(ਸਮਾਜ ਵੀਕਲੀ)- ਮੰਗਤਿਆਂ ਵੱਲੋਂ ਅਕਸਰ ਗਾਈਆਂ ਜਾਂਦੀਆਂ ਇਹ ਪੰਕਤੀਆਂ “ਮੇਰਾ ਕੋਈ ਨਹੀਂ ਹੈ ਜੀ, ਮੇਰਾ ਸਤਿਗੁਰ ਪਿਆਰਾ ਜੀ” ਜ਼ਿੰਦਗੀ ਦੀਆਂ ਆਖਰੀ ਕਸ਼ਟਦਾਇਕ ਘੜੀਆਂ ਗੁਜ਼ਾਰ ਰਹੇ ਇਸ ਬੇਘਰ-ਬੇਸਹਾਰਾ ਅਤੀ ਦੁਖੀ ਮਰੀਜ਼ ਹਰੀਕਿਸ਼ਨ ਉੱਤੇ ਪੂਰੀ ਤਰ੍ਹਾਂ ਢੁੱਕਦੀਆਂ ਹਨ। ਨਾਗਾਲੈਂਡ ਸੂਬੇ ਦੇ ਜ਼ਿਲ੍ਹਾ ਦੀਮਾਪੁਰ ‘ਚ ਪੈਂਦੇ ਪਿੰਡ ਨੂਤਨ ਬਸਤੀ ‘ਚ ਜਨਮੇ ਹਰੀਕਿਸ਼ਨ ਨੂੰ ਇਸ ਦਾ ਪਿਤਾ ਗੋਪਾਲ ਸਿੰਘ ਰਾਜਸਥਾਨ ਵਿੱਚ ਕੰਮ ਕਰਨ ਸਮੇਂ ਨਾਲ ਹੀ ਲਿਅਇਆ ਸੀ। ਰਾਜਸਥਾਨ ਵਿੱਚ ਰਹਿੰਦਿਆਂ ਇੱਕ ਦਿਨ ਇਸ ਦਾ ਪਿਤਾ ਇਸ ਨੂੰ ਇੱਕ ਸਿੱਖ ਵਿਅਕਤੀ ਦੀ ਦੁਕਾਨ ਤੇ ਛੱਡ ਕੇ ਸਦਾ ਲਈ ਅਲੋਪ ਹੋ ਗਿਆ। ਹਰੀਕਿਸ਼ਨ ਉਸ ਸਮੇਂ ਸੱਤ ਕੁ ਸਾਲਾਂ ਦਾ ਸੀ । ਬਚਪਨ ‘ਚ ਇਸ ਨੇ ਉਸ ਸਿੱਖ ਵਿਅਕਤੀ ਦੀ ਦੁਕਾਨ ਤੇ ਸਾਫ-ਸਫਾਈ ਦਾ ਕੰਮ ਕੀਤਾ ਅਤੇ ਵੱਡਾ ਹੋ ਕੇ ਮਿਸਤ੍ਰੀਆਂ ਨਾਲ ਮਜ਼ਦੂਰੀ ਕਰਨ ਲੱਗ ਪਿਆ।
ਕੁੱਝ ਹਫਤੇ ਪਹਿਲਾਂ ਪੰਜਾਬ ਦੇ ਫਿਲੌਰ ਕਸਬੇ ‘ਚ ਮਕਾਨ ਦੀ ਉਸਾਰੀ ਦਾ ਕੰਮ ਕਰਦੇ ਸਮੇਂ ਕਾਫ਼ੀ ਉਚਾਈ ਤੋਂ ਡਿੱਗ ਪਿਆ ਜਿਸ ਨਾਲ ਇਸ ਦੀ ਰੀੜ੍ਹ ਦੀ ਹੱਡੀ ਕਈ ਜਗ੍ਹਾ ਤੋਂ ਟੁੱਟ ਗਈ। ਲੁਧਿਆਣਾ ਦੀ ਏਕ ਨੂਰ ਸੰਸਥਾ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਰਾਹੀਂ ਇਸ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜਿਆ ਗਿਆ । ਪੀ.ਜੀ.ਆਈ. ਵਿੱਚੋਂ ਇਲਾਜ ਉਪਰੰਤ ਕੁੱਝ ਦਿਨ ਪਹਿਲਾਂ ਇਸ ਨੂੰ ਪਿੰਡ ਸਰਾਭਾ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਭੇਜ ਦਿੱਤਾ ਗਿਆ ਹੈ। ਇਹ ਸਿਰਫ਼ ਸਿਰ ਹੀ ਹਿਲਾ ਸਕਦਾ ਹੈ ਬਾਕੀ ਸਰੀਰ ਦਾ ਕੋਈ ਵੀ ਅੰਗ ਨਹੀਂ ਹਿਲਾ ਸਕਦਾ। ਮਲ-ਮੂਤਰ ਕੱਪੜਿਆਂ ਵਿੱਚ ਹੀ ਕਰਦਾ ਹੈ । ਆਸ਼ਰਮ ਦੇ ਸੇਵਾਦਾਰ ਹੀ ਚਮਚੇ ਨਾਲ ਇਸ ਦੇ ਮੂੰਹ ‘ਚ ਭੋਜਨ ਆਦਿ ਪਾਉਂਦੇ ਹਨ। ਇਸ ਦਾ ਕੋਈ ਪਰਿਵਾਰ ਜਾਂ ਘਰ-ਬਾਰ ਨਹੀਂ ਹੈ।
ਆਸ਼ਰਮ ਦੇ ਸੰਸਥਾਪਕ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਨੇ ਦੱਸਿਆ ਕਿ ਇਸ ਆਸ਼ਰਮ ਵਿੱਚ ਦੋ ਸੌ (200) ਦੇ ਕਰੀਬ ਅਪਾਹਜ, ਨੇਤਰਹੀਣ, ਦਿਮਾਗੀ ਸੰਤੁਲਨ ਗੁਆ ਚੁੱਕੇ, ਅਧਰੰਗ, ਸ਼ੂਗਰ, ਏਡਜ਼, ਕਾਲਾ ਪੀਲੀਆ, ਟੀ.ਬੀ. ਆਦਿ ਨਾਲ ਪੀੜਤ ਮਰੀਜ਼ ਰਹਿੰਦੇ ਹਨ । ਇਹਨਾਂ ਲਾਵਾਰਸ ਮਰੀਜ਼ਾਂ ਦੀ ਸੇਵਾ-ਸੰਭਾਲ ਮੁਫ਼ਤ ਕੀਤੀ ਜਾਂਦੀ ਹੈ। ਆਸ਼ਰਮ ਦਾ ਲੱਖਾਂ ਰੁਪਏ ਮਹੀਨੇ ਦਾ ਖ਼ਰਚਾ ਸੰਗਤਾਂ ਦੇ ਸਹਿਯੋਗ ਨਾਲ ਹੀ ਚਲਦਾ ਹੈ। ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਇੰਡੀਆ ‘ਚ (ਮੋਬਾ); 95018-42505 ਜਾਂ 95018-42506 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।