ਮਾਲਵਿੰਦਰ ਸ਼ਾਇਰ
(ਸਮਾਜ ਵੀਕਲੀ) ਸਾਬਕਾ ਚੇਅਰਮੈਨ ਘਸੀਟਾ ਰਾਮ ਲੱਤ ਘਸੀਟ ਜੀ ਦੀ ਹੈਂਕੜ ਆਹ ਪੰਚਾਇਤੀ ਚੋਣਾਂ ਵਿੱਚ ਵੀ ਸਿਖਰ ‘ਤੇ ਸੀ। ਸ੍ਰੀ ਮਾਨ ਲੱਤ ਘਸੀਟ ਜੀ ਪਿੰਡ ਦੀ ਭਲਾਈ ਲਈ ਹੁੰਦੀ ਹਰਿੱਕ ਮੀਟਿੰਗ ਵਿੱਚ ਜਾਂਦੇ ਅਤੇ ਆਪਣੀ ਲੱਤ ਨੂੰ ਘਸੀਟ ਕੇ ਹਰ ਗੱਲ ਵਿੱਚ ਫਸਾ ਦਿੰਦੇ ਜਿਸਨੂੰ ਮੁਹਾਵਰੇਦਾਰ ਭਾਸ਼ਾ ਵਿੱਚ ‘ਟੰਗ ਅੜਾਉਣਾ‘ ਆਖ ਦੇਣਾ ਵੀ ਕੋਈ ਅਤਿ–ਕਥਨੀ ਨਹੀਂ ਹੋਵੇਗਾ। ਇਸ ਵਾਰ ਜਦੋਂ ਪਿੰਡ ਵਿੱਚ ਸਰਪੰਚ ਦੇ ਅਹੁਦੇਦਾਰ ‘ਤੇ ਸਰਬਸੰਮਤੀ ਹੋਣ ਲੱਗੀ ਤਾਂ ਸ੍ਰੀ ਲੱਤ ਘਸੀਟ ਜੀ ਬੋਲੇ,
“ਦੇਖੋ ਜੀ ਸਰਬਸੰਮਤੀ ਇਉਂ ਵੀ ਕਿਤੇ ਹੁੰਦੀ ਐ…ਪਿੰਡ ਵਿੱਚ ਅਸੀਂ ਵੀ ਰਹਿਣੇ ਆਂ…ਕਿ ਮਰ ‘ਗੇ ਸਮਝਦੇ ਓ…।“
“ਸ਼ੁਭ ਬਚਨ ਬੋਲੋ ਲੱਤ ਘਸੀਟ ਜੀ…ਮਰੀ ਤੁਹਾਡੀ ਜ਼ਮੀਰ ਹੋ ਸਕਦੀ ਐ…ਤੁਸੀਂ ਤਾਂ ਵੈਸੇ ਜਿਉਂਦੇ ਈ ਓ। ਸਾਨੂੰ ਤਾਂ ਤੁਹਾਡੇ ਇਸ ਪਿੰਡ ‘ਤੇ ਕੀਤੇ ਅਹਿਸਾਨ ਹਾਲੇ ਤੱਕ ਨਹੀਂ ਭੁੱਲਦੇ। ਤੁਸੀਂ ਇੱਕ ਸਾਹਿਕਾਰੀ ਬੈਂਕ ਦਾ ਚੇਅਰਮੈਨ ਬਣਨ ਲਈ ਕਿੰਨੇ ਪਾਪੜ ਵੇਲੇ… ਉਸ ਬੈਂਕ ਤੋਂ ਡਾਹਢਾ ਲੋਨ ਲਿਆ…ਫਿਰ ਉਸ ਬੈਂਕ ਵਿੱਚ ਵੋਟ ਬਣਾਈ…ਫਿਰ ਉਸਦੇ ਡਾਇਰੈਕਟਰ ਬਣੇ…ਸਾਰੇ ਡਾਇਰੈਕਟਰਾਂ ਨੇ ਵੱਡਾ ਲੋਨ ਲੈਣ ਵਾਲਾ ਗਾਹਕ ਹੋਣ ਕਰਕੇ ਤੁਹਾਨੂੰ ਚੇਅਰਮੈਨ ਚੁਣਿਆ। ਜਦੋਂ ਤੁਹਾਡੀ ‘ ਚੇਅਰਮੈਨ‘ ਨਾਂਅ–ਪਲੇਟ ਵਾਲੀ ਗੱਡੀ ਪਿੰਡ ਜਾਂ ਬਜ਼ਾਰ ਵਿੱਚ ਘੁੰਮਦੀ ਤਾਂ ਲੋਕਾਂ ਨੂੰ ਦੂਰੋਂ ਹੀ ਪਤਾ ਚੱਲ ਜਾਂਦਾ ਬਈ ਆਹ ਗੱਡੀ ਵਾਲੇ ਬਾਈ ਨੇ ਵੀ ਬੈਂਕ ਤੋਂ ਚੋਖਾ ਲੋਨ ਲਿਆ ਹੋਇਆ ਹੈ…ਗੱਡੀ ‘ਤੇ ਨੇਮ–ਪਲੇਟ ਲਾਕੇ ਖ਼ੁਦ ਹੀ ਸਰਟੀਫਿਕੇਟ ਚੁੱਕੀ ਫਿਰਦੈ। ਜੇਕਰ ਤੁਸੀਂ ਆਪਣਾ ਨਿਆਈਂ ਆਲਾ ਕਿੱਲਾ ਵੇਚਕੇ ਆਪਣਾ ਲੋਨ ਨਾ ਭਰਦੇ ਤਾਂ ਤੁਹਾਡੀ ਆਪਣੀ ਜ਼ਮੀਨ ਤਾਂ ਕੁਰਕ ਹੋ ਜਾਂਦੀ ਪਰ ਚੇਅਰਮੈਨੀ ਸ਼ਾਇਦ ਕੁਰਕ ਹੋਣੋ ਬਚ ਜਾਂਦੀ…ਮੇਰੇ ਖ਼ਿਆਲ ਮੁਤਾਬਿਕ ਤੁਹਾਡੇ ਬੈਂਕ ਤੋਂ ਡਿਫ਼ਾਲਟਰ ਹੋਣ ਕਰਕੇ ਹੀ ਤੁਸੀਂ ‘ਸਾਬਕਾ‘ ਚੇਅਰਮੈਨ ਬਣੇ ਸੀ…ਚਾਹੇ ਤੁਹਾਨੂੰ ਕੋਈ ਦੁਰ–ਫਿੱਟੇ ਮੂੰਹ ਕਹਿੰਦਾ ਹੋਵੇ ਪਰ ਸਾਨੂੰ ਤੁਹਾਡੇ ‘ਤੇ ਮਾਣ ਹੈ।” ਇਕੱਠ ਵਿੱਚੋਂ ਜੱਗੂ ਪਾੜ੍ਹੇ ਨੇ ਆਪਣਾ ਢਿੱਡ ਫਰੋਲਦਿਆਂ ਕਟਾਖਸ਼ ‘ਚ ਕਿਹਾ।
“ਓ ਛੱਡੋ ਜੀ ਪੁਰਾਣੀ ਗੱਲ…ਅੱਜ ਦੀ ਗੱਲ ‘ਤੇ ਆਓ…।” ਸ੍ਰੀ ਲੱਤ ਘਸੀਟ ਨੇ ਕਿਹਾ।
” ਕਿੱਥੇ ਆਈਏ…ਲੁਕੇਸ਼ਨ ਦੱਸੋ ?” ਚਾਰ ਚੁਫ਼ੇਰ ਝਾਕਦਿਆਂ ਇੱਕ ਨੇ ਕਿਹਾ।
” ਓ ਰਹਿਣਾ ਤਾਂ ਇੱਥੇ ਈ ਐ…ਮੈਂ ਤਾਂ ਕਹਿਣਾ ਬਈ ਪਿੰਡ ਦੇ ਪਤਵੰਤੇ ਸੱਜਣੋਂ…ਸਰਪੰਚ ਮੈਂ ਜਾਂ ਮੇਰੇ ਪੁੱਤਰ ਟੁੰਡੀਲਾਟ ਰਾਮ ਉਰਫ਼ ਨਿਘੋਚੀ ਨੂੰ ਪ੍ਰਵਾਨ ਕਰੋ…ਨਹੀਂ ਫਿਰ ਪਿੰਡ ਵਿੱਚ ਚੋਣ ਡੰਕਾ ਵਜਾ ਦਿਓ ।” ਲੱਤ ਘਸੀਟ ਨੇ ਕਿਹਾ।
ਇਹ ਸੁਣਕੇ ਸਾਰੇ ਘੁਸਰ–ਮੁਸਰ ਕਰਨ ਲੱਗੇ ,
” ਦੇਖੋ ਜੀ ਇਹ ਤਾਂ ਦੋਨੋਂ ਜਣੇ ਸਾਨੂੰ ਮਨਜ਼ੂਰ ਨਹੀਂ…ਕਿਉਂਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਇਨ੍ਹਾਂ ਦਾ ਤਾਂ ਕੋਈ ਸਟੈਂਡ ਹੀ ਨਹੀਂ…ਇਹ ਦਲ–ਬਦਲੂ ਪਿਓ–ਪੁੱਤ ਇੱਕ ਮਹੀਨੇ ‘ਚ ਆਪਦੇ ਲੀੜਿਆਂ ਵਾਂਗ ਪਾਰਟੀਆਂ ਬਦਲਦੇ ਆ… ਤੇ ਨਾਲ਼ੇ ਲੋਕਾਂ ਦੇ ਘਰਾਂ ਵਿੱਚ ‘ਅੱਗ ਲਗਾਈ, ਡੱਬੂ ਕੰਧ ‘ਤੇ‘ ਵਾਲਾ ਰੋਲ ਵੀ ਬਾਖ਼ੂਬੀ ਕਰਦੇ ਆ …ਆਪਣੇ ਨਿਜੀ ਮੁਫ਼ਾਦਾਂ ਲਈ ਤਾਂ ਇਨ੍ਹਾਂ ਨੂੰ ਬੇਇੱਜ਼ਤੀ ਵੀ ਦੁੱਧ–ਘਿਓ ਵਾਂਗੂੰ ਲੱਗਦੀ ਐ… ਹੁਣ ਆਪਣੀਆਂ ਗੱਲਾਂ ਦੀ ਇਨ੍ਹਾਂ ਦੇ ਕਿਹੜਾ ਜੂੰ ਸਰਕਦੀ ਆ।“
“ਫਿਰ ਕੀ ਹੋਣਾ ਚਾਹੀਦਾ ਹੈ…?” ਲੱਤ ਘਸੀਟ ਨੇ ਪੁੱਛਿਆ।
ਲੋਕਾਂ ਦੀ ਆਵਾਜ਼ ਆਈ,”ਅਸੀਂ ਤਾਂ ਜੀ ਆਪਣਾ ਸਰਪੰਚ ਸਨਮੁੱਖ ਸਿੰਘ ਕੁੱਤਿਆਂ ਵਾਲੇ ਨੂੰ ਚੁਣਦੇ ਹਾਂ…।“
“ਚਲੋ ਖੈਰ…ਪਰ ਇਸ ਵਿੱਚ ਸਿਆਸੀ ਪਹੁੰਚ ਵਾਲਾ ਬੰਦਾ ਹੀ ਕਾਮਯਾਬ ਹੁੰਦੈ…ਜਿਵੇਂ ਕਿ ਮੈਂ ਤੇ ਮੇਰਾ ਮੁੰਡਾ … ਪਾਰਟੀ–ਪੂਰਟੀ ਬਦਲਣ ਬਾਰੇ ਛੱਡੋ… ਇਹ ਫੇਰ–ਬਦਲ ਤਾਂ ਹੁੰਦੇ ਈ ਰਹਿੰਦੇ ਆ।” ਲੱਤ ਘਸੀਟ ਦੀ ਮੁੱਛ ਤੋਂ ਘਮੰਡ ਹਾਲੇ ਵੀ ਉੱਤਰਨ ਦਾ ਨਾਂਅ ਨਹੀਂ ਲੈ ਰਿਹਾ ਸੀ।
ਜਦੋਂ ਇਕੱਠ ਵਿੱਚ ਸ਼ਾਮਲ ਨਗਰ ਨਿਵਾਸੀ ਨਾ ਮੰਨੇ ਤਾਂ ਸ੍ਰੀ ਮਾਨ ਲੱਤ ਘਸੀਟ ਜੀ ਆਪਣੇ ਘਸੇ–ਪਿਟੇ ਮਸ਼ਵਰੇ ਲੈ ਕੇ ਗੁੱਸੇ ਨਾਲ਼ ਲੋਹੇ ਲਾਖੇ ਹੋਏ ਉੱਥੋਂ ਖਿਸਕਦਿਆਂ ਸਨਮੁੱਖ ਸਿੰਘ ਕੁੱਤਿਆਂ ਵਾਲੇ ਦੇ ਕੰਨ ਵਿੱਚ ਫੂਕ ਮਾਰ ਗਏ,” ਮੇਰੇ ਮੁੰਡੇ ਟੁੰਡੀਲਾਟ ਰਾਮ ਨਿਘੋਚੀ ‘ਤੇ ਆਪਣੀ ਸਵੱਲੀ ਨਜ਼ਰ ਰੱਖੀਂ।“
ਪਰ ਸ੍ਰੀ ਲੱਤ ਘਸੀਟ ਜੀ ਨੇ ਸ੍ਰੀ ਕੁੱਤਿਆਂ ਵਾਲੇ ਵੱਲੋਂ ਉਨ੍ਹਾਂ ਦੇ ਪੁੱਤਰ ‘ਤੇ ਸਵੱਲੀ ਨਜ਼ਰ ਰੱਖਣ ਦਾ ਟਾਇਮ ਹੀ ਨਹੀਂ ਦਿੱਤਾ ਕਿਉਂਕਿ ਉਨ੍ਹਾਂ ਨੇ ਸਾਰੇ ਪਿੰਡ ਵਿੱਚ ਪਹਿਲਾਂ ਹੀ ਤਰਥੱਲੀ ਮਚਾ ਦਿੱਤੀ। ਪਿੰਡ ਨੂੰ ਧਰਮਾਂ, ਜਾਤਾਂ, ਗੋਤਾਂ ਆਦਿ ਵਿੱਚ ਵੰਡਣ ਦੀ ਉਨ੍ਹਾਂ ਨੇ ਆਪਣੀ ਕੋਝ ਭਰੀ ਭੈੜੀ ਚਾਲ ਚੱਲਣ ਤੋਂ ਗੁਰੇਜ਼ ਹੀ ਨਹੀਂ ਕੀਤਾ। ਸ਼ਾਮਾਂ ਪੈਣ ਤੱਕ ਘਰ ਘਰ ਗੱਲਾਂ ਹੋਣ ਲੱਗ ਪਈਆਂ ਸਰਪੰਚੀ ਤੇ ਪੰਚੀ ਦੀਆਂ। ਸਿਆਸੀ ਪੈਂਤੜਬਾਜ਼ਾਂ ਨੇ ਆਪਣੇ ਟਰੰਕਾਂ ‘ਚੋਂ ਜਾਤੀ ਸਰਟੀਫਿਕੇਟ ਅਤੇ ਹੋਰ ਕਾਗ਼ਜ਼ਾਤ ਕੱਢ ਲਏ। ਰਾਖਵੀਆਂ ਸ਼੍ਰੇਣੀਆਂ ਵਾਲੇ ਸਿਆਸੀ ਨੇਤਾ ਅਤੇ ਜਨਰਲ ਕੈਟਾਗਰੀ ਵਾਲੇ ਨੇਤਾ ਕੁੱਤੇ ਤੇ ਬਿੱਲੀ ਵਾਂਗੂੰ ਇੱਕ ਦੂਜੇ ਵੱਲ ਕੌੜ–ਕੌੜ ਝਾਕਣ ਲੱਗ ਪਏ । ਪਰ ਸ੍ਰੀ ਲੱਤ ਘਸੀਟ ਦੇ ਕੁੱਝ ਕੁ ਵਾਕਫ਼ ਦਾਨਸ਼ਵਰਾਂ ਨੇ ਉਸ ਵੱਲੋਂ ਸੁੱਟੇ ਜਾਂਦੇ ਨਫ਼ਰਤ ਦੇ ਬੰਬਾਂ ਨੂੰ ਨਾਕਾਮ ਕਰਨ ਦੀ ਜੁਗਤ ਬਣਾਈ। ਹੁਣ ਸ੍ਰੀ ਲੱਤ ਘਸੀਟ ਜੀ ਸਮੁੱਚੇ ਪਿੰਡ ਵਿੱਚ ਆਪਣੇ ਸਿਆਸੀ ਪਰ ਤੋਲਣ ਦੇ ਯਤਨ ਕਰਨ ਲੱਗ ਪਏ। ਉਹ ਆਪਣੀ ਸਿਆਸੀ ਬੰਦੂਕ ਦੂਜੇ ਦੇ ਮੋਢੇ ‘ਤੇ ਰੱਖਣ ਲੱਗ ਪਏ। ਉਨ੍ਹਾਂ ਦੀ ਇਹ ਸਾਜ਼ਿਸ਼ ਵੀ ਨਾਕਾਮ ਸਿੱਧ ਹੋਈ। ਅੰਤ ਵਿੱਚ ਉਹ ਆਪਣੀ ਘਰਵਾਲੀ ਦੁੱਖਵੰਤੀ ਦੇਵੀ ਨੂੰ ਪੁੱਛਣ ਲੱਗੇ,
” ਦੇਖ ਭਾਗਵਾਨੇ…ਕਿਸੇ ਬਾਬੇ ਦਾ ਤਵੀਤ ਈ ਕਰਾ ਲਿਆ…ਹੋ ਸਕਦੈ ਤੇਰਾ ਕੀਤਾ ਦੁਰਉਪਕਾਰ ਹੀ ਕੰਮ ਆ ਜਾਏ।“
“ਦੇਖੋ ਜੀ ਮੈਂ ਤਾਂ ਤੁਹਾਨੂੰ ਹੁਣ ਪੰਜ ਬਦਾਮਾਂ ਦੀ ਥਾਵੇਂ ਦਸ ਬਾਦਾਮ ਭਿਓਂ ਕੇ ਦੇਨੀ ਆਂ ਜਦੋਂ ਦੀ ਤੁਸੀਂ ਚੋਣਾਂ ਬਾਰੇ ਗੱਲ ਕੀਤੀ ਆ…ਕੋਈ ਨਾ ਰੋਹੀ ਆਲੇ ਬਾਬੇ ਭੜਕੀਲੇ ਦਾਸ ਚੰਗਿਆੜਿਆਂ ਵਾਲੇ ਕੋਲ ਵੀ ਜਾਕੇ ਆਉਣੀ ਆਂ…ਲਿਆਉਣੀ ਆਂ ਕੋਈ ਤਵੀਤ–ਧਾਗਾ…।“
ਸਵੇਰੇ ਸ੍ਰੀ ਲੱਤ ਘਸੀਟ ਦੀ ਘਰਵਾਲੀ ਬਾਬੇ ਚੰਗਿਆੜਿਆਂ ਵਾਲੇ ਕੋਲ ਚਲੀ ਗਈ ਅਤੇ ਸ੍ਰੀ ਲੱਤ ਘਸੀਟ ਆਪਣੇ ਪੁੱਤਰ ਦੀ ਪੈਂਚਰ ਹੋਈ ਕਿਸਮਤ ਨੂੰ ਪੱਕਾ ਪੈੰਚਰ ਲਾਉਣ ਦੀ ਤਜਵੀਜ਼ ਲੈਕੇ ਦਰ–ਦਰ ਠੋਕਰਾਂ ਖਾ ਹੀ ਰਿਹਾ ਸੀ ਕਿ ਅਚਾਨਕ ਉਸਨੂੰ ਸਮਝੌਤੇ ਲਈ ਇੱਕ ਪਾਰਟੀ ਦਾ ਸੁਨੇਹਾ ਆ ਗਿਆ,
“ਦੱਸੋ ਲੱਤ ਘਸੀਟ ਜੀ ਤੁਸੀਂ ਕੀ ਚਾਹੁੰਦੇ ਹੋ ਤਾਂ ਕਿ ਤੁਹਾਨੂੰ ਆਪਣੀ ਜ਼ਿਆਦਾ ਲੱਤ ਘਸੀਟਣ ਦੀ ਉੱਕਾ ਲੋੜ ਨਾ ਪਵੇ…?”
“ਚਲੋ ਠੀਕ ਐ ਜੀ ਤੁਸੀਂ ਪਿੰਡ ਦੀ ਪੰਚਾਇਤੀ ਚੋਣ ਵਿੱਚ ਬਹੁਮੱਤ ਹਾਸਲ ਕਰ ਲਓ…ਅਸੀਂ ਪਿਓ–ਪੁੱਤ ਥੋਡੇ ਨਾਲ਼ ਆਂ ।“
“…ਤੇ ਫਿਰ ਕੋਈ ਤੁਹਾਡੀ ਸ਼ਰਤ…!”
“…ਬੱਸ ਮੂਹਰੇ ਹੋਣ ਵਾਲੀਆਂ ਬਲਾਕ ਸੰਮਤੀ ਚੋਣਾਂ ਖ਼ਾਤਿਰ ਤੁਸੀਂ ਮੇਰੇ ਲਈ ਮਦੱਦ…।“
” …ਬੱਸ…ਬੱਸ ਠੀਕ ਐ ਜੀ ਅਸੀਂ ਤੁਹਾਡੇ ਨਾਲ਼ ਸਹਿਮਤ ਹਾਂ…।“
ਸ੍ਰੀ ਲੱਤ ਘਸੀਟ ਜੀ ਉਪਰੋਕਤ ਗੱਲਬਾਤ ਤੋਂ ਬਾਅਦ ਆਪਣੇ ਘਰ ਆਏ ਤਾਂ ਅੱਗੋਂ ਉਨ੍ਹਾਂ ਦੀ ਘਰਵਾਲੀ ਬਾਬੇ ਭੜਕੀਲੇ ਦਾਸ ਚੰਗਿਆੜਿਆਂ ਵਾਲੇ ਕੋਲੋਂ ਵੀ ਹਾਲੇ ਘਰ ਹੀ ਵੜੀ ਸੀ।
“ਕੀ ਕਹਿੰਦਾ ਫਿਰ ਬਾਬਾ ਚੰਗਿਆੜਿਆਂ ਵਾਲਾ…?…ਲਗਦੈ ਉਸਦੀ ਕਰਾਮਾਤ ਰੰਗ ਲੈ ਹੀ ਆਈ…।“
” ਅੱਜ ਦੁਸਹਿਰੇ ਕਰਕੇ ਉਸਨੇ ਆਹ ਰਾਵਨ ਦਾ ਪੁਤਲਾ ਦਿੱਤਾ…ਕਹਿੰਦਾ ਆਪਦੇ ਪਤੀ ਤੇ ਤੁਹਾਡੇ ਪਤੀ–ਪੁੱਤਰ ਦੀ ਸ਼ੈਅ ‘ਤੇ ਖੜ੍ਹੇ ਉਮੀਦਵਾਰ ਨੂੰ ਕੋਲੇ ਖੜ੍ਹਾ ਕੇ ਚੌਰਾਹੇ ਵਿੱਚ ਰੱਖ ਕੇ ਅੱਗ ਲਗਾ ਦਿਓ… ਜਿਉਂ–ਜਿਉਂ ਇਸ ਪੁਤਲੇ ਵਿੱਚੋਂ ਪੜਾਕੇ ਪੈਣਗੇ… ਸਮਝ ਲਉ ਤੁਹਾਡੇ ਅੰਦਰ ਵਸਦੀਆਂ ਬੁਰਾਈਆਂ ਫੁੱਸ ਹੋ ਜਾਣਗੀਆਂ ਅਤੇ ਚੰਗਿਆਈਆਂ ਉਜਾਗਰ ਹੋਣ ਲੱਗ ਜਾਣਗੀਆਂ…ਆਹ ਉਪਾਅ ਕਰਾਉਣ ਦਾ ਵੀ ਪੰਜ ਹਜ਼ਾਰ ਰੁਪੱਈਆ ਲੱਗ ਗਿਆ…ਮੁੜ ਕੇ ਨਾ ਇਸ ਟਿਟਵੈਰ ‘ਚ ਪਇਓ।” ਉਸਦੀ ਘਰਵਾਲੀ ਨੇ ਰਾਵਣ ਦਾ ਪੁਤਲਾ ਡੱਬੇ ‘ਚੋਂ ਕੱਢ ਕੇ ਮੱਥਾ ਟੇਕਦਿਆਂ ਕਿਹਾ।
ਹੁਣ ਮੂੰਹ ਹਨੇਰੇ ਸੱਥ ਵਿੱਚ ਉਸ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਕੇ ਉਸਦੀ ਘਰਵਾਲੀ ਦੇ ਮੁਖ ਤੋਂ ਮੁਸਕਾਣ ਨਹੀਂ ਸੀ ਜਾ ਰਹੀ। ਸ੍ਰੀ ਲੱਤ ਘਸੀਟ ਬਲਾਕ ਸੰਮਤੀ ਦੇ ਸੁਪਨੇ ਲੈਂਦਾ ਫੁੱਲਿਆ ਨਹੀਂ ਸੀ ਸਮਾ ਰਿਹਾ ਅਤੇ ਕੋਲ ਖੜ੍ਹਾ ਉਮੀਦਵਾਰ ਝੋਟਿਆਂ ਦੇ ਭੇੜ ਵਿੱਚ ਬਿਨਾ ਵਜ੍ਹਾ ਫਸੇ ਹੋਣ ‘ਤੇ ਨਿੰਮੋਝੂਣਾ ਜਿਹਾ ਹੋ ਕੇ ਬੇਸ਼ਰਮੀ ਨਾਲ਼ ਮੁੱਛ ਨੂੰ ਵੱਟ ਚਾੜ੍ਹ ਰਿਹਾ ਸੀ। ਪਿੰਡ ਦੇ ਲੋਕ ਥੂਹ–ਥੂਹ ਕਰਦੇ ਉਨ੍ਹਾਂ ਕੋਲ ਦੀ ਲੰਘ ਰਹੇ ਸਨ।
94781-85742
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly