HOME ਸੇਵਾਪੰਥੀ ਸੰਪਰਦਾਇ ਦਾ ਅਨਮੋਲ ਖ਼ਜ਼ਾਨਾ ਸਾਂਭਣ ਵਾਲੇ : ਡਾ: ਗੁਰਮੁਖ ਸਿੰਘ ...

ਸੇਵਾਪੰਥੀ ਸੰਪਰਦਾਇ ਦਾ ਅਨਮੋਲ ਖ਼ਜ਼ਾਨਾ ਸਾਂਭਣ ਵਾਲੇ : ਡਾ: ਗੁਰਮੁਖ ਸਿੰਘ ਜਾਂ ਡਾ: ਗੁਰਮੁਖ ਸਿੰਘ ਨੂੰ ਯਾਦ ਕਰਦਿਆਂ

5
4 ਅਪ੍ਰੈਲ ਨੂੰ ਬਰਸੀ ’ਤੇ ਵਿਸ਼ੇਸ਼
   (ਸਮਾਜ ਵੀਕਲੀ)  ਪੰਜਾਬੀ ਸਾਹਿਤ ਦੀ ਰਚਨਾ ਕਰਨ ਵਾਲੇ ਅਨੇਕਾਂ ਵਿਦਵਾਨ ਤੇ ਲਿਖਾਰੀ ਹੋਏ ਹਨ । ਪਰ ਕੁਝ ਲਿਖਾਰੀ ਅਜਿਹੇ ਹਨ ਸੋ ਸਾਹਿਤ ਵਿੱਚ ਰਚ-ਮਿਚ ਜਾਂਦੇ ਹਨ । ਡਾ: ਗੁਰਮੁਖ ਸਿੰਘ ਉਹਨਾਂ ਵਿੱਚੋਂ ਇੱਕ ਸਨ । ਡਾ: ਗੁਰਮੁਖ ਸਿੰਘ ਦਾ ਜਨਮ 10 ਅਕਤੂਬਰ 1944 ਈ: ਨੂੰ ਪਿਤਾ ਸ੍ਰ: ਪ੍ਰੀਤਮ ਸਿੰਘ ਦੇ ਘਰ ਮਾਤਾ ਗਿਆਨ ਕੌਰ ਦੀ ਕੁੱਖੋਂ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਉਹਨਾਂ ਦਾ ਜਨਮ ਹੋਣ ਤੇ ਪਿਤਾ ਨੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਏ ਮੁਖਵਾਕ ਦੇ ਪਹਿਲੇ ਅੱਖਰ ‘ਗ’ ਅਨੁਸਾਰ ਨਾਂ ‘ਗੁਰਮੁਖ ਸਿੰਘ’ ਰੱਖਿਆ ਗਿਆ । ਉਹ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ ਤੇ ਹਰ ਕੰਮ ਬੜੀ ਲਗਨ ਤੇ ਮਿਹਨਤ ਨਾਲ ਕਰਦੇ ਸਨ। ਉਹ ਕੰਮ ਵਿੱਚ ਬਹੁਤ ਦਿਲਚਸਪੀ ਰੱਖਦੇ ਸਨ । ਆਲਸ ਤਾਂ ਉਹਨਾਂ ਤੋਂ ਕੋਹਾਂ ਦੂਰ ਸੀ । ਉਹ ਆਪਣੇ ਬਜ਼ੁਰਗਾਂ ਦੀਆਂ ਬਾਤਾਂ ਆਪਣੀ ਮਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਸਨ । ਉਹ ਗੱਲਾਂ ਕਰਦੇ ਕਦੇ ਹੱਸਦੇ ਤੇ ਕਦੇ ਰੋ ਪੈਂਦੇ ਸਨ ।
          ਉਹਨਾਂ ਪ੍ਰਾਇਮਰੀ ਤੱਕ ਵਿੱਦਿਆ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਤੋਂ ਕੀਤੀ। 1961 ਵਿੱਚ ਗੌਰਮਿੰਟ ਹਾਈ ਸਕੂਲ ਜਲੰਧਰ ਛਾਉਣੀ ਤੋਂ ਦਸਵੀਂ, 1962 ਵਿੱਚ ਆਰ.ਐਸ.ਡੀ. ਕਾਲਜ ਫ਼ਿਰੋਜ਼ਪੁਰ ਤੋਂ ਪ੍ਰੈਪ ਕੀਤੀ। 1964 ਵਿੱਚ ਆਈ.ਟੀ.ਆਈ ਵਿੱਚ ਸਰਵੇਅਰ ਦਾ ਡਿਪਲੋਮਾ ਕੀਤਾ। ਇਸੇ ਦੌਰਾਨ ਪੜ੍ਹਾਈ ਦੇ ਨਾਲ-ਨਾਲ ਨੌਕਰੀ ਕਰਨ ਲੱਗ ਪਏ।  1964 ਵਿੱਚ ਗਿਆਨੀ ਪ੍ਰਾਈਵੇਟ ਕੀਤੀ। ਇਸੇ ਸਾਲ ਹੀ ਸਤੰਬਰ ਮਹੀਨੇ ਵਿੱਚ ਐਫ.ਏ.ਪਾਸ ਕੀਤੀ। 1966 ਵਿੱਚ ਬੀ.ਏ, 1969 ਵਿੱਚ ਐੱਮ.ਏ ਪੰਜਾਬੀ ਕੀਤੀ। 1970 ਵਿੱਚ ਬੀ.ਐਂਡ.ਆਰ.ਯੂ.ਡੀ.ਸੀ. ਬਿਜਲੀ ਬੋਰਡ ਵਿੱਚ ਲੱਗੇ । 1973 ਵਿੱਚ ਐੱਮ.ਏ. ਅੰਗਰੇਜ਼ੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਧੀਆ ਅੰਕ ਲੈ ਕੇ ਪਾਸ ਕੀਤੀ। 1974 ਵਿੱਚ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿੱਚ ਨੌਕਰੀ ਤੇ ਲੱਗੇ। 1976 ਵਿੱਚ ਪੱਕੇ ਹੋਏ। ਇਸੇ ਸਾਲ ਹੀ ਐੱਮ.ਏ. ਹਿੰਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ । 1981 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ: ਰਘਬੀਰ ਸਿੰਘ ਦੀ ਰਹਿਨੁਮਾਈ ਹੇਠ ‘ਸੇਵਾਪੰਥੀਆਂ ਦੀ ਪੰਜਾਬੀ ਸਾਹਿਤ ਨੂੰ ਦੇਣ’ ਵਿਸ਼ੇ ਤੇ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।
           ਡਾ: ਸਾਹਿਬ ਬੜੇ ਪਿਆਰ ਨਾਲ ਬੋਲਣ ਵਾਲੇ, ਮਿੱਠਬੋਲੜੇ ਤੇ ਨਿਮਰ ਸੁਭਾਅ ਦੇ ਮਾਲਕ ਸਨ। ਡਾ: ਗੁਰਮੁਖ ਸਿੰਘ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ‘ਸੇਵਾਪੰਥੀਆਂ’ ਦੀ ਪੰਜਾਬੀ ਸਾਹਿਤ ਨੂੰ ਦੇਣ’ ਵਿਸ਼ੇ ਤੇ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। ਡਾ: ਗੁਰਮੁਖ ਸਿੰਘ ਨੇ ਸੇਵਾਪੰਥੀ ਸੰਪਰਦਾਇ ਬਾਰੇ ਪੁਸਤਕਾਂ ਪਾਰਸ ਭਾਗ ਕ੍ਰਿਤ ਭਾਈ ਗਾੜੂ ਜੀ ਸੇਵਾਪੰਥੀ (1983), ਪਰਚੀਆਂ ਫ਼ਕੀਰਾਂ ਦੀਆਂ ਕ੍ਰਿਤ ਭਾਈ ਸਹਿਜ ਰਾਮ ਜੀ (2002), ਇਤਿਹਾਸ ਸੇਵਾਪੰਥੀਆਂ (2002), ਪੋਥੀ ਆਸਾਵਰੀਆਂ ਕ੍ਰਿਤ ਭਾਈ ਸਹਿਜ ਰਾਮ ਜੀ (2003), ਪਰਚੀ ਭਾਈ ਕਨਈਆ ਜੀ ਕ੍ਰਿਤ ਭਾਈ ਸਹਿਜ ਰਾਮ ਜੀ (2003), ਪਰਚੀ ਭਾਈ ਸੇਵਾ ਰਾਮ ਜੀ ਕ੍ਰਿਤ ਭਾਈ ਸਹਿਜ ਰਾਮ ਜੀ (2004) ਸੰਪਾਦਕ ਕੀਤੀਆਂ ਹਨ।
ਡਾ: ਗੁਰਮੁਖ ਸਿੰਘ ਨੇ ਕਰੜੀ ਸਾਧਨਾ ਕਰਕੇ ਵਿਦਵਤਾ ਭਰੇ ਬਹੁਪੱਖੀ ਗਿਆਨ ਦੇ ਬਲਬੂਤੇ ਧਰਮ ਚਿੰਤਨ ਦੇ ਖੇਤਰ ਵਿੱਚ ਆਪਣੀ ਨਿਵੇਕਲੀ ਪਛਾਣ ਕਾਇਮ ਕਰਕੇ ਸਲਾਹੁਣਯੋਗ ਪ੍ਰਾਪਤੀਆਂ ਕੀਤੀਆਂ। ਉਹਨਾਂ ਦੇ ਜੀਵਨ ਦਾ ਵਿਸ਼ੇਸ਼ ਹਿੱਸਾ ਸਿੱਖ ਧਰਮ ਸਾਹਿਤ, ਸੇਵਾਪੰਥੀ ਸਾਹਿਤ ਤੇ ਇਤਿਹਾਸ ਦੀ ਖੋਜ-ਭਾਲ ਅਤੇ ਵਿਆਖਿਆ, ਵਿਖਿਆਨ ਲਈ ਅਰਪਣ ਰਿਹਾ। ਡਾ: ਗੁਰਮੁਖ ਸਿੰਘ ਨੇ ਪੰਜਾਬੀ ਸਾਹਿਤ ਲਈ ਅਲੋਚਨਾ, ਟੀਕੇ, ਖੋਜ, ਹਵਾਲਾ ਗ੍ਰੰਥ, ਸੰਪਾਦਨ ਅਤੇ ਅਨੁਵਾਦ ਦੇ ਮਹੱਤਵਪੂਰਨ ਕਾਰਜ ਕੀਤੇ। ਉਹਨਾਂ ਦੇ ਅੰਗਰੇਜ਼ੀ ਤੋਂ ਪੰਜਾਬੀ, ਪੰਜਾਬੀ ਤੋਂ ਹਿੰਦੀ, ਹਿੰਦੀ ਤੋਂ ਪੰਜਾਬੀ ਅਨੁਵਾਦ ਕਾਰਜ ਉਹਨਾਂ ਦੀ ਵਿਲੱਖਣ ਮਿਹਨਤ ਦਾ ਸਬੂਤ ਸਨ। ਉਹਨਾਂ ਨੇ ਪੰਜਾਬੀ ਦੇ ਅਜਿਹੇ ਲੇਖਕਾਂ ਦੀਆਂ ਲਿਖਤਾਂ ਨੂੰ ਲੱਭ ਕੇ ਪ੍ਰਕਾਸ਼ਿਤ ਕੀਤਾ, ਜੋ ਅੱਜ ਤੱਕ ਕਿਸੇ ਪੁਸਤਕ ਵਿੱਚ ਪ੍ਰਕਾਸ਼ਿਤ ਨਹੀਂ ਹੋਈਆਂ।
ਡਾ: ਗੁਰਮੁਖ ਸਿੰਘ ਨੇ ਦੋ ਦਰਜਨ ਤੋਂ ਵੱਧ ਪੁਸਤਕਾਂ ਦਾ ਸੰਪਾਦਨ ਕੀਤਾ। ਉਹਨਾਂ ਅਨੇਕਾਂ ਪੁਸਤਕਾਂ ਦਾ ਅਨੁਵਾਦ ਕੀਤਾ। ਜਿਨ੍ਹਾਂ ਵਿੱਚ ਗਾਂਧੀ ਅਤੇ ਸਿੱਖ, ਜੀਵਨ ਗੁਰੂ ਤੇਗ਼ ਬਹਾਦਰ, ਰਾਜਾ ਸਰ ਦਲਜੀਤ ਸਿੰਘ ਦੀ ਅੰਗਰੇਜ਼ੀ ਪੁਸਤਕ, ਹੰਝੂ ਤੇ ਮੁਸਕਾਨ, ਰੇਤ ਤੇ ਝੱਗ, ਖਲੀਲ ਜਿਬਰਾਨ ਦੀ ਅੰਗਰੇਜ਼ੀ ਪੁਸਤਕ, ਘਾਟੀ ਦੀਆਂ ਪਰੀਆਂ ਤੇ ਅਵਾਰਾ ਆਦਿ ਸ਼ਾਮਲ ਹਨ। ਉਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਝੱਖੜ ਝੰਬਿਆ ਰੁੱਖ, ਸੁਕਰਾਤ ਦੀ ਮੌਤ, ਬੇਨਾਮ ਰਿਸ਼ਤਾ, ਕੌਣ ਦਿਲਾਂ ਦੀਆਂ ਜਾਣੇ, ਚਿੰਤਨ ਦੇ ਪਲ, ਸੁਖਮਨੀ ਚਿੰਤਨ ਤੇ ਕਲਾ, ਗੁਰਬਿਲਾਸ ਬਾਬਾ ਸਾਹਿਬ ਸਿੰਘ ਬੇਦੀ, ਪਾਰਸ ਭਾਗ, ਭਾਈ ਸਹਿਜ ਰਾਮ ਜੀਵਨ ਤੇ ਰਚਨਾ, ਅਕਾਲ ਉਸਤਤ ਵਿਸ਼ਲੇਸ਼ਣ ਤੇ ਵਿਆਖਿਆ, ਭਾਈ ਜੈਤਾ ਜੀ ਜੀਵਨ ਤੇ ਰਚਨਾ, ਪ੍ਰਸਿੱਧ ਵਿਦਵਾਨਾਂ ਦੇ ਰੇਖਾ ਚਿੱਤਰ ਆਦਿ।
ਡਾ: ਗੁਰਮੁਖ ਸਿੰਘ ਨੇ ਆਲੋਚਨਾਤਮਿਕ ਪੱਖੋਂ ਵੀ ਦੋ ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ। ਜਿਨ੍ਹਾਂ ’ਚ ਸੇਵਾਪੰਥੀਆਂ ਦੀ ਪੰਜਾਬੀ ਸਾਹਿਤ ਨੂੰ ਦੇਣ, ਅਲਾਹੁਣੀਆਂ, ਸਿਧ ਗੋਸਟਿ ਸਟੀਕ ਤੇ ਅਧਿਐਨ, ਅਨੰਦ ਸਾਹਿਬ ਸਾਹਿਤਿਕ ਅਧਿਐਨ, ਗੁਰੂ ਤੇਗ਼ ਬਹਾਦਰ ਜੀਵਨ ਦਰਸ਼ਨ ਤੇ ਕਲਾ, ਭਗਤ ਰਵਿਦਾਸ ਤੇ ਉਹਨਾਂ ਦੀ ਬਾਣੀ, ਗੁਰਬਾਣੀ ਬਾਰਾਂਮਾਹ ਵਿਸ਼ਲੇਸ਼ਣ ਤੇ ਵਿਆਖਿਆ ਆਦਿ। ਉਹਨਾਂ ਦੇ ਬਹੁਤ ਸਾਰੇ ਖੋਜ-ਪੱਤਰ ਪੰਜਾਬੀ ਦੇ ਪ੍ਰਸਿੱਧ ਮੈਗਜ਼ੀਨਾਂ ਜਿਵੇਂ ਕਿ ਪੰਜਾਬੀ ਦੁਨੀਆਂ, ਅਲੋਚਨਾ, ਖੋਜ ਪਤ੍ਰਿਕਾ, ਗੁਰੂ ਨਾਨਕ ਪ੍ਰਕਾਸ਼, ਪਰਖ, ਗੁਰਮਤਿ ਪ੍ਰਕਾਸ਼, ਖ਼ਾਲਸਾ ਸਮਾਚਾਰ, ਵਿਕੇਂਦਰਿਤ, ਸਤ ਸੰਤੋਖ ਗਿਆਨ, ਭਾਈ ਕਨੱਈਆ ਸੇਵਾ ਜੋਤੀ, ਸੱਚਖੰਡ ਪਤ੍ਰਿਕਾ, ਪੰਜਾਬੀ ਟਿ੍ਬਿਉੂਨ, ਅਜੀਤ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਏ।
        ਡਾ: ਗੁਰਮੁਖ ਸਿੰਘ ਨੇ ਇੱਕ ਵਾਰ ਗੱਲਾਂ ਬਾਤਾਂ ਕਰਦਿਆਂ ਕਿਹਾ ਕਿ ਸਾਡੇ ਪਰਿਵਾਰ ਵਿੱਚ ਕਈ ਪੀੜ੍ਹੀਆਂ ਤੋਂ ਕੋਈ ਲੜਕੀ ਪੈਦਾ ਨਹੀਂ ਹੋਈ । ਬਸ ਇੱਕ ਲੜਕਾ ਹੀ ਜਨਮ ਲੈਂਦਾ ਸੀ । ਉਹਨਾਂ ਕਿਹਾ ਕਿ ਛੇ ਪੀੜ੍ਹੀਆਂ ਦਾ ਤਾਂ ਮੈਂ ਗਵਾਹ ਹਾਂ। ਮੇਰੀ ਭੈਣ ਦਾ ਜਦੋਂ ਜਨਮ ਹੋਇਆ ਤਾਂ ਬਾਪੂ ਜੀ ਦੀ ਖ਼ੁਸ਼ੀ ਦਾ ਕੋਈ ਅੰਤ ਨਹੀਂ ਸੀ । ਉਹਨਾਂ ਨੇ ਖ਼ੁਸ਼ੀ ਵਿੱਚ ਸ਼੍ਰੀ ਅਖੰਡ-ਪਾਠ ਸਾਹਿਬ ਕਰਵਾਇਆ ਤੇ ਸਾਰੇ ਪਿੰਡ ਨੂੰ ਰੋਟੀ ਕੀਤੀ । ਉਹਨਾਂ ਦੇ ਵੱਡੇ-ਵਡੇਰਿਆਂ ਦਾ ਸਾਧੂ- ਸੰਤਾਂ ਨਾਲ ਬੜਾ ਸਨੇਹ ਸੀ । ਉਹਨਾਂ ਦੱਸਿਆ ਕਿ ਸੰਤ ਪੂਰਨ ਸਿੰਘ ਜੀ ਸਾਡੇ ਘਰ ਕਈ ਵਾਰ ਆਉਂਦੇ ਤੇ ਰਾਤ ਵਿਸ਼ਰਾਮ ਕਰਦੇ ।ਸਾਦਾ ਭੋਜਨ ਛਕਦੇ। ਉਹ ਮੂੰਹ ਸਿਰ ਢੱਕ ਕੇ ਬੈਠੇ ਭਜਨ-ਬੰਦਗੀ ਕਰਦੇ ਰਹਿੰਦੇ ਸਨ। ਉਹਨਾਂ ਨੂੰ ਦੇਖ ਕੇ ਮੈਂ ਸੋਚ ਕੇ ਹੈਰਾਨ ਹੁੰਦਾ ਸੀ ਕਿ ਮਹਾਰਾਜ ਸੌਂਦੇ ਕਦੋਂ ਨੇ ? ਕਿਉਂਕਿ ਮੈਂ ਹਮੇਸ਼ਾਂ ਉਹਨਾਂ ਨੂੰ ਆਸਣ ਵਿੱਚ ਦੇਖਿਆ ਸੀ ।
ਉਹਨਾਂ ਨੇ ਪੰਜਾਬੀ ਲੋਕ ਸਾਹਿਤ, ਸੂਫੀਵਾਦ, ਹਾਸ਼ਮ ਮੌਲਾ, ਬਖ਼ਸ਼ ਕੁਸ਼ਤਾ, ਮਿਰਜ਼ਾ ਮੁਹੰਮਦ, ਅਬਦੁਲ ਗਨੀ ਆਦਿ ਸੂਫ਼ੀ ਸ਼ਾਇਰਾਂ ਅਤੇ ਕਿੱਸਾਕਾਰਾਂ ਬਾਰੇ ਵੀ ਖੋਜ ਕਰਕੇ ਪੰਜਾਬੀ ਸਾਹਿਤ ਦੀ ਝੋਲੀ ਪਾਇਆ। ਡਾ: ਸਾਹਿਬ ਦੀ ਅਖੀਰਲੀ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਹਿਲੇ ਵਾਈਸ-ਚਾਂਸਲਰ ਭਾਈ ਜੋਧ ਸਿੰਘ ਰਚਿਤ ਪੁਸਤਕ ‘ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਹੋਰ ਲੇਖ’ ਦੀ ਸੰਪਾਦਨਾ ਸੀ ਪਰ ਇਸ ਪੁਸਤਕ ਨੂੰ ਲੋਕ ਅਰਪਣ ਹੁੰਦਿਆਂ ਦੇਖ ਨਾ ਸਕੇ।
ਡਾ: ਗੁਰਮੁਖ ਸਿੰਘ ਨੇ ਗੁਰਮਤਿ ਸਾਹਿਤ, ਕਹਾਣੀ, ਨਿਬੰਧ, ਨਾਵਲਿਟ, ਅਲੋਚਨਾ, ਵਾਰਤਕ ਸਮੇਤ ਸਾਹਿਤ ਦੀਆਂ ਹੋਰ ਵੰਨਗੀਆਂ ਵਿੱਚ ਇੱਕ ਸੌ ਦੇ ਕਰੀਬ ਪੁਸਤਕਾਂ ਲਿਖੀਆਂ। ਡਾ: ਗੁਰਮੁਖ ਸਿੰਘ ਭਾਸ਼ਾ ਵਿਭਾਗ ਪੰਜਾਬ ਵਿੱਚ ਤਕਰੀਬਨ 28 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ 31 ਅਕਤੂਬਰ 2002 ਈ: ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਵਜੋਂ ਸੇਵਾ ਮੁਕਤ ਹੋਏ। ਉਹਨਾਂ ਨੇ ਸੇਵਾ ਮੁਕਤ ਹੋਣ ਉਪਰੰਤ ਆਪਣੇ ਆਪ ਨੂੰ ਪੰਜਾਬੀ ਸਾਹਿਤ ਲਈ ਸਮਰਪਿਤ ਕਰ ਦਿੱਤਾ ਸੀ। ਉਹਨਾਂ ਨੂੰ ਭਾਰਤ ਦਲਿਤ ਸਾਹਿਤ ਅਕਾਦਮੀ ਨਵੀਂ ਦਿੱਲੀ ਨੇ 1994 ਵਿੱਚ ਡਾ: ਅੰਬੇਦਕਰ ਫੈਲੋਸ਼ਿਪ ਦਿੱਤੀ। ਸੇਵਾਪੰਥੀ ਸੰਪਰਦਾਇ ਦਾ ਅਨਮੋਲ ਖ਼ਜ਼ਾਨਾ ਸਾਂਭਣ ਬਦਲੇ 17 ਅਕਤੂਬਰ 1999 ਈ: ਨੂੰ ਸੰਗਰਾਂਦ ਵਾਲੇ ਦਿਹਾੜੇ ਸ਼੍ਰੀਮਾਨ ਮਹੰਤ ਤੀਰਥ ਸਿੰਘ ‘ਸੇਵਾਪੰਥੀ’ ਗੋਨਿਆਣਾ ਮੰਡੀ (ਬਠਿੰਡਾ) ਨੇ 11000 ਰੁਪਏ, ਸ਼ਾਲ, ਸਿਰੋਪਾਓ ਤੇ ਲਿਟਰੇਚਰ ਨਾਲ ਸਨਮਾਨਿਤ ਕੀਤਾ। ਹੋਰ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਕਈ ਮਾਣ-ਸਨਮਾਨ ਪ੍ਰਾਪਤ ਹੋਏ। ਡਾ: ਗੁਰਮੁਖ ਸਿੰਘ ਚੱਲਦੇ-ਫਿਰਦੇ ਇਨਸਾਈਕਲੋਪੀਡੀਆ ਸਨ। ਉਹਨਾਂ ਦਾ ਐਮ.ਫਿਲ ਅਤੇ ਪੀ.ਐਚ.ਡੀ. ਕਰ ਰਹੇ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਡਾ: ਗੁਰਮੁਖ ਸਿੰਘ 70 ਸਾਲ ਦੀ ਉਮਰ ਬਤੀਤ ਕਰਕੇ 4 ਅਪ੍ਰੈਲ ਸੰਨ 2014 ਈ: ਦਿਨ ਸ਼ੁੱਕਰਵਾਰ ਨੂੰ ਅਕਾਲ ਚਲਾਣਾ ਕਰ ਗਏ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਸਦ ਮੈਂਬਰਾਂ ਖ਼ਿਲਾਫ਼ ਧਮਕੀਆਂ ਵਧੀਆਂ, ਨਵੀਂ ਸੁਰੱਖਿਆ ਇਕਾਈ ਬਣੀ
Next articleਨਗਰ ਕੌਂਸਲ ਮੀਟਿੰਗ ‘ਚ ਹੰਗਾਮਾ: ਕੂੜਾ ਪ੍ਰਬੰਧਨ ਮਾਮਲੇ ‘ਤੇ ਵਿਰੋਧੀ ਤੇ ਸੱਤਾ ਪੱਖ ਆਮਨੇ-ਸਾਮਨੇ