(ਸਮਾਜ ਵੀਕਲੀ)
ਇਸ ਵੇਲੇ ਮਾਪਿਆਂ ਨੂੰ ਘਰ ਰੱਖਣਾ ਅਤੇ ਉਨ੍ਹਾਂ ਨੂੰ ਰੋਟੀ ਦੇਣੀ ਔਲਾਦ ਲਈ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਇਹ ਸੱਚ ਹੈ ਮਾਪੇ ਬੱਚਿਆਂ ਨੂੰ ਵਧੀਆ ਰੋਟੀ,ਵਧੀਆ ਖਾਣ ਨੂੰ,ਵਧੀਆ ਪਹਿਨਣ ਨੂੰ ਅਤੇ ਹਰ ਸਹੂਲਤ ਦੇਣ ਲਈ ਜੱਦੋਜਹਿਦ ਕਰਦੇ ਰਹਿੰਦੇ ਹਨ।ਉਹ ਆਪਣੀਆਂ ਖਾਇਸ਼ਾਂ ਹੀ ਨਹੀਂ ਜ਼ਰੂਰਤਾਂ ਦਾ ਵੀ ਗਲਾ ਘੁੱਟ ਦਿੰਦੇ ਹਨ।ਉਹ ਇਹ ਸੋਚ ਕੇ ਸਾਰਾ ਕੁੱਝ ਔਲਾਦ ਤੇ ਲਗਾ ਦਿੰਦੇ ਹਨ ਕਿ ਇਹ ਸਾਡਾ ਫਰਜ਼ ਹੈ,ਸਾਡੇ ਬੱਚੇ ਇੰਨੇ ਵਧੀਆਂ ਕੰਮਾਂ ਤੇ ਲੱਗਣ ਕਿ ਇੰਨਾਂ ਨੂੰ ਕੋਈ ਤੰਗੀ ਪ੍ਰੇਸ਼ਾਨੀ ਨਾ ਹੋਵੇ।ਇਹ ਸੱਚ ਹੈ ਕਿ ਸਿਰਫ਼ ਬਾਪ ਹੀ ਹੈ ਜੋ ਆਪਣੇ ਪੁੱਤ ਨੂੰ ਆਪਣੇ ਤੋਂ ਵਧੀਆ ਕਮਾਈ ਕਰਦਾ ਵੇਖਕੇ ਖੁਸ਼ ਹੁੰਦਾ ਹੈ ਅਤੇ ਸਿਰਫ਼ ਮਾਂ ਹੀ ਹੈ ਜੋ ਪੁੱਛਦੀ ਹੈ ਕਿ ਪੁੱਤ ਰੋਟੀ ਖਾਧੀ ਹੈ ਜਾਂ ਨਹੀਂ। ਬਾਕੀ ਹਰ ਰਿਸ਼ਤਾ ਗਰਜਾਂ ਦਾ ਰਿਸ਼ਤਾ ਹੈ।
ਤਕਰੀਬਨ ਸਾਰੇ ਚੜ੍ਹ ਦੇ ਸੂਰਜ ਨੂੰ ਸਲਾਮਾਂ ਕਰਨ ਵਾਲੇ ਹੁੰਦੇ ਹਨ।ਬਹੁਤ ਘੱਟ ਅਜਿਹਾ ਹੁੰਦਾ ਹੈ ਜਿੱਥੇ ਮਾਪੇ ਔਲਾਦ ਲਈ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ।ਅਜਿਹਾ ਵਧੇਰੇ ਕਰਕੇ ਉੱਥੇ ਵੇਖਿਆ ਜਾਂਦਾ ਹੈ ਜਿੱਥੇ ਬਾਪ ਨਸ਼ੇ ਆਦਿ ਲੈ ਰਿਹਾ ਹੋਵੇ। ਪਰ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਹਨ ਤਾਂ ਵਧੇਰੇ ਘਰਾਂ ਵਿੱਚ ਉਹ ਫਾਲਤੂ ਅਤੇ ਬੋਝ ਲੱਗਣ ਲੱਗ ਜਾਂਦੇ ਹਨ।ਜਿਹੜੇ ਮਾਪਿਆਂ ਨੇ ਆਪਣੇ ਮੂੰਹ ਚ ਬੁਰਕੀ ਪਾਉਣ ਤੋਂ ਪਹਿਲਾਂ ਔਲਾਦ ਦੇ ਮੂੰਹ ਵਿੱਚ ਪਾਈ ਹੁੰਦੀ ਹੈ,ਉਹ ਔਲਾਦ ਰੋਟੀ ਦਾ ਖਰਚਾ ਵੀ ਮਾਪਿਆਂ ਨੂੰ ਦੱਸਣ ਲੱਗ ਜਾਂਦੀ ਹੈ।ਬਹੁਤ ਬਜ਼ੁਰਗਾਂ ਨੂੰ ਹਰ ਖਾਣ ਵਾਲੀ ਹਰ ਚੀਜ਼ ਦੀ ਕੀਮਤ ਸੁਣਾਈ ਜਾਂਦੀ ਹੈ।
ਪਰ ਔਲਾਦ ਭੁੱਲ ਜਾਂਦੀ ਹੈ ਕਿ ਉਨ੍ਹਾਂ ਨੇ ਸ਼ਾਇਦ ਆਪਣੀ ਕਮਾਈ ਚੋਂ ਵੀ ਆਪ ਨਾ ਖਾ ਕੇ ਤੁਹਾਨੂੰ ਦਿੱਤੀ ਹੋਵੇ।ਕੁੱਝ ਇਕ ਨੂੰ ਛੱਡਕੇ ਵਧੇਰੇ ਨੂੰਹਾਂ ਪੁੱਤ ਬਜ਼ੁਰਗਾਂ ਕੋਲੋਂ ਮਹੀਨੇ ਦਾ ਖਰਚਾ ਲੈਂਦੇ ਹਨ।ਕਈ ਘਰਦੇ ਮੋਟੇ ਖਰਚੇ ਬਜ਼ੁਰਗਾਂ ਦੀ ਜ਼ਿੰਮੇਵਾਰੀ ਤਹਿ ਕਰ ਦਿੰਦੇ ਹਨ।ਨੂੰਹਾਂ ਪੁੱਤਾਂ ਨੂੰ ਲੱਗਦਾ ਹੈ ਕਿ ਜੋ ਵੀ ਅਤੇ ਜਿੰਨਾਂ ਵੀ ਪੈਸਾ ਬਜ਼ੁਰਗਾਂ ਕੋਲ ਹੈ ਜਾਂ ਆ ਰਿਹਾ ਹੈ ਉਹ ਘਰ ਵਿੱਚ ਖਰਚ ਕਰਵਾ ਲਿਆ ਜਾਵੇ।ਪਰ ਬਜ਼ੁਰਗਾਂ ਦੀ ਰੋਟੀ ਅਤੇ ਸੰਭਾਲ ਵੇਲੇ ਬੋਲਣ ਵੇਲੇ ਅੱਗਾ ਪਿੱਛਾ ਨਹੀਂ ਵੇਖਿਆ ਜਾਂਦਾ।
ਬਹੁਤ ਵਾਰ ਬਜ਼ੁਰਗਾਂ ਦੇ ਬਣਾਏ ਘਰ ਵਿੱਚ ਹੀ ਬਜ਼ੁਰਗਾਂ ਨੂੰ ਆਪਣੀ ਮਰਜ਼ੀ ਨਾਲ ਰਹਿਣਾ ਔਖਾ ਹੋ ਜਾਂਦਾ ਹੈ।ਜਿਸ ਘਰ ਨੂੰ ਬਣਾਉਣ ਲਈ ਉਨ੍ਹਾਂ ਨੇ ਜ਼ਿੰਦਗੀ ਭਰ ਮਿਹਨਤ ਕੀਤੀ ਤਾਂ ਕਿ ਉਹ ਬੁਢਾਪੇ ਵਿੱਚ ਚੈਨ ਨਾਲ ਬੈਠ ਜਾਣ,ਉਹ ਘਰ ਹੀ ਮੁਸੀਬਤ ਬਣ ਜਾਂਦਾ ਹੈ।ਹਕੀਕਤ ਇਹ ਹੈ ਕਿ ਨੂੰਹਾਂ ਪੁੱਤ ਬਜ਼ੁਰਗਾਂ ਦੇ ਬਣਾਏ ਘਰ ਤੇ ਆਪਣਾ ਹੱਕ ਸਮਝਦੇ ਹਨ ਅਤੇ ਆਪਣੇ ਆਪਨੂੰ ਬੇਹੱਦ ਅਕਲਮੰਦ।ਬਹੁਤ ਵਾਰ ਨੂੰਹਾਂ ਪੁੱਤਾਂ ਨੂੰ ਲੱਗਦਾ ਹੈ ਕਿ ਜਿਸ ਰੁੱਤਬੇ ਤੇ ਮੈਂ ਹਾਂ,ਮਾਪਿਆਂ ਦੇ ਸਾਹਮਣੇ ਆਉਣ ਨਾਲ ਮੇਰੀ ਟੌਹਰ ਖ਼ਰਾਬ ਹੋ ਜਾਏਗੀ। ਪਰ ਉਹ ਭੁੱਲ ਜਾਂਦੇ ਹਨ ਕਿ ਇਹ ਮਾਪਿਆਂ ਦੀ ਕੀਤੀ ਮਿਹਨਤ ਦਾ ਫਲ ਹੈ।ਮੈਂ ਕਿੱਧਰੇ ਪੜ੍ਹ ਰਹੀ ਸੀ ਕਿ ਬਾਪ ਦਾ ਘਰ ਪੁੱਤ ਦਾ ਘਰ ਹੁੰਦਾ ਹੈ।ਪਰ ਪੁੱਤ ਦਾ ਘਰ ਬਾਪ ਦਾ ਘਰ ਕਦੇ ਨਹੀਂ ਹੁੰਦਾ।
ਪੁੱਤ ਹੱਕ ਨਾਲ ਬਾਪ ਤੋਂ ਪੈਸੇ ਲੈ ਸਕਦਾ ਹੈ,ਪਰ ਬਾਪ ਅਜਿਹਾ ਨਹੀਂ ਕਰ ਸਕਦਾ।ਅਸਲ ਵਿੱਚ ਨੂੰਹਾਂ ਪੁੱਤਾਂ ਦਾ ਵਤੀਰਾ ਬਜ਼ੁਰਗਾਂ ਲਈ ਬਰਦਾਸ਼ਤ ਕਰਨਾ ਬਹੁਤ ਔਖਾ ਹੋ ਜਾਂਦਾ ਹੈ।ਜਿਸ ਪੁੱਤ ਦੀ ਹਰ ਖਾਹਿਸ਼ ਲਈ ਬਾਪ ਨੇ ਆਪਣੀਆਂ ਜ਼ਰੂਰਤਾਂ ਦਾ ਗਲਾ ਘੁੱਟਿਆ, ਅੱਜ ਪੁੱਤ ਬਾਪ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਵੀ ਬੋਝ ਸਮਝਦਾ ਹੈ।ਜੇਕਰ ਦੋ ਪੁੱਤ ਹਨ ਤਾਂ ਮਾਪਿਆਂ ਨੂੰ ਰੱਖਣ ਲਈ ਕੋਈ ਤਿਆਰ ਨਹੀਂ। ਹਾਂ,ਅਜੇ ਵੀ ਮਾਪਿਆਂ ਦੀ ਸੰਭਾਲ ਕਰਨ ਵਾਲੀ ਔਲਾਦ ਸਮਾਜ ਵਿੱਚ ਹੈ।
ਮਾਪਿਆਂ ਨੇ ਬਹੁਤ ਸਾਲ ਸਾਰਾ ਕੁੱਝ ਦਿੱਤਾ,ਸਿਆਣਪ ਤਾਂ ਇਸ ਵਿੱਚ ਹੈ ਕਿ ਮਾਪਿਆਂ ਦਾ ਸਾਰਾ ਖਰਚਾ ਔਲਾਦ ਕਰੇ।ਆਪਣੀ ਕਮਾਈ ਵਿੱਚੋਂ ਮਾਪਿਆਂ ਨੂੰ ਕੱਪੜੇ ਆਦਿ ਲਈ ਪੈਸੇ ਦਿਉ।ਇਹ ਕਦੇ ਨਾ ਸੋਚੋ ਕਿ ਉਨ੍ਹਾਂ ਨੂੰ ਜ਼ਰੂਰਤ ਨਹੀਂ ਹੈ।ਇੰਜ ਤਾਂ ਤੁਹਾਡੀਆਂ ਵੀ ਤਨਖਾਹਾਂ ਬਥੇਰੀਆਂ ਹਨ,ਤੁਸੀਂ ਮਾਪਿਆਂ ਦੀ ਜਾਇਦਾਦ ਅਤੇ ਪੈਸੇ ਤੇ ਅੱਖ ਕਿਸ ਹੱਕ ਨਾਲ ਰੱਖਦੇ ਹੋ ਤੇ ਕਿਉਂ ਰੱਖਦੇ ਹੋ।ਮਾਪਿਆਂ ਨੂੰ ਖੁਸ਼ ਰੱਖਣ ਵਾਲੇ ਕਦੇ ਹਾਰ ਦੇ ਨਹੀਂ।ਮਾਪਿਆਂ ਕੋਲ ਜੋ ਮਰਜ਼ੀ ਹੋਵੇ,ਤੁਹਾਡੇ ਵੱਲੋਂ ਦਿੱਤੇ ਥੋੜ੍ਹੇ ਜਿਹੇ ਪੈਸੇ ਜਾਂ ਸਮਾਨ ਉਨ੍ਹਾਂ ਨੂੰ ਜੋ ਖੁਸ਼ੀ ਦਿੰਦਾ ਹੈ,ਉਹ ਬਿਆਨ ਕਰਨਾ ਔਖਾ ਹੈ।ਮਾਪਿਆਂ ਨੇ ਸਾਰੀ ਜ਼ਿੰਦਗੀ ਬਹੁਤ ਕੁੱਝ ਤੁਹਾਨੂੰ ਦਿੱਤਾ ਹੈ।ਤੁਸੀਂ ਤਾਂ ਉਨ੍ਹਾਂ ਦਾ ਕਰਜ਼ ਉਤਾਰ ਹੀ ਨਹੀਂ ਸਕਦੇ।ਮਾਪਿਆਂ ਕੋਲੋਂ ਤੋਹਫਿਆਂ ਦੀ ਆਸ ਨਾ ਕਰੋ।ਹੁਣ ਤੋਹਫੇ ਦੇਣੇ,ਘੁਮਾਉਣਾ ਅਤੇ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ।ਇਹ ਕਹਿਣਾ ਕਿ ਤੁਸੀਂ ਮੇਰੇ ਲਈ ਕੀ ਕੀਤਾ ਜਾਂ ਕੁੱਝ ਵੀ ਨਹੀਂ ਕੀਤਾ,ਤੁਹਾਡੀ ਬੇਸਮਝੀ ਦਾ ਸਬੂਤ ਹੈ।
ਬਿਰਧ ਆਸ਼ਰਮਾਂ ਵਿੱਚ ਮਾਪਿਆਂ ਦਾ ਜਾਣਾ ਜਾਂ ਛੱਡਿਆ ਜਾਣਾ ਭਾਵੇਂ ਸਾਡੇ ਸਭਿਆਚਾਰ ਦਾ ਹਿੱਸਾ ਨਹੀਂ ਹੈ,ਪਰ ਇਸ ਵੇਲੇ ਹੀ ਜ਼ਰੂਰਤ ਮਹਿਸੂਸ ਹੋਣ ਲੱਗ ਗਈ ਹੈ।ਜੇਕਰ ਔਲਾਦ ਪੈਸੇ ਅਤੇ ਜਾਇਦਾਦ ਤੇ ਹੱਕ ਜਿਤਾਉਣ ਤੋਂ ਬਾਅਦ ਵੀ ਮਾਣ ਸਤਿਕਾਰ ਨਹੀਂ ਦਿੰਦੀ ਤਾਂ ਬਜ਼ੁਰਗਾਂ ਦਾ ਬੁਢਾਪਾ ਨਰਕ ਵਰਗਾ ਹੁੰਦਾ ਹੈ।ਹਰ ਬੇਟੇ ਨੂੰ ਆਪਣੇ ਮਾਪਿਆਂ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਣਾ ਚਾਹੀਦਾ ਹੈ।ਮਾਪੇ ਕਦੇ ਵੀ ਤੁਹਾਨੂੰ ਤੰਗ ਕਰਕੇ ਕੁੱਝ ਵੀ ਲੈਣਾ ਨਹੀਂ ਚਾਹੁਣਗੇ।ਪਰ ਰੋਟੀ,ਕੱਪੜਾ,ਛੱਤ ਅਤੇ ਦਵਾਈਆਂ ਆਦਿ ਤਾਂ ਉਨ੍ਹਾਂ ਦੀ ਜ਼ਰੂਰਤ ਹੈ।ਜਿਹੜੇ ਆਪਣੇ ਮਾਪਿਆਂ ਦੀ ਦੇਖਭਾਲ ਨਹੀਂ ਕਰਦੇ,ਉਨ੍ਹਾਂ ਦਾ ਦਾਨ ਪੁੰਨ ਵੀ ਬੇਅਰਥ ਹੈ।ਬੇਗਾਨੀ ਰੂੜੀ ਤੇ ਦੀਵਾ ਜਗਾਉਣ ਦਾ ਕੋਈ ਫਾਇਦਾ ਨਹੀਂ।ਲੰਗਰਾਂ ਵਿੱਚ, ਗਰੀਬਾਂ ਵਿੱਚ ਅਤੇ ਹੋਰਾਂ ਨੂੰ ਮਦਦ ਲਈ ਦਿੱਤਾ ਪੈਸਾ ਕਿਸੇ ਹਿਸਾਬ ਵਿੱਚ ਨਹੀਂ ਆਉਂਦਾ,ਜੇਕਰ ਮਾਪਿਆਂ ਦੀ ਤਲੀ ਤੇ ਕਦੇ ਕੁੱਝ ਨਹੀਂ ਰੱਖਿਆ। ਮਾਪਿਆਂ ਨੂੰ ਦਿੱਤਾ ਹੋਇਆ ਹੀ ਦੁੱਗਣਾ ਹੋਕੇ ਮੁੜੇਗਾ।
ਮਾਪਿਆਂ ਨੂੰ ਆਪਣੀ ਕਮਾਈ ਵਿੱਚੋਂ ਰੋਟੀ ਖਵਾਉ ਅਤੇ ਹਰ ਜ਼ਰੂਰਤ ਪੂਰੀ ਕਰੋ।ਤੁਹਾਨੂੰ ਕੀ ਕੁੱਝ ਅਤੇ ਕਿਵੇਂ ਮਿਲਦਾ ਹੈ,ਤੁਹਾਨੂੰ ਵੀ ਸਮਝ ਨਹੀਂ ਆਏਗਾ।ਮਾਪਿਆਂ ਦੀਆਂ ਅਸੀਸਾਂ ਅੱਗੇ ਰੱਬ ਵੀ ਕਿੰਤੂ ਪ੍ਰੰਤੂ ਨਹੀਂ ਕਰਦਾ।ਰੱਬ ਹਰ ਥਾਂ ਨਹੀਂ ਸੀ ਪਹੁੰਚ ਸਕਦਾ ਇਸ ਲਈ ਉਸਨੇ ਮਾਂ ਬਣਾਈ।ਇਵੇਂ ਹੀ ਘਰ ਵਿੱਚ ਪੈਸੇ ਕਮਾਕੇ ਲਿਆਉਣ ਵਾਸਤੇ ਬਾਪ ਬਣਾਇਆ।ਸੋ ਮਾਪੇ ਹਕੀਕਤ ਵਿੱਚ ਰੱਬ ਦਾ ਹੀ ਰੂਪ ਹਨ।ਮਾਪਿਆਂ ਨੂੰ ਆਪਣੇ ਤੇ ਬੋਝ ਨਾ ਸਮਝੋ।ਉਨ੍ਹਾਂ ਕੋਲ ਜੋ ਵੀ ਪੈਸਾ ਜਾਂ ਜਾਇਦਾਦ ਹੈ,ਉਨ੍ਹਾਂ ਦੇ ਜਿਊਂਦੇ ਆਪਣੇ ਨਾਮ ਲਗਵਾਉਣ ਦੀ ਕੋਸ਼ਿਸ਼ ਨਾ ਕਰੋ।ਮਾਪਿਆਂ ਨੂੰ ਬੋਝ ਨਾ ਸਮਝੋ।ਜਿੰਨੀਆਂ ਅਸੀਸਾਂ ਅਤੇ ਅਰਦਾਸਾਂ ਮਾਪੇ ਦਿਲੋਂ ਕਰਦੇ ਹਨ,ਹੋਰ ਕੋਈ ਨਹੀਂ ਕਰ ਸਕਦਾ।ਅਜੋਕੇ ਸਮੇਂ ਵਿੱਚ ਮਾਪਿਆਂ ਨੂੰ ਰੋਟੀ ਦੇਣੀ ਅਤੇ ਸੰਭਾਲਣਾ ਵੀ ਦੂਸਰੀਆਂ ਸਮੱਸਿਆਵਾਂ ਵਾਂਗ ਸਮੱਸਿਆ ਬਣ ਗਿਆ ਹੈ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
ਮੋਬਾਈਲ ਨੰਬਰ 9815030221
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly