HOME “ਖਮੋਸ਼ ਹੋ ਗਿਆ ਹਾਸਿਆਂ ਦਾ ਵਣਜਾਰਾ”

“ਖਮੋਸ਼ ਹੋ ਗਿਆ ਹਾਸਿਆਂ ਦਾ ਵਣਜਾਰਾ”

2
ਜਸਵਿੰਦਰ ਭੱਲਾ
   (ਸਮਾਜ ਵੀਕਲੀ)   ਹਾਸਿਆਂ ਦਾ ਵਣਜਾਰਾ ਜਸਵਿੰਦਰ ਭੱਲਾ 22 ਅਗਸਤ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਿਆ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਚੁਪ ਚਪੀਤੇ ਇਸ ਸੰਸਾਰ ਤੋਂ ਵਿਦਾ ਹੋ ਜਾਣਗੇ ਦੁਨੀਆਂ ਨੂੰ ਹਾਸੇ ਵੰਡਣ ਵਾਲੇ ਇਸ ਮਹਾਨ ਕਮੇਡੀਅਨ ਦਾ ਜਨਮ 4 ਮਈ 1960 ਨੂੰ ਲੁਧਿਆਣਾ ਨੇੜੇ ਦੋਰਾਹਾ, ਪੰਜਾਬ ‘ਚ ਹੋਇਆ ਉਹਨਾਂ ਦੇ ਪਿਤਾ ਮਾਸਟਰ ਬਹਾਦੁਰ ਸਿੰਘ ਭੱਲਾ ਪਿੰਡ ਬਰਮਾਲੀਪੁਰ ਦੇ ਪ੍ਰਾਇਮਰੀ ਸਕੂਲ ਅਧਿਆਪਕ ਸਨ। ਉਨ੍ਹਾਂ ਨੇ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ। ਜਸਵਿੰਦਰ ਭੱਲਾ ਨੇ ਬੀ.ਐਸ.ਸੀ. ਖੇਤੀਬਾੜੀ (ਆਨਰਜ਼) ਅਤੇ ਐਮ.ਐਸ.ਸੀ (ਐਕਸਟੈਂਸ਼ਨ ਐਜੂਕੇਸ਼ਨ) ਦੀ ਡਿਗਰੀ 1982 ਅਤੇ 1985 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਪੀਏਯੂ ਵਿੱਚ ਦਾਖਲ ਹੋਣ ਤੋਂ ਪਹਿਲਾਂ, ਉਨ੍ਹਾਂ ਨੇ ਖੇਤੀਬਾੜੀ ਵਿਭਾਗ, ਪੰਜਾਬ ਵਿੱਚ ਪੰਜ ਸਾਲ ਤੱਕ ਏ.ਆਈ/ਏ.ਡੀ.ੳ ਵਜੋਂ ਸੇਵਾ ਨਿਭਾਈ। ਉਹ ਸਾਲ 1989 ਵਿਚ ਪੀ ਏ ਯੂ ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਵਿਚ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਸ਼ਾਮਲ ਹੋਏ ਤੇ ਆਪਣੀ ਪੀ .ਐਚ.ਡੀ. (ਐਗਰੀ. ਐਕਸਟੈਂਸ਼ਨ) ਸਾਲ 2000 ਦੇ ਦੌਰਾਨ ਸੀ.ਸੀ.ਐਸ.ਯੂ, ਮੇਰਠ ਤੋਂ ਇਕ ਸੇਵਾ-ਦੌਰਾਨ ਵਿਦਿਆਰਥੀ ਦੇ ਤੌਰ ‘ਤੇ ਪੂਰੀ ਕੀਤੀ। ਉਹ 31 ਮਈ 2020 ਨੂੰ ਆਪਣੀ ਸਰਕਾਰੀ ਸਰਗਰਮ ਸੇਵਾ ਤੋਂ ਸੇਵਾ ਮੁਕਤ ਹੋ ਗਏ ਸਨ। ਜਸਵਿੰਦਰ ਭੱਲਾ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਹੈ ਜੋ ਇਕ ਫਾਈਨ ਆਰਟਸ ਅਧਿਆਪਕ ਹਨ। ਉਹਨਾਂ ਦਾ ਇੱਕ ਬੇਟਾ ਪੁਖਰਾਜ ਭੱਲਾ ਹੈ, ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਆਡੀਓ ਵਿਜ਼ੁਅਲ ਵਿਚ ਅਧਿਐਨ ਕਰ ਰਿਹਾ ਹੈ। ਪੁਖਰਾਜ 2002 ਤੋਂ ਛਣਕਾਟਾ ਦੇ ਕੁਝ ਕੈਸਟਾਂ ਵਿਚ ਵੀ ਆਏ ਅਤੇ ਉਸਨੇ ਕੁਝ ਪੰਜਾਬੀ ਫਿਲਮਾਂ ਵਿਚ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ। ਜਸਵਿੰਦਰ ਭੱਲਾ ਦੀ ਇੱਕ ਬੇਟੀ ਅਸ਼ਪ੍ਰੀਤ ਕੌਰ ਹੈ,ਜੋ ਕਿ ਵਿਆਹ ਤੋਂ ਬਾਅਦ ਨਾਰਵੇ ਵਿਚ ਰਹਿੰਦੀ ਹੈ। ਬਾਲ ਮੁਕੰਦ ਸ਼ਰਮਾ ਭੱਲਾ ਜੀ ਦੇ ਚੰਗੇ ਦੋਸਤ ਹਨ, ਜੋ ਛਣਕਾਟਾ ਸੀਰੀਜ਼ ‘ਚ ਭਤੀਜ ਦਾ ਕਿਰਦਾਰ ਨਿਭਾਉਂਦੇ ਰਹੇ ਹਨ| ਉਨ੍ਹਾਂ ਨੇ ਆਪਣਾ ਕਮੇਡੀ ਕੈਰੀਅਰ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਪ੍ਰਦਰਸ਼ਨਾਂ ‘ਤੇ ਪ੍ਰਦਰਸ਼ਨ ਕਰਕੇ ਸ਼ੁਰੂ ਕੀਤਾ। ਜਸਵਿੰਦਰ ਭੱਲਾ ਅਤੇ ਉਨ੍ਹਾਂ ਦੇ ਦੋ ਸਹਿਪਾਠੀਆਂ ਨੂੰ 1975 ਵਿਚ ਆਲ ਇੰਡੀਆ ਰੇਡੀਓ ਲਈ ਚੁਣਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੇ ਰੂਪ ਵਿਚ ਜਸਵਿੰਦਰ ਭੱਲਾ ਨੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿਚ ਕਾਮੇਡੀ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ 1988 ਵਿੱਚ ਆਪਣੇ ਪੇਸ਼ੇਵਰ ਕਰੀਅਰ ਨੂੰ ਸਹਿਕਾਰਤਾ ਬਾਲ ਮੁਕੰਦ ਸ਼ਰਮਾ ਦੇ ਨਾਲ ਆਡੀਓ ਕੈਸੇਟ ਛਣਕਾਟਾ 1988 ਨਾਲ ਸ਼ੁਰੂ ਕੀਤਾ। ਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਹਿਪਾਠੀ ਸਨ। ਸ਼ਬਦ ਛਣਕਾਟਾ ਪੀਏਯੂ ਦੇ ਜਸਵਿੰਦਰ ਭੱਲਾ ਅਤੇ ਸ਼ਰਮਾ ਦੁਆਰਾ ਕੀਤੇ ਗਏ ਕਾਲਜ ਪੱਧਰ ਦੇ ਸਾਲਾਨਾ ਸ਼ੋਅ ਤੋਂ ਪੈਦਾ ਹੋਇਆ। ਪੰਜਾਬੀ ਦੇ ਲੇਖਕ ਜਗਦੇਵ ਸਿੰਘ ਜੱਸੋਵਾਲ ਦੀ ਨਿੱਜੀ ਸਹਾਇਤਾ ‘ਤੇ ਪ੍ਰੋਫੈਸਰ ਮੋਹਨ ਸਿੰਘ ਮੇਲਾ (ਸੱਭਿਆਚਾਰਕ ਮੇਲੇ)’ ਚ ਪ੍ਰਦਰਸ਼ਨ ਕਰਦੇ ਹੋਏ ਦੂਰਦਰਸ਼ਨ ਕੇਂਦਰ ਜਲੰਧਰ ਨੇ ਉਨ੍ਹਾਂ ਨੂੰ ਦੇਖਿਆ। ਇਸ ਤੋਂ ਬਾਅਦ ਉਹ ਜਲੰਧਰ ਦੂਰਦਰਸ਼ਨ ਦੇ ਨਾਲ ਜੁੜ ਗਏ। ਉਨ੍ਹਾਂ ਨੇ ਛਣਕਾਟਾ ਸੀਰੀਜ਼ ਦੇ 27 ਆਡੀਓ ਅਤੇ ਵੀਡੀਓ ਐਲਬਮਾਂ ਨੂੰ ਜਾਰੀ ਕੀਤਾ ਹੈ। ਬਾਲ ਮੁਕੰਦ ਸ਼ਰਮਾ ਤੋਂ ਇਲਾਵਾ ਨੀਲੂ ਸ਼ਰਮਾ ਵੀ ਛਣਕਾਟਾ ਸੀਰੀਜ਼ ਦਾ ਹਿੱਸਾ ਬਣੀ। ਛਣਕਾਟਾ 2002 ਨਾਲ ਸ਼ੁਰੂ ਲੜੀ ਨੂੰ ਵੀ ਵਿਡਿਓ ਕੈਸੇਟ ਰਾਹੀਂ ਰਿਲੀਜ਼ ਕੀਤਾ ਗਿਆ। ਜਸਵਿੰਦਰ ਭੱਲਾ ਨੇ ਪੰਜਾਬੀ ਫ਼ਿਲਮਾਂ ਜਿਵੇਂ ‘ਮਹੌਲ ਠੀਕ ਹੈ’, ‘ਜੀਜਾ ਜੀ’, ‘ਜਿਹਨੇ ਮੇਰਾ ਦਿਲ ਲੁੱਟਿਆ’, ‘ਪਾਵਰ ਕੱਟ’, ‘ਕਬੱਡੀ ਇਕ ਵਾਰ ਫਿਰ’, ‘ਆਪਾਂ ਫਿਰ ਮਿਲਾਂਗੇ’, ‘ਮੇਲ ਕਰਾ ਦੇ ਰੱਬਾ’, ‘ਕੈਰੀ ਆਨ ਜੱਟਾ’, ‘ਜੱਟ ਐਂਡ ਜੂਲੀਟ’, ‘ਜੱਟ ਐਂਡ ਜੂਲੀਅਨ 2’, ‘ਜੱਟ ਏਅਰਵੇਜ਼’, ‘ਵੇਖ ਬਰਾਤਾਂ ਚੱਲੀਆਂ’, ‘ਬੈਂਡ ਵਾਜੇ’, ‘ਗੋਲਕ ਬੂਗਨੀ ਬੈਂਕ ਤੇ ਬਟੂਆ’, ‘ਮੈਰਿਜ ਪੈਲੇਸ’, ‘ਪਾਵਰ ਕੱਟ’, ‘ਕੈਰੀ ਆਨ ਜੱਟਾ-2’, ‘ਨੌਕਰ ਵਹੁਟੀ ਦਾ’ ਆਦਿ ‘ਚ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੀ ਕਲਾ ਦੇ ਜ਼ਰੀਏ ਦੇਸ ਦੇ ਮਾੜੇ ਸਿਸਟਮ ਅਤੇ ਗੰਦੀ ਰਾਜਨੀਤੀ ਤੇ ਵੀ ਵਿਅੰਗ ਕੀਤੇ। ਉਨ੍ਹਾਂ ਦੀਆਂ ਕਲਾਵਾਂ  ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੀਆਂ ਹਨ, ਜਿਵੇਂ ਕੰਨਿਆ ਭਰੂਣ ਹੱਤਿਆ, ਨਸ਼ੇ , ਮਹਿਗਾਈ ਅਤੇ ਬੇਰੁਜ਼ਗਾਰੀ ਆਦਿ। ਜਸਵਿੰਦਰ ਭੱਲਾ ਨੂੰ ਬਿਹਤਰੀਨ ਪੰਜਾਬੀ ਕਾਮੇਡੀਅਨ ਪੁਰਸਕਾਰਾਂ ਦਾ ਮਾਣ ਹਾਸਲ ਹੈ। ਉਨ੍ਹਾਂ ਦੇ ਡਾਇਲਾਗ ਡਿਲਿਵਰੀ ਨੂੰ ਪੰਜਾਬੀ ਕਾਮੇਡੀਅਨਾਂ ‘ਚ ਸਭ ਤੋਂ ਤੇਜ਼ ਮੰਨਿਆ ਗਿਆ ਹੈ। ਉਨ੍ਹਾਂ ਨੇ ਰਾਜ ਯੂਥ ਅਵਾਰਡ, ਮੁਹੰਮਦ ਰਫੀ ਅਵਾਰਡ, ਬੇਸਟ ਕਮੇਡੀਅਨ ਅਵਾਰਡ, ਪੰਜਾਬੀ ਕਮੇਡੀ ਅਵਾਰਡ, ਸਰਬੋਤਮ ਅਵਾਰਡ ਆਦਿ ਬਹੁਤ ਸਾਰੇ ਸਾਰੇ ਸਨਮਾਨ ਹਾਸਿਲ ਕੀਤੇ। ਬ੍ਰੇਨ ਸਟ੍ਰੋਕ ਹੋਣ ਕਰਕੇ ਜਸਵਿੰਦਰ ਭੱਲਾ ਜੀ 22 ਅਗਸਤ ਨੂੰ ਇਸ ਦੁਨੀਆਂ ਤੋਂ ਵਿਦਾ ਹੋ ਗਏ ਬੇਸ਼ੱਕ ਉਹ ਅੱਜ ਸਾਡੇ ਵਿਚਕਾਰ ਨਹੀਂ ਰਹੇ ਪਰ ਕਲਾ ਦੇ ਖੇਤਰ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਸਦਕਾ ਉਹ ਹਮੇਸ਼ਾ ਸਰੋਤਿਆਂ ਦੇ ਦਿਲਾਂ ਵਿਚ ਵਸਦੇ ਰਹਿਣਗੇ।
ਕੁਲਦੀਪ ਸਿੰਘ ਸਾਹਿਲ 
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਜ਼ਾਰ ਦੇ ਵਿਚਕਾਰ ਇੱਕ ਇਮਾਰਤ ਦਾ ਮਲਬਾ ਡਿੱਗਿਆ, ਪ੍ਰਸ਼ਾਸਨ ਨੂੰ ਹੈ ਕਿਸੇ ਵੱਡੇ ਹਾਦਸੇ ਦੀ ਉਡੀਕ
Next articleਸੱਤਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸੰਬੰਧੀ ਕੀਤੀ ਮੀਟਿੰਗ