ਨਵੀਂ ਦਿੱਲੀ (ਸਮਾਜ ਵੀਕਲੀ): ਲੋਕ ਸਭਾ ਵਿੱਚ ਅੱਜ ਕੌਮੀ ਜਮਹੂਰੀ ਪ੍ਰਗਤੀਸ਼ੀਲ ਪਾਰਟੀ (ਐੱਨਡੀਪੀਪੀ), ਕਾਂਗਰਸ, ਡੀਐੱਮਕੇ, ਟੀਐੱਮਸੀ, ਸ਼ਿਵ ਸੈਨਾ, ਜੇਡੀਯੂ, ਰਾਸ਼ਟਰੀ ਕਾਂਗਰਸ ਪਾਰਟੀ ਤੇ ਬਸਪਾ ਸਮੇਤ ਵੱਖ ਵੱਖ ਪਾਰਟੀਆਂ ਦੇ ਮੈਂਬਰਾਂ ਨੇ ਨਾਗਾਲੈਂਡ ਵਿੱਚ ਸੁਰੱਖਿਆ ਬਲਾਂ ਦੀ ਕਥਿਤ ਗੋਲੀਬਾਰੀ ਵਿੱਚ ਘੱਟੋ-ਘੱਟ 14 ਆਮ ਲੋਕਾਂ ਦੇ ਮਾਰੇ ਜਾਣ ਦਾ ਮੁੱਦਾ ਚੁੱਕਿਆ। ਮੈਂਬਰਾਂ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ, ਮ੍ਰਿਤਕਾਂ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਦੇਣ ਤੇ ਗ੍ਰਹਿ ਮੰਤਰੀ ਵੱਲੋਂ ਇਸ ਪੂਰੇ ਮਾਮਲੇ ’ਤੇ ਸਥਿਤੀ ਸਪਸ਼ਟ ਕੀਤੇ ਜਾਣ ਦੀ ਮੰਗ ਕੀਤੀ। ਕਾਂਗਰਸ ਦੇ ਗੌਰਵ ਗੋਗੋਈ ਨੇ ਕਿਹਾ ਕਿ 4-5 ਦਸੰਬਰ ਨੂੰ ਨਾਗਾਲੈਂਡ ਵਿੱਚ ਜੋ ਕੁਝ ਹੋਇਆ, ਉਸ ਨੂੰ ‘ਕਾਲੇ ਦਿਨ’ ਵਜੋਂ ਯਾਦ ਕੀਤਾ ਜਾਵੇਗਾ। ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਧੋਪਾਧਿਆਏ ਨੇ ਕਿਹਾ ਕਿ ਇਸ ਘਟਨਾ ਦੀ ਉਚਿਤ ਜਾਂਚ ਕੀਤੀ ਜਾਵੇ ਤੇ ਯੋਗ ਮੁਆਵਜ਼ਾ ਦਿੱਤਾ ਜਾਵੇ। ਜੇਡੀਯੂ ਦੇ ਰਾਜੀਵ ਰੰਜਨ ਮਿਸ਼ਰਾ ਨੇ ਕਿਹਾ ਕਿ ਸਰਕਾਰ ਨੌਰਥ ਈਸਟ ਵਿੱਚ ਸ਼ਾਂਤੀ ਸਥਾਪਨਾ ਲਈ ਕੋਸ਼ਿਸ਼ਾਂ ਕਰ ਰਹੀ ਹੈ ਤੇ ਗਲਤ ਪਛਾਣ ਦੇ ਆਧਾਰ ’ਤੇ ਬੇਦੋਸ਼ਿਆਂ ਦੀ ਹੱਤਿਆ ਨਾਲ ਅਮਨ ਬਹਾਲੀ ਦੇ ਇਨ੍ਹਾਂ ਯਤਨਾਂ ਨੂੰ ਸੱਟ ਵੱਜੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly