ਅੱਜ 100 ਵੇਂ ਜਨਮ ਦਿਨ ਮੌਕੇ ਮੌਸੀਕੀ ਦੇ ਪੈਗੰਬਰ ਨੂੰ ਯਾਦ ਕਰਦਿਆਂ….
ਬਲਦੇਵ ਸਿੰਘ ਬੇਦੀ
(ਸਮਾਜ ਵੀਕਲੀ) ਮੁਹੰਮਦ ਰਫੀ ਦਾ ਜਨਮ 24 ਦਸੰਬਰ 1924 ਨੂੰ ਅੰਮ੍ਰਿਤਸਰ ‘ਚ ਪੈਂਦੇ ਇੱਕ ਛੋਟੇ ਜਿਹੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਹੋਇਆ ਸੀ। ਰਫੀ ਨੂੰ ਸੰਗੀਤ ਪਰਿਵਾਰਕ ਵਿਰਾਸਤ ‘ਚ ਨਹੀਂ ਮਿਲਿਆ। ਰਫੀ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ ਪਰ ਉਸਦੇ ਪਿਤਾ ਗਾਉਣ ਦੇ ਸਖਤ ਖਿਲਾਫ ਸਨ ਕਿਉਂਕਿ ਰਫੀ ਦੇ ਪਿਤਾ ਨੂੰ ਰਫੀ ਦਾ ਗਾਇਕ ਬਣਨਾ ਬਿਲਕੁਲ ਵੀ ਪਸੰਦ ਨਹੀਂ ਸੀ। ਜਦੋਂ ਰਫ਼ੀ 15 ਸਾਲ ਦੇ ਹੋਏ ਤਾਂ ਰਫ਼ੀ ਨੇ ਆਪਣੇ ਵੱਡੇ ਭਰਾ ਦੀ ਮਦਦ ਨਾਲ ਸੰਗੀਤ ਸਿਖਿਆ ਹਾਸਿਲ ਕੀਤੀ। ਫੇਰ ਉਨ੍ਹਾਂ ਨੂੰ ਲਾਹੌਰ ਤੋਂ ਜਨਾਬ ਹਾਮਿਦ ਸਾਹਿਬ ਨੇ ਆਲ ਇੰਡੀਆ ਰੇਡੀਓ ਤੇ ਕੁੰਦਨ ਲਾਲ ਸਹਿਗਲ ਦੇ ਇਕ ਪ੍ਰੋਗਰਾਮ ਵਿੱਚ ਗਾਉਣ ਦਾ ਮੌਕਾ ਦਿੱਤਾ। ਉਸ ਸਮੇਂ ਦੇ ਮਸ਼ਹੂਰ ਸੰਗੀਤਕਾਰ ਸ਼ਿਆਮਸੁੰਦਰ ਨੇ ਰਫੀ ਦੀ ਇਸ ਪ੍ਰਤਿਭਾ ਨੂੰ ਸਮਝਿਆ ਅਤੇ ਉਹ ਰਫੀ ਦੇ ਇਹਨੇ ਦੀਵਾਨੇ ਹੋ ਗਏ ਕਿ ਉਹ ਰਫੀ ਨੂੰ ਮੁੰਬਈ ਲੈ ਆਏ ਅਤੇ ਉੱਥੇ ਰਫੀ ਨੂੰ ਪਹਿਲੀ ਵਾਰ ਪੰਜਾਬੀ ਫਿਲਮ ‘ਗੁਲਬਲੋਚ’ ‘ਚ ਗਾਉਣ ਦਾ ਮੌਕਾ ਦਿੱਤਾ। ਉਸ ਸਮੇਂ ਰਫੀ ਦੀ ਉਮਰ ਸਿਰਫ 17 ਸਾਲ ਸੀ।
ਉਦੋਂ ਹੀ ਰਫੀ ਦੀ ਗਾਇਕੀ ਦਾ ਦੌਰ ਸ਼ੁਰੂ ਹੋਇਆ ਅਤੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰਫੀ ਜੀ ਨੇ ਨੌਸ਼ਾਦ, ਸਚਿਨ ਦੇਵ ਬਰਮਨ, ਸੀ.ਰਾਮਚੰਦਰ, ਮਦਨ ਮੋਹਨ, ਓ.ਪੀ. ਨਈਅਰ, ਕਲਿਆਣਜੀ, ਆਨੰਦਜੀ, ਲਕਸ਼ਮੀਕਾਂਤ ਪਿਆਰੇਲਾਲ,ਰਵਿੰਦਰ ਜੈਨ, ਇਕਬਾਲ ਕੁਰੈਸ਼ੀ ਆਦਿ ਦੇ ਸੰਗੀਤਕਾਰਾਂ ਨਾਲ ਮਿਲ ਕੇ ਆਪਣੀ ਆਵਾਜ਼ ਦਾ ਐਸਾ ਜਾਦੂ ਬਿਖੇਰਿਆ ਜਿਸ ਨਾਲ ਪਲੇਅਬੈਕ ਗੀਤਾਂ ਨੂੰ ਇਕ ਨਵੀਂ ਪਰਿਭਾਸ਼ਾ ਮਿਲੀ।
ਅੱਜ ਵੀ ਅਗਰ ਅਸੀਂ ਰਫੀ ਦਾ ਕੋਈ ਵੀ ਗੀਤ ਸੁਣਦੇ ਹਾਂ, ਤਾਂ ਅਸੀਂ ਉਸ ਗੀਤ ਨੂੰ ਗਾਉਣ ਤੋਂ ਆਪਣਾ ਮੂੰਹ ਨਹੀਂ ਰੋਕ ਪਾਉਂਦੇ। ਗੀਤ ਭਾਵੇਂ ਸਾਦਾ ਹੀ ਹੋਵੇ ਪਰ ਰਫੀ ਦੀ ਆਵਾਜ਼ ਦਾ ਜਾਦੂ ਉਸ ਵਿਚ ਏਨਾ ਰਸ ਘੋਲਦਾ ਹੈ ਕਿ ਗੀਤ ਕਿਤੋਂ ਦਾ ਕਿਤੇ ਪਹੁੰਚ ਜਾਂਦਾ ਹੈ, ਰਫ਼ੀ ਵਰਗਾ ਗਾਇਕ ਉਮਰਾਂ ਬਾਅਦ ਹੀ ਪੈਦਾ ਹੁੰਦਾ ਹੈ। ਉਨ੍ਹਾਂ ਨੇ ਹਿੰਦੀ, ਪੰਜਾਬੀ, ਤੋਂ ਇਲਾਵਾ ਭਾਰਤ ਦੀਆਂ ਕਈ ਭਾਸ਼ਾਵਾਂ ਵਿੱਚ 26 ਹਜ਼ਾਰ ਤੋਂ ਵੱਧ ਗੀਤ ਗਾਏ।
ਮੁਹੰਮਦ ਰਫੀ ਵਰਗਾ ਦਿਆਲੂ ਇਨਸਾਨ ਵੀ ਬਹੁਤ ਘੱਟ ਹੀ ਮਿਲਦਾ ਹੈ, ਉਹਨਾਂ ਨੇ ਕਦੇ ਸੰਗੀਤਕਾਰ ਤੋਂ ਇਹ ਨਹੀਂ ਪੁੱਛਿਆ ਸੀ ਕਿ ਉਸਨੂੰ ਇੱਕ ਗੀਤ ਗਾਉਣ ਦੇ ਕਿੰਨੇ ਪੈਸੇ ਮਿਲਣਗੇ। ਉਹ ਸਿਰਫ਼ ਗੀਤ ਗਾਉਣ ਆਉਂਦੇ ਸੀ ਤੇ ਕਦੇ-ਕਦਾਈਂ ਇੱਕ ਰੁਪਏ ਵਿਚ ਵੀ ਗੀਤ ਗਾਇਆ ਹੈ। ਰਫੀ ਦੀ ਸ਼ਾਸਤਰੀ ਅਤੇ ਲੋਕ ਸੰਗੀਤ ਨਾਲ ਬਹੁਤ ਡੂੰਘੀ ਪਕੜ ਸੀ। ਰਫ਼ੀ ਨੇ ਗੀਤ ਗਜ਼ਲ ਭਜਨ,ਸ਼ਬਦ ਕੋਰਸ,ਆਦਿ ਨੂੰ ਆਪਣੀ ਮਧੁਰ ਆਵਾਜ਼ ਦਿੱਤੀ। ਫਿਲਮ ਬੈਜੂ ਬਾਵਰਾ ਦਾ ਸੰਗੀਤ ਨੌਸ਼ਾਦ ਦੁਆਰਾ ਤਿਆਰ ਕੀਤਾ ਗਿਆ ਸੀ ਅਤੇ ਰਫੀ ਨੇ ਉਸ ਵਿੱਚ ਗੀਤ ਗਾਇਆ ਸੀ “ਓ ਦੁਨੀਆਂ ਕੇ ਰਖਵਾਲੇ ਸੁਣ ਦਰਦ ਭਰੇ ਮੇਰੇ ਲਾਲੇ” ਜਿਸ ਵਿੱਚ ਆਖਰੀ ਲਾਈਨ ਦੀ ਪੱਟੀ ਨੂੰ ਬਹੁਤ ਜਿਆਦਾ ਉੱਚਾ ਚੁੱਕਣਾ ਸੀ ਅਤੇ ਰਫੀ ਨੇ ਸਫਲਤਾਪੂਰਵਕ ਇਸ ਨੂੰ ਉੱਚਾ ਕੀਤਾ ਅਤੇ ਨੌਸ਼ਾਦ ਸਾਹਿਬ ਨੇ ਉਸ ਗੀਤ ਨੂੰ ਓਕੇ ਕੀਤਾ। ਗੀਤ ਰਿਕਾਰਡ ਕਰਨ ਤੋਂ ਬਾਅਦ ਰਫੀ ਨੂੰ ਬਹੁਤ ਪਸੀਨਾ ਆਇਆ ਹੋਇਆ ਸੀ ਜਿਸ ਨੂੰ ਵੇਖ ਨੌਸ਼ਾਦ ਬੋਲੇ , ਰਫੀ ਮੈਂ ਜੋ ਚਾਹੁੰਦਾ ਸੀ ਅੱਜ ਤੁਸੀਂ ਉਹ ਕਰ ਵਿਖਾਇਆ ਹੈ। ਉਹ ਗੀਤ ਅੱਜ ਵੀ ਬਹੁਤ ਹਿੱਟ ਹੈ। ਇਸ ਤਰ੍ਹਾਂ ਰਫੀ ਦੇ ਕਈ ਗੀਤ ਹਿੱਟ ਹੋਏ ਜੋ ਅੱਜ ਵੀ ਓਨੇ ਹੀ ਹਿੱਟ ਹਨ। ਫਿਲਮ ‘ਨੀਲਕਮਲ’ ਦਾ ਗੀਤ ‘ਬਾਬੁਲ ਕੀ ਦੁਆਏ ਲੇਤੀ ਜਾ’ ਦੀ ਰਿਕਾਰਡਿੰਗ ਸਮੇਂ ਰਫੀ ਦੀਆਂ ਅੱਖਾਂ ‘ਚ ਹੰਝੂ ਆ ਗਏ ਸਨ ਉਹ ਬਾਰ ਬਾਰ ਇਸ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕਰਦੇ ਪਰ ਰੋ ਪੈਂਦੇ ਅਤੇ ਇਸ ਦਾ ਕਾਰਨ ਇਹ ਸੀ ਕਿ ਗੀਤ ਗਾਉਣ ਤੋਂ ਇਕ ਦਿਨ ਪਹਿਲਾਂ ਹੀ ਰਫ਼ੀ ਦੀ ਬੇਟੀ ਦੀ ਮੰਗਣੀ ਹੋਈ ਸੀ, ਜਿਸ ਕਾਰਨ ਉਹ ਬਹੁਤ ਭਾਵੁਕ ਸਨ ਫਿਰ ਵੀ ਰਫੀ ਸਾਬ ਨੇ ਇਹ ਗੀਤ ਗਾਇਆ ਅਤੇ ਇਸ ਗੀਤ ਲਈ ਉਹਨਾਂ ਨੂੰ ‘ਰਾਸ਼ਟਰੀ ਪੁਰਸਕਾਰ’ ਵੀ ਮਿਲਿਆ। 1967 ਵਿੱਚ ਪਦਮ ਸ਼੍ਰੀ ਪੁਰਸਕਾਰ ਤੋਂ ਇਲਾਵਾ ਉਨ੍ਹਾਂ ਨੂੰ ਕਈ ਰਾਸ਼ਟਰੀ ਪੁਰਸਕਾਰ ਵੀ ਮਿਲੇ।
ਸੰਗੀਤ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਅਤੇ ਸਾਡੇ ਪੰਜਾਬ ਦੀ ਸ਼ਾਨ, ਮਹੁੰਮਦ ਰਫ਼ੀ 31 ਜੁਲਾਈ 1980 ਨੂੰ ਆਖਰੀ ਸਾਹ ਲੈਕੇ ਆਪਣੇ ਵਲੋਂ ਗਾਏ ਗੀਤਾਂ ਦੀ ਵਿਰਾਸਤ ਸਾਡੇ ਲਈ ਛੱਡ ਗਏ। ਜਿਨ੍ਹਾਂ ਦਾ ਅਸੀਂ ਅੱਜ ਵੀ ਆਨੰਦ ਮਾਣ ਰਹੇ ਹਾਂ। ਰਫ਼ੀ ਨੇ 40 ਸਾਲਾਂ ਤੱਕ ਗੀਤ ਗਾਏ। ਰਫ਼ੀ ਦੀ ਆਵਾਜ਼ ਰੂਹ ਬਣ ਕੇ ਦੇਸ਼-ਵਿਦੇਸ਼ ਦੇ ਲੋਕਾਂ ਦੇ ਕੰਨਾਂ ‘ਚ ਸੰਗੀਤ ਦਾ ਰਸ ਘੋਲ ਰਹੀ ਹੈ।
ਬਲਦੇਵ ਸਿੰਘ ਬੇਦੀ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly