ਮਨੁੱਖ ਦੇ ਵਿਕਾਸ ਦੀ ਪੌੜੀ : ” ਕਿਤਾਬ “

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਆਦਿ ਕਾਲ ਵਿੱਚ ਮਨੁੱਖ ਆਪਣੇ ਵਿਚਾਰਾਂ , ਗਿਆਨ ਅਤੇ ਖੋਜਾਂ ਨੂੰ ਰੁੱਖਾਂ ਦੇ ਪੱਤਿਆਂ , ਭੋਜ ਪੱਤਰਾਂ ਅਤੇ ਸੈਂਚੀਆਂ ਆਦਿ ਦੇ ਉੱਤੇ ਲਿਖਦਾ ਸੀ । ਹੌਲੀ – ਹੌਲੀ ਕਾਗ਼ਜ਼ ਦੀ ਖੋਜ ਹੋਈ ਅਤੇ ਹੱਥ ਲਿਖਤ ਕੰਮਾਂ ਵਿੱਚ ਤੇਜ਼ੀ ਆਉਣੀ ਸ਼ੁਰੂ ਹੋ ਗਈ। ਫਿਰ ਛਾਪੇਖਾਨੇ ਨੇ ਮਨੁੱਖ ਦੇ ਗਿਆਨ , ਵਿਚਾਰਾਂ ਤੇ ਹੋਰ ਰਚਨਾਵਾਂ ਨੂੰ ਛੇਤੀ ਅਤੇ ਸਥਾਈ ਤੌਰ ‘ਤੇ ਕਿਤਾਬਾਂ ਦੇ ਰੂਪ ਵਿੱਚ ਛਾਪਣ ਦੀ ਪੈਰਵੀ ਕੀਤੀ। ਮਨੁੱਖ ਨੂੰ ਆਦਿ ਕਾਲ ਤੋਂ ਹੁਣ ਤੱਕ ਅੰਕੜੇ ਸੰਭਾਲ ਕੇ ਰੱਖਣ , ਖੋਜਾਂ , ਤਜਰਬਿਆਂ ਤੇ ਸੰਗ੍ਰਹਿ ਕੀਤੇ ਗਿਆਨ ਭੰਡਾਰ ਨੂੰ ਸੰਜੋਅ ਕੇ ਰੱਖਣ ਅਤੇ ਅਗਲੀਆਂ ਪੀੜ੍ਹੀਆਂ ਤੱਕ ਸੰਭਾਲ ਕੇ ਰੱਖਣ ਦੀ ਲੋੜ ਪੈਂਦੀ ਰਹੀ ।

ਇਸ ਸਾਰੇ ਕੰਮ ਦੀ ਜ਼ਿੰਮੇਵਾਰੀ ” ਕਿਤਾਬ ” ਹੁਣ ਤੱਕ ਨਿਭਾਉਂਦੀ ਆ ਰਹੀ ਹੈ। ਕਿਤਾਬ ਵਿੱਚ ਸਾਲਾਂ – ਸਦੀਆਂ ਦਾ ਗੁਰੂਆਂ , ਪੀਰਾਂ , ਮਹਾਂਪੁਰਖਾਂ , ਵਿਗਿਆਨੀਆਂ ਅਤੇ ਸਾਡੇ ਹੋਰ ਵੱਡੇ – ਵਡੇਰਿਆਂ ਦਾ ਅਲੌਕਿਕ , ਰੂਹਾਨੀ ਤੇ ਅਣਮੁੱਲਾ ਗਿਆਨ , ਖੋਜਾਂ ਅਤੇ ਤਜਰਬਿਆਂ ਦਾ ਅਮੋਲਕ ਗਿਆਨ ਸੰਭਾਲ ਕੇ ਰੱਖਿਆ ਹੋਇਆ ਹੁੰਦਾ ਹੈ। ਕਿਤਾਬ ਪੀੜ੍ਹੀ ਦਰ ਪੀੜ੍ਹੀ ਸਾਡੇ ਗਿਆਨ ਦਾ ਨੇਤਰ ਖੋਲ੍ਹਣ ਵਾਲਾ ਅਜਿਹਾ ਵਡਮੁੱਲਾ ਸਾਧਨ ਹੈ , ਜਿਸ ਦਾ ਮਨੁੱਖ ਦੀ ਸੋਝੀ ਤੇ ਆਰੰਭਕ ਕਾਲ ਤੋਂ ਅੱਜ ਤੱਕ ਸਾਡੇ ਨਾਲ ਨਹੁੰ – ਮਾਸ ਦਾ ਰਿਸ਼ਤਾ ਬਣਿਆ ਹੋਇਆ ਹੈ। ਕਿਤਾਬ ਮਨੁੱਖ ਨੂੰ ਗਿਆਨਵਾਨ ਅਤੇ ਕਰਮਵਾਦੀ ਬਣਾਉਂਦੀ ਹੀ ਹੈ , ਸਗੋਂ ਮਨੁੱਖ ਨੂੰ ਜੀਵਨ ਜਿਊਣ ਦੀ ਜਾਂਚ ਵੀ ਸਿਖਾਉਂਦੀ ਹੈ। ਮਨੁੱਖ ਨੇ ਅੱਜ ਤੱਕ ਤਰੱਕੀ ਦੀਆਂ ਜੋ ਬੁਲੰਦੀਆਂ ਸਰ ਕੀਤੀਆਂ ਹਨ , ਉਹ ਕੇਵਲ ਕਿਤਾਬ ਦੀ ਹੀ ਦੇਣ ਹੈ ।

ਇਨਸਾਨੀਅਤ ਨੈਤਿਕ ਕਦਰਾਂ – ਕੀਮਤਾਂ ਅਤੇ ਜੀਵਨ – ਜਾਂਚ ਦਾ ਪਾਠ ਚੰਗੀਆਂ ਕਿਤਾਬਾਂ ਤੋਂ ਹੀ ਸਿੱਖਿਆ ਜਾ ਸਕਦਾ ਹੈ । ਸਾਡੇ ਸਿੱਖਿਆ ਸ਼ਾਸਤਰੀ , ਮਹਾਨ ਨੇਤਾ , ਬੁੱਧੀਜੀਵੀ , ਮਾਰਗ ਦਰਸ਼ਕ , ਵੱਡੇ – ਵੱਡੇ ਵਿਦਵਾਨ , ਦਾਰਸ਼ਨਿਕ , ਸਾਇੰਸਦਾਨ , ਦੇਸ਼ ਭਗਤ ਤੇ ਇਤਿਹਾਸਕਾਰ ਚੰਗੀਆਂ ਕਿਤਾਬਾਂ ਨਾਲ ਜੁੜੇ ਹੋਏ ਸਨ ।ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਅਬਰਾਹਮ ਲਿੰਕਨ , ਪ੍ਰਸਿੱਧ ਸਾਇੰਸਦਾਨ ਤੇ ਸਾਡੇ ਸਵਰਗੀ ਰਾਸ਼ਟਰਪਤੀ ਸ੍ਰੀ ਅਬਦੁਲ ਕਲਾਮ ਜੀ ਤੇ ਹੋਰ ਮਹਾਨ ਸ਼ਖ਼ਸੀਅਤਾਂ ਕਿਤਾਬ ਦੀ ਬਦੌਲਤ ਆਪਣੇ ਮੁਕਾਮ ‘ਤੇ ਪਹੁੰਚੀਆਂ । ਕਿਤਾਬਾਂ ਸਾਨੂੰ ਆਪਣੇ ਵਿੱਚ ਸਮੋਏ ਇਤਿਹਾਸ , ਵਿਰਸੇ , ਜੀਵਨੀਆਂ , ਖੋਜ ਤਜਰਬਿਆਂ ਅਤੇ ਬ੍ਰਹਿਮੰਡੀ ਗਿਆਨ ਤੋਂ ਜਾਣੂੰ ਕਰਵਾਉਂਦੀਆਂ ਹਨ । ਇਸ ਨੂੰ ” ਕਿਤਾਬ ” ਦੀ ਸ਼ਕਤੀ ਹੀ ਕਿਹਾ ਜਾ ਸਕਦਾ ਹੈ ਕਿ ਇਸ ਵਿੱਚ ਦਰਜ ਕਿੱਸਾ ਆਪਣੇ ਸ਼ਗਿਰਦ ਪਾਸੋਂ ਸੁਣ ਕੇ ਮੁੱਲਾ ਨਸਰੂਦੀਨ ਸਿਹਤਯਾਬ (ਤੰਦਰੁਸਤ ) ਹੋ ਗਿਆ ਸੀ ।

ਇੱਥੇ ਹੀ ਬੱਸ ਨਹੀਂ , ਸਗੋਂ ਵੱਖ – ਵੱਖ ਦੇਸ਼ਾਂ ਵਿੱਚ ਹੋਈਆਂ ਖੋਜਾਂ ਤੋਂ ਇਹ ਤੱਤ ਵੀ ਸਾਹਮਣੇ ਨਿਕਲ ਕੇ ਆਇਆ ਹੈ ਕਿ ਕਿਤਾਬਾਂ ਪੜ੍ਹਨ ਵਾਲਾ ਮਨੁੱਖ ਤਣਾਓ , ਡਿਪਰੈਸ਼ਨ , ਬਲੱਡ ਪ੍ਰੈਸ਼ਰ , ਮਾਨਸਿਕ ਪ੍ਰੇਸ਼ਾਨੀਆਂ , ਨੀਂਦ ਨਾ ਆਉਣਾ , ਇਕਾਗਰਤਾ ਦੀ ਕਮੀ ਆਦਿ ਭੈੜੀਆਂ ਅਲਾਮਤਾਂ ਤੋਂ ਵੀ ਬਚਿਆ ਰਹਿੰਦਾ ਹੈ । ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਪੁਸਤਕਾਂ ਪੜ੍ਹਨ ਵਾਲਾ ਵਿਅਕਤੀ ਜ਼ਿੰਦਗੀ ਵਿੱਚ ਕਦੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ ਅਤੇ ਔਖੇ ਤੋਂ ਔਖੇ ਸਮੇਂ ਵੀ ਹੀਣ – ਭਾਵਨਾ ਦਾ ਸ਼ਿਕਾਰ ਨਹੀਂ ਹੁੰਦਾ । ਚੰਗੀਆਂ ਕਿਤਾਬਾਂ ਪੜ੍ਹਨ ਨਾਲ ਸਾਡੀ ਸ਼ਬਦਾਵਲੀ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਆਪਣੇ ਆਪ ਤੇ ਦੂਜਿਆਂ ਨੂੰ ਸਮਝਣ ਦਾ ਸਾਡਾ ਨਜ਼ਰੀਆ ਵੀ ਬਦਲ ਜਾਂਦਾ ਹੈ ਅਤੇ ਸਕਾਰਾਤਮਕ ਭਾਵਨਾ ਦਾ ਸਾਡੀ ਜ਼ਿੰਦਗੀ ਵਿੱਚ ਠਹਿਰਾਓ ਹੋ ਜਾਂਦਾ ਹੈ । ਸਾਨੂੰ ਜ਼ਿੰਦਗੀ ਦੀਆਂ ਮੰਜ਼ਿਲਾਂ ਸਰ ਕਰਨ ਅਤੇ ਬੁਲੰਦੀਆਂ ‘ਤੇ ਪਹੁੰਚਣ ਲਈ ਕਿਤਾਬਾਂ ਨੂੰ ਸਦਾ ਲਈ ਆਪਣਾ ਸਾਥੀ ਬਣਾ ਲੈਣਾ ਚਾਹੀਦਾ ਹੈ ।

ਸਾਨੂੰ ਲਾਇਬ੍ਰੇਰੀ ਅਤੇ ਪੁਸਤਕ ਮੇਲਿਆਂ ਵਿੱਚ ਵੀ ਜ਼ਰੂਰ ਸ਼ਿਰਕਤ ਕਰਨੀ ਚਾਹੀਦੀ ਹੈ । ਕਿਸੇ ਵਿਅਕਤੀ ਦੀ ਅਮੀਰੀ ਤੇ ਉਸ ਦੀ ਸ਼ਖ਼ਸੀਅਤ ਦੀ ਝਲਕ ਕਿਤਾਬਾਂ , ਲਿਖਤ ਰਚਨਾਵਾਂ ਆਦਿ ਨਾਲ ਉਸ ਦੇ ਸੰਬੰਧਾਂ ਤੋਂ ਸਪੱਸ਼ਟ ਹੋ ਜਾਂਦੀ ਹੈ । ਪੁਸਤਕਾਂ ਨਕਾਰਾਤਮਕ ਵਿਚਾਰਾਂ ਨੂੰ ਸਕਾਰਾਤਮਕ ਬਣਾਉਣ ਦੀ ਸਮਰੱਥਾ ਰੱਖਦੀਆਂ ਹਨ ਅਤੇ ਜ਼ਿੰਦਗੀ ਜਿਊਣ ਦੀ ਚਾਹਤ ਪੈਦਾ ਕਰਦੀਆਂ ਹਨ । ਕਿਤਾਬ ਦੀ ਮਹਾਨਤਾ ਤਾਂ ਕਿਤਾਬਾਂ ਦਾ ਉਹ ਰਸੀਆ ਹੀ ਜਾਣ ਸਕਦਾ ਹੈ , ਜਿਸ ਦੀ ਜ਼ਿੰਦਗੀ ” ਕਿਤਾਬ ” ਨੇ ਬਦਲ ਦਿੱਤੀ ਹੋਵੇ । ਕਿਤਾਬਾਂ ਰੋਜ਼ਗਾਰ ਦੇਣ ਤੇ ਦਿਵਾਉਣ ਵਿੱਚ ਵੀ ਯੋਗਦਾਨ ਪਾਉਂਦੀਆਂ ਹਨ ।

ਅਜੋਕੇ ਵਿਦਿਆਰਥੀ ਤੇ ਨੌਜਵਾਨ ਵਰਗ ਨੂੰ ਯਥਾਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਪੜ੍ਹਾਈ ਜਾਂ ਹੋਰ ਕਾਰਜਾਂ ਤੋਂ ਕੁਝ ਸਮਾਂ ਕੱਢ ਕੇ ਚੰਗੀਆਂ ਕਿਤਾਬਾਂ ਪੜ੍ਹਨ ਲਈ ਜ਼ਰੂਰ ਸਮਾਂ ਬਿਤਾਉਣ । ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਤਾਬਾਂ ਨੂੰ ਹਰ ਉਮਰ ਵਿੱਚ ਥੋੜ੍ਹੀ ਜਿਹੀ ਥਾਂ ਜ਼ਰੂਰ ਦੇਣਾ ਤੇ ਇਨ੍ਹਾਂ ਨੂੰ ਪੜ੍ਹਨਾ , ਫਿਰ ਦੇਖਣਾ ਕਿ ਪੁਸਤਕਾਂ ਸਾਨੂੰ ਕੀ ਕੁਝ ਨਹੀਂ ਦਿੰਦੀਆਂ ? ਕਿਤਾਬਾਂ ਨੂੰ ਆਪਣਾ ਸਾਥੀ ਬਣਾ ਲੈਣ ਨਾਲ ਨਵਾਂ – ਨਵਾਂ ਗਿਆਨ ਤਾਂ ਮਿਲੇਗਾ ਹੀ ਨਾਲ ਹੀ ਸਾਡੇ ਸਮਾਜ ਵਿੱਚੋਂ ਕਈ ਕੁਰੀਤੀਆਂ ਵੀ ਗਿਆਨ ਦੇ ਚਾਨਣ ਨਾਲ ਖਤਮ ਹੋ ਜਾਣਗੀਆਂ ਅਤੇ ਇੱਕ ਸੱਭਿਅਕ ਤੇ ਨਰੋਆ ਸਮਾਜ ਹੋਂਦ ਵਿੱਚ ਆ ਜਾਵੇਗਾ । ਕਿਤਾਬਾਂ ਨਾਲ ਜੁੜ ਕੇ ਅਸੀਂ ਆਪਣੇ ਵਿਹਲੇ ਸਮੇਂ ਦੀ ਯੋਗ ਵਰਤੋਂ ਵੀ ਬਾਖ਼ੂਬੀ ਕਰ ਸਕਦੇ ਹਾਂ । ਸੋ ਆਓ ! ਕਿਤਾਬਾਂ ਨਾਲ ਜੁੜ ਕੇ ਸੋਚ , ਸਿਹਤ ਅਤੇ ਭਵਿੱਖ ਦੀ ਅਮੀਰੀ ਪ੍ਰਾਪਤ ਕਰੀਏ ।

” ਕਿਤਾਬਾਂ ਦੀ ਲੋਕੋ ਦੁਨੀਆਂ ਪਿਆਰੀ ,
ਸੋਚਣ – ਸਮਝਣ ਦੀ ਸੋਚ ਕਰੇ ਨਿਆਰੀ ,
ਕਿਤਾਬਾਂ ਉੱਤਮ ਜੀਵਨ ਦਾ ਆਧਾਰ ,
ਮਨੁੱਖ ਇਸ ‘ਤੇ ਜੇ ਕਰੇ ਵਿਚਾਰ ,
ਚੰਗੀ ਲਿਖਤ ਹੈ ਗਿਆਨ ਭੰਡਾਰ ,
ਕਿਤਾਬ ਦੀ ਸ਼ਕਤੀ ਜਾਣੇ ਸੰਸਾਰ ,
ਗੁਰੂਆਂ – ਪੀਰਾਂ ਦਾ ਇਹ ਮਾਣ ,
ਪੜ੍ਹੋ – ਸਮਝੋ ਦੇਸ਼ ਦੀ ਵਧਾਓ ਸ਼ਾਨ ,
ਕਿਤਾਬਾਂ ਮਨੁੱਖ ਦਾ ਤੀਜਾ ਨੇਤਰ ,
ਦੇਣ ਨਾ ਧੋਖਾ , ਹੈ ਸੱਚਾ ਮਿੱਤਰ ,
ਆਓ ! ਕਿਤਾਬਾਂ ਨੂੰ ਬਣਾਈਏ ਮੀਤ ,
ਕਰਨ ਸਭ ਦਾ ਭਲਾ ਅਤੇ ਸਭ ਦੀ ਜੀਤ ,
ਕਿਤਾਬ ਦੇਵੇ ਹੋਕਾ “ਕੋਲ ਮੇਰੇ ਆ ਮਨੁੱਖ ” ,
ਦੇਵਾਂਗੀ ਤੈਨੂੰ ਸੁੱਖ – ਸਕੂਨ ,
ਵੰਡਾਂਗੀ ਤੇਰੇ ਦੁੱਖ । ”

ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ.
ਸ੍ਰੀ ਅਨੰਦਪੁਰ ਸਾਹਿਬ .
ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ
9478561356.

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਾਇਨਜ਼ ਕਲੱਬ ਵੱਲੋ ਖੂਨਦਾਨ ਕੈਂਪ ਲਗਾਇਆ ਗਿਆ
Next articleਬੁੱਧ ਚਿੰਤਨ / ਖ਼ਰੀਆਂ-ਖ਼ਰੀਆਂ -ਬੁੱਧ ਸਿੰਘ ਨੀਲੋੰ