ਖਾੜੀ ਮੁਲਕਾਂ ਵਿੱਚ ਭਾਰਤੀ ਕਾਮਿਆਂ ਦੀਆਂ ਰਹਿੰਦੀਆਂ ਤਨਖ਼ਾਹਾਂ ਦਾ ਮੁੱਦਾ ਭਾਰਤ ਵੱਲੋਂ ਚੁੱਕਿਆ ਜਾ ਰਿਹੈ: ਜੈਸ਼ੰਕਰ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਸਰਕਾਰ ਨੇ ਖਾੜੀ ਮੁਲਕਾਂ ਵਿੱਚ ਭਾਰਤੀ ਕਾਮਿਆਂ ਦੀਆਂ ਬਕਾਇਆ ਤਨਖ਼ਾਹਾਂ ਦਾ ਮੁੱਦਾ ਚੁੱਕਿਆ ਹੈ। ਵਿਦੇਸ਼ੀ ਮੁਲਕਾਂ ਵਿੱਚ ਭਾਰਤੀ ਕਾਮਿਆਂ ਦੀ ਤਨਖ਼ਾਹਾਂ ਦੇ ਹੋਏ ਨੁਕਸਾਨ ਸਬੰਧੀ ਪੁੱਛੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀਆਂ ਤਨਖ਼ਾਹਾਂ ਸਬੰਧੀ ਅੰਕੜੇ ਮੌਜੂਦ ਨਹੀਂ ਹਨ ਪਰ ਉਨ੍ਹਾਂ ਖਾੜੀ ਮੁਲਕਾਂ ਨਾਲ ਕੋਲ ਇਹ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕਾਮੇ ਕੰਮ ’ਤੇ ਵਾਪਸ ਜਾ ਸਕਣ ਤੇ ਉਹ ਸਬੰਧਤ ਅਧਿਕਾਰੀਆਂ ਤੇ ਖਾੜੀ ਮੁਲਕਾਂ ਵਿੱਚ ਸਫ਼ੀਰਾਂ ਰਾਹੀਂ ਸੰਪਰਕ ’ਚ ਹਨ।

ਸ੍ਰੀ ਜੈਸ਼ੰਕਰ ਨੇ ਸਦਨ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਖਾੜੀ ਸਰਕਾਰਾਂ ਨਾਲ ਸੰਪਰਕ ’ਚ ਹਨ ਤੇ ਉਨ੍ਹਾਂ ਦੀ ਸਬੰਧਤ ਅਧਿਕਾਰੀਆਂ ਨਾਲ 16 ਵਾਰ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਇਨ੍ਹਾਂ ਮੁਲਕਾਂ ਤੇ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਵੀ ਖਾੜੀ ਮੁਲਕਾਂ ਦਾ ਦੌਰਾ ਕਰ ਕੇ ਉਥੋਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤੀ ਸਮਾਜ ਭਲਾਈ ਫੰਡ ਦੇ ਨਾਂ ਹੇਠ 47 ਕਰੋੜ ਰੁਪਏ ਦੀ ਰਾਸ਼ੀ ਇਨ੍ਹਾਂ ਮੁਲਕਾਂ ਵਿੱਚ ਭਾਰਤੀ ਕਾਮਿਆਂ ਦੀ ਸਹਾਇਤਾ ਲਈ ਰੱਖੀ ਗਈ ਹੈ। ਕਿਸੇ ਭਾਰਤੀ ਕਾਮੇ ਦੀ ਮੌਤ ਦੀ ਸਥਿਤੀ ’ਚ ਵਿਦੇਸ਼ ਮੰਤਰਾਲੇ ਵੱਲੋਂ ਉਸ ਮੁਲਕ ਵਿੱਚ ਤਾਇਨਾਤ ਸਫ਼ੀਰ ਰਾਹੀਂ ਮ੍ਰਿਤਕ ਦੇ ਪਰਿਵਾਰ ਨੂੰ ਸਥਾਨਕ ਸਰਕਾਰ ਜਾਂ ਕੰਪਨੀ ਵੱਲੋਂ ਐਕਸ-ਗ੍ਰੇਸ਼ੀਆ ਮੁਆਵਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਏਆਈਟੀਐੱਮਸੀ ਮੈਂਬਰ ਸ਼ਾਂਤਨੂੰ ਸੇਨ ਨੇ ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ ’ਤੇ ਗਲਤ ਨਕਸ਼ੇ ਦਾ ਮੁੱਦਾ ਚੁੱਕਿਆ ਜਿਸ ’ਤੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਵਿਦੇਸ਼ ਮੰਤਰੀ ਨੂੰ ਮਾਮਲੇ ਦੀ ਜਾਂਚ ਲਈ ਆਖਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜ ਫ਼ੀਸਦੀ ਤੋਂ ਘੱਟ ਪਾਜ਼ੇਟਿਵਿਟੀ ਦਰ ਵਾਲੇ ਜ਼ਿਲ੍ਹੇ ਸਕੂਲ ਖੋਲ੍ਹਣ ਦੀ ਪਹਿਲ ਕਰ ਸਕਦੇ ਹਨ: ਕੇਂਦਰ
Next article34 ਸੂਬਿਆਂ ਤੇ ਯੂਟੀਜ਼ ’ਚ ਕੋਵਿਡ ਦੇ ਮਾਮਲੇ ਤੇ ਪਾਜ਼ੇਟਿਵਿਟੀ ਦਰ ਘਟੀ