HOME ” ਔਰਤ ਦੀ ਅਣਦਿਸੀ ਗੁਲਾਮੀ”

” ਔਰਤ ਦੀ ਅਣਦਿਸੀ ਗੁਲਾਮੀ”

5
     (ਸਮਾਜ ਵੀਕਲੀ)   ਪਿਛਲੀ ਇੱਕ ਸਦੀ ਤੋਂ ਵੱਧ ਸਮੇਂ ਤੋਂ ਪੂਰੀ ਦੁਨੀਆ 8 ਮਾਰਚ ਨੂੰ ਔਰਤਾਂ ਲਈ ਇੱਕ ਵਿਸ਼ੇਸ਼ ਦਿਨ ਵਜੋਂ ਮਨਾਉਂਦੀ ਆ ਰਹੀ ਹੈ। ਦਰਅਸਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਜ਼ਦੂਰਾਂ ਦੇ ਅੰਦੋਲਨ ਤੋਂ ਨਿਕਲਿਆ ਹੋਇਆ ਦਿਨ ਹੈ, ਜਿਸ ਨੂੰ ਬਾਅਦ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਇੱਕ ਸਾਲਾਨਾ ਜਸ਼ਨ ਵਜੋਂ ਮਾਨਤਾ ਦੇ ਦਿੱਤੀ ਗਈ। ਇਸ ਦਿਨ ਨੂੰ ਖਾਸ ਬਣਾਉਣ ਦੀ ਸ਼ੁਰੂਆਤ ਅੱਜ ਤੋਂ 118 ਸਾਲ ਪਹਿਲਾਂ 1908 ਵਿੱਚ ਹੋਈ ਸੀ, ਜਦੋਂ ਨਿਊਯਾਰਕ ਸ਼ਹਿਰ ਵਿੱਚ ਲਗਭਗ ਪੰਦਰਾਂ ਹਜ਼ਾਰ ਔਰਤਾਂ ਨੇ ਆਪਣੇ ਹੱਕਾਂ ਲਈ ਵਿਰੋਧ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੀ ਮੰਗ ਸੀ ਕਿ ਔਰਤਾਂ ਦੇ ਕੰਮ ਦੇ ਘੰਟੇ ਘਟਾਏ ਜਾਣ, ਤਨਖਾਹਾਂ ਚੰਗੀਆਂ ਹੋਣ ਅਤੇ ਔਰਤਾਂ ਨੂੰ ਵੀ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਮਹਿਲਾ ਦਿਵਸ ਦੀ ਨੀਂਹ ਰੱਖਣ ਦਾ ਸਿਹਰਾ ਕਲਾਰਾ ਜੇਟਕਿਨ ਨਾਂ ਦੀ ਔਰਤ ਨੂੰ ਜਾਂਦਾ ਹੈ । ਹਰ ਸਾਲ ਭਾਰਤ ਵਿੱਚ ਵੀ ਇਸੇ ਦਿਨ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਜੇਕਰ ਅਸੀਂ ਭਾਰਤ ਵਿੱਚ ਔਰਤ ਦੇ ਜੀਵਨ ਦੀ ਸਥਿਤੀ ਤੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਭਾਰਤ ਦੀ ਅਜ਼ਾਦੀ ਤੋਂ ਲੱਗਭਗ 79 ਸਾਲ ਬਾਅਦ ਵੀ ਔਰਤ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਪਾਈ ਅਤੇ ਔਰਤ ਨੂੰ ਖੁਦ ਨੂੰ ਵੀ ਨਹੀਂ ਪਤਾ ਕਿ ਉਹ ਅਣਦਿਸੀ ਗੁਲਾਮੀ ਵਿੱਚ ਜੀਵਨ ਬਤੀਤ ਕਰ ਰਹੀ ਹੈ ਬੇਸ਼ੱਕ ਸਰਕਾਰਾਂ ਨੇ ਇਸ ਸਬੰਧੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਕੋਈ ਚੰਗੀ ਨੀਤੀਆਂ ਨਾ ਬਨਣ ਕਰਕੇ ਅਤੇ ਪਛੜੇ ਇਲਾਕਿਆਂ ਦੀਆਂ ਔਰਤਾਂ ਵਿਚ ਸਿਖਿਆ ਅਤੇ ਜਾਗਰੂਕਤਾ ਦੀ ਘਾਟ ਕਾਰਨ ਭਾਰਤ ਦੀ ਔਰਤ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਗਈ ਹੈ। ਜੇਕਰ ਭਾਰਤੀ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਭਾਰਤ ਵਿੱਚ ਲੱਗਭਗ 200 ਈਸਵੀ ਵਿੱਚ ਬਣਾਈ ਗਈ ਵਰਣ ਵਿਵਸਥਾ ਵਿਚ ਔਰਤ ਨੂੰ ਮਰਦ ਸਮਾਜ ਦੀ ਗੁਲਾਮ ਦੱਸਿਆ ਗਿਆ ਸੀ ਔਰਤ ਨੂੰ ਪੜਨ ਲਿਖਣ,ਅਤੇ ਘੁੰਮਣ ਫਿਰਨ ਤੇ ਮਨਾਹੀ ਸੀ। ਉਸ ਵੇਲੇ ਸਤੀ ਪ੍ਰਥਾ ਵਰਗੀਆਂ ਕੁਰੀਤੀਆਂ ਦਾ ਬੋਲਬਾਲਾ ਸੀ ਅਤੇ ਔਰਤ ਸਿਰਫ ਚਾਰਦੀਵਾਰੀ ਅੰਦਰ ਰਹਿ ਕੇ ਹੀ ਜੀ ਸਕਦੀ ਸੀ ਉਸ ਵੇਲੇ ਬਹੁਤ ਸਾਰੇ ਮਹਾਂਪੁਰਸ਼ਾਂ ਨੇ ਔਰਤਾਂ ਨੂੰ ਬਰਾਬਰ ਦਾ ਦਰਜਾ ਦਿਵਾਉਣ ਲਈ ਕੋਸ਼ਿਸ਼ ਵੀ ਕੀਤੀ ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਔਰਤ ਨੂੰ ਮਹਾਨ ਦੱਸਿਆ ਹੈ
” ਸੋ ਕਿਉ ਮੰਦਾ ਆਖੀਏ ,
  ਜਿਤੁ ਜੰਮਹਿ ਰਾਜਾਨ॥
 ਸਮੇਂ ਸਮੇਂ ਤੇ ਹੋਰ ਵੀ ਮਹਾਨ ਲੋਕਾਂ ਨੇ ਔਰਤਾਂ ਦੀ ਅਜ਼ਾਦੀ ਲਈ ਸੰਘਰਸ਼ ਕੀਤਾ ਹੈ। ਔਰਤਾਂ ਦੇ ਹੱਕਾਂ, ਬਰਾਬਰੀ ਅਤੇ ਸੁਰੱਖਿਆ ਲਈ ਸੰਘਰਸ਼ ਕਰਨ ਵਾਲਿਆਂ ਵਿੱਚ ਮਹਾਤਮਾ ਜੋਤੀਰਾਓ ਫੂਲੇ ਅਤੇ ਸਾਵਿਤਰੀਬਾਈ ਫੂਲੇ (ਭਾਰਤ ਵਿੱਚ ਔਰਤਾਂ ਦੀ ਸਿੱਖਿਆ), ਰਾਜਾ ਰਾਮ ਮੋਹਨ ਰਾਏ (ਸਤੀ ਪ੍ਰਥਾ ਵਿਰੁੱਧ), ਈਸ਼ਵਰ ਚੰਦਰ ਵਿਦਿਆਸਾਗਰ (ਵਿਧਵਾ ਪੁਨਰ-ਵਿਵਾਹ), ਅਤੇ ਡਾ. ਬੀ.ਆਰ. ਅੰਬੇਡਕਰ (ਕਾਨੂੰਨੀ ਹੱਕ ) , ਵਕਤ ਦੇ ਨਾਲ ਨਾਲ ਬੇਸ਼ੱਕ ਔਰਤ ਰੂੜੀਵਾਦੀ ਕੁਰੀਤੀਆਂ ਤੋਂ ਨਿਜਾਤ ਪਾਉਂਦੀ ਆ ਰਹੀ ਹੈ ਜਿਵੇਂ ਸਤੀ ਪ੍ਰਥਾ, ਪਰਦਾ ਆਦਿ ,ਤੋਂ ਕਾਫੀ ਹੱਦ ਤੱਕ ਨਿਜਾਤ ਪਾ ਚੁੱਕੀ ਹੈ। ਪਰ ਅਜੇ ਵੀ ਔਰਤ ਜੋ ਅਜ਼ਾਦੀ ਵਿਕਾਸਸ਼ੀਲ ਦੇਸ਼ਾਂ ਵਿੱਚ ਮਾਣ ਰਹੀ ਹੈ ਭਾਰਤੀ ਔਰਤ ਉਸ ਤੋਂ ਕੋਹਾਂ ਦੂਰ ਹੈ ਜਿਸ ਦੀ ਤਾਜ਼ਾ ਉਦਾਹਰਣ ਇਹ ਹੈ ਕਿ ਔਰਤਾਂ ਲਈ ਰਾਖਵਾਂਕਰਨ ਹੋਣ ਕਰਕੇ ਸਰਪੰਚ, ਐਮ ਸੀ ਅਤੇ ਐਮ ਐਲ ਏ ਤਾਂ ਬਣ ਜਾਂਦੀਆਂ ਹਨ ਪਰ ਉਨਾ ਦੀ ਥਾਂ ਜ਼ਿਆਦਾਤਰ ਕੰਮ ਪਰਿਵਾਰ ਦੇ ਮਰਦ ਹੀ ਕਰਦੇ ਹਨ। ਜ਼ਿਆਦਾ ਤਰ ਮੀਟਿੰਗਾਂ ਵਿੱਚ ਔਰਤਾ ਸ਼ਾਮਿਲ ਨਹੀਂ ਹੁੰਦੀਆਂ। ਅਜੇ ਵੀ ਭਾਰਤ ਦੇ ਕਈ ਪਿੰਡਾਂ ਵਿਚ ਦਲਿਤ ਔਰਤਾ ਵੱਡੇ ਜਗੀਰਦਾਰਾਂ ਦੇ ਘਰਾਂ ਵਿੱਚ ਸਿਰ ਤੇ ਮੈਲਾ ਢੋਂਹਣ ਦਾ ਕੰਮ ਕਰਦੀਆਂ ਹਨ ਜਾਂ ਆਪਣੇ ਗੁਜ਼ਾਰੇ ਲਈ ਉਨ੍ਹਾਂ ਨੂੰ ਗ਼ੁਲਾਮੀ ਭਰੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ। ਬੇਸ਼ੱਕ ਪੜ੍ਹੇ ਲਿਖੇ ਅਤੇ ਸ਼ਹਿਰੀ ਲੋਕਾਂ ਦੀਆਂ ਮਜਲਿਸਾਂ ਵਿਚ ਔਰਤ ਤੇ ਮਰਦ ਦੀ ਬਰਾਬਰੀ ਦੀਆਂ ਇਹ ਗੱਲਾਂ ਆਮ ਹੀ ਸੁਣਨ-ਪੜ੍ਹਨ ਨੂੰ ਮਿਲਦੀਆਂ ਹਨ ਕਿ ਸ਼ਹਿਰੀ ਔਰਤ ਅਜ਼ਾਦ ਹੋ ਚੁੱਕੀ ਹੈ, ਉਹ ਸਿੱਖਿਅਤ ਹੋਣ ਦੇ ਨਾਲ ਨਾਲ ਆਰਥਿਕ ਤੌਰ ਉੱਤੇ ਸਵੈ-ਨਿਰਭਰ ਹੈ, ਉਹ ਆਪਣੀ ਜ਼ਿੰਦਗੀ ਦੇ ਅਹਿਮ ਫੈਸਲੇ ਵੀ ਖੁਦ ਕਰਨ ਲੱਗ ਪਈ ਹੈ ਇਕ ਸੀਮਿਤ ਪੱਧਰ ਤੇ ਇਨ੍ਹਾਂ ਵਿਚ ਸੱਚਾਈ ਵੀ ਹੈ ਪਰ ਜ਼ਮੀਨੀ ਪੱਧਰ ਤੇ ਆਲੇ-ਦੁਆਲੇ ਦੇ ਇਨ੍ਹਾਂ ਦੇ ਹਾਲਾਤ ਬਾਰੇ ਜਾਣ ਕੇ ਇਸ ਗੱਲ ਉੱਤੇ ਸ਼ੱਕ ਹੁੰਦਾ ਹੈ ਕਿ ਕੀ ਔਰਤ ਸੱਚਮੁੱਚ ਪੂਰੀ ਤਰ੍ਹਾਂ ਅਜ਼ਾਦ ਹੋ ਚੁੱਕੀ ਹੈ? ਜਾਂ ਇਸ ਪਿੱਛੇ ਕੋਈ ਹੋਰ ਸੱਚ ਛੁਪਿਆ ਪਿਆ ਹੈ ਜੋ ਦਿਖਾਈ ਨਹੀਂ ਦੇ ਰਿਹਾ ਅਤੇ ਜਿਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਅਜ਼ਾਦੀ ਦੇ ਅਰਥ ਕਿਸੇ ਵੀ ਮਨੁੱਖ ਦੇ ਸਵੈਮਾਣ ਅਤੇ ਖ਼ੁਦਮੁਖਤਿਆਰੀ ਨਾਲ ਜੁੜੇ ਹੁੰਦੇ ਹਨ ਪਰ ਜੇ ਅਸੀਂ ਬਹੁਗਿਣਤੀ ਔਰਤਾਂ ਦੇ ਜੀਵਨ ਵੱਲ ਝਾਤ ਮਾਰੀਏ ਤਾਂ ਅਜ਼ਾਦੀ ਦੇ ਅਸਲ ਮਾਇਨੇ ਕਿਧਰੇ ਗੁਆਚੇ ਨਜਰ ਆਉਂਦੇ ਹਨ। ਆਪਣੇ ਜੀਵਨ ਬਾਰੇ ਖ਼ੁਦ ਫੈਸਲੇ ਕਰਨ ਦੀ ਅਜ਼ਾਦੀ ਜਾਂ ਸਵੈ-ਮਾਣ ਵਰਗੀ ਸ਼ੈਅ ਬਹੁ ਗਿਣਤੀ ਔਰਤਾਂ ਤੱਕ ਅਜੇ ਅੱਪੜੀ ਹੀ ਨਹੀਂ। ਕਈ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਔਰਤ ਦੀ ਹਾਲਤ ਵਿਚ ਕੋਈ ਖਾਸ ਸੁਧਾਰ ਨਹੀਂ ਆਇਆ ਲੱਗਦਾ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਔਰਤ ਨੇ ਆਪਣੀ ਮਿਹਨਤ ਸਦਕਾ ਉੱਚੇ ਮੁਕਾਮ ਪ੍ਰਾਪਤ ਕਰ ਲਏ ਹਨ ਪਰ ਉਸ ਨੂੰ ਮਰਦ ਪ੍ਰਧਾਨ ਸਮਾਜ ਅੱਜ ਵੀ ਗੁਲਾਮ ਸਮਝਦਾ ਹੈ। ਅੱਜ ਦੀ ਔਰਤ ਜਿਹੜੀ ਗੁਲਾਮੀ ਹੰਢਾ ਰਹੀ ਹੈ, ਇਹ ਅਣਦਿਸੀ ਗੁਲਾਮੀ ਹੈ। ਔਰਤਾਂ ਨੂੰ ਬਰਾਬਰ ਸਿੱਖਿਆ ਤੇ ਮਿਹਨਤਾਨੇ, ਵੋਟ ਦਾ ਅਧਿਕਾਰ ਪ੍ਰਾਪਤ ਹਨ ਪਰ ਹਕੀਕਤ ਵਿਚ ਅੱਜ ਵੀ ਔਰਤਾਂ ਇਨ੍ਹਾਂ ਹੱਕਾਂ ਲਈ ਮਰਦਾਂ ਉਤੇ ਨਿਰਭਰ ਹਨ। ਔਰਤ ਸਿੱਖਿਅਤ ਤਾਂ ਹੈ ਪਰ ਉਸ ਦੀ ਜ਼ਿੰਦਗੀ ਦੀ ਲਗਾਮ ਮਰਦ ਦੇ ਹੱਥ ਵਿਚ ਹੈ। ਵਿੱਦਿਅਕ ਢਾਂਚਾ ਵੀ ਉਸ ਦੀ ਜ਼ਿੰਦਗੀ ਵਿਚ ਕੋਈ ਹਕੀਕੀ ਸਾਕਾਰਾਤਮਕ ਤਬਦੀਲੀ ਲਿਆਉਣ ਦੀ ਬਜਾਏ ਮਰਦ ਪ੍ਰਧਾਨ ਸਮਾਜ ਦੇ ਹੱਕ ਵਿਚ ਹੀ ਭੁਗਤ ਜਾਂਦਾ ਹੈ। ਮਜ਼ਦੂਰ ਔਰਤਾਂ, ਮਰਦਾਂ ਬਰਾਬਰ ਮਿਹਨਤ ਕਰਦੀਆਂ ਹਨ ਪਰ ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਉਜਰਤ ਮਿਲਦੀ ਹੈ। ਔਰਤ ਸਰਪੰਚ ਤਾਂ ਬਣਦੀ ਹੈ ਪਰ ਸਰਪੰਚੀ ਉਸ ਦਾ ਪਤੀ ਕਰਦਾ ਹੈ। ਆਰਥਿਕ ਪੱਖੋਂ ਵੀ ਜ਼ਿਆਦਾਤਰ ਔਰਤਾਂ ਮਰਦਾਂ ਤੇ ਨਿਰਭਰ ਹਨ। ਇਉਂ ਹੱਕ ਪ੍ਰਾਪਤ ਹੋਣ ਦੇ ਬਾਵਜੂਦ ਦਬਦਬਾ ਮਰਦ ਪ੍ਰਧਾਨ ਸਮਾਜ ਦਾ ਹੀ ਹੈ। ਜਿਹੜੀ ਗੱਲ ਹੈਰਾਨ ਕਰਨ ਵਾਲੀ ਹੈ, ਉਹ ਇਹ ਕਿ ਔਰਤ ਇਸ ਅਰਧ ਗੁਲਾਮੀ ਤੋਂ ਸੁਚੇਤ ਨਹੀਂ। ਉਸ ਨੂੰ ਇਹ ਗੁਲਾਮੀ ਮਹਿਸੂਸ ਹੀ ਨਹੀਂ ਹੁੰਦੀ। ਅੱਜ ਵੀ ਔਰਤਾਂ ਘਰ ਦੇ ਕੰਮਾਂ, ਬੱਚੇ ਪਾਲਣ, ਪਰਿਵਾਰਕ ਜ਼ਿੰਮੇਵਾਰੀਆਂ ਚੁੱਕਣ ਨੂੰ ਹੀ ਆਪਣਾ ਅਸਲ ਧਰਮ ਮੰਨਦੀਆਂ ਹਨ। ਜ਼ਿਆਦਾਤਰ ਲੋਕਾਂ ਅਤੇ ਔਰਤਾਂ ਦੀ ਸੋਚ ਹੈ ਕਿ ਘਰ ਸੰਭਾਲਣਾ ਸਿਰਫ ਔਰਤਾਂ ਦਾ ਕੰਮ ਹੈ ਉਹ ਆਪਣੇ ਅਸਲ ਹੱਕਾਂ ਤੋਂ ਜਾਣੂੰ ਨਹੀਂ ਜਾਂ ਇਉਂ ਕਹਿਣਾ ਜਿਆਦਾ ਸਹੀ ਹੈ ਕਿ ਰੂੜੀਵਾਦੀ ਸਭਿਆਚਾਰਕ ਮਾਨਤਾਵਾਂ ਦੇ ਬਹਾਨੇ ਉਨ੍ਹਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਦੇ ਮੌਕੇ ਨਹੀਂ ਦਿੱਤੇ ਜਾਂਦੇ। ਔਰਤ ਦੀ ਇਸ ਗੁਲਾਮੀ ਦਾ ਕਾਰਨ ਸਰਕਾਰਾਂ, ਮਰਦ ਪ੍ਰਧਾਨ ਸਮਾਜ , ਸਾਡੇ ਦੇਸ਼ ਦਾ ਮਾੜਾ ਸਿਸਟਮ, ਅਤੇ ਔਰਤ ਖੁਦ ਵੀ ਹੈ। ਔਰਤ ਹੋਣਾ ਕੋਈ ਜੁਰਮ ਨਹੀਂ। ਕੁਦਰਤ ਮੁੰਡੇ ਕੁੜੀ ਵਿਚ ਕੋਈ ਭੇਦਭਾਵ ਨਹੀਂ ਕਰਦੀ ਪਰ ਸਮਾਜ ਵਿਚ ਔਰਤਾਂ ਲਈ ਵਿਤਕਰੇ ਵਾਲਾ ਦ੍ਰਿਸ਼ਟੀਕੋਣ ਅਪਨਾਇਆ ਜਾਂਦਾ ਹੈ।
ਕੁੜੀ ਤੇ ਮੁੰਡੇ ਵਿਚਲਾ ਫਰਕ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਕੁੜੀ ਨੂੰ ਜਨਮ ਤੋਂ ਹੀ ਔਰਤ ਬਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕਹਿੰਦੇ ਹਨ ਕਿ ਔਰਤ ਪੈਦਾ ਨਹੀਂ ਹੁੰਦੀ ਔਰਤ ਨੂੰ ਬਣਾਇਆ ਜਾਂਦਾ ਹੈ। ਬਚਪਨ ਤੋਂ ਹੀ ਮਾਪਿਆਂ ਦੁਆਰਾ ਕੁੜੀ ਉਤੇ ਉੱਚੀ ਬੋਲਣ, ਹੱਸਣ, ਅੰਦਰ ਬਾਹਰ ਆਉਣ ਜਾਣ ਤੇ ਬੰਦਿਸ਼ਾਂ ਲਗਾਈਆਂ ਜਾਂਦੀਆਂ ਹਨ। ਉਸ ਨੂੰ ਜਨਮ ਤੋਂ ਹੀ ਬੇਗਾਨੇ ਘਰ ਜਾਣ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਦੂਜਿਆਂ ਉੱਪਰ ਨਿਰਭਰ ਰਹਿਣ ਦੀ ਆਦਤ ਪਾਈ ਜਾਂਦੀ ਹੈ ਜਿਸ ਕਾਰਨ ਉਸ ਦੇ ਨਾਰੀਤਵ ਦਾ ਘਾਣ ਹੁੰਦਾ ਹੈ।
ਕਿਸੇ ਵੀ ਤਰ੍ਹਾਂ ਦੇ ਹਾਲਾਤ ਲਈ ਕੋਈ ਇਕ ਧਿਰ ਪੂਰੀ ਤਰ੍ਹਾਂ ਜ਼ਿੰਮੇਵਾਰੀ ਨਹੀਂ ਹੋ ਸਕਦੀ ਜਿੱਥੇ ਔਰਤ ਦੀ ਅਜਿਹੀ ਸਥਿਤੀ ਲਈ ਸਮਾਜ ਜ਼ਿੰਮੇਵਾਰ ਹੈ, ਉੱਥੇ ਖ਼ੁਦ ਔਰਤ ਵੀ ਆਪਣੀ ਅੰਸ਼ਕ ਜ਼ਿਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀ। ਮਾਵਾਂ ਸੁਚੇਤ ਹੋਣ ਦੇ ਬਾਵਜੂਦ ਧੀਆਂ ਨੂੰ ਉਹੀ ਤ੍ਰਾਸਦੀਆਂ ਹੰਢਾਉਣ ਲਈ ਤਿਆਰ ਕਰਦੀਆਂ ਹਨ ਜਿਹੜੀਆਂ ਉਨ੍ਹਾਂ ਆਪ ਹੰਢਾਈਆਂ ਹੁੰਦੀਆਂ ਹਨ। ਅੱਜ ਦੀ ਔਰਤ ਸਿੱਖਿਅਤ ਅਤੇ ਆਰਥਿਕ ਤੌਰ ਤੇ ਆਤਮ ਨਿਰਭਰ ਤਾਂ ਹੈ ਪਰ ਇਸ ਦੇ ਬਾਵਜੂਦ ਉਸ ਦੇ ਜੀਵਨ ਵਿਚ ਕੋਈ ਬਹੁਤਾ ਬਦਲਾਓ ਨਹੀਂ ਆਇਆ। ਉਹ ਅੱਜ ਵੀ ਘਰ ਸੰਭਾਲਣ, ਬੱਚੇ ਪਾਲਣ ਤੇ ਪਰਿਵਾਰਕ ਫੈਸਲਿਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਨੂੰ ਹੀ ਆਪਣਾ ਅਸਲੀ ਧਰਮ ਸਮਝਦੀ ਹੈ। ਇਸ ਤੋਂ ਬਿਨਾ ਉਸ ਨੂੰ ਆਪਣੀ ਜ਼ਿੰਦਗੀ ਦੇ ਕੋਈ ਮਾਇਨੇ ਨਹੀਂ ਲੱਗਦੇ। ਉਹ ਸਰੀਰਕ ਤੇ ਮਾਨਸਿਕ ਦੋਵਾਂ ਪੱਧਰਾਂ ਤੇ ਤ੍ਰਾਸਦੀ ਹੰਢਾਉਂਦੀ ਹੈ।
ਔਰਤ ਨੂੰ ਅਜ਼ਾਦੀ ਅਤੇ ਆਪਣੇ ਹੋਰ ਮਨੁੱਖੀ ਹੱਕ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਜਾਗਰੂਕ ਹੋਣ ਦੀ ਜ਼ਰੂਰਤ ਹੈ। ਅਜਿਹਾ ਨਹੀਂ ਕਿ ਔਰਤਾਂ ਵਿਚ ਚੇਤਨਾ ਦੀ ਕਮੀ ਹੈ, ਕੁਝ ਇਸਤਰੀਆਂ ਆਪਣੇ ਹੱਕਾਂ ਲਈ ਚੇਤਨ ਹਨ ਅਤੇ ਨਿਡਰਤਾ ਨਾਲ ਇਨ੍ਹਾਂ ਦੀ ਪ੍ਰਾਪਤੀ ਲਈ ਸਮਾਜ ਨਾਲ ਦੋ ਹੱਥ ਵੀ ਹੋ ਰਹੀਆਂ ਹਨ। ਸਮਾਜ ਨੂੰ ਚੰਗਾ ਬਣਾਉਣ ਲਈ ਔਰਤ ਪ੍ਰਤੀ ਵਿਤਕਰੇ ਵਾਲਾ ਦ੍ਰਿਸ਼ਟੀਕੋਣ ਬਦਲਣ ਦੀ ਜ਼ਰੂਰਤ ਹੈ ਕਿਉਂਕਿ ਕਿਸੇ ਮੁਲਕ ਦੇ ਉੱਨਤੀ ਬਾਰੇ ਜਾਨਣ ਲਈ ਉੱਥੋਂ ਦੀ ਔਰਤ ਦੀ ਹਾਲਤ ਨੂੰ ਜਾਣਿਆ ਜਾਂਦਾ ਹੈ। ਚੰਗਾ ਸਮਾਜ ਸਿਰਜਣ ਦੀ ਵੱਡੀ ਜ਼ਿੰਮੇਵਾਰੀ ਮਾਪਿਆਂ ਤੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਦਾ ਫਰਜ਼ ਹੈ ਕਿ ਉਹ ਲਿੰਗਕ ਵਿਤਕਰੇ ਤੋਂ ਉੱਪਰ ਉੱਠ ਕੇ ਬੱਚੇ ਨੂੰ ਬਰਾਬਰੀ ਦਾ ਪਾਠ ਪੜ੍ਹਾਉਣ। ਉਹ ਕੁੜੀ ਉਤੇ ਬੰਦਿਸ਼ਾਂ ਲਗਾਉਣ ਦੀ ਬਜਾਏ ਉਸ ਨੂੰ ਸਹੀ ਗਲਤ ਦੀ ਪਛਾਣ ਦੀ ਸਮਝ ਪੈਦਾ ਕਰਨ। ਉਸ ਨੂੰ ਅਜ਼ਾਦੀ ਦੇ ਅਸਲ ਮਾਇਨੇ ਸਮਝਾਉਣ। ਉਸ ਨੂੰ ਇਸ ਕਾਬਿਲ ਬਣਾਇਆ ਜਾਵੇ ਕਿ ਉਹ ਆਪਣੀ ਜ਼ਿੰਦਗੀ ਦੇ ਅਹਿਮ ਫੈਸਲੇ ਕਰਨ ਦੇ ਯੋਗ ਹੋਣ। ਔਰਤ ਅਤੇ ਮਰਦ ਇਨਸਾਨ ਦੀ ਇੱਕੋ ਜ਼ਾਤ ਦਾ ਹਿੱਸਾ ਹਨ। ਔਰਤ ਨੂੰ ਇੱਕ ਬਹੁਤ ਹੀ ਸਤਿਕਾਰਯੋਗ ਕਿਰਦਾਰ ਮੰਨਿਆ ਗਿਆ ਹੈ ਕਹਿੰਦੇ ਹਨ ਕਿ ਔਰਤ ਤੋਂ ਬਿਨਾਂ ਘਰ,ਸਮਾਜ, ਅਤੇ ਦੇਸ਼ ਦੀ ਤਰੱਕੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਔਰਤ ਨੂੰ ਸਹਿਣਸ਼ੀਲਤਾ ਦੀ ਦੇਵੀ ਮੰਨਿਆ ਗਿਆ ਹੈ। ਕਿਸੇ ਨੇ ਸੱਚ ਕਿਹਾ ਕਿ ਔਰਤ ਨਹੀਂ ਤਾਂ ਦੁਨੀਆਂ ਨਹੀਂ। ਜਦੋਂ ਤੱਕ ਦੇਸ਼ ਦੀ ਹਰ ਔਰਤ ਆਪਣੇ ਜੀਵਨ ਨੂੰ ਪੂਰੀ ਅਜ਼ਾਦੀ ਨਾਲ ਜਿਊਣ ਦੇ ਹੱਕ ਬਾਰੇ ਜਾਗਰੂਕ ਨਹੀਂ ਹੋ ਜਾਂਦੀ ਉਦੋਂ ਤੱਕ ਮਹਿਲਾ ਸ਼ਕਤੀਕਰਨ ਇੱਕ ਸੁਪਨੇ ਵਾਂਗ ਹੀ ਰਹੇਗਾ। ਬਹੁਤ ਸਾਰੀਆਂ ਔਰਤਾਂ ਜਿਨ੍ਹਾਂ ਨੂੰ ਅਸਮਾਨ ਵਿੱਚ ਉੱਡਣ ਦੀ ਅਜ਼ਾਦੀ ਮਿਲੀ ਉਹ ਸੱਚ ਮੁੱਚ ਹੀ ਮਹਾਨ ਔਰਤਾਂ ਬਣ ਕੇ ਨਿਕਲੀਆਂ ਜਿਨ੍ਹਾਂ ਵਿੱਚ ਕਲਪਨਾ ਚਾਵਲਾ, ਮਦਰ ਟੈਰੇਸਾ, ਸਵਿੱਤਰੀ ਬਾਈ ਫੁਲੇ, ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ ਆਦਿ ਦੇ ਨਾਂ ਵੀ ਸ਼ਾਮਲ ਹਨ। ਔਰਤ ਨੂੰ ਅਣਦਿਸੀ ਗੁਲਾਮੀ ਤੋਂ ਨਿਜਾਤ ਦਿਵਾਉਣ ਲਈ ਸਮਾਜ ਅਤੇ ਸਰਕਾਰਾਂ ਨੂੰ ਮਿਲ ਕੇ ਕੰਮ ਕਰਨ ਦੀ ਅਹਿਮ ਲੋੜ ਹੈ।
ਕੁਲਦੀਪ ਸਿੰਘ ਸਾਹਿਲ
9417990040
Previous articleਪਿੰਗਲਵਾੜਾ ਸੰਸਥਾ ਵੱਲੋਂ ਦੋ ਲਾਵਾਰਿਸ ਮਰੀਜ਼ਾਂ ਨੂੰ ਇਲਾਜ ਉਪਰੰਤ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ
Next articleਆਧਾਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਰਲਡ ਵੂਮੈਨ ਡੇ ਮਨਾਇਆ