ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਕਰੀਬ ਚਾਰ ਮਹੀਨਿਆਂ ਬਾਅਦ ਹੋਈ ਨਗਰ ਕੌਂਸਲ ਮੋਰਿੰਡਾ ਦੀ ਮੀਟਿੰਗ ਉਸ ਸਮੇਂ ਹੰਗਾਮੇਦਾਰ ਬਣ ਗਈ ਜਦੋਂ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸੰਬੰਧਿਤ ਕੋਈ ਢੰਗ ਦਾ ਏਜੰਡਾ ਪੇਸ਼ ਨਾ ਕੀਤਾ ਗਿਆ। ਮੀਟਿੰਗ ਦੀ ਅਗਵਾਈ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਕੀਤੀ।ਮੀਟਿੰਗ ਦੌਰਾਨ ਸ਼ਹਿਰ ਵਿੱਚ ਵੱਧ ਰਹੀ ਗੰਦਗੀ, ਕੂੜੇ ਦੇ ਢੇਰਾਂ ਅਤੇ ਪੱਕੀ ਡੰਪਿੰਗ ਸਾਈਟ ਦੀ ਕਮੀ ਮੁੱਖ ਚਰਚਾ ਦਾ ਵਿਸ਼ਾ ਬਣੇ ਰਹੇ। ਵਿਰੋਧੀ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਕੌਂਸਲ ਵੱਲੋਂ ਕੂੜਾ ਸਥਾਨਕ ਤੌਰ ‘ਤੇ ਨਿਪਟਾਉਣ ਦੀ ਬਜਾਏ ਲਾਲੜੂ ਅਤੇ ਜੀਰਕਪੁਰ ਵਰਗੀਆਂ ਥਾਵਾਂ ‘ਤੇ ਟਿੱਪਰਾਂ ਰਾਹੀਂ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਸਰਕਾਰੀ ਧਨ ਦੀ ਬਰਬਾਦੀ ਹੋ ਰਹੀ ਹੈ।ਵਿਰੋਧੀ ਧਿਰ ਨੇ ਸੱਤਾਧਾਰੀ ਪੱਖ ਨੂੰ ਸ਼ਹਿਰ ਦੀ ਸਫਾਈ ਵਿੱਚ ਨਾਕਾਮ ਕਰਾਰ ਦਿੱਤਾ, ਜਿਸ ਕਾਰਨ ਦੋਵਾਂ ਧਿਰਾਂ ਵਿਚਕਾਰ ਤਿੱਖੀ ਨੋਕਝੋਕ ਵੀ ਹੋਈ। ਹਾਲਾਂਕਿ ਬਾਅਦ ਵਿੱਚ ਕੁਝ ਮਸਲਿਆਂ ‘ਤੇ ਸਹਿਮਤੀ ਬਣੀ ਅਤੇ ਕਈ ਮਤੇ ਸਰਬਸੰਮਤੀ ਅਤੇ ਬਹੁਮਤ ਨਾਲ ਪਾਸ ਕਰ ਦਿੱਤੇ ਗਏ। ਮੀਟਿੰਗ ਤੋਂ ਬਾਅਦ ਕਾਰਜ ਸਾਧਕ ਅਧਿਕਾਰੀ ਰਵੀ ਕੁਮਾਰ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਰਤਨਗੜ੍ਹ ਵਿੱਚ ਕੂੜਾ ਡੰਪ ਕਰਨ ਲਈ ਲਈ ਗਈ ਜ਼ਮੀਨ ਦੀ ਲੀਜ਼ ਅਪ੍ਰੈਲ 2025 ਵਿੱਚ ਖਤਮ ਹੋ ਗਈ ਸੀ ਅਤੇ ਮਾਲਕ ਵੱਲੋਂ ਇਸਨੂੰ ਅੱਗੇ ਨਹੀਂ ਵਧਾਇਆ ਗਿਆ। ਇਸ ਕਾਰਨ ਸ਼ਹਿਰ ਵਿੱਚ ਕੂੜਾ ਇਕੱਠਾ ਹੋਣਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਪਿੰਡ ਭਟੇੜੀ ਵਿੱਚ 3.25 ਏਕੜ ਜ਼ਮੀਨ 5 ਸਾਲ ਲਈ 1 ਜੁਲਾਈ 2025 ਨੂੰ ਲੀਜ਼ ‘ਤੇ ਲਈ ਗਈ, ਪਰ ਨੇੜਲੇ ਪਿੰਡਾਂ ਦੇ ਵਿਰੋਧ ਕਾਰਨ ਉੱਥੇ ਡੰਪਿੰਗ ਸ਼ੁਰੂ ਨਾ ਹੋ ਸਕੀ। ਇਸ ਦੇ ਚਲਦਿਆਂ ਸ਼ਹਿਰ ਵਿੱਚ ਗੰਦਗੀ ਦੀ ਸਮੱਸਿਆ ਹੋਰ ਗੰਭੀਰ ਹੋ ਗਈ। ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਪ੍ਰਾਈਵੇਟ ਫਰਮ ਰਾਹੀਂ ਰੋਜ਼ਾਨਾ ਕੂੜਾ ਚੁਕਾਉਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ 15 ਵਾਰਡਾਂ ਵਿੱਚੋਂ ਰੋਜ਼ਾਨਾ ਲਗਭਗ 15 ਤੋਂ 20 ਟਨ ਕੂੜਾ ਨਿਕਲਦਾ ਹੈ ਅਤੇ ਡੰਪਿੰਗ ਸਾਈਟ ਨਾ ਹੋਣ ਕਾਰਨ ਦੋ ਮਹੀਨਿਆਂ ਤੋਂ ਵੱਧ ਪੁਰਾਣਾ ਕੂੜਾ ਇਕੱਠਾ ਪਿਆ ਹੈ। ਇਸਨੂੰ ਟਿੱਪਰਾਂ ਰਾਹੀਂ ਚੁਕਾਉਣ ਲਈ ਖਰਚ ਨੂੰ ਮਨਜ਼ੂਰੀ ਦੇਣ ਵਾਲਾ ਮਤਾ ਵਿਰੋਧ ਦੇ ਬਾਵਜੂਦ ਬਹੁਮਤ ਨਾਲ ਪਾਸ ਕੀਤਾ ਗਿਆ। ਮੀਟਿੰਗ ਦੌਰਾਨ ਹੋਰ ਮਹੱਤਵਪੂਰਨ ਮਤੇ ਵੀ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ਰਿਟਾਇਰ ਹੋ ਰਹੇ ਚੌਕੀਦਾਰ ਰਾਮ ਪਾਲ ਸ਼ਰਮਾ ਨੂੰ ਪੈਨਸ਼ਨ ਅਤੇ ਬਕਾਇਆ ਦੇਣਾ, ਜੋਗੀਆਂ ਵਾਲਾ ਮੁਹੱਲਾ ਦੇ ਖਰਾਬ ਟਿਊਬਵੈੱਲ ਨੂੰ ਰੈਸਟ ਹਾਊਸ ਵਿੱਚ ਸ਼ਿਫਟ ਕਰਨ ਲਈ 3.90 ਲੱਖ ਰੁਪਏ, ਸੀਵਰੇਜ ਟ੍ਰੀਟਮੈਂਟ ਪਲਾਂਟ ਲਈ 58.25 ਲੱਖ ਰੁਪਏ ਅਤੇ ਹੋਰ ਵਿਕਾਸ ਕਾਰਜਾਂ ਲਈ 1.97 ਕਰੋੜ ਰੁਪਏ ਮਨਜ਼ੂਰ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਮ੍ਰਿਤਕ ਚੌਕੀਦਾਰ ਜੈਪਾਲ ਦੇ ਪਰਿਵਾਰ ਨੂੰ ਫੈਮਿਲੀ ਪੈਨਸ਼ਨ ਅਤੇ ਉਸਦੇ ਪੁੱਤਰ ਨੂੰ ਨੌਕਰੀ ਦੇਣ, ਕੌਂਸਲ ਦੇ ਵਾਹਨ ਟਾਟਾ ਏਸ ਦੀ ਮੁਰੰਮਤ ਲਈ 1.5 ਲੱਖ ਰੁਪਏ ਅਤੇ ਕਰਮਚਾਰੀਆਂ ਨੂੰ ਐਨਓਸੀ ਜਾਰੀ ਕਰਨ ਸਬੰਧੀ ਮਤੇ ਵੀ ਪਾਸ ਕੀਤੇ ਗਏ। ਵਿਰੋਧੀ ਕੌਂਸਲਰਾਂ ਰਾਕੇਸ਼ ਕੁਮਾਰ ਬੱਗਾ, ਅਮ੍ਰਿਤਪਾਲ ਸਿੰਘ ਖੱਟੜਾ, ਰਾਜੇਸ਼ ਕੁਮਾਰ ਸਿਸੋਦੀਆ, ਸੁਖਜਿੰਦਰ ਸਿੰਘ ਕਾਕਾ ਅਤੇ ਪਿੰਕੀ ਕੌਰ ਨੇ ਦੋਸ਼ ਲਗਾਇਆ ਕਿ ਕੌਂਸਲ ਕੋਲ 15 ਕੂੜਾ ਢੋਣ ਵਾਲੇ ਵਾਹਨ ਹਨ, ਪਰ ਸਿਰਫ 6 ਹੀ ਚਾਲੂ ਹਨ। ਉਨ੍ਹਾਂ ਬਿਨਾਂ ਕੋਟੇਸ਼ਨ ਮੰਗੇ ਮੁਰੰਮਤ ‘ਤੇ 1.5 ਲੱਖ ਰੁਪਏ ਖਰਚ ਕਰਨ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਮਨਜ਼ੂਰ ਕੀਤੇ 50 ਲੱਖ ਰੁਪਏ ਦੇ ਸੀਵਰੇਜ ਸਫਾਈ ਕੰਮ ਪੂਰੇ ਨਹੀਂ ਹੋਏ, ਜਦਕਿ ਹੁਣ ਦੁਬਾਰਾ 58 ਲੱਖ ਰੁਪਏ ਦੀ ਮਨਜ਼ੂਰੀ ਲਈ ਜਾ ਰਹੀ ਹੈ। ਇਸ ‘ਤੇ ਉਨ੍ਹਾਂ ਨੇ ਤਿੱਖਾ ਵਿਰੋਧ ਦਰਜ ਕਰਵਾਇਆ। ਨਾਲ ਹੀ ਪਿੰਡ ਭਟੇੜੀ ਵਿੱਚ ਡੰਪਿੰਗ ਲਈ ਦਿੱਤੀ ਗਈ ਲੀਜ਼ ਦੀ 7 ਲੱਖ ਰੁਪਏ ਤੋਂ ਵੱਧ ਰਕਮ ਵਾਪਸ ਲੈਣ ਦੀ ਮੰਗ ਵੀ ਕੀਤੀ। ਇਸ ਸਬੰਧੀ ਕਾਰਜ ਸਾਧਕ ਅਧਿਕਾਰੀ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਸੀਵਰੇਜ ਡੀ-ਸਿਲਟਿੰਗ ਲਈ 25 ਲੱਖ ਰੁਪਏ ਜਮ੍ਹਾ ਕਰਵਾਏ ਗਏ ਸਨ, ਪਰ ਕੰਮ ਪੂਰਾ ਨਾ ਹੋਣ ਕਾਰਨ ਬਾਕੀ ਭੁਗਤਾਨ ਰੋਕ ਦਿੱਤਾ ਗਿਆ ਹੈ। ਮੀਟਿੰਗ ਵਿੱਚ ਪ੍ਰਧਾਨ ਜਗਦੇਵ ਸਿੰਘ ਭਟੋਆ ਤੋਂ ਇਲਾਵਾ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਹਰਜੀਤ ਸਿੰਘ ਸੋਢੀ, ਵਾਈਸ ਪ੍ਰਧਾਨ ਗੁਰਪ੍ਰੀਤ ਕੌਰ, ਦਲਜੀਤ ਕੌਰ ਭਾਮੀਆ, ਕੁਸਮ ਰਾਣੀ, ਕਮਲੇਸ਼ ਕੁਮਾਰੀ, ਹਰਪਾਲ ਕੌਰ ਅਤੇ ਬਬੀਤਾ ਰਾਣੀ ਹਾਜ਼ਰ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



