ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵੱਲੋਂ ਕਰਵਾਇਆ ਵਿਸ਼ਾਲ ਕਵੀ ਸੰਮੇਲਨ, ਦਲਜੀਤ ਸੋਨਾ ਦੇ ਉਪਰਾਲੇ ਦੀ ਹੋਈ ਭਰਪੂਰ ਸ਼ਲਾਘਾ
ਅੰਮ੍ਰਿਤਸਰ (ਸਮਾਜ ਵੀਕਲੀ) (ਗੁਰਭਿੰਦਰ ਗੁਰੀ): ਪੰਜਾਬੀ ਸਾਹਿਤ, ਸ਼ਾਇਰੀ ਅਤੇ ਸੱਭਿਆਚਾਰ ਨੂੰ ਸਮਰਪਿਤ ਇੱਕ ਯਾਦਗਾਰੀ ਸ਼ਾਮ ਉਸ ਵੇਲੇ ਸਾਕਾਰ ਹੋਈ ਜਦੋਂ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵੱਲੋਂ ਸਾਡਾ ਨਾਟ ਘਰ, ਅੰਮ੍ਰਿਤਸਰ ਵਿਖੇ ਸਵਰਗਵਾਸੀ ਪ੍ਰਸਿੱਧ ਗੀਤਕਾਰ ਨਿੰਮਾ ਲੁਹਾਰਕਾ ਦੀ ਪਵਿੱਤਰ ਯਾਦ ਨੂੰ ਸਮਰਪਿਤ ਵਿਸ਼ਾਲ ਕਵੀ ਸੰਮੇਲਨ ਕਰਵਾਇਆ ਗਿਆ। “ਇੱਕ ਸ਼ਾਮ ਸ਼ਾਇਰੀ ਦੇ ਨਾਮ” ਸਿਰਲੇਖ ਹੇਠ ਹੋਏ ਇਸ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਕਵੀਆਂ, ਸ਼ਾਇਰਾਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਨਿੰਮਾ ਲੁਹਾਰਕਾ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਉਸਤਾਦ ਸ਼ਾਇਰ ਉਲਫਤ ਬਟਾਲਵੀ, ਸਤਬੀਰ ਸਿੰਘ, ਡਾ. ਰਾਜਬੀਰ ਕੌਰ ਬੀਰ ਗਰੇਵਾਲ ਅਤੇ ਡਾ. ਜਸਵਿੰਦਰ ਨੇ ਹਾਜ਼ਰੀ ਭਰੀ। ਆਪਣੇ ਸੰਬੋਧਨ ਵਿੱਚ ਡਾ. ਰਾਜਬੀਰ ਕੌਰ ਬੀਰ ਗਰੇਵਾਲ ਨੇ ਕਿਹਾ ਕਿ ਸਵਰਗਵਾਸੀ ਨਿੰਮਾ ਲੁਹਾਰਕਾ ਦੀ ਯਾਦ ਵਿੱਚ ਅਜਿਹਾ ਸਾਹਿਤਕ ਸਮਾਗਮ ਕਰਵਾਉਣਾ ਦਲਜੀਤ ਸੋਨਾ ਵੱਲੋਂ ਇੱਕ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਅਤੇ ਕਲਾ ਸਮਾਜ ਦੀ ਰੂਹ ਹੁੰਦੇ ਹਨ ਅਤੇ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।ਉਸਤਾਦ ਸ਼ਾਇਰ ਉਲਫਤ ਬਟਾਲਵੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਿੰਮਾ ਲੁਹਾਰਕਾ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦੀ ਅਨਮੋਲ ਧਰੋਹਰ ਹਨ। ਉਨ੍ਹਾਂ ਕਿਹਾ ਕਿ ਚੰਗਾ ਸਾਹਿਤ ਕਦੇ ਨਹੀਂ ਮਰਦਾ ਅਤੇ ਮਹਾਨ ਲੇਖਕ ਆਪਣੀਆਂ ਰਚਨਾਵਾਂ ਰਾਹੀਂ ਸਦੀਆਂ ਤੱਕ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿੰਦੇ ਹਨ। ਕਵੀ ਸੰਮੇਲਨ ਵਿੱਚ ਸਤਿੰਦਰ ਸਿੰਘ ਓਠੀ, ਇਕਵਾਕ ਸਿੰਘ ਪੱਟੀ, ਮਨਿੰਦਰ ਸਿੰਘ ਨੁਸ਼ਹਿਰਾ, ਡਾ. ਰਾਜਬੀਰ ਕੌਰ ਬੀਰ ਗਰੇਵਾਲ, ਸਾਹਿਲ ਮਲਹੋਤਰਾ, ਅਰਜੁਨ ਗੁਪਤਾ, ਜਸਵਿੰਦਰ ਕੌਰ, ਗੁਰਮਨਦੀਪ ਸਿੰਘ, ਪ੍ਰਭਜੋਤ ਕੌਰ, ਹਰਸ਼, ਸਾਹਿਬ, ਯੁਵਰਾਜ ਅਤੇ ਵਾਨੀ ਸਮੇਤ ਕਈ ਉੱਘੇ ਅਤੇ ਉਭਰਦੇ ਕਵੀਆਂ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਨਜ਼ਮਾਂ ਪੇਸ਼ ਕਰਦਿਆਂ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਹਾਲ ਤਾਲੀਆਂ ਦੀ ਗੂੰਜ ਨਾਲ ਵਾਰ-ਵਾਰ ਗੂੰਜਦਾ ਰਿਹਾ ਅਤੇ ਦਰਸ਼ਕਾਂ ਨੇ ਹਰ ਰਚਨਾ ਨੂੰ ਭਰਪੂਰ ਦਾਦ ਦਿੱਤੀ। ਸਮਾਗਮ ਦਾ ਮੰਚ ਸੰਚਾਲਨ ਅਨਮੋਲ ਸਿੰਘਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੰਜੀਦੇ ਅੰਦਾਜ਼ ਵਿੱਚ ਕੀਤਾ। ਇਸ ਤੋਂ ਇਲਾਵਾ ਯੁਵਲੀਨ ਕੌਰ ਨੇ ਆਪਣੀ ਸ਼ਾਨਦਾਰ ਨ੍ਰਿਤ ਪੇਸ਼ਕਾਰੀ ਨਾਲ ਸੱਭਿਆਚਾਰਕ ਰੰਗ ਭਰਦਿਆਂ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ। ਇਸ ਮੌਕੇ ਸਾਹਿਤਕਾਰ ਅਤੇ ਰੰਗਕਰਮੀ ਦਲਜੀਤ ਸੋਨਾ ਦੀ ਨਵੀਂ ਨਾਟਕ ਪੁਸਤਕ ‘ਫੀਕੋ’ ਦਾ ਵੀ ਵਿਧੀਵਤ ਲੋਕ ਅਰਪਣ ਕੀਤਾ ਗਿਆ। ਬੁਲਾਰਿਆਂ ਨੇ ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਸ ਨੂੰ ਪੰਜਾਬੀ ਰੰਗਮੰਚ ਅਤੇ ਸਾਹਿਤ ਲਈ ਇੱਕ ਮਹੱਤਵਪੂਰਨ ਯੋਗਦਾਨ ਦੱਸਿਆ। ਸਮਾਗਮ ਦੌਰਾਨ ਸਵਰਗਵਾਸੀ ਨਿੰਮਾ ਲੁਹਾਰਕਾ ਦੀ ਧਰਮਪਤਨੀ ਸ਼੍ਰੀਮਤੀ ਰਾਜਵਿੰਦਰ ਕੌਰ ਅਤੇ ਉਨ੍ਹਾਂ ਦੇ ਪੁੱਤਰ ਗੁਰਮਨਦੀਪ ਸਿੰਘ ਗੈਰੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਉਸਤਾਦ ਸ਼ਾਇਰ ਉਲਫਤ ਬਟਾਲਵੀ, ਡਾ. ਰਾਜਬੀਰ ਕੌਰ ਬੀਰ ਗਰੇਵਾਲ, ਸਤਬੀਰ ਸਿੰਘ, ਡਾ. ਜਸਵਿੰਦਰ ਕੌਰ ਅਤੇ ਸਾਹਿਲ ਮਲਹੋਤਰਾ ਨੂੰ ਵੀ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਦਲਜੀਤ ਸੋਨਾ ਅਤੇ ਮਨਿੰਦਰ ਸਿੰਘ ਨੁਸ਼ਹਿਰਾ ਵੱਲੋਂ ਸਮਾਗਮ ਵਿੱਚ ਭਾਗ ਲੈਣ ਵਾਲੇ ਸਾਰੇ ਕਵੀਆਂ ਨੂੰ ਸਨਮਾਨ ਪੱਤਰ ਦੇ ਕੇ ਉਨ੍ਹਾਂ ਦੀ ਸਾਹਿਤਕ ਸੇਵਾ ਦਾ ਮਾਣ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਹਾਜ਼ਰ ਮਹਿਮਾਨਾਂ ਅਤੇ ਦਰਸ਼ਕਾਂ ਲਈ ਰਿਫਰੈਸ਼ਮੈਂਟ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਭਾਵਨਾਵਾਂ, ਸਾਹਿਤ, ਸ਼ਾਇਰੀ ਅਤੇ ਸੱਭਿਆਚਾਰ ਨਾਲ ਰੰਗਿਆ ਇਹ ਸਮਾਗਮ ਹਰ ਪੱਖੋਂ ਸਫ਼ਲ ਅਤੇ ਯਾਦਗਾਰ ਸਾਬਤ ਹੋਇਆ। ਹਾਜ਼ਰ ਸਾਹਿਤਕਾਰਾਂ ਅਤੇ ਦਰਸ਼ਕਾਂ ਨੇ ਇਸ ਉਪਰਾਲੇ ਨੂੰ ਪੰਜਾਬੀ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਇੱਕ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਆਯੋਜਕਾਂ ਨੂੰ ਵਧਾਈ ਦਿੱਤੀ। ਸਮਾਗਮ ਨੇ ਸਵਰਗਵਾਸੀ ਨਿੰਮਾ ਲੁਹਾਰਕਾ ਦੀਆਂ ਯਾਦਾਂ ਨੂੰ ਮੁੜ ਸੁਰਜੀਤ ਕਰਦਿਆਂ ਪੰਜਾਬੀ ਸ਼ਾਇਰੀ ਅਤੇ ਸਾਹਿਤ ਦੇ ਪ੍ਰੇਮੀਆਂ ਦੇ ਮਨਾਂ ‘ਤੇ ਅਮਿੱਟ ਛਾਪ ਛੱਡੀ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






