ਇੱਕ ਆਰਟਿਸਟ ਔਰਤ ਦੇ ਨਾਂ

(ਸਮਾਜ ਵੀਕਲੀ)

ਮੇਰੇ ਲਈ ਬੜੀ ਹੀ ਖ਼ਾਸ ਹੈ
ਉਹ ਆਮ ਜਿਹੀ ਔਰਤ!
ਉਸਦੇ ਗਮਲੇ ਵਿੱਚ ਖਿੜ੍ਹਦਾ ਹੈ
ਜਦੋਂ ਵੀ ਕੋਈ ਨਵਾਂ ਫੁੱਲ..
ਤਾਂ ਉਹ ਉਸਦਾ ਰੰਗ,ਆਕਾਰ,
ਨੈਣ-ਨਕਸ਼
ਤੇ ਮੁਹਾਂਦਰਾ ਵੇਖਣ ਲੱਗਦੀ ਹੈ!

ਰੰਗ ਦੀ ਉੱਨੀ-ਇੱਕੀ ਹੁੰਦਿਆਂ ਹੀ
ਲਲਾਰੀ ਨੂੰ ਬੇਧਿਆਨੀ ਵਿੱਚ,
ਕੀਤੀਆਂ ਲਾਪ੍ਰਵਾਹੀਆਂ ਲਈ
ਖ਼ਰੀਆਂ-ਖ਼ਰੀਆਂ ਸੁਣਾਉੰਦੀ ਹੋਈ..
ਚੁੱਕਦੀ ਹੈ ਬਰੱਸ਼
ਤੇ ਮਨਮਰਜ਼ੀ ਦੇ ਰੰਗ
ਕਰਨ ਲੱਗਦੀ ਹੈ
ਇਹ ਆਮ ਜਿਹੀ ਔਰਤ!

ਉਸਦੀ ਚੇਤਨਾ ਅੰਦਰ
ਕਈ ਪਿਕਾਸੋ ਜਾਗਦੇ ਹਨ..
ਉਹ ਆਪਣੇ ਜੰਗਲ਼ਸਤਾਨ ਦੀ
ਹਰ ਤਿੱਤਲੀ ਦੇ ਪਰਾਂ ‘ਚ
ਉੱਡੂੰ-ਉੱਡੂੰ ਕਰਨ ਵਾਲੇ
ਰੰਗ ਭਰਦੀ ਹੈ!
ਮੈਨੂੰ ਉਸਦੇ ਪੋਟੇ..
ਸੋਨੇ ਦੇ ਲਗਦੇ ਹਨ!
ਤਾਂ ਹੀ ਤਾਂ ਕੱਪ ਦੀ ਡੰਡੀ ‘ਤੇ
ਚੜ੍ਹ ਜਾਂਦਾ ਹੈ ਸੁਨਹਿਰੀ ਰੰਗ..
ਜਦੋਂ ਕੌਫ਼ੀ ਦਾ ਘੁਟ ਭਰਦਿਆਂ ਹੀ,
ਵਿਸਮਾਦ ਵਿਚ ਚਲੀ ਜਾਂਦੀ ਹੈ..
ਇਹ ਆਮ ਜਿਹੀ ਔਰਤ!

ਉਹ ਕੌਫ਼ੀ-ਟੇਬਲ ਬੁੱਕ ਦੇ
ਸਰਵਰਕ ਵਰਗੀ ਮਖ਼ਮਲੀ
ਤੇ ਜ਼ਹੀਨ ਹੁੰਦੀ ਹੋਈ ਵੀ,
ਲੱਗੀ ਰਹਿੰਦੀ ਹੈ
ਕਿਸੇ ਖਿਆਲ ਦੀ ਨੁੱਕਰ ਨਾਲ਼..
ਉਹ ਸਵਾਲਾਂ ਦੀਆਂ
ਧੱਜੀਆਂ ਉਡਾਉਂਦੀ ਹੋਈ,
ਸਮਾਜ ਦੇ ਮੂੰਹ ਉੱਤੇ ਥੋਪ ਦਿੰਦੀ ਹੈ,
ਆਪਣੇ ਫ਼ੈਸਲੇ ..
ਇਹ ਆਮ ਜਿਹੀ ਔਰਤ!

ਮੈਂਨੂੰ ਉਸਦੇ ਚਸ਼ਮੇ ਦਾ
ਵਧਿਆ ਨੰਬਰ ਦਸਦਾ ਹੈ ਕਿ
ਕੁਝ ਕਿਤਾਬਾਂ ਉਸਨੇ,
ਘੋਲ਼ ਕੇ ਪੀ ਲਈਆਂ ਹਨ..
ਉਸ ਕੋਲ਼ ਜਰਾ ਜਿੰਨੀ ਵੀ,
ਵਿਹਲ ਨਹੀਂ ਵਰਤਮਾਨ ਲਈ..
ਤੇ ਜੂੜੇ ਵਿਚ ਲਪੇਟ ਰੱਖਿਆ ਹੈ
ਆਪਣਾ ਸਾਰਾ ਭਵਿੱਖ..
ਇਸ ਆਮ ਜਿਹੀ ਔਰਤ ਨੇ!

ਤੰਗ ਸੋਚਾਂ ਦੀਆਂ ਗਲ਼ੀਆਂ ਵਿਚ,
ਨਹੀਂ ਸਮਾਉੰਦਾ ਉਸਦਾ ਵਜੂਦ..
ਉਹ ਸੂਰਜ ਨੂੰ ਕਰਦੀ ਹੈ
ਸਿੱਧਾ ਇਨਕਾਰ..
ਕਿਉਂਕਿ ਵਿਹੜੇ ਵਿਚ
ਬੀਜਿਆ ਹੈ ਉਸਨੇ ਚੰਨ!
ਇਸਲਈ ਚਾਨਣੀ ਪੀਂਦੀ, ਖਾਂਦੀ ਹੋਈ,
ਇੱਕ ਨੂਰ ਦਾ ਮੁਜੱਸਮਾ ਹੋ ਚੁੱਕੀ ਹੈ..
ਇਹ ਆਮ ਜਿਹੀ ਔਰਤ!

 ਰਿੱਤੂ ਵਾਸੂਦੇਵ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਕ ਵਿਲੱਖਣ ਸ਼ਖ਼ਸੀਅਤ ਸਨ ਸਰਦਾਰਨੀ ਗਿਆਨ ਕੌਰ ਚੰਦੀ
Next articleਤਿੱਤਲੀ