਹਿਲਾਂ ਤੂੰ ਦੱਸ, ਤੂੰ ਇੱਥੇ ਕੀ ਕਰ ਰਹੀ ਹੈ ਤੇ ਆ ਕੌਣ ਏ?”

” ਨਰਿੰਦਰ , ਇਹ ਮੇਰੇ ਕਲੀਗ ਨੇ । ਇੱਥੇ ਮੈਨੂੰ ਅਚਾਨਕ ਮਿਲ ਗਏ ਤੇ ਅਸੀਂ ਦਫ਼ਤਰ ਦੀ ਕੋਈ ਜ਼ਰੂਰੀ ਗੱਲ ਡਿਸਕਸ ਕਰਨ ਲੱਗ ਗਏ।”

“ਦਫਤਰਾਂ ਦੀਆਂ ਜ਼ਰੂਰੀ ਗੱਲਾਂ ਦਫ਼ਤਰ ਵਿੱਚ ਹੁੰਦੀਆਂ ਨੇ ਨਾਂ ਕੇ ਸਡ਼ਕ ਕਿਨਾਰੇ।” ਤੇ ਗੁੱਸੇ ਵਿਚ ਨਰਿੰਦਰ ਆਪਣੀ ਪਤਨੀ ਦਾ ਹੱਥ ਪਕੜ ਉਸ ਨੂੰ ਲਗਪਗ ਖਿੱਚਦੇ ਹੋਏ ਕਾਰ ਤਕ ਲੈ ਆਇਆ । ਜੋਤੀ ਸ਼ਰਮ ਦੀ ਮਾਰੀ ਰੋਣ ਹਾਕੀ ਹੋ ਗਈ ਪਤਨੀ ਦਾ ਸਹਿ ਕਰਮੀ ਬੋਲਦਾ ਰਹਿ ਗਿਆ ਕਿ ‘ਵੀਰ ਜੀ ਤੁਹਾਨੂੰ ਕੋਈ ਗ਼ਲਤ ਫਹਿਮੀ ਹੋਈ ਹੈ ‘ ਪਰ ਨਰਿੰਦਰ ਨੇ ਉਸਨੂੰ ਜ਼ੋਰ ਦੀ ਧੱਕਾ ਮਾਰ ਕੇ ਪਰ੍ਹਾਂ ਕਰ ਦਿੱਤਾ।

ਘਰ ਜਾ ਕੇ ਨਰਿੰਦਰ ਤੇ ਜੋਤੀ ਦੀ ਜੰਮ ਕੇ ਲੜਾਈ ਹੋਈ ਨਰਿੰਦਰ ਬਾਰ -ਬਾਰ ਕਹਿ ਰਿਹਾ ਸੀ ,”ਬੇਗ਼ੈਰਤ,ਚਰਿੱਤਰਹੀਣ ਔਰਤ। ਸੜਕ ਤੇ ਖੜ੍ਹ ਕੇ ਮੇਰੇ ਖਾਨਦਾਨ ਦਾ ਜਲੂਸ ਕੱਢ ਰਹੀ ਸੀ ।” ਨਰਿੰਦਰ ਨੇ ਉਸ ਨੂੰ ਜ਼ਬਰਦਸਤੀ ਪੇਕੇ ਭੇਜ ਦਿੱਤਾ ਤੇ ਚਾਰ ਦਿਨ ਬਾਅਦ ਹੀ ਤਲਾਕ ਦੇ ਕਾਗਜ਼ ਵੀ ਭੇਜ ਦਿੱਤੇ।

ਤਲਾਕ ਦੇ ਕਾਗਜ਼ ਭੇਜਣ ਤੋਂ ਬਾਅਦ ਨਰਿੰਦਰ ਬਹੁਤ ਹੀ ਦੁਖੀ ਤੇ ਉਦਾਸ ਸੀ ਹੁਣ ਉਹ ਆਪਣਾ ਦੁੱਖ ਤੇ ਉਦਾਸੀ ਘੱਟ ਕਰਨ ਲਈ ਕਾਰ ਵਿੱਚ ਬੈਠਾ ਤੇ ਸੰਗੀਤਾ ਦੇ ਘਰ ਵੱਲ ਚੱਲ ਪਿਆ।
ਮਨਪ੍ਰੀਤ ਕੌਰ ਭਾਟੀਆ
ਫਿਰੋਜ਼ਪੁਰ ਸ਼ਹਿਰ।
ਮਿੰਨੀ ਕਹਾਣੀ
ਫੈਸ਼ਨ

” ਗੱਲ ਸੁਣੋ ਜੀ, ਜੇ ਤੁਹਾਨੂੰ ਮੁੰਡਾ ਪਸੰਦ ਆ ਗਿਆ ਤਾਂ ਬੱਸ ਗੱਲ ਪੱਕੀ ਕਰਨ ਦੀ ਕਰਿਓ। ਬਾਕੀ ਸਿਮਰਨਜੀਤ ਤਾਂ ਸਾਡੀ ਹਾਂ ‘ਚ ਹੀ ਹਾਂ ਮਿਲਾਏਗੀ, ਹੈ ਨਾ ਸਿਮਰਨ?” ਮਾਂ ਨੇ ਮੁਸਕਰਾਉਂਦਿਆਂ ਸਿਮਰਨ ਵੱਲ ਦੇਖਦਿਆਂ ਕਿਹਾ।

” ਹਾਂ, ਮੈਂ ਵੀ ਇਹੋ ਸੋਚਦਾ,ਨਾਲੇ ਵਿਚੋਲਾ ਵੀ ਕਹਿੰਦਾ ਸੀ, ਇਸ ਤੋਂ ਵਧੀਆ ਗੁਰਸਿੱਖ ਤੇ ਸਿਮਰਨ ਕਰਨ ਵਾਲਾ ਪਰਿਵਾਰ ਹੋਰ ਕਿਧਰੇ ਨਹੀਂ ਮਿਲਣਾ। ਨਾਲੇ ਕਹਿੰਦਾ ਸੀ ਬਈ ਮੁੰਡਾ ਵੀ ਚੰਗਾ ਸੋਹਣਾ,ਸਾਊ ਤੇ ਪੜ੍ਹਿਆ- ਲਿਖਿਆ ਤੇ ਸੁੱਖ ਨਾਲ ਕੰਮ ਵੀ ਚੰਗਾ ਐ,ਨਾਲੇ ਸਭ ਤੋਂ ਵੱਡੀ ਗੱਲ ਉਸ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਐਬ ਨਹੀਂ ” ਸਿਮਰਨ ਦੇ ਪਿਉ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ। ” ਲੈ ਬੱਸ, ਹੋਰ ਕੀ ਚਾਹੀਦੈ, ਮੈਂ ਤਾਂ ਕਹਿਨੀ ਆ ਬੱਸ ਗੱਲ ਪੱਕੀ ਕਰੋ ਕਿਸੇ ਤਰ੍ਹਾਂ।” “ਚੰਗਾ, ਕਹਿੰਦੇ ਹੋਏ ਸਿਮਰਨ ਦੇ ਪਿਤਾ ਕੁਝ ਰਿਸ਼ਤੇਦਾਰਾਂ ਦੇ ਨਾਲ ਮੁੰਡੇ ਵਾਲਿਆਂ ਦੇ ਘਰ ਜਾ ਪਹੁੰਚਿਆ। ਉਹਨਾਂ ਦੀ ਚੰਗੀ ਖਾਤਿਰਦਾਰੀ ਹੋਈ। ਉਹਨਾਂ ਵਾਂਗ ਹੀ ਸੁੱਖ- ਸੁਵਿਧਾ ਦੀ ਹਰ ਚੀਜ਼ ਉਹਨਾਂ ਦੇ ਘਰ ਵਿੱਚ ਵੀ ਮੌਜੂਦ ਸੀ।

ਕੁਝ ਦੇਰ ਬਾਅਦ ਈ ਮੁੰਡਾ ਮਹਿੰਗੇ ਪਹਿਰਾਵੇ ਤੇ ਸੋਹਣੀ ਦਸਤਾਰ ਸਜਾਈ ਉਨ੍ਹਾਂ ਦੇ ਸਾਹਮਣੇ ਆ ਬੈਠਾ। ਉਸ ਨੂੰ ਗਹੁ ਨਾਲ ਤੱਕਦਿਆਂ ਹੀ ਸਿਮਰਨ ਦਾ ਪਿਉ ਹੈਰਾਨ ਹੁੰਦੇ ਬੋਲਿਆ ,” ਤੁਹਾਡਾ ਮੁੰਡਾ ਤਾਂ ਦਾੜੀ ਕੱਟਦੈ।” “ਓ ਜੀ,ਇਹ ਤਾਂ ਅੱਜ- ਕੱਲ ਦੇ ਮੁੰਡਿਆਂ ਦਾ ਫੈਸ਼ਨ ਜਿਹਾ ਬਣ ਗਿਆ।” ਮੁੰਡੇ ਦੇ ਪਿਓ ਨੇ ਹੱਸਦਿਆਂ ਮੁੰਡੇ ਵੱਲ ਦੇਖਦਿਆਂ ਕਿਹਾ।

” ਫੈਸ਼ਨ….! ਆਪਣੇ ਧਰਮ ਅਤੇ ਵਿਰਸੇ ਨੂੰ ਭੁੱਲਣਾ ਤੁਸੀਂ ਫੈਸ਼ਨ ਦੱਸਦੇ ਓ। ਤੁਸੀਂ ਤਾਂ ਪੂਰਨ ਗੁਰਸਿੱਖ ਹੋ । ਫਿਰ ਤੁਸੀਂ ਇਹ ਕਿਵੇਂ ਭੁੱਲ ਗਏ ਕਿ ਇਨ੍ਹਾਂ ਕੇਸਾਂ ਦੀ ਖਾਤਿਰ ਸਿੰਘਾਂ ਨੇ ਤਾਂ ਆਪਣੀਆਂ ਖੋਪਰੀਆਂ ਵੀ ਲੁਹਾ ਦਿੱਤੀਆਂ,ਪਰ ਧਰਮ ਨਹੀਂ ਹਾਰਿਆ।ਉਨ੍ਹਾਂ ਕਿਹਾ, ‘ ਸਿਰ ਜਾਵੇ ਤਾਂ ਜਾਵੇ,ਮੇਰਾ ਸਿੱਖੀ ਸਿਦਕ ਨਾ ਜਾਵੇ।’ ਸਿੱਖਾਂ ਦੀ ਕੁਰਬਾਨੀ ਬਾਰੇ ਤਾਂ ਪੜਦਿਆਂ -ਸੁਣਦਿਆਂ ਹੀ ਦਿਲ ਦਹਿਲ ਜਾਂਦਾ ਹੈ । ਕਿੰਨੀ ਹੈਰਾਨੀ ਵਾਲੀ ਗੱਲ ਹੈ ਤੁਸੀਂ ਕੁਰਬਾਨੀਆਂ ਭਰੇ ਸਿੱਖੀ ਇਤਿਹਾਸ ਨੂੰ ਭੁਲਾ ਕਿ ਸਿੱਖੀ ਨੂੰ ਲਾਜ ਲਾਉਣ ਵਾਲਿਆਂ ਨੂੰ ਫੈਸ਼ਨ ਦੀ ਕਤਾਰ ‘ਚ ਖੜ੍ਹਾ ਕਰ ਦਿੱਤਾ।” ਤੇ ਉਹ ਭਰਿਆ ਪੀਤਾ ਬਾਹਰ ਵੱਲ ਹੋ ਤੁਰਿਆ।

ਮੁੰਡਾ ਜਿਹੜਾ ਕਿ ਪੂਰੀ ਉਮੀਦ ਲਾਈ ਬੈਠਾ ਸੀ ਕਿ ਉਸ ਦੇ ਸੁਹੱਪਣ ਨੂੰ ਦੇਖਦਿਆਂ ਝੱਟ ਹੀ ਕੁੜੀ ਵਾਲੇ ਹਾਂ ਕਰ ਜਾਣਗੇ। ਹੁਣ ਆਪਣੀਆਂ ਹੀ ਨਜ਼ਰਾਂ ਚ ਗਿਰਿਆ ਪਾਣੀ -ਪਾਣੀ ਹੋਇਆ ਖੜ੍ਹਾ ਸੀ l

ਲੇਖਿਕਾ ਮਨਪ੍ਰੀਤ ਕੌਰ ਭਾਟੀਆ 

ਐਮ. ਏ, ਬੀ. ਐੱਡ। ਫ਼ਿਰੋਜ਼ਪੁਰ ਸ਼ਹਿਰ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੋਗਾਣਾ
Next articleਅਗਰਾਹੀ ਵਾਲੇ ਭਾਈ