(ਸਮਾਜ ਵੀਕਲੀ)
ਸਾਵਣ ਦਾ ਮਹੀਨਾ ਲੰਘ ਚੱਲਿਆ ਭਾਦੋਂ ਭੱਜੀ ਆਉਂਦੀ ਐ।
ਪ੍ਰਦੇਸ ਵਸੇਂਦਿਆ ਸੱਜਣਾ ਵੇ ਤੇਰੀ ਯਾਦ ਸਤਾਉਂਦੀ ਐ ।
ਦੂਰ ਵਸੇਂਦਿਆ ਸੱਜਣਾ ਵੇ ਜਿੰਦ ਸਾਡੀ ਤਰਲੇ ਪਾਉਂਦੀ ਐ।
ਨਾ ਤੂੰ ਖ਼ੁਦ ਆਇਆ ਨਾ ਹੀ ਸਾਨੂੰ ਕੋਲ਼ ਬੁਲਾਇਆ ਵੇ ।
ਵਾਅਦੇ ਜੋ ਵੀ ਕਰੇ ਸੀ ਇੱਕ ਨਾ ਪੂਰ ਚੜ੍ਹਾਇਆ ਵੇ ।
ਜਿੰਦ ਜੋਬਨ ਵਾਲ਼ੀ ਰੁੱਤ ਵਿੱਚ ਵੀ ਜਾਂਦੀ ਮੁਰਝਾਉਂਦੀ ਐ ।
ਸਾਡੇ ਤਨ ਤੇ ਮਨ ਦੀਆਂ ਸੱਧਰਾਂ ਹੋ ‘ਗੀਆਂ ਲੀਰਾਂ ਲੀਰਾਂ ਵੇ ।
ਅਸੀਂ ਦਿਲ ਦੇ ਰਾਜੇ ਹੋ ਕੇ ਬਹਿ ਗਏ ਵਾਂਗ ਫਕੀਰਾਂ ਵੇ ।
ਕੀ ਕਰਾਂ ਕਿੱਧਰ ਨੂੰ ਜਾਵਾਂ ਰੱਤਾ ਵੀ ਸਮਝ ਨਾ ਆਉਂਦੀ ਐ।
ਦੱਸ ਭਲਾਂ ਕੀ ਪੌਡਾਂ ਨੂੰ ਕਰਨਾ ਕੋਲ਼ ਜੇ ਹਾਣੀ ਨਾ ਹੋਵੇ ।
ਕੀ ਨੇ ਡਾਲਰ ਧੋ ਧੋ ਪੀਣੇਂ ਵਸਲ ਦਾ ਪਾਣੀ ਨਾ ਹੋਵੇ ।
ਸੀਨਾਂ ਭੱਠੀਆਂ ਵਾਂਗੂੰ ਤਪਦਾ ਏ ਨਾਲ਼ੇ ਰੂਹ ਕੁਰਲਾਉਂਦੀ ਐ।
ਤੇਰਾ ਪੱਗ ਵੱਟ ਦੋਸਤ ਰੁਲ਼ਦੂ ਰੋਜ਼ ਆ ਮੱਥਾ ਟੇਕੇ ਵੇ ।
ਤੇਰੀ ਮਾਂ ਨਾਲ਼ ਗੱਲਾਂ ਕਰਦਾ ਵੀ ਮੇਰੇ ਵੱਲ ਵੇਖੇ ਵੇ ।
ਇੱਕ ਪੀੜ ਅਵੱਲੀ ਨਿੱਤ ਨਵਾਂ ਕੋਈ ਗੀਤ ਲਿਖਾਉਂਦੀ ਐ।
ਤੇਰਾ ਪਿੰਡ ਰੰਚਣਾਂ ਤੇਰੇ ਬਿਨਾਂ ਹੈ ਸੁੰਨਾਂ ਜਾਪਦਾ ਵੇ ।
ਐਨਾ ਡੰਡ ਦਿੱਤਾ ਤੂੰ ਸਾਨੂੰ ਦੱਸ ਦੇ ਕਿਹੜੇ ਪਾਪ ਦਾ ਵੇ ।
ਤੈਨੂੰ ਸੁਪਨੇ ਵਿੱਚ ਨਿੱਤ ਵਾਜਾਂ ਮਾਰ ਤੇਰੀ ਜਾਨ ਬੁਲਾਉਂਦੀ ਐ।
ਮੂਲ ਚੰਦ ਸ਼ਰਮਾ। 99148 36037



