(ਸਮਾਜ ਵੀਕਲੀ) ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਤੋੜ ਕੇ ਪੰਜਾਬ ਦੇ ਲੋਕਾਂ ਨੂੰ ਇੱਕਜੁੱਟ ਹੋਣ ਦਾ ਮੌਕਾ ਦਿੱਤਾ। ਜਿਸ ਤਰ੍ਹਾਂ ਪੰਜਾਬ ਦੀਆਂ ਅਗਾਂਹਵਧੂ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਧੌਣ ਵਿਚੋਂ ਕੀਲਾ ਕੱਢ ਦਿੱਤਾ। ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਚਾਲੀ ਥਾਵਾਂ ਉਪਰ ਬੈਰੀਕੇਟ ਲਗਾ ਕੇ ਨਾਕਾਬੰਦੀ ਕੀਤੀ। ਉਹਨਾਂ ਦੀਆਂ ਇਨ੍ਹਾਂ ਰੋਕਾਂ ਨੂੰ ਲੋਕਾਂ ਦੇ ਹੜ੍ਹ ਨੇ ਵਗਾਹ ਮਾਰਿਆ। ਇਸ ਧਰਨੇ ਵਿੱਚ ਸਿਆਸੀ ਪਾਰਟੀਆਂ ਦਾ ਵੀ ਚਿਹਰਾ ਨੰਗਾ ਹੋ ਗਿਆ। ਭਾਵੇਂ ਕੁੱਝ ਆਗੂ ਆਪਣੇ ਆਪ ਉਥੇ ਪੁੱਜੇ ਪਰ ਸਿਆਸੀ ਪਾਰਟੀਆਂ ਦੇ ਆਗੂ ਇਸ ਧਰਨੇ ਤੋਂ ਦੂਰ ਹੀ ਰਹੇ। ਉਧਰ ਪੰਜਾਬ ਦੇ ਲੋਕਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਜਾ ਕੇ ਇਹ ਦੱਸ ਦਿੱਤਾ ਹੈ ਕਿ ਉਹ ਧੱਕੇ ਨਾਲ ਦੱਬਦੇ ਨਹੀਂ। ਇਸ ਧਰਨੇ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਨੌਜਵਾਨਾਂ ਨੇ ਹੀ ਆਪਣਾ ਭਵਿੱਖ ਖੁਦ ਬਚਾਉਣਾ ਹੈ, ਉਹਨਾਂ ਨੂੰ ਕਿਸੇ ਸਿਆਸੀ ਪਾਰਟੀ ਦੇ ਆਗੂਆਂ ਨੇ ਨਹੀਂ ਬਚਾਉਣਾ। ਹੁਣ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਇੱਕਜੁੱਟ ਰਹਿਣ ਦੀ ਲੋੜ ਹੈ। ਕਿਉਂਕਿ ਹੁਣ ਸਿਰ ਜੋੜੇ ਬਗ਼ੈਰ ਇਸ ਅੰਨ੍ਹੀ ਬੋਲੀ ਤੇ ਗੂੰਗੀ ਸਰਕਾਰ ਨੂੰ ਹਰਾਇਆ ਨਹੀਂ ਜਾ ਸਕਦਾ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਮਾਮਲੇ ਵਿੱਚ ਨੰਗੀ ਹੋ ਗਈ ਹੈ। ਭਾਵੇਂ ਉਹਨਾਂ ਦੇ ਵਿੱਤ ਮੰਤਰੀ ਨੇ ਪੋਸਟਰ ਪਾ ਕੇ ਵਿਦਿਆਰਥੀਆਂ ਦੇ ਧਰਨੇ ਦੀ ਹਮਾਇਤ ਕੀਤੀ। ਦੂਜੇ ਪਾਸੇ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਪੰਜਾਬ ਪੁਲਿਸ ਨੂੰ ਭੇਜਿਆ। ਜਿਹਨਾਂ ਨੇ ਵਿਦਿਆਰਥੀਆਂ ਉਪਰ ਲਾਠੀਚਾਰਜ ਕੀਤਾ। ਇਸੇ ਤਰ੍ਹਾਂ ਹਰਿਆਣਾ ਦੀ ਪੁਲਿਸ ਨੇ ਮੁਹਾਲੀ ਨਾਕਾਬੰਦੀ ਕਰਕੇ ਕਿਸਾਨਾਂ ਨੂੰ ਰੋਕਿਆ। ਜਦੋਂ ਪੁਲਿਸ ਅਧਿਕਾਰੀ ਨੂੰ ਪੁੱਛਿਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ, ਇਸ ਤੋਂ ਇਸ ਗੱਲ ਸਪੱਸ਼ਟ ਹੋ ਗਈ ਹੈ ਕਿ ਪੰਜਾਬ ਵਿੱਚ ਕੇਂਦਰ ਸਰਕਾਰ ਦਾ ਰਾਜ ਹੈ। ਇਸ ਨੂੰ ਠੱਲ੍ਹ ਪਾਉਣ ਲਈ ਲੋਕਾਂ ਦੀ ਏਕਤਾ ਜ਼ਰੂਰੀ ਹੈ। ਹੁਣ ਪੰਜਾਬ ਦੇ ਲੋਕਾਂ ਨੂੰ ਆਪਣੀ ਹੋਂਦ ਬਚਾਉਣ ਲਈ ਘਰਾਂ ਵਿੱਚੋਂ ਬਾਹਰ ਨਿਕਲਣ ਦੀ ਲੋੜ ਹੈ। ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਲੋਕਾਂ ਦਾ ਆਪ ਮੁਹਾਰੇ ਇਕੱਠ ਹੋਇਆ ਤੇ ਸਾਡੇ ਨੌਜਵਾਨ ਧੀਆਂ ਤੇ ਪੁੱਤਾਂ ਇਸ ਮੋਰਚੇ ਦੀ ਅਗਵਾਈ ਕੀਤੀ ਤੇ ਸਮੇਂ ਦੇ ਹਾਕਮਾਂ ਨੂੰ ਖਰੀਆਂ ਖਰੀਆਂ ਸੁਣਾਈਆਂ। ਇਸ ਤੋਂ ਹੁਣ ਇਹ ਭਰੋਸਾ ਹੁੰਦਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਉਂਦੀ ਤੇ ਜਾਗਦੀ ਜ਼ਮੀਰ ਵਾਲ਼ੀ ਹੈ। ਇਹਨਾਂ ਨੌਜਵਾਨਾਂ ਨੇ ਉਹਨਾਂ ਦੋਸ਼ਾਂ ਨੂੰ ਨਕਾਰਦਿਆਂ ਆਪਣੀਆਂ ਭਾਵਨਾਵਾਂ ਨੂੰ ਸਹੀ ਤਰੀਕੇ ਨਾਲ ਜ਼ਿੰਮੇਵਾਰ ਵਜੋਂ ਵਰਤਿਆ। ਹੁਣ ਸਾਨੂੰ ਇਹ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਕਿਉਂਕਿ ਪਿਛਲੇ ਸਮਿਆਂ ਵਿੱਚ ਏਕਤਾ ਨਾ ਹੋਣ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ। ਹੁਣ ਇਸ ਲਹਿਰ ਨੂੰ ਅੱਗੇ ਤੋਰਨ ਲਈ ਨੌਜਵਾਨ ਵਰਗ ਅਗਵਾਈ ਕਰਨੀ ਚਾਹੀਦੀ ਹੈ। ਤਾਂ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਸਿਆਸੀ ਪਾਰਟੀਆਂ ਦਾ ਦੋਗਲਾਪਣ ਤੁਸੀਂ ਵੇਖ ਲਿਆ ਹੈ। ਇਸੇ ਕਰਕੇ ਕਿਹਾ ਹੈ ਕਿ ਕੁੱਬੇ ਦੇ ਵੱਜੀ ਲੱਤ, ਉਹਦਾ ਕੁੱਬ ਨਿਕਲ ਗਿਆ। ਹੁਣ ਕਿਤੇ ਦੁਬਾਰਾ ਕੁੱਬ ਨਾ ਪੈ ਜਾਵੇ, ਇਸ ਲਈ ਜਾਗਦੇ ਰਹਿਣ ਦੀ ਲੋੜ ਹੈ।
—–
ਬੁੱਧ ਸਿੰਘ ਨੀਲੋਂ
9464370823



