ਨਾਮ ਦੀ ਲਾਜ।

(ਜਸਪਾਲ ਜੱਸੀ)

(ਸਮਾਜ ਵੀਕਲੀ)

ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ)
ਕਾਂਡ – ਦਸਵਾਂ
ਬੱਚੇ ਦੇ ਜਨਮ ਵੇਲੇ ਉਸ ਦਾ ਨਾਮ ਰੱਖਿਆ ਜਾਂਦਾ ਹੈ। ਨਾਮ ਮਨੁੱਖ ਦੀ ਸਮਾਜ ਵਿਚ ਪਛਾਣ ਬਣਾਉਂਦੇ ਹਨ। ਪੁਰਾਣੇ ਸਮਿਆਂ ਵਿਚ ਨਾਮ ਦੇ ਕੁਝ ਅਰਥ ਵੀ ਹੁੰਦੇ ਸਨ। ਗੁਰੂਆਂ, ਪੀਰਾਂ ਫਕੀਰਾਂ, ਤੇ ਯੋਧਿਆਂ ਦੇ ਨਾਂ, ਨਾਮਕਰਨ ਵੇਲੇ ਬਹੁਤ ਮਹੱਤਤਾ ਰੱਖਦੇ ਸਨ। ਅੱਜ ਕੋਈ ਵੀ ਧਰਤੀ ਧੱਕੇਲ ਸਿੰਘ ਜਾਂ ਅਸਮਾਨ ਤੋੜ ਸਿੰਘ ਵਰਗੇ ਨਾਮ ਨਹੀਂ ਰੱਖਦਾ। ਜੇ ਕਿਸੇ ਨੇ ਭੁੱਲੇ ਚੁੱਕੇ ਵਧੀਆ ਜਾਂ ਅਰਥ ਭਰਪੂਰ ਨਾਮ ਰੱਖ ਵੀ ਦਿੱਤਾ ਤਾਂ ਉਸ ਦੀ ਪਾਲਣਾ ਸਹੀ ਨਹੀਂ ਹੁੰਦੀ।

“ਰਸੂਲ ਹਮਜ਼ਾਤੋਵ’ ‘ਮੇਰਾ ਦਾਗਿਸਤਾਨ’ ਵਿਚ ਲਿਖਦਾ ਹੈ ਕਿ ਕੁੜੀ ਦਾ ਨਾਮ ਗ੍ਰੰਥਾਂ ਦੀ ਪਵਿੱਤਰਤਾ ਵਰਗਾ ਤੇ ਮੁੰਡੇ ਦਾ ਨਾਮ ਤਲਵਾਰ ਦੀ ਖੜਕਾਰ ਵਰਗਾ ਹੋਣਾ ਚਾਹੀਦਾ ਹੈ।”

ਮੇਰੇ ਹਿਸਾਬ ਨਾਲ ਨਾਮ ਅਰਥ ਭਰਪੂਰ ਹੋਵੇ ਤੇ ਉਸ ਦੇ ਅਰਥਾਂ ਦੇ ਅਨੁਸਾਰ ਸਮਾਜ ਨੂੰ ਮਨੁੱਖ ਦੀ ਦੇਣ ਹੋਵੇ ਤਾਂ ਹੀ ਦੁਨੀਆਂ ‘ਤੇ ਆਇਆਂ ਦਾ ਕੋਈ ਫ਼ਾਇਦਾ ਹੈ।

ਜੋ ਬੰਦੇ ਆਪਣੇ ਨਾਮ ਦੇ ਅਰਥ ਗੁਆ ਦਿੰਦੇ ਹਨ,ਸਮਝੋ ਉਹ ਆਪਣੀ ਹੋਂਦ ਗੁਆ ਦਿੰਦੇ ਹਨ। ਜਦੋਂ ਮੇਰੇ ਭੂਆ ਜੀ ਮੇਰੇ ਜਨਮ ਵੇਲੇ ਸੰਗਰੂਰ ਤੋਂ ਮੇਰੀ ਮਾਤਾ ਦੇ ਛਿਲੇ ਤੇ ਆਏ ਤਾਂ ਉਹ ਆਉਂਦੇ ਹੋਏ ਸੋਚ ਕੇ ਆਏ ਸਨ ਕਿ ਜੇ ਲੜਕਾ ਹੋਇਆ ਤਾਂ ਮੈਂ ਉਸਦਾ ਨਾਮ ‘ਜਸਪਾਲ’ ਰੱਖਾਂਗੀ। ਜਦੋਂ ਵੱਡਾ ਹੋ ਕੇ ਮੈਨੂੰ ਇਸ ਦੇ ਅਰਥਾਂ ਦਾ ਪਤਾ ਲਗਿਆ ਤਾਂ ਮੈਂ ਮਨ ਬਣਾਇਆ ਕਿ ਮੈਂ ਭੂਆ ਦੇ ਰੱਖੇ ਨਾਮ ਨੂੰ ਲਾਜ ਨਹੀਂ ਲਗਵਾਉਣੀ।’ਜਸ’ ਜਿੰਨਾਂ ਪਾ ਲਿਆ ਜਾਵੇ ਓਨਾ ਹੀ ਥੋੜ੍ਹਾ ਹੈ।
ਜਸ ਖੱਟੀਏ, ਜਸ ਪਾਲੀਏ।

ਜੇਲ੍ਹ ‘ਚ ਮੈਂ ਵੱਧ ਤੋਂ ਵੱਧ ਅਧਿਆਪਕ ਸਾਥੀਆਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ,ਏਥੋਂ ਤੱਕ ਕਿ ਜਿਹੜੇ ਉਮਰ ਕੈਦੀ ਵੀ ਸਨ ਉਹਨਾਂ ਬਾਰੇ ਵੀ ਜਾਨਣ ਲਈ ਤਰਲੋ ਮੱਛੀ ਰਿਹਾ।

ਇੱਕ ਲੜਕਾ, ਉਮਰ ਕੈਦੀ ਸਾਡੀ ਰੋਟੀ ਬਣਾਇਆ ਕਰਦਾ ਸੀ। ਜਦੋਂ ਥੋੜ੍ਹਾ ਸਮਾਂ ਵਿਹਲਾ ਹੁੰਦਾ ਤਾਂ ਉਹ ਸਾਡੇ ਨਾਲ ਗਰਾਂਊਂਡ ਵਿਚ ਵਾਲੀਵਾਲ ਖੇਡਣ ਆ ਜਾਂਦਾ। ਇੱਕ ਦਿਨ ਮੈਂ ਉਸ ਨੂੰ ਪੁੱਛ ਹੀ ਲਿਆ, “ਅਹਿਮਦ ਫਜ਼ਲ! ਤੂੰ ਕਿਸ ਕੇਸ ਵਿਚ ਜੇਲ੍ਹ ਆਇਐਂ ?” ਉਸ ਨੇ ਦੱਸਿਆ ਕਿ'” ਮੇਰੇ ਪਿਤਾ ਜੀ ਨੂੰ ਸੜਕ ਤੇ ਤਿੰਨ ਬਦਮਾਸ਼ ਲੁੱਟਣ ਲਈ ਕੁੱਟ-ਮਾਰ ਕਰ ਰਹੇ ਸਨ। ਉਸ ਸਮੇਂ ਮੇਰੀ ਉਮਰ 14 ਸਾਲ ਦੀ ਹੋਣੀ ਐਂ। ਮੇਰੇ ਪਿਤਾ ਜੀ ਉੱਚੀ ਉੱਚੀ ਪੁਕਾਰ ਰਹੇ ਸਨ,ਮੈਨੂੰ ਬਚਾਓ! ਮੈਨੂੰ ਬਚਾਓ!

ਇਹ ਲੋਕ ਮੈਨੂੰ ਮਾਰ ਦੇਣਗੇ। ਪਰ ਕੋਈ ਵੀ ਬੰਦਾ ਉਹਨਾਂ ਬਦਮਾਸ਼ਾਂ ਤੋਂ ਡਰਦਾ ਮੇਰੇ ਪਿਤਾ ਜੀ ਨੂੰ ਬਚਾਉਣ ਨਾ ਆਇਆ। ਮੈਂ ਹਿੰਮਤ ਕਰ ਕੇ ਉਹਨਾਂ ਤਿੰਨਾਂ ਨਾਲ ਉਲਝ ਗਿਆ ਤੇ ਇੱਕ ਦੇ ਹੱਥੋਂ ਹਥਿਆਰ ਖੋਹ ਕੇ ਉਹਨਾਂ ਤਿੰਨਾਂ ਨੂੰ ਉੱਥੇ ਹੀ ਮਾਰ ਦਿੱਤਾ। ਮੇਰੇ ਪਿਤਾ ਜੀ ਤਾਂ ਬਚ ਗਏ, ਮੈਨੂੰ ਉਨ੍ਹਾਂ ਕਤਲਾਂ ਵਿਚ ਉਮਰ ਕੈਦ ਦੀ ਸਜ਼ਾ ਹੋਈ। ਪਰ ਮੈਨੂੰ ਇਕ ਸਕੂਨ ਮਿਲਿਆ ਕੇ ਮੈਂ ਆਪਣੇ ਵਾਲਿਦ ਨੂੰ ਬਚਾ ਸਕਿਆ ਹਾਂ। ਮੈਂ ਆਪਣੇ ਪਿਤਾ ਦੇ ਨਾਮ ਦੀ ਲਾਜ ਰੱਖੀ। ਅੱਜ ਮੈਨੂੰ 5 ਸਾਲ ਹੋ ਗਏ ਨੇ ਮੈਨੂੰ ਬਹੁਤ ਤ੍ਰਿਪਤੀ ਹੈ।”

ਮੈਨੂੰ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਹੌਂਸਲਾ ਹੋਇਆ। ਜੇ ਮਨੁੱਖ ਦੀ ਕੋਈ, ਰੋਟੀ ਖੋਂਹਦਾ ਹੋਵੇ ਤਾਂ ਉਸ ਨੂੰ ਭੀ ਇਸ ਤਰ੍ਹਾਂ ਹੀ ਕਰਨਾ ਚਾਹੀਦੈ। ਜੇ ਸਰਕਾਰਾਂ ਕਿਸੇ ਦੇ ਢਿੱਡ ਵਿਚ ਲੱਤ ਮਾਰਨ ਦੀ ਕੋਸ਼ਿਸ਼ ਕਰਨ ਤਾਂ ਕੁਰਬਾਨੀ ਦੇਣ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਆਪਣੇ ਨਾਮ ਨੂੰ ਕਦੇ ਲਾਜ ਨਹੀਂ ਲਗਵਾਉਣੀ ਚਾਹੀਦੀ।

ਮੈਨੂੰ ‘ਫ਼ਜ਼ਲ’ ਦੀ ਗੱਲਬਾਤ ਸੁਣ ਕੇ ਗਿਆਨੀ ‘ਹੀਰਾ ਸਿੰਘ ਦਰਦ’ ਦੀ ਰੁਬਾਈ “ਬਾਹੂ ਬਲ ਦੇ ਭਰੋਸੇ” ਯਾਦ ਆ ਗਈ। ਜਿਸ ਵਿਚ ਉਹ ਕਹਿੰਦੇ ਹਨ ਰੱਬ ਦੀ ਰਜ਼ਾ ਦੀ ਟੇਕ ਛੱਡ ਕੇ ਜ਼ੁਲਮ ਦਾ ਖ਼ਾਤਮਾ ਕਰ ਕੇ, ਆਪਣੀ ਤਕਦੀਰ ਆਪ ਘੜਨੀ ਚਾਹੀਦੀ ਹੈ:-
“ਟੁੱਟ ਗਏ ਸਬਰ ਪਿਆਲੇ ਮੇਰੇ,
ਡੁੱਲ੍ਹ ਗਏ ਸਿਦਕ ਭਰੋਸੇ।
ਦੋਸ਼ੀ ਡਿੱਠੇ ਹੁਕਮ ਚਲਾਉਂਦੇ,
ਫ਼ਾਂਸੀ ਚੜ੍ਹਨ ਬੇਦੋਸ਼ੇ।
ਸ਼ੁਕਰ ਰਜ਼ਾ ਤੇ,
ਮਿਹਰਾਂ ਵਾਲ਼ੀਆਂ।
ਟੇਕਾਂ ਹੁਣ ਟੁੱਟ ਗਈਆਂ।
ਪਰਤੱਖ ਜੁਗ ਬਦਲਾਂਦੇ ਡਿੱਠੇ,
ਬਾਹੂ ਬਲ ਦੇ ਭਰੋਸੇ।”

ਸਾਡਾ ਇੱਕ ਅਧਿਆਪਕ ਸਾਥੀ ਦਰਸ਼ਨ ਮੰਗਲਾ ਵੀ ਸਾਡੇ ਨਾਲ ਗਰਿਫ਼ਤਾਰ ਹੋਇਆ ਸੀ। ਉਮਰ 46,47 ਸਾਲ। ਸਰੀਰ ਹੱਡੀਆਂ ਦੀ ਮੁੱਠ ਤੇ ਭਾਰ ਹੋਣੈਂ 37 38 ਕਿਲੋ। ਚਾਰ ਮੇਜਰ ਅਪਰੇਸ਼ਨ ਹੋਏ, ਪਰ ਪੱਥਰੀਆਂ ਤੋਂ ਅਜੇ ਤੱਕ ਨਿਜ਼ਾਤ ਨਹੀਂ ਮਿਲੀ ਸੀ। ਡਾਕਟਰ ਇਲਾਜ ਕਰ ਕਰ ਕੇ ਥੱਕ ਚੁੱਕੇ ਸਨ। ਪੱਥਰੀਆਂ ਦਰਸ਼ਨ ਨੂੰ ਸਾਹ ਨਹੀਂ ਸਨ ਲੈਣ ਦਿੰਦੀਆਂ, ਜਿਵੇਂ ਸਰੀਰ ਅੰਦਰ ਪੱਥਰੀਆਂ ਦੀ, ਫੈਕਟਰੀ ਲੱਗੀ ਹੋਵੇ। ਰੁਜ਼ਾਨਾ ਸਵੇਰੇ ਹੀ ਪੇਨ ਕਿਲਰ (ਦਰਦ ਨਿਵਾਰਕ ਗੋਲੀ) ਖਾ ਲੈਣੀ।ਆਪਣਾ ਵਕਤ ਕੱਢ ਲੈਣਾ। ਜੇਲ੍ਹ ਜਾਣ ਤੋਂ ਉਸ ਨੂੰ ਬਥੇਰਾ ਰੋਕਿਆ ਗਿਆ, ਪਰ ਕਹਿੰਦਾ, “ਮੈਂ ਆਪਣੇ ਨਾਮ ਨੂੰ ਲਾਜ ਨਹੀਂ ਲਗਵਾਉਣੀ ਭਾਵੇਂ ਜੇਲ੍ਹ ਵਿਚ ਹੀ ਮਰ ਜਾਵਾਂ।”

ਜੇਲ੍ਹ ਤਾਂ ਸਾਡੇ ਨਾਲ ਚਲਾ ਆਇਆ ਪਰ ਜੇਲ੍ਹ ਦਾ ਖਾਣਾ, ਦਾਣਾ ਗੰਦਾ ਸੀ। ਦਰਦ ਸ਼ੁਰੂ, ਅੰਦਰ ਪੇਨ ਕਿਲਰ ਕੋਈ ਨਾ ਆਉਣ ਦੇਣ, ਜਿੰਨੀਆਂ ਗਰਿਫ਼ਤਾਰੀ ਸਮੇਂ ਚੋਰੀਓਂ ਜੇਲ੍ਹ ਅੰਦਰ ਲੈ ਆਇਆ ਸੀ, ਉਹ ਖ਼ਤਮ ਹੋ ਗਈਆਂ। ਪਿਸ਼ਾਬ ਕਰਨ ਲੱਗਿਆਂ ਖ਼ੂਨ ਆਵੇ। ਬੜੀ ਬਿਪਤਾ ਪਈ। ਸੋਚਿਆ ਮਨਾ ਇਸ ਵਿਚਾਰੇ ਨੂੰ ਕਿਉਂ ਤਕਲੀਫ਼ ਦਿੱਤੀ। ਆਪਣਾ ਦਰਦ ਵੀ ਕਿਸੇ ਨੂੰ ਨਾ ਦੱਸੇ। ਰੋਟੀ ਅੱਧਾ-ਪਚੱਧਾ ਟੁੱਕ ਖਾ ਲੈਣਾ ਤੇ ਪਏ ਰਹਿਣਾ। ਜਦੋਂ ਦਰਦ ਥੋੜ੍ਹਾ ਠੀਕ ਹੋਣਾ ਤਾਸ਼ ਖੇਡਣ ਲੱਗ ਪੈਣਾ। ਆਪਣੀ ਤਕਲੀਫ਼ ਲੁਕਾ ਕੇ ਸਾਰੇ ਸਾਥੀਆਂ ਨੂੰ ਹਸਾਉਣਾ। ਦਲੇਰੀ ਐਨੀ ਅੱਖ਼ਰਾਂ ‘ਚ ਬਿਆਨ ਕਰਨੀ ਮੁਸ਼ਕਲ।

ਇੱਕ ਦਿਨ ਸਾਡਾ ਇੱਕ ਹੋਰ ਸਾਥੀ ਰਾਤ ਨੂੰ ਬਾਰਾਂ ਕੁ ਵਜੇ ਥੋੜ੍ਹਾ ਬਿਮਾਰ ਹੋ ਗਿਆ। ਰਾਤ ਨੂੰ ਕੋਈ ਬਾਰਾਂ ਕੁ ਵਜੇ, ਜੇਲ੍ਹ ਕੰਪਾਊਂਡਰ ਨੂੰ ਬੁਲਾ ਕੇ ਦਵਾਈ ਦਿਵਾਈ। ਸੋਚਿਆ, ਇਸ ਦੇ ਘਰ ਸੁਨੇਹਾ ਭੇਜ ਦਿੰਦੇ ਹਾਂ। ਸ਼ਾਇਦ ਉਦਰੇਵਾਂ ਨਾ ਮੰਨ ਗਿਆ ਹੋਵੇ। ਜਦੋਂ ਉਹ ਸਾਥੀ ਦੇ ਘਰ ਵਾਲੇ ਮੁਲਾਕਾਤ ਕਰਨ ਆਏ ਤਾਂ ਆਉਂਦੇ ਹੋਏ ਸਾਥੀ ਦੇ ਜ਼ਮਾਨਤ ਦੇ ਕਾਗਜ਼ ਵੀ ਤਿਆਰ ਕਰ ਲਿਆਏ। ਇਸ ਗੱਲ ਦੀ ਸਾਨੂੰ, ਅਖ਼ੀਰ ਤੱਕ ਭਿਣਕ ਨਾ ਲੱਗੀ, ਕਿਉਂਕਿ ਸਾਥੀ ਦਰਸ਼ਨ ਤੇ ਦੂਜਾ ਸਾਥੀ ਇੱਕੋ ਪਿੰਡ ਦੇ ਸਨ। ਦਰਸ਼ਨ ਦੀ ਘਰ ਵਾਲੀ ਵੀ ਉਹਨਾਂ ਨਾਲ ਮੁਲਾਕਾਤ ਕਰਨ ਆ ਗਈ ਹਾਲਾਂਕਿ ਦਰਸ਼ਨ ਉਸ ਸਾਥੀ ਤੋਂ ਸੌ ਗੁਣਾਂ ਜ਼ਿਆਦਾ ਤਕਲੀਫ਼ ਵਿਚ ਸੀ। ਦਰਸ਼ਨ ਦੀ ਘਰਵਾਲੀ ਨੇ ਕਿਹਾ,”ਤੁਸੀਂ ਵੀ ਜ਼ਮਾਨਤ ਕਰਵਾ ਕੇ, ਭਾਈ ਸਾਹਿਬ ਹੋਰਾਂ ਨਾਲ ਹੀ ਚੱਲੋ।

ਮੈਂ ਕਾਗਜ਼ ਤਿਆਰ ਕਰਵਾ ਲੈਂਦੀ ਹਾਂ। ਤੁਸੀਂ ਤਾਂ ਇਹਨਾਂ ਤੋਂ ਵੀ ਜ਼ਿਆਦਾ ਬਿਮਾਰ ਹੋ।” ਦਰਸ਼ਨ ਨੇ ਆਪਣੀ ਪਤਨੀ ਨੂੰ ਤੋੜ ਕੇ ਜਵਾਬ ਦੇ ਦਿੱਤਾ ਤੇ ਕਿਹਾ,” ਤੂੰ ਮੈਨੂੰ ਏਥੇ ਮਾਰਨ ਆਈ ਐਂ, ਜਾਂ ਮੁਲਾਕਾਤ ਕਰਨ ?” ਜਦੋਂ ਮੈਂ ਤੈਨੂੰ ਇੱਕ ਵਾਰ ਕਹਿ ਦਿੱਤਾ ਬਈ ਮੈਂ ਜ਼ਮਾਨਤ ਨਹੀਂ ਕਰਵਾਉਣੀ। ਤੂੰ ਚਲੀ ਜਾਹ ! ਉਸ ਦਿਨ ਤਾਂ ਦਰਸ਼ਨ ਦੀ ਘਰ ਵਾਲੀ, ਓਥੋਂ ਚੰਡੀਗੜ੍ਹ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੀ ਗਈ, ਜ਼ਮਾਨਤ ਵਾਲੇ ਸਾਥੀ ਦੇ ਘਰ ਦੇ ਵੀ ਨਾਲ ਸੀ। ਉਹਨਾਂ ਸੋਚਿਆ ਜੇ ਅੱਜ ਨਹੀਂ ਮੰਨਿਆ ਸ਼ਾਇਦ, ਕੱਲ੍ਹ ਨੂੰ ਜ਼ਮਾਨਤ ਲਈ ਰਾਜੀ ਹੋ ਜਾਵੇ।

ਅਗਲੇ ਦਿਨ ਫ਼ੇਰ ਮੁਲਾਕਾਤ ਦੀ ਅਵਾਜ਼ ਪੈ ਗਈ। ਦਰਸ਼ਨ ਜਾ ਹਾਜ਼ਰ ਹੋਇਆ। ਇੱਕ, ਦੋ ਸਾਡੇ ਹੋਰ ਸਾਥੀ ਵੀ ਨਾਲ ਸਨ। ਜਦੋਂ ਮੁਲਾਕਾਤ ਸ਼ੁਰੂ ਹੋਈ ਤਾਂ ਉਸਦੀ ਘਰ ਵਾਲੀ ਨੇ ਫ਼ੇਰ ਤਰਲੇ ਮਿੰਨਤਾ ਕੀਤੀਆਂ ਕਿ,” ਕਿ ਤੁਸੀਂ ਵੀ ਜ਼ਮਾਨਤ ਕਰਾ‌ ਕੇ ਘਰੇ ਚੱਲੋ।” ਉਸ ਦੇ ਇਹ ਸ਼ਬਦ ਕਹਿਣ ਦੀ ਦੇਰ ਸੀ, ਦਰਸ਼ਨ ਦੇ ਚਿਹਰੇ ‘ਤੇ ਕੋਈ ਹੋਰ ਹੀ ਰੰਗ ਆ ਗਿਆ। ਉਸ ਨੂੰ ਲੱਗਿਆ ਜਿਵੇਂ ਮੇਰੀ ਘਰ ਵਾਲੀ, ਮੇਰੀ ਹੋਂਦ ਮਿਟਾਉਣ ‘ਤੇ ਤੁਲੀ ਹੋਈ ਹੈ। ਆਪਣੇ ਗੁੱਸੇ ‘ਤੇ ਕਾਬੂ ਕਰ ਕੇ ਦਰਸ਼ਨ ਨੇ ਆਪਣੀ ਘਰ ਵਾਲੀ ਨੂੰ ਕਿਹਾ,” ਦੇਖ ਭਾਗਵਾਨੇ‌ ! ਜੇ ਤੂੰ ਸੋਚੇਂ ਕਿ ਮੈਂ ਜ਼ਮਾਨਤ ਕਰਵਾ ਕੇ ਤੇਰੇ ਨਾਲ ਚੱਲ ਪੂੰ‌ , ਇਹ ਤਾਂ ਭੁੱਲ ਜਾਹ। ਮੇਰੀ ਤਬੀਅਤ ਖ਼ਰਾਬ ਹੋ ਸਕਦੀ ਹੈ, ਮੈਂ ਤਕਲੀਫ਼ ਝੱਲ ਸਕਦਾਂ, ਮੇਰੀ ਲਾਸ਼ ਏਥੋਂ ਜਾ ਸਕਦੀ ਐ, ਪਰ ਮੈਂ ਬਿਨਾਂ ਮੰਗਾ ਮੰਨੇ, ਇੱਥੋਂ ਨਹੀਂ ਜਾਂਦਾ।

ਇਹ ਤਾਂ ਅਮੀਰ ਐ- ਜ਼ਮਾਨਤ ਕਰਵਾ ਕੇ ਜਾ ਸਕਦੇ ਨੇ – ਮੇਰੀ ਰੋਟੀ ਤਾਂ ਮੇਰੀ ਨੌਕਰੀ ‘ਤੇ ਖੜ੍ਹੀ ਐ। ਜੇ ਸਾਡੀਆਂ ਨੌਕਰੀਆਂ ਹੀ ਖ਼ਤਮ ਹੋ ਗਈਆਂ ਤਾਂ, ਰੋਟੀ ਕਿੱਥੋਂ ਖਾਵਾਂਗੇ ? ਨਾਲ਼ੇ ਤੈਨੂੰ ਅੱਜ ਇੱਕ ਗੱਲ ਹੋਰ ਦੱਸ ਦਿਆਂ ! ਘਰ ਜਾ ਕੇ ਬੱਚਿਆਂ ਨੂੰ ਵੀ ਤਿਆਰ ਰੱਖੀਂ, ਕੀ ਪਤੈ, ਕਦੋਂ ਤੈਨੂੰ ਤੇ ਬੱਚਿਆਂ ਨੂੰ ਵੀ ਗਰਿਫ਼ਤਾਰੀ ਦੇ ਕੇ ਇੱਥੇ ਆਉਣਾ ਪਵੇ। ਮੈਂ ਆਪਣੇ ਨਾਮ ਨੂੰ ਕਾਲਖ਼ ਨਹੀਂ ਲਗਵਾ ਸਕਦਾ।” ਉਹ ਚੁੱਪ ਚਪੀਤੇ ਹੰਝੂਆਂ ਦਾ ਘੁੱਟ ਭਰ ਕੇ ਉੱਥੋਂ ਚਲੀ ਗਈ। ਦੂਜੇ ਸਾਥੀ ਜੋ ਮੁਲਾਕਾਤ ਵੇਲੇ, ਦਰਸ਼ਨ ਨਾਲ ਗਏ ਸਨ, ਹੈਰਾਨ ਰਹਿ ਗਏ, ਉਹਨਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ।

ਜਦੋਂ ਮੈਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਮੇਰਾ ਗੱਚ ਭਰ ਆਇਆ,ਕਿਉਂਕਿ ਅੱਜ ਸਵੇਰੇ ਹੀ ਦਰਸ਼ਨ ਨੂੰ ਪਿਸ਼ਾਬ ਰਾਹੀਂ ਕਾਫ਼ੀ ਖ਼ੂਨ ਆਇਆ ਸੀ। ਦਰਸ਼ਨ ਦੇ ਦਰਸ਼ਨ ਕਰ ਕੇ ਮੇਰਾ ਸਿਰ ਸਤਿਕਾਰ ਨਾਲ ਝੁਕ ਗਿਆ।
ਗੱਲ ਨਾਮ ਦੀ ਹੋ ਰਹੀ ਸੀ। ਦਰਸ਼ਨ ਨੇ ਆਪਣੀ ਅੰਤਰ ਆਤਮਾ ਦੇ ਦਰਸ਼ਨ ਕਰਵਾ ਦਿੱਤੇ ਸਨ। ਜਦੋਂ ਮੈਂ ਇਹ ਗੱਲ ਬਿਮਾਰਾਂ ਦਾ ਤੇ

ਹਲਕੇ ਦਿਲ ਵਾਲਿਆਂ ਦਾ ਦਿਲ ਰੱਖਣ ਲਈ ਸਟੇਜ ‘ਤੇ ਸੁਣਾਈ ਤਾਂ ਸਾਰੇ ਜੇਲ੍ਹੀ ਸਾਥੀ ਬੜੀ ਉਤਸੁਕਤਾ ਅਤੇ ਤੀਬਰਤਾ ਨਾਲ ਦਰਸ਼ਨ ਦਾ, ਦੀਦਾਰ ਕਰਨ ਨੂੰ ਫ਼ਿਰਨ।

ਦਰਸ਼ਨ ਨੂੰ ਸਪੈਸ਼ਲ ਸਟੇਜ ‘ਤੇ ਖੜ੍ਹਾ ਕੀਤਾ ਗਿਆ ਤੇ ਉਸ ਦੇ ਹੌਂਸਲੇ ਦੀ ਸਭ ਨੇ ਦਾਦ ਦਿੱਤੀ।

ਗੱਲ ਇਹ ਨਹੀਂ ਕਿ ਤੁਸੀਂ ਸਰੀਰ ‘ਤੇ ਚਮੜੀ ਕਿੰਨੀ ਚੜ੍ਹਾਈ ਹੈ। ਜੇ ਤੁਸੀਂ ਸੱਤ ਫੁੱਟਾ ਸਰੀਰ ਲੈ ਕੇ,ਚੂਹੀ ਜਿੰਨਾਂ ਦਿਲ ਲਈ ਫਿਰਦੇ ਹੋ ਤਾਂ ਐਡੇ ਵੱਡੇ ਸਰੀਰ ਦਾ ਕੀ ਲਾਭ ?

ਸਾਡਾ ਇੱਕ ਸਾਥੀ ਜੋ ਜੇਲ੍ਹ ਆਉਣ ਦਾ ਵਾਅਦਾ ਕਰ ਕੇ ਮੁੜਕੇ ਨਹੀ ਆਇਆ ਸੀ, ਜੇ ਉਸਦਾ ਤੇ ਦਰਸ਼ਨ ਦੇ ਸਰੀਰ ਦਾ ਮੁਕਾਬਲਾ ਕਰੀਏ ਤੁਸੀਂ ਕਹੋਗੇ ਮੈ ਸ਼ਾਇਦ ਗੱਪ ਮਾਰ ਰਿਹਾ ਹਾਂ। ਕੱਦ ਸਵਾ ਛੇ ਫੁੱਟ,ਭਾਰ ਸਵਾ ਕੁਵਿੰਟਲ, ਦਿਲ ਚੂਹੀ ਤੋਂ ਵੀ ਛੋਟਾ।
ਜਦੋਂ ਮੈਂ ਦਰਸ਼ਨ ਤੇ ਉਸ ਅਧਿਆਪਕ ਬਾਰੇ ਸੋਚਦਾ ਹਾਂ ਤਾਂ ਮੈਨੂੰ ਡਾ.”ਦੀਵਾਨ ਸਿੰਘ ਕਾਲੇਪਾਣੀ” ਦੀਆਂ ਸਤਰਾਂ ਯਾਦ ਆ ਜਾਂਦੀਆਂ ਹਨ:-
ਕਵਿਤਾ ਸੀ:-
” ਜਣੇ ਨੂੰ ”
ਜਣਿਆਂ,
ਓ ਜਣਿਆ,
ਸੱਤ ਫੁੱਟ ਸਤੀਰ ਜਿੱਡਾ ਤੇਰਾ ਜੁੱਸਾ।
ਖਰਾਸ ਦੇ ਪੁੜ ਜਿੱਡੀ ਤੇਰੀ ਛਾਤੀ।
ਇਸ ਜਸੀਮ ਜੁੱਸੇ ਅੰਦਰ,
ਕੁਝ ਜਾਨ ਵੀ ਹੈ ਈ,
ਜੇ ਨਹੀਂ,
ਤਾਂ ਕਿਉਂ ਦਾਣੇ ਗੰਦੇ ਕਰਨਾ ਏਂ?
ਮਰ ਪਰ੍ਹਾਂ ਚੋਬਰਾ !
ਕਿ ਧਰਤੀ ਦਾ ਭਾਰ ਹੌਲਾ ਹੋਵੇ।

( ਡਾ. ਦੀਵਾਨ ਸਿੰਘ ਕਾਲੇਪਾਣੀ ਰਚਨਾਵਲੀ ਭਾਸ਼ਾ ਵਿਭਾਗ ਪੰਜਾਬ)
ਕਵੀ ਕਿੰਨੇ ਜਾਣੀ ਜਾਣ ਹੁੰਦੇ ਹਨ। ਫ਼ੇਰ ਵੀ ਅਸੀਂ ਇਹ ਗੱਲ ਕਹਿ ਕੇ ਆਪਣੇ ਮਨ ਨੂੰ ਧਰਵਾਸ ਦਿੰਦੇ ਹਾਂ:-
” ਜੰਗਲ ‘ਚ ਸਾਰੇ ਸ਼ੇਰ ਨੀ ਹੁੰਦੇ,
ਤੇ ਦੁਨੀਆਂ ‘ਚ ਸਾਰੇ ਦਲੇਰ ਨੀ ਹੁੰਦੇ।”

ਦੁਨੀਆਂ ਵੰਨ-ਸਵੰਨੀ ਹੈ। ਹਰ ਕਿਸਮ ਦੇ ਬੰਦਿਆਂ ਨਾਲ ਤੁਹਾਡਾ ਵਾਹ ਪੈਂਦਾ ਹੈ। ਜਿੱਥੇ ਤੁਹਾਨੂੰ ਵਧੀਆ ਮਨੁੱਖ ਸਕੂਨ ਦਿੰਦੇ ਹਨ, ਓਥੇ ਕਿਸੇ ਬੰਦੇ ਦੀ ਘਟੀਆ ਹਰਕਤ ਮੌਤ ਦੇ ਮੂੰਹ ਵਿਚ ਪਾ ਸਕਦੀ ਹੈ। ਜਦੋਂ ਜੇਲ੍ਹ ਵਿੱਚ ਸਾਡੇ ਬਠਿੰਡੇ ਵਾਲੇ ਸਾਥੀ, ਸਾਨੂੰ ਖਾਣ ਦਾ ਸਮਾਨ ਦੇ ਕੇ ਗਏ, ਉਹਨਾਂ ਪੈਕਟਾਂ ਵਿਚ ਦਵਾਈਆਂ ਵੀ ਸਨ। ਉਹ ਪੈਕਟ ਕਿਸੇ ਹੋਰ ਦੇ ਹੱਥ ਲੱਗ ਗਏ। ਦਵਾਈਆਂ ਉਹਨਾਂ ਸੁੱਟ ਦਿੱਤੀਆਂ ਤੇ ਸਮਾਨ ਹਜ਼ਮ ਕਰ ਲਿਆ। ਭਾਵੇਂ ਸਮਾਨ ਵਿਚ ਸਾਡੇ ਨਾਮ ਦੀਆਂ ਸਲਿੱਪਾਂ ਵੀ ਸਨ। ਉਸ ਬੰਦੇ ਦੀ ਇਸ ਹਲਕੀ ਹਰਕਤ ਕਰਕੇ ਸਾਡੇ ਕਈ ਸਾਥੀਆਂ ਨੂੰ ਕਈ ਦਿਨ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ। ਉਸ ਬੰਦੇ ਨੇ ਘਟੀਆ ਹਰਕਤ ਕਰਕੇ ਆਪਣੇ ਸਕੂਲ ਦੇ ਨਾਮ ਨੂੰ ਲਾਜ ਲਗਵਾ ਦਿਤੀ ।

(ਜਸਪਾਲ ਜੱਸੀ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਥਾਈ
Next articleਗੀਤ