HOME ਫਰੀਦਕੋਟ ਦੇ ਨੌਜਵਾਨਾਂ ਦੀ ਮੌਤ ਦਾ ਇਨਸਾਫ਼ ਮੰਗ ਰਹੀ ਭਾਕਿਯੂ ਏਕਤਾ ਸਿੱਧੂਪੁਰ

ਫਰੀਦਕੋਟ ਦੇ ਨੌਜਵਾਨਾਂ ਦੀ ਮੌਤ ਦਾ ਇਨਸਾਫ਼ ਮੰਗ ਰਹੀ ਭਾਕਿਯੂ ਏਕਤਾ ਸਿੱਧੂਪੁਰ

2

ਤਪਦੀ ਧੁੱਪ ‘ਚ ਸੜਕ ‘ਤੇ ਰਾਤ-ਦਿਨ ਦਾ ਪੱਕਾ ਮੋਰਚਾ ਦੋ ਦਿਨਾਂ ਤੋਂ ਜਾਰੀ

ਅੰਮ੍ਰਿਤਸਰ,  (ਸਮਾਜ ਵੀਕਲੀ)   (ਲਖਵਿੰਦਰ ਸਿੰਘ ਗਿੱਲ )-ਪੰਜਾਬ ਦੀ ਮਾਨ ਸਰਕਾਰ ਦੇ ‘ਰੰਗਲੇ ਪੰਜਾਬ’ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਫਰੀਦਕੋਟ ਦੇ ਪਿੰਡ ਹਰੀਨੋ ਦੇ ਦੋ ਨੌਜਵਾਨ ਕਿਸਾਨਾਂ ਵੱਲੋਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਕਥਿਤ ਗੁੰਡਾਗਰਦੀ ਅਤੇ ਧੱਕੇਸ਼ਾਹੀ ਤੋਂ ਤੰਗ ਆ ਕੇ ਕੀਤੀ ਆਤਮਹੱਤਿਆ ਦੇ ਮਾਮਲੇ ਨੇ ਹੁਣ ਤੂਲ ਫੜ ਲਿਆ ਹੈ। ਇਸ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਖੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਰਾਤ-ਦਿਨ ਦਾ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਇੱਕ ਪਾਸੇ ਕਿਸਾਨ ਆਪਣੇ ਸਾਥੀਆਂ ਦੀਆਂ ਜਾਨਾਂ ਜਾਣ ਦਾ ਦੁੱਖ ਮਨਾ ਰਹੇ ਹਨ, ਉੱਥੇ ਹੀ ਅੰਮ੍ਰਿਤਸਰ ਪੁਲਿਸ ਦਾ ਵਤੀਰਾ ਬੇਹੱਦ ਅੜੀਅਲ ਅਤੇ ਗੈਰ-ਮਨੁੱਖੀ ਰਿਹਾ ਹੈ। ਜਥੇਬੰਦੀ ਬੈਂਕ ਦੇ ਬਿਲਕੁਲ ਅੱਗੇ ਸ਼ਾਂਤਮਈ ਧਰਨਾ ਦੇਣਾ ਚਾਹੁੰਦੀ ਸੀ, ਪਰ ਪੁਲਿਸ ਨੇ ਜਬਰੀ ਕਿਸਾਨਾਂ ਨੂੰ ਸੜਕ ਦੇ ਵਿਚਕਾਰ ਧਰਨਾ ਲਗਾਉਣ ਲਈ ਮਜਬੂਰ ਕਰ ਦਿੱਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸੜਕ ‘ਤੇ ਤੰਬੂ (ਟੈਂਟ) ਲਗਾਉਣ ਤੋਂ ਵੀ ਰੋਕ ਦਿੱਤਾ। ਪ੍ਰਧਾਨ ਕਰਮਜੀਤ ਨੰਗਲੀ ਨੇ ਕਿਹਾ ਕਿ “ਪੰਜਾਬ ਦੀ ਪੁਲਿਸ ਅਤੇ ਸਰਕਾਰ ਮਿਲ ਕੇ ਕਿਸਾਨਾਂ ਦਾ ਘਾਣ ਕਰ ਰਹੀ ਹੈ। ਇੱਕ ਪਾਸੇ ਬੈਂਕਾਂ ਦੀ ਗੁੰਡਾਗਰਦੀ ਸਾਡੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੀ ਹੈ ਅਤੇ ਦੂਜੇ ਪਾਸੇ ਪੁਲਿਸ ਸਾਨੂੰ ਸਿਰ ਢੱਕਣ ਲਈ ਛੱਤ (ਤੰਬੂ) ਵੀ ਨਹੀਂ ਲਗਾਉਣ ਦੇ ਰਹੀ। ਅਸੀਂ ਇਸ ਤਪਦੀ ਦੁਪਹਿਰ ਵਿੱਚ ਸੜਕ ‘ਤੇ ਬੈਠੇ ਹਾਂ, ਪਰ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਅਸੀਂ ਪਿੱਛੇ ਨਹੀਂ ਹਟਾਂਗੇ।” ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਪਿਛਲੇ 43 ਦਿਨਾਂ ਤੋਂ ਫਰੀਦਕੋਟ ਵਿੱਚ ਮੋਰਚਾ ਚੱਲ ਰਿਹਾ ਹੈ, ਪਰ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਸਪੱਸ਼ਟ ਕੀਤਾ ਕਿ ਨੌਜਵਾਨਾਂ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਬੈਂਕ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਅਤੇ ਇਨਸਾਫ਼ ਦਿੱਤਾ ਜਾਵੇ। ਪੁਲਿਸ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਬਦਸਲੂਕੀ ਬੰਦ ਕੀਤੀ ਜਾਵੇ। ਅੰਤ ਵਿੱਚ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਅਤੇ ਬੈਂਕ ਪ੍ਰਸ਼ਾਸਨ ਨੇ ਆਪਣਾ ਅੜੀਅਲ ਵਤੀਰਾ ਨਾ ਤਿਆਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article​ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਦੀ ਵਿਦਿਆਰਥਣ ਮੁਸਕਾਨ ਨੇ ਦਸਵੀਂ ‘ਚੋਂ ਜ਼ਿਲ੍ਹੇ ਭਰ ‘ਚੋਂ ਕੀਤਾ ਤੀਜਾ ਸਥਾਨ ਹਾਸਲ, ਸਕੂਲ ਦਾ ਨਤੀਜਾ ਰਿਹਾ 100 ਫੀਸਦੀ
Next articleਇੰਗਲਿਸ਼ ਚੈਨਲ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਬ੍ਰਿਟੇਨ ਭੇਜਣ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼