ਐਨ. ਆਰ. ਆਈ. ਵੀਰ ਆਪਣੀਆਂ ਜਾਇਦਾਦਾਂ ਦੀ ਰਾਖੀ ਦਾ ਕਰਨ ਪ੍ਰਬੰਧ : ਸਰਪੰਚ ਵਿਨੈ ਕੁਮਾਰ, ਮਾਮਲਾ ਘਰਾਂ ਤੇ ਦੁਕਾਨਾਂ ‘ਚ ਰਹਿੰਦੇ ਪ੍ਰਵਾਸੀਆਂ ਵਲੋਂ ਆਪਣੇ ਨਾਮ ‘ਤੇ ਬਿਜਲੀ ਮੀਟਰ ਅਪਲਾਈ ਕਰਨ ਦਾ
ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਸਰਪੰਚ ਵਿਨੈ ਕੁਮਾਰ ਗ੍ਰਾਮ ਪੰਚਾਇਤ ਅੱਪਰਾ ਨੇ ਸਮੂਹ ਐਨ. ਆਰ. ਆਈ. ਵੀਰਾਂ ਅਤੇ ਕਸਬੇ ਦੇ ਲੋਕਾਂ ਜੋ ਕਿ ਹੋਰ ਸ਼ਹਿਰਾਂ ‘ਚ ਰਹਿੰਦੇ ਹਨ, ਨੂੰ ਵੀਡੀਓ ਸੰਦੇਸ਼ ਰਾਹੀਂ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੀਆਂ ਜਾਇਦਾਦਾਂ ਜੋ ਕਿ ਕਸਬਾ ਅੱਪਰਾ ਅਤੇ ਆਸ-ਪਾਸ ਦੇ ਹੋਰ ਪਿੰਡਾਂ ‘ਚ ਹਨ, ਦੀ ਕਿਸੇ ਨਿੱਜੀ ਕੇਅਰ ਟੇਕਰ ਰਾਹੀਂ ਚੰਗੇ ਤਰੀਕੇ ਨਾਲ ਸਾਂਭ ਸੰਭਾਲ ਕੀਤੀ ਜਾਵੇ | ‘ਅਜੀਤ’ ਨਾਲ ਗੱਲ-ਬਾਤ ਕਰਦਿਆਂ ਸਰਪੰਚ ਵਿਨੈ ਕੁਮਾਰ ਨੇ ਦੱਸਿਆ ਕਿ ਕਰੀਬ ਅੱਧੀ ਦਰਜਨ ਮਾਮਲੇ ਉਨ੍ਹਾਂ ਦੇ ਧਿਆਨ ‘ਚ ਆਏ ਹਨ ਕਿ ਐਨ. ਆਰ. ਆਈ. ਵੀਰਾਂ ਦੀਆਂ ਜਾਇਦਾਦਾਂ ‘ਚ ਰਹਿੰਦੇ ਅਤੇ ਦੁਕਾਨਾਂ ਪਾ ਕੇ ਬੈਠੇ ਪ੍ਰਵਾਸੀਆਂ ਨੇ ਲਾਲ ਲਕੀਰ ਵਾਲੀਆਂ ਜਾਇਦਾਦਾਂ ‘ਚ ਬਿਜਲੀ ਮੀਟਰ ਆਪਣੇ ਨਾਮ ‘ਤੇ ਲਗਵਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਨੇ ਨਿੱਜੀ ਪ੍ਰਭਾਵ ਨਾਲ ਕਰੀਬ ਅੱਧੀ ਦਰਜਨ ਇਹੋ ਜਿਹੀਆਂ ਕੋਸ਼ਿਸ਼ਾ ਨੂੰ ਅਸਫ਼ਲ ਬਣਾ ਦਿੱਤਾ ਹੈ | ਪਰ ਫਿਰ ਵੀ ਜਾਇਦਾਦਾਂ ਦੇ ਮਾਲਕਾਂ ਨੂੰ ਆਪਣੀਆਂ ਜਾਇਦਾਦਾਂ ਦੀ ਸੰਭਾਲ ਆਪ ਵੀ ਕਰਨੀ ਹੋਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਕਿਰਾਏਦਾਰਾਂ ਵਲੋਂ ਨੰਬਰੀ ਜਾਇਦਾਦ ਨੂੰ ਵੀ ਲਾਲ ਲਕੀਰ ਵਾਲੀ ਜਾਇਦਾਦ ਦੱਸਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਸੋ ਸੁਚੇਤ ਹੋਣ ਦੀ ਲੋੜ ਹੈ | ਸਰਪੰਚ ਵਿਨੈ ਕੁਮਾਰ ਨੇ ਐਨ. ਆਰ. ਆਈ ਵੀਰਾਂ ਅਤੇ ਹੋਰ ਸ਼ਹਿਰਾਂ ‘ਚ ਰਹਿੰਦੇ ਅੱਪਰਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਲ ‘ਚ ਘੱਟੋ ਘੱਟ ਇੱਕ ਵਾਰ ਪਿੰਡ ਜ਼ਰੂਰ ਗੇੜਾ ਮਾਰਨ | ਉਨ੍ਹਾਂ ਅੱਗੇ ਕਿਹਾ ਕਿ ਜਿਸ ਕਿਸੇ ਦੀ ਦੁਕਾਨ ਜਾਂ ਘਰ ‘ਚ ਪ੍ਰਵਾਸੀ ਜਾਂ ਹੋਰ ਕਿਰਾਏਦਾਰ ਰਹਿ ਰਹੇ ਹਨ, ਉਹ ਕਿਰਾਏਦਾਰਾਂ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਉਣ | ਪੰਚਾਇਤ ਵਲੋਂ ਵੀ ਕਿਰਾਏਦਾਰਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


