HOME ਇੰਗਲਿਸ਼ ਚੈਨਲ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਬ੍ਰਿਟੇਨ ਭੇਜਣ ਵਾਲੇ ਵੱਡੇ...

ਇੰਗਲਿਸ਼ ਚੈਨਲ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਬ੍ਰਿਟੇਨ ਭੇਜਣ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼

1
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)-ਬਿ੍ਟਿਸ ਮੀਡੀਏ ਬੀ.ਬੀ.ਸੀ ਦੀ ਇੱਕ ਖ਼ਾਸ ਜਾਂਚ ਦੌਰਾਨ ਇੰਗਲਿਸ਼ ਚੈਨਲ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਬ੍ਰਿਟੇਨ ਭੇਜਣ ਵਾਲੇ ਇੱਕ ਵੱਡੇ ਮਨੁੱਖੀ ਤਸਕਰੀ ਗਿਰੋਹ ਦੇ ਮੁੱਖ ਸਰਗਣਾ ਦੀ ਪਹਿਚਾਣ ਸਾਹਮਣੇ ਆਈ ਹੈ। ਜਾਂਚ ਅਨੁਸਾਰ “ਕਾਰਡੋ ਰਾਨਿਆ” ਦੇ ਨਾਂਅ ਨਾਲ ਜਾਣਿਆ ਜਾਣ ਵਾਲਾ 28 ਸਾਲਾ ਇਰਾਕੀ ਕੁਰਦ ਕਈ ਸਾਲਾਂ ਤੋਂ ਪੁਲਿਸ ਅਤੇ ਅੰਤਰਰਾਸ਼ਟਰੀ ਜਾਂਚ ਏਜੰਸੀਆਂ ਤੋਂ ਬਚਦਾ ਆ ਰਿਹਾ ਸੀ। ਬੀ.ਬੀ.ਸੀ. ਦੀ ਜਾਂਚ ਵਿਚ ਉਸ ਦਾ ਅਸਲੀ ਨਾਂਅ “ਕਾਰਡੋ ਮੁਹੰਮਦ ਅਮੀਨ ਜਾਫ” ਦੱਸਿਆ ਗਿਆ ਹੈ। ਉਹ ਇਰਾਕੀ ਕੁਰਦਿਸਤਾਨ ਦੇ ਰਾਨਿਆ ਖੇਤਰ ਨਾਲ ਸਬੰਧਤ ਹੈ ਅਤੇ ਉਸ ਦੇ ਗਿਰੋਹ ‘ਤੇ ਅਫ਼ਗਾਨਿਸਤਾਨ ਤੋਂ ਲੈ ਕੇ ਬ੍ਰਿਟੇਨ ਤੱਕ ਗ਼ੈਰਕਾਨੂੰਨੀ ਰਸਤੇ ਰਾਹੀਂ ਲੋਕਾਂ ਨੂੰ ਪਹੁੰਚਾਉਣ ਦੇ ਦੋਸ਼ ਹਨ। ਬ੍ਰਿਟੇਨ ਦੀ ਕੌਮੀ ਅਪਰਾਧ ਏਜੰਸੀ ਦੇ ਅਧਿਕਾਰੀਆਂ ਅਨੁਸਾਰ ਇੰਗਲਿਸ਼ ਚੈਨਲ ਰਾਹੀਂ ਹੋਣ ਵਾਲੀਆਂ ਛੋਟੀਆਂ ਕਿਸ਼ਤੀਆਂ ਦੀਆਂ ਜ਼ਿਆਦਾਤਰ ਯਾਤਰਾਵਾਂ ਕੁਰਦ ਤਸਕਰ ਗਿਰੋਹਾਂ ਦੇ ਕਬਜ਼ੇ ਹੇਠ ਹਨ। ਜਾਂਚ ਦੌਰਾਨ ਫਰਾਂਸ ਦੇ ਪ੍ਰਵਾਸੀ ਕੈਂਪਾਂ ਤੋਂ ਲੈ ਕੇ ਇਰਾਕੀ ਕੁਰਦਿਸਤਾਨ ਤੱਕ ਕਈ ਸਰੋਤਾਂ ਨਾਲ ਗੱਲਬਾਤ ਕਰਕੇ ਇਸ ਗਿਰੋਹ ਦੇ ਕੰਮ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ। ਰਿਪੋਰਟ ਵਿਚ ਦੱਸਿਆ ਗਿਆ ਕਿ ਇਹ ਗਿਰੋਹ ਇੱਕ ਵਿਅਕਤੀ ਨੂੰ ਇਰਾਕ ਤੋਂ ਬ੍ਰਿਟੇਨ ਪਹੁੰਚਾਉਣ ਲਈ ਲਗਭਗ 17 ਹਜ਼ਾਰ ਯੂਰੋ ਤੱਕ ਵਸੂਲਦਾ ਸੀ। ਗਿਰੋਹ ਆਪਣੇ ਆਪ ਨੂੰ “ਸੁਰੱਖਿਅਤ ਯਾਤਰਾ” ਦੇਣ ਵਾਲਾ ਦੱਸਦਾ ਸੀ ਅਤੇ ਵੱਡੀ ਰਕਮ ਦੇਣ ਵਾਲਿਆਂ ਲਈ ਖ਼ਾਸ ਸਹੂਲਤਾਂ ਦੀ ਪੇਸ਼ਕਸ਼ ਕਰਦਾ ਸੀ। ਜਾਂਚ ਦੌਰਾਨ ਰਾਨਿਆ ਸ਼ਹਿਰ ਦੇ 24 ਸਾਲਾ ਨੌਜਵਾਨ ਸ਼ਵਾਨਾ ਦਾ ਮਾਮਲਾ ਵੀ ਸਾਹਮਣੇ ਆਇਆ, ਜੋ ਪਿਛਲੇ ਸਾਲ ਫਰਾਂਸ ਤੋਂ ਬ੍ਰਿਟੇਨ ਆਉਂਦੇ ਸਮੇਂ ਕਿਸ਼ਤੀ ਡੁੱਬਣ ਕਾਰਨ ਲਾਪਤਾ ਹੋ ਗਿਆ ਸੀ। ਉਸ ਦੇ ਪਰਿਵਾਰ ਨੇ ਦੱਸਿਆ ਕਿ ਬ੍ਰਿਟੇਨ ਵਿਚ ਚੰਗੀ ਜ਼ਿੰਦਗੀ ਦੇ ਸੁਪਨੇ ਦਿਖਾਉਣ ਵਾਲੀਆਂ ਸਮਾਜਿਕ ਮੀਡੀਆ ਵਿਗਿਆਪਨਾਂ ਨੇ ਉਸ ਨੂੰ ਇਹ ਖ਼ਤਰਨਾਕ ਯਾਤਰਾ ਕਰਨ ਲਈ ਪ੍ਰੇਰਿਆ ਸੀ। ਬੀ.ਬੀ.ਸੀ. ਦੀ ਟੀਮ ਨੇ ਇੱਕ ਮੋਬਾਈਲ ਨੰਬਰ ਰਾਹੀਂ ਕਾਰਡੋ ਜਾਫ ਨਾਲ ਸੰਪਰਕ ਵੀ ਕੀਤਾ। ਉਸ ਨੇ ਆਪਣੇ ਉੱਤੇ ਲੱਗੇ ਮਨੁੱਖੀ ਤਸਕਰੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਸਿਰਫ਼ ਲੋਕਾਂ ਨੂੰ ਇਰਾਕ ਤੋਂ ਬਾਹਰ ਜਾਣ ਬਾਰੇ ਸਲਾਹ ਦਿੰਦਾ ਸੀ। ਹਾਲਾਂਕਿ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਉਹ ਕਈ ਸਾਲਾਂ ਤੋਂ ਯੂਰਪ ਅਤੇ ਬ੍ਰਿਟੇਨ ਵਿਚ ਗ਼ੈਰਕਾਨੂੰਨੀ ਪ੍ਰਵਾਸੀ ਜਾਲ ਚਲਾ ਰਿਹਾ ਸੀ। ਇਸ ਮਾਮਲੇ ਵਿਚ ਉਸ ਦੇ ਇੱਕ ਸਾਥੀ ਨੂੰ ਫਰਾਂਸ ਦੀ ਅਦਾਲਤ ਵੱਲੋਂ 10 ਸਾਲ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ। ਬੀ.ਬੀ.ਸੀ. ਦੀ ਜਾਂਚ ਤੋਂ ਬਾਅਦ ਕਾਰਡੋ ਜਾਫ ਦੀ ਪਹਿਚਾਣ ਸਾਹਮਣੇ ਆਉਣ ਨਾਲ ਯੂਰਪੀ ਜਾਂਚ ਏਜੰਸੀਆਂ ਲਈ ਉਸ ਦੀ ਭਾਲ ਆਸਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਫਰੀਦਕੋਟ ਦੇ ਨੌਜਵਾਨਾਂ ਦੀ ਮੌਤ ਦਾ ਇਨਸਾਫ਼ ਮੰਗ ਰਹੀ ਭਾਕਿਯੂ ਏਕਤਾ ਸਿੱਧੂਪੁਰ
Next articleਦੱਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ