HOME ਪਿੰਗਲਵਾੜਾ ਸੰਸਥਾ ਵੱਲੋਂ ਦੋ ਲਾਵਾਰਿਸ ਮਰੀਜ਼ਾਂ ਨੂੰ ਇਲਾਜ ਉਪਰੰਤ ਉਨ੍ਹਾਂ ਦੇ ਪਰਿਵਾਰਾਂ...

ਪਿੰਗਲਵਾੜਾ ਸੰਸਥਾ ਵੱਲੋਂ ਦੋ ਲਾਵਾਰਿਸ ਮਰੀਜ਼ਾਂ ਨੂੰ ਇਲਾਜ ਉਪਰੰਤ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐਮ.ਏ.) ਅੱਜ ਮਿਤੀ 7 ਮਾਰਚ ਦਿਨ ਸ਼ਨੀਵਾਰ ਨੂੰ ਪਿੰਗਲਵਾੜਾ ਸੰਸਥਾ ਵੱਲੋਂ ਦੋ ਲਾਵਾਰਿਸ ਮਰੀਜ਼ਾਂ ਨੂੰ ਇਲਾਜ ਉਪਰੰਤ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ।  ਪਿੰਗਲਵਾੜਾ ਸੰਸਥਾ ਵੱਲੋਂ ਮਨੁੱਖਤਾ ਦੀ ਸੇਵਾ ਦਾ ਇੱਕ ਹੋਰ ਪ੍ਰੇਰਣਾਦਾਇਕ ਉਦਾਹਰਨ ਸਾਹਮਣੇ ਆਇਆ ਹੈ। ਪਹਿਲਾ ਮਰੀਜ਼ ਸ਼ਫੀ ਅਹਿਮਦ, ਪੁੱਤਰ ਜਮਰੂਲ ਹਸਨ, ਨਿਵਾਸੀ ਪਿੰਡ ਕਾਜੀ ਬੇਹਿਰਾ, ਜ਼ਿਲ੍ਹਾ ਦਰਭੰਗਾ, ਬਿਹਾਰ ਹੈ। ਇਹ ਮਰੀਜ਼ 19 ਜਨਵਰੀ 2026 ਨੂੰ ਲਵਾਰਿਸ ਹਾਲਤ ਵਿੱਚ ਪਿੰਗਲਵਾੜਾ ਸੰਸਥਾ ਵਿੱਚ ਦਾਖਲ ਹੋਇਆ ਸੀ। ਸੰਸਥਾ ਵੱਲੋਂ ਉਸਦੀ ਪੂਰੀ ਸੰਭਾਲ ਕੀਤੀ ਗਈ ਅਤੇ ਇਲਾਜ ਕਰਵਾਇਆ ਗਿਆ। ਇਲਾਜ ਦੌਰਾਨ ਮਰੀਜ਼ ਨੇ ਹੌਲੀ-ਹੌਲੀ ਆਪਣੀ ਪਛਾਣ ਦੱਸਣੀ ਸ਼ੁਰੂ ਕੀਤੀ ਅਤੇ ਇਹ ਵੀ ਦੱਸਿਆ ਕਿ ਉਹ ਦਰਭੰਗਾ ਸ਼ਹਿਰ, ਬਿਹਾਰ ਦਾ ਰਹਿਣ ਵਾਲਾ ਹੈ।ਇਸ ਤੋਂ ਬਾਅਦ ਪਿੰਗਲਵਾੜਾ ਸੰਸਥਾ ਵੱਲੋਂ ਮਰੀਜ਼ ਦੀ ਪਛਾਣ ਲਈ ਪਿੰਡ ਦੇ ਸਰਪੰਚ ਅਤੇ ਸਥਾਨਕ ਲੋਕਾਂ ਨਾਲ ਸੰਪਰਕ ਕੀਤਾ ਗਿਆ। ਮਰੀਜ਼ ਦੀ ਫੋਟੋ ਅਤੇ ਵੀਡੀਓ ਭੇਜ ਕੇ ਉਸਦੀ ਪਛਾਣ ਕਰਵਾਈ ਗਈ। ਪਛਾਣ ਹੋਣ ਉਪਰੰਤ ਮਰੀਜ਼ ਦਾ ਭਰਾ ਐਮ.ਡੀ. ਸੋਹਿਲ ਅਤੇ ਪਿੰਡ ਦੇ ਕੁਝ ਲੋਕ ਪਿੰਗਲਵਾੜਾ ਸੰਸਥਾ ਵਿੱਚ ਪਹੁੰਚੇ ਅਤੇ ਮਰੀਜ਼ ਨੂੰ ਆਪਣੇ ਨਾਲ ਘਰ ਲੈ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਫੀ ਅਹਿਮਦ ਪਿਛਲੇ ਲਗਭਗ 15 ਸਾਲਾਂ ਤੋਂ ਘਰ ਤੋਂ ਲਾਪਤਾ ਸੀ। ਇੰਨੇ ਸਾਲਾਂ ਬਾਅਦ ਆਪਣੇ ਪਿਆਰੇ ਨੂੰ ਵਾਪਸ ਮਿਲਣ ਨਾਲ ਪਰਿਵਾਰ ਵਿੱਚ ਖੁਸ਼ੀ ਅਤੇ ਭਾਵੁਕਤਾ ਦਾ ਮਾਹੌਲ ਬਣ ਗਿਆ। ਪਿੰਗਲਵਾੜਾ ਸੰਸਥਾ ਵੱਲੋਂ ਕੀਤੀ ਗਈ ਇਸ ਸੇਵਾ ਲਈ ਪਰਿਵਾਰ ਨੇ ਸੰਸਥਾ ਦਾ ਦਿਲੋਂ ਧੰਨਵਾਦ ਕੀਤਾ। ਦੂਜੀ ਮਰੀਜ਼ ਪ੍ਰੇਮਕਾ ਚੌਪੜਾ (ਉਮਰ ਲਗਭਗ 40 ਸਾਲ) ਹੈ, ਜਿਸ ਨੂੰ 26 ਦਸੰਬਰ 2025 ਨੂੰ 108 ਐਂਬੂਲੈਂਸ ਰਾਹੀਂ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਵਿੱਚ ਲਾਵਾਰਿਸ ਹਾਲਤ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਬਾਅਦ ਵਿੱਚ ਉਸ ਨੂੰ ਪਿੰਗਲਵਾੜਾ ਸੰਸਥਾ ਦੇ ਭਗਤ ਪੂਰਨ ਸਿੰਘ ਵਾਰਡ ਵਿੱਚ ਦਾਖਲ ਕਰ ਲਿਆ ਗਿਆ। ਮਰੀਜ਼ ਦੀ ਮਾਨਸਿਕ ਹਾਲਤ ਠੀਕ ਨਾ ਹੋਣ ਕਰਕੇ ਉਸਦਾ ਇਲਾਜ ਅੰਮ੍ਰਿਤਸਰ ਮੈਂਟਲ ਹਸਪਤਾਲ ਵਿੱਚ ਕਰਵਾਇਆ ਗਿਆ। ਇਲਾਜ ਦੌਰਾਨ ਮਰੀਜ਼ ਨੇ ਆਪਣੇ ਪਿਤਾ ਦਾ ਨਾਮ ਰਾਜ ਕੁਮਾਰ ਨਿਵਾਸੀ ਸ਼ਿਮਲਾਪੂਰੀ, ਲੁਧਿਆਣਾ ਦੱਸਿਆ ਅਤੇ ਉਨ੍ਹਾਂ ਦਾ ਮੋਬਾਈਲ ਨੰਬਰ ਵੀ ਦਿੱਤਾ। ਸੰਸਥਾ ਵੱਲੋਂ ਤੁਰੰਤ ਮਰੀਜ਼ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪਿਛਲੇ ਤਿੰਨ ਮਹੀਨਿਆਂ ਤੋਂ ਘਰ ਤੋਂ ਲਾਪਤਾ ਸੀ ਅਤੇ ਉਸਦਾ ਦਿਮਾਗੀ ਇਲਾਜ ਵੀ ਚੱਲ ਰਿਹਾ ਸੀ। ਪਰਿਵਾਰ ਨੇ ਇਹ ਵੀ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਘਰੋਂ ਬਾਹਰ ਚਲੀ ਜਾਂਦੀ ਸੀ ਪਰ ਇਕ-ਦੋ ਦਿਨਾਂ ਵਿੱਚ ਵਾਪਸ ਆ ਜਾਂਦੀ ਸੀ। ਇਸ ਵਾਰ ਲੰਮੇ ਸਮੇਂ ਤੱਕ ਵਾਪਸ ਨਾ ਆਉਣ ਕਰਕੇ ਪਰਿਵਾਰ ਵੱਲੋਂ ਇਸ ਸੰਬੰਧੀ ਥਾਣੇ ਵਿੱਚ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਅੱਜ ਸੰਸਥਾ ਵੱਲੋਂ ਦੋਨਾਂ ਮਰੀਜ਼ਾਂ ਨੂੰ ਤਿੰਨ-ਤਿੰਨ ਮਹੀਨੇ ਦੀ ਦਵਾਈ ਦੇ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਪਿੰਗਲਵਾੜਾ ਸੰਸਥਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਮਰੀਜ਼ਾਂ ਦੀ ਸੇਵਾ ਸੰਭਾਲ ਕਰਕੇ ਉਨ੍ਹਾਂ ਨੂੰ ਮੁੜ ਪਰਿਵਾਰ ਨਾਲ ਮਿਲਾਇਆ। ਇਸ ਮੌਕੇ ਪਿੰਗਲਵਾੜਾ ਦੇ ਮੁੱਖ ਸੇਵਾਦਾਰ ਡਾ: ਇੰਦਰਜੀਤ ਕੌਰ ਜੀ ਨੇ ਦੱਸਿਆ ਕਿ ਪਿੰਗਲਵਾੜਾ ਸੰਸਥਾ ਮਨੁੱਖਤਾ ਦੀ ਸੇਵਾ ਲਈ ਪਿਛਲੇ ਕਈ ਦਹਾਕਿਆਂ ਤੋਂ ਨਿਰੰਤਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਗਲਵਾੜਾ ਵਿੱਚ ਆਉਣ ਵਾਲੇ ਲਾਵਾਰਿਸ, ਬੇਸਹਾਰਾ, ਬਿਮਾਰ ਅਤੇ ਮਾਨਸਿਕ ਰੋਗੀਆਂ ਦੀ ਸੰਭਾਲ ਪੂਰੀ ਨਿਸ਼ਠਾ ਅਤੇ ਸੇਵਾ ਭਾਵ ਨਾਲ ਕੀਤੀ ਜਾਂਦੀ ਹੈ। ਸੰਸਥਾ ਦਾ ਹਰ ਸੇਵਾਦਾਰ ਮਰੀਜ਼ਾਂ ਦੀ ਸੇਵਾ ਨੂੰ ਮਨੁੱਖਤਾ ਦੀ ਸੇਵਾ ਅਤੇ ਵਾਹਿਗੁਰੂ ਦੀ ਭਗਤੀ ਸਮਝ ਕੇ ਨਿਭਾ ਰਿਹਾ ਹੈ। ਡਾ: ਇੰਦਰਜੀਤ ਕੌਰ ਜੀ ਨੇ ਦੱਸਿਆ ਕਿ ਪਿੰਗਲਵਾੜਾ ਵਿੱਚ ਦਾਖਲ ਹੋਣ ਵਾਲੇ ਬਹੁਤ ਸਾਰੇ ਮਰੀਜ਼ ਕਈ ਸਾਲਾਂ ਤੋਂ ਆਪਣੇ ਪਰਿਵਾਰਾਂ ਤੋਂ ਵਿਛੜੇ ਹੋਏ ਹੁੰਦੇ ਹਨ। ਸੰਸਥਾ ਵੱਲੋਂ ਉਨ੍ਹਾਂ ਦਾ ਇਲਾਜ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀ ਪਹਿਚਾਣ ਕਰਕੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਕਿਸੇ ਮਰੀਜ਼ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ ਜਾਂਦਾ ਹੈ ਤਾਂ ਇਹ ਪਿੰਗਲਵਾੜਾ ਪਰਿਵਾਰ ਲਈ ਸਭ ਤੋਂ ਵੱਡੀ ਖੁਸ਼ੀ ਦਾ ਪਲ ਹੁੰਦਾ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਭਗ 200 ਮਰੀਜ਼ਾਂ ਨੂੰ ਇਲਾਜ ਉਪਰੰਤ ਠੀਕ ਕਰਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੱਖ-ਵੱਖ ਰਾਜਾਂ ਵਿੱਚ ਮਿਲਾਇਆ ਗਿਆ ਹੈ। ਇਹ ਪਿੰਗਲਵਾੜਾ ਦੀ ਸੇਵਾ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ, ਜਿਸ ਰਾਹੀਂ ਵਿਛੁੜੇ ਪਰਿਵਾਰ ਮੁੜ ਇਕੱਠੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਵੱਲੋਂ ਦਿੱਤੀ ਗਈ ਮਨੁੱਖਤਾ ਦੀ ਸੇਵਾ ਦੀ ਪ੍ਰੇਰਣਾ ਅੱਜ ਵੀ ਸਾਨੂੰ ਸੇਵਾ ਦੇ ਰਸਤੇ ’ਤੇ ਅੱਗੇ ਵਧਣ ਲਈ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਬੇਸਹਾਰਾ ਮਨੁੱਖਤਾ ਦੀ ਸੇਵਾ ਕਰਨਾ, ਬਿਮਾਰ ਅਤੇ ਲਾਚਾਰ ਲੋਕਾਂ ਨੂੰ ਆਸਰਾ ਦੇਣਾ ਅਤੇ ਉਨ੍ਹਾਂ ਨੂੰ ਇੱਜ਼ਤ ਭਰੀ ਜ਼ਿੰਦਗੀ ਪ੍ਰਦਾਨ ਕਰਨਾ ਹੈ। ਇਸ ਮੌਕੇ ਸੰਸਥਾ ਦੇ ਪ੍ਰਸ਼ਾਸਕ ਯੋਗੇਸ਼ ਸੂਰੀ, ਗੁਲਸ਼ਨ ਰੰਜਨ (ਮੈਡੀਕਲ ਸੋਸ਼ਲ ਵਰਕਰ), ਸੁਰਜੀਤ ਕੌਰ ਅਤੇ ਹੋਰ ਸੇਵਾਦਾਰ ਵੀ ਮੌਜੂਦ ਸਨ।

 

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸਮਾਜ ਸੇਵੀ ਫੂਲਾ ਸਿੰਘ ਬਰਾੜ ਵੱਲੋਂ ਪਤਨੀ ਦੀ ਯਾਦ ਵਿੱਚ ਮੁਫ਼ਤ ਮੈਡੀਕਲ ਕੈਂਪ 
Next article” ਔਰਤ ਦੀ ਅਣਦਿਸੀ ਗੁਲਾਮੀ”