(ਸਮਾਜ ਵੀਕਲੀ)
ਚੌਥੀ ਜਮਾਤ ‘ ਚ ਪੜ੍ਹਦੀ ਜਸਪੀ੍ਤ ਅੱਜ ਕਈ ਦਿਨਾਂ ਬਾਅਦ ਸਕੂਲ ਆਈ । ਸਵੇਰ ਦੀ ਸਭਾ ਚੱਲ ਰਹੀ ਸੀ ਪਰ ਓਹ ਪੇ੍ਅਰ ‘ਚ ਜਾਣ ਦੀ ਬਜਾਏ ਥੋੜ੍ਹਾ ਦੂਰੀ ਤੇ ਆਪਣੀ ਬੁੱਢੀ ਦਾਦੀ ਦੇ ਪਿੱਛੇ ਸਹਿਮੀ ਜੀ ਖੜੀ ਰਹੀ। ‘ਸ਼ਬਦ’ ਤੋਂ ਬਾਅਦ ਮੈਡਮ ਸਿੱਧੇ ਓਨਾਂ ਕੋਲ਼ ਗਏ ਤੇ ਗੁੱਸੇ ‘ ਚ ਬੋਲੇ,
” ਕਿਓਂ ਬੇਬੇ ਜੀ! ਕੀ ਗੱਲ ਇਹਨੂੰ ਸਕੂਲ ਕਿਉਂ ਨੀ ਭੇਜਦੇ ? ਚੰਗੀ ਭਲ਼ੀ ਪੜ੍ਹਨ ਆਲ਼ੀ ਕੁੜੀ ਆ ਥੋਡੀ !! ਪਰ ! ਆਹ ਥੋਡੇ ਲੋਕਾਂ ਦਾ ਲਾਡ ਈ ਵੱਲਾ ,ਮਾੜੀ – ਮਾੜੀ ਗੱਲ ਤੇ ਜਵਾਕ ਘਰੇ ਰੱਖ ਲੈਨੇ ਓ!! ਅਸਲ਼ ‘ ਚ ਸਰਕਾਰ ਈ ਕਮਲ਼ੀ ਆ ਜਿਹੜੀ ਥੋਨੂੰ ਮੁਖਤ ਕਿਤਾਬਾਂ , ਵਰਦੀਆਂ ,ਵਜੀਫੇ ਤੇ ਫਰੀ ‘ ਚ ਪੜ੍ਹਾਈ ਕਰਾਉਂਦੀ ਆ !! ਜੇ ਪੱਲਿਓਂ ਪੈਸੇ ਲੱਗਦੇ ਹੋਣ ਨਾ ਫਿਰ ਪਤਾ ਲੱਗੇ ਥੋਨੂੰ ਪੜ੍ਹਾਈ ਦੀ ਕਦਰ ਦਾ!! ਮਜਾਕ ਬਣਾ ਰੱਖਿਆ!!” ਕੁਛ ਨੀ ਦੇਣਾ ਥੋਡੇ ਏਸ ਲਾਡ ਨੇ ਏਹਨੂੰ,,ਆਪ ਤਾਂ ਨੀ ਪੜ੍ਹੇ ,ਇਹਨਾਂ ਜਵਾਕਾਂ ਨੂੰ ਤਾਂ ਪੜ੍ਹਾ ਲੋ! ਵਿੱਦਿਆ ਦਾ ਚਾਨਣ ਈ ਆ ਮਾਤਾ ,ਜਿਹੜਾ ਥੋਡੀ ਜਿੰਦਗੀ ਦੇ ਇਸ ਹਨੇਰੇ ਨੂੰ ਦੂਰ ਕਰ ਸਕਦਾ ! ਜੇ ਮੈਨੂੰ ਇਹਦਾ ਕੋਈ ਫਿਕਰ ਆ ਤਾਂ ਈ ਥੋਨੂੰ ਆਖ ਰਹੀ ਆਂ ,ਨਹੀਂ ਤਾਂ ਮੈਨੂੰ ਕਿਹੜਾ ਏਹਨੂੰ ਕੱਲੀ ਨੂੰ ਈ ਪੜ੍ਹੌਣ ਦੀ ਤਨਖਾਹ ਮਿਲ਼ਦੀ ਆ! ”
” ਵੇ ਪੁੱਤ ,ਤੂੰ ਤਾਂ ਭਲ਼ੇ ਆਸਤੇ ਈ ਕਹਿਨੀ ਏਂ ,ਤੇਰਾ ਕਾਹਦਾ ਗੁੱਸਾ ਭਲਾਂ ! ਪਰ ! ਮੇਰੀ ਧੀ , ਝਿੜਕੀ ਨਾ ਏਹਨੂੰ,ਮਸਾਂ ਹੌਂਸਲਾ ਜਾ ਕਰ ਕੇ ਆਈ ਆ ਅੱਜ ,ਦੋ- ਤਿੰਨ ਦਿਨਾਂ ਦੀਆਂ ਮਿੰਨਤਾ ਕਰੀ ਜਾਂਦੀ ਸੀ ਮੇਰੀਆਂ ਵੀ ਬੇਬੇ ਮੈਨੂੰ ਸਕੂਲ ਛੱਡ ਕੇ ਆ ,ਮੈਡਮ ਗੁੱਸੇ ਹੋਣਗੇ।”
” ਪਰ ਬੇਬੇ ,ਏਹ ਕਾਹਦਾ ਲਾਡ ਆ ਵੀ ਜਵਾਕ ਨੂੰ ਵੀਹ- ਵੀਹ ਦਿਨ ਘਰੇ ਰੱਖੀ ਰੱਖੋ,,ਅਸੀਂ ਵੀ ਅੱਗੇ ਰਿਜਲਟ ਦੇਣਾ ਹੁੰਦੈ ,ਫੇਰ ਕਹਿੰਦੇ ਆ ਵੀ ਸਰਕਾਰੀ ਮਾਸਟਰ ਪੜ੍ਹੌਂਦੇ ਨੀ! ਐਹੇ ਜੀ ਕੀ ਬਿਪਤਾ ਆ ਗਈ ਸੀ?”
” ਵੇ ਪੁੱਤ , ਰੱਬ ਦਾ ਜਮਾਂ ਈ ਕਹਿਰ ਹੋ ਗਿਆ ! ਵੀਹ ਕੁ ਦਿਨ ਪਹਿਲਾਂ ਭੱਠੇ ਤੇ ਇੱਟਾਂ ਢੋਦੇਂ ਹੋਏ ਖੱਚਰ – ਰੇੜਾ ਵਾਹਣ ‘ ਚ ਉਲਟ ਗਿਆ ,ਏਹਦੀ ਮਾਂ ਹੇਠਾਂ ਆ ਗੀ ! ਢੂਈ ‘ ਚ ਐਹੇ ਜੀ ਸੱਟ ਵੱਜੀ ਆ ਪੁੱਤ ,ਸਾਰੀ ਉਮਰ ਆਸਤੇ ਮੰਜੇ ਨਾਲ਼ ਜੁੜ ਗੀ ,ਖੱਚਰ – ਰੇੜਾ ਵੀ ਵਿਕ ਕੇ ਉੱਤੇ ਲੱਗ ਗਿਆ !! ਦੋ ਜਵਾਕ ਏਤੋਂ ਛੋਟੇ ਹੋਰ ਆ ,ਜਦੋਂ ਮੈਂ ਰੋਟੀ ਬਣਾਉਣੀ ਆਂ ਤਾਂ ਇਹ ਓਹਨਾਂ ਨੂੰ ਸੰਭਾਲ ਲੈਂਦੀ ਸੀ ਪੁੱਤ ! ਪਿਓ ਤਾਂ ਏਹਦਾ ਵਿਚਾਰਾ ਦਿਨ – ਰਾਤ ਦਿਹਾੜੀ ਕਰਦਾ ਤਾਂ ਜੋ ਏਹਦੀ ਮਾਂ ਦਾ ਲਾਜ ਹੋ ਸਕੇ ,, ਸਾਡੇ ਤਾਂ ਚਾਰੇ – ਪਾਸੇ ਨੇਰਾ ਈ ਨੇਰਾ ਪੁੱਤ ! ” ਬੇਬੇ ਆਟੇ ਆਲ਼ੇ ਲਿੱਬੜੇ ਹੱਥਾਂ ਨਾਲ਼ ਟੁੱਟੀ ਜੀ ਐਨਕ ਲਾਹ ਕੇ ਅੱਖਾਂ ਪੂੰਝਦੀ ਹੋਈ ਫੁੱਟ- ਫੁੱਟ ਰੋਣ ਲੱਗ ਪਈ
ਬੇਬੇ ਦੇ ਪਿੱਛੇ ਸਹਿਮੀ ਜੀ ਖੜੀ ਜਸਪੀ੍ਤ ਦੀਆਂ ਅੱਖਾਂ ਤੋਂ ਇੰਞ ਲਗਦਾ ਸੀ ਵੀ ਜਿਵੇਂ ਮੈਡਮ ਨੂੰ ਕਹਿ ਰਹੀਆਂ ਹੋਣ ,’ਸਾਡੇ ਹਿੱਸੇ ਦਾ ਚਾਨਣ ‘ ਤਾਂ ਥੋਡੇ ਕੋਲ਼ੇ ਈ ਆ ਮੈਡਮ ਤੇ ਨੇਰ੍ਹਾ ਭਾਵੇਂ ਕਿੰਨੀ ਮਰਜੀ ਕੋਸ਼ਿਸ ਕਰਲੇ ਮੈਨੂੰ ਰੋਕਣ ਦੀ ਮੈਂ ਆਪਣੇ ਹਿੱਸੇ ਦਾ ਚਾਨਣ ਲੈ ਕੇ ਈ ਛੱਡੂਗੀ!!!
ਬੇਬੇ ਦੀ ਗੱਲ ਸੁਣਕੇ ਮੈਡਮ ਦੀਆਂ ਅੱਖਾਂ ਵਿਚ ਵੀ ਪਾਣੀ ਆ ਗਿਆ ਉਸ ਨੂੰ ਜਸਪੀ੍ਤ ਦੀ ਦਲੇਰੀ ਉੱਤੇ ਮਾਣ ਹੋ ਰਿਹਾ ਸੀ ,ਜੋ ਗਰੀਬੀ ਤੇ ਘਰੇਲੂ ਅੜਚਨਾ ਦੇ ਹਨੇਰੇ ਨਾਲ਼ ਲੜਦੀ ਹੋਈ ਵਿੱਦਿਆ ਦੇ ਚਾਨਣ ਵੱਲ ਹੱਥ ਵਧਾਉਣ ਆਈ ਸੀ …. ਮੈਡਮ ਨੇ ਜਸਪੀ੍ਤ ਦਾ ਪਿਆਰ ਨਾਲ਼ ਹੱਥ ਫੜਿਆ ਤੇ ਉਸਨੂੰ ਘੁੱਟ ਕੇ ਆਪਣੀ ਛਾਤੀ ਨਾਲ਼ ਲਾ ਲਿਆ….ਥੋੜੀ ਦੂਰੀ ਤੇ ਖੜ੍ਹੇ ਹੋਏ ਮੈਂ ਵੀ ਅੱਜ ਸੱਚੇ ਗੁਰੂ ਦੇ ਸਾਖਸ਼ਾਤ ਦਰਸ਼ਨ ਕਰ ਰਿਹਾ ਸੀ ।
ਜਗਸੀਰ ਸਿੰਘ’ਝੁੰਬਾ ‘
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly