(ਸਮਾਜ ਵੀਕਲੀ)
ਉਹ ਚਾਰ–ਪੰਜ ਮੁੰਡੇ, ਇੱਕ ਨਵੇਂ ਏਰੀਏ ਵਿੱਚ ਕਮਰਾ ਕਿਰਾਏ ‘ਤੇ ਲੈ ਕੇ ਰਹਿਣ ਆਏ ਸਨ। ਓਥੋਂ ਥੋੜ੍ਹੀ ਦੂਰੀ ‘ਤੇ ਇੱਕੋ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ ਜਿੱਥੋਂ ਲੋੜੀਂਦੀਆਂ ਛੋਟੀਆਂ–ਮੋਟੀਆਂ ਚੀਜ਼ਾਂ ਮਿਲ ਸਕਦੀਆਂ ਸਨ।
ਕਮਰੇ ਵਿੱਚ ਸਮਾਨ ਟਿਕਾਉਣ ਤੋਂ ਬਾਅਦ ਇੱਕ ਮੁੰਡਾ ਆਂਡੇ ਲੈਣ ਲਈ ਓਸ ਕਰਿਆਨੇ ਦੀ ਦੁਕਾਨ ‘ਤੇ ਚਲਾ ਗਿਆ। ਅੱਗੋਂ ‘ਆਂਡਿਆਂ’ ਦਾ ਨਾਮ ਸੁਣ ਕੇ ਦੁਕਾਨਦਾਰ ਮੀਆਂ–ਬੀਵੀ ਨੇ ਇੰਝ ਰਿਐਕਟ ਕੀਤਾ ਜਿਵੇਂ ਮੁੰਡੇ ਨੇ ‘ਅੰਡੇ’ ਨਹੀਂ, ‘ਬੰਬ’ ਮੰਗ ਲਏ ਹੋਣ।
ਮੁੜਕੇ ਮਾਲਕ ਨੇ ਨਫ਼ਰਤੀ ਜਿਹੀ ਆਵਾਜ਼ ਨਾਲ਼ ਮੁੰਡੇ ਨੂੰ ਕਿਹਾ, “ਕਾਕਾ, ਅਸੀਂ ਨ੍ਹੀਂ ‘ਇਹੋ ਜਾ ਕੁਛ’ ਰਖਦੇ ਹੁੰਦੇ।”
ਮੁੰਡਾ ਰਤਾ ਕੁ ਨਿਰਾਸ਼ ਹੋ ਕੇ ਪਰਤਣ ਲੱਗਾ ਸੀ ਤਾਂ ਉਹਦੀ ਨਿਗਾਹ ਦੁਕਾਨ ਵਿੱਚ ਪਿਛਲੀ ਕੰਧ ‘ਤੇ ਲੱਗੀ ਇੱਕ ਫੋਟੋ ਉੱਤੇ ਟਿਕ ਗਈ, ਜਿਹੜੀ ਕਿਸੇ ਸੰਤ–ਬਾਬੇ ਦੀ ਸੀ। ਮੁੰਡੇ ਨੇ ਅੰਦਾਜ਼ਾ ਲਗਾਇਆ ਕਿ ‘ਇਹ ਮੀਆਂ–ਬੀਵੀ, ਆਹ ਬਾਬੇ ਨੂੰ ਮੰਨਦੇ ਹੋਣੇ ਆ ਤੇ ਆਹ ਬਾਬੇ ਨੇ ਹੀ ਇਨ੍ਹਾਂ ਦਾ ਸ਼ਰਾਬ, ਮੀਟ, ਆਂਡਾ ਟਾਈਪ ਖਾਣਾ ਬੰਦ ਕਰਵਾਤਾ ਹੋਣਾ…. ਤਾਂ ਕਰਕੇ….. ਪਰ ਵੇਚਣ ਵਿੱਚ ਤਾਂ ਕੋਈ ਹਰਜ਼ ਨਹੀਂ ਹੋਣਾ ਚਾਹੀਦਾ…!!’ ਇਹ ਗੱਲ ਸੋਚਦਿਆਂ ਮੁੰਡਾ ਵਾਪਿਸ ਮੁੜ ਪਿਆ। ਇਹ ਗੱਲ ਦੁਕਾਨਦਾਰ ਮੀਆਂ–ਬੀਵੀ ਨੂੰ ਕਹਿਣ ਦੀ ਹਿੰਮਤ ਨਾ ਪਈ।
ਉਹ ਮੁੰਡਾ ਵਾਪਸ ਕਮਰੇ ਵਿੱਚ ਆ ਗਿਆ ਤੇ ਸਾਰਿਆਂ ਨੂੰ ਸਾਰੀ ਗੱਲ ਦੱਸੀ। ਉਨ੍ਹਾਂ ਵਿੱਚੋਂ ਇੱਕ ਘਤਿੱਤੀ ਜਿਹਾ ਮੁੰਡਾ ਸੀ, ਕਹਿੰਦਾ, “ਕੋਈ ਨ੍ਹੀ, ਥੋੜ੍ਹਾ ਟੈਮ ਰੁਕੋ, ਇਨ੍ਹਾਂ ਨੂੰ ਆਂਡੇ ਵੇਚਣ ਵੀ ਲਾਦੂੰ।”
ਸੋ ਸਕੀਮ ਅਨੁਸਾਰ ਅਗਲੇ ਦਿਨ, ਓਸੇ ਜਰਨਲ ਸਟੋਰ ਉੱਤੇ ਦੂਜਾ ਮੁੰਡਾ ਗਿਆ ਤੇ ਉਹਨੇ ਵੀ ਆਂਡੇ ਮੰਗੇ। ਅੱਗੋਂ ‘ਨਾਂਹ’ ਦਾ ਜੁਆਬ ਮਿਲਿਆ।
ਅਗਲੇ ਦਿਨ ਤੀਜਾ ਮੁੰਡਾ ਗਿਆ ਤੇ ਉਹਨੇ ਵੀ ਆਂਡੇ ਮੰਗੇ। ਉਹਦੇ ਹੱਥ ਵੀ ਨਿਰਾਸ਼ਾ ਹੀ ਲੱਗੀ।
ਉਸ ਤੋਂ ਅਗਲੇ ਦਿਨ ਚੌਥਾ ਮੁੰਡਾ ਗਿਆ ਤੇ ਉਸ ਤੋਂ ਅਗਲੇ ਦਿਨ ਉਹ ਘਤਿੱਤੀ ਮੁੰਡਾ। ਸਾਰਿਆਂ ਨੂੰ ਇਹੋ ਜਵਾਬ ਮਿਲਿਆ, ‘ਅਸੀਂ ਤਾਂ ਭਾਈ ਇਹੋ ਜੀ ਚੀਜ ਵੇਚਦੇ ਨ੍ਹੀ।’
ਰਾਤੀਂ ਦੁਕਾਨਦਾਰ ਮੀਆਂ–ਬੀਵੀ ਸੋਚੀਂ ਪੈ ਗਏ। ਮੀਆਂ ਬੋਲਿਆ, “ਜੇ ਆਂਡਿਆਂ ਦੀ ਇੰਨੀ ਗਾਹਕੀ ਐ ਤਾਂ ਆਂਡੇ ਰੱਖਣ ‘ਚ ਹਰਜ ਈ ਕੀ ਏ !! ਆਪਾਂ ਕਿਹੜਾ ਆਪ ਖਾਣੇ ਨੇ, ਆਪਾਂ ਤਾਂ ਵੇਚਣੇ ਈ ਨੇ….।”
“ਆਹੋ…. ਖਾਣ ਦਾ ਪਾਪ ਲਗਦੈ, ਵੇਚਣ ਦਾ ਥੋੜਾ ਲੱਗਣੈ…!!” ਬੀਵੀ ਨੇ ਵੀ ਪਤੀ ਦੀ ਗੱਲ ਨੂੰ ਵੱਡਾ ਕਰਦਿਆਂ ਕਿਹਾ।
ਜਦੋਂ ਅਗਲੇ ਦੋ ਕੁ ਦਿਨਾਂ ਬਾਅਦ ਪਹਿਲਾ ਮੁੰਡਾ ਫੇਰ ਉਸੇ ਕਰਿਆਨੇ ਦੀ ਦੁਕਾਨ ਉੱਤੇ ਗਿਆ ਤਾਂ ਉਹ, ਸਾਹਮਣੇ ਹੀ ਕਾਊਂਟਰ ਉੱਤੇ ਸਜਾ ਕੇ ਰੱਖੀ ਆਂਡਿਆਂ ਦੀ ਟ੍ਰੇਅ ਦੇਖ ਕੇ ਮੁਸਕਰਾ ਪਿਆ। ਉਹਨੇ ਦੁਕਾਨ ਵਿੱਚ ਘੋਖਵੀਂ ਜਿਹੀ ਨਿਗ੍ਹਾ ਮਾਰੀ… ਪਿਛਲੀ ਕੰਧ ਉੱਤੋਂ ਸੰਤ–ਬਾਬੇ ਦੀ ਫੋਟੋ ਗ਼ਾਇਬ ਸੀ।
ਡਾ. ਸਵਾਮੀ ਸਰਬਜੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly