(ਸਮਾਜ ਵੀਕਲੀ) ਨਵੰਬਰ 2025 ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਵਜੋਂ ਮਨਾਇਆ ਜਾ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਬਠਿੰਡਾ ਦੀ ਧਰਤੀ ਨੂੰ ਤਿੰਨ ਦਿਨ ਦਿਨਾਂ ਵਿੱਚ ਤਿੰਨ ਨਾਟਕ ਪੇਸ਼ ਕਰਨ ਦਾ ਮੌਕਾ ਮਿਲਿਆ ਹੈ। ਬਠਿੰਡਾ ਨੂੰ ਨਾਟਕ ਹੀ ਮਿਲਣੇ ਚਾਹੀਦੇ ਸਨ ਕਿਉਂਕਿ ਬਠਿੰਡਾ ਕੋਲ੍ਹ ਬਲਵੰਤ ਗਾਰਗੀ ਐਡੀਟੋਰੀਅਮ ਜੋ ਹੈ ਤੇ ਉਸ ਤੋਂ ਵੱਡੀ ਗੱਲ ਬਠਿੰਡਾ ਕੋਲ੍ਹ ਕੀਰਤੀ ਕ੍ਰਿਪਾਲ ਵੀ ਹੈ। ਕੀਰਤੀ ਕ੍ਰਿਪਾਲ ਯਾਨੀ ਨਾਟਕਾਂ ਦਾ ਬਾਦਸ਼ਾਹ, ਡਾਇਰੈਕਟਰ, ਐਕਟਰ ਦੇ ਨਾਲ ਨਾਲ ਖੁਦ ਜਿਲ੍ਹਾ ਭਾਸ਼ਾ ਅਫਸਰ। ਇਹ ਕਾਬਲੀਅਤ ਸ਼ਾਇਦ ਕਿਸੇ ਹੋਰ ਜਿਲ੍ਹੇ ਕੋਲ੍ਹ ਨਹੀਂ ਹੋਵੇਗੀ। ਬਲਵੰਤ ਗਾਰਗੀ ਦੀ ਲੀਹ ਅਤੇ ਟੋਨੀ ਬਾਤਿਸ਼ ਦੇ ਰਾਹ ਤੇ ਚੱਲਦਾ ਹੋਇਆ ਕੀਰਤੀ ਕ੍ਰਿਪਾਲ ਉਸੇ ਲੀਹ ਨੂੰ ਸੌ ਫੁੱਟੀ ਸੜਕ ਵਿੱਚ ਬਦਲ ਰਿਹਾ ਹੈ। ਇਸੇ ਲਈ ਤਾਂ ਅੱਜ ‘ਸੱਤ ਦਰਿਆਂਵਾਂ ਦੇ ਜਾਏ’ ਨਾਮ ਦੇ ਪਹਿਲੇ ਨਾਟਕ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ਼੍ਰੀ ਜਸਵੰਤ ਸਿੰਘ ਜ਼ਫ਼ਰ ਨੇ ਖੁਦ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਬਠਿੰਡਾ ਵਾਸੀਆਂ ਦਾ ਮਾਣ ਵਧਾਇਆ। ਇਹ ਨਾਟਕ ਵੰਨ ਮੈਨ ਸ਼ੋਅ ਸੀ ਜਿਸ ਦਾ ਹੀਰੋ ਕੀਰਤੀ ਕ੍ਰਿਪਾਲ ਹੀ ਸੀ ਅਤੇ ਨਾਟਿਅਮ ਦੀ ਪੂਰੀ ਟੀਮ ਬਾਹਰੋਂ ਸਹਿਯੋਗ ਦੇ ਰਹੀ ਸੀ। ਸਾਹਿਤਕਾਰਾਂ, ਨਾਟਕ ਪ੍ਰੇਮੀਆਂ ਤੋਂ ਇਲਾਵਾ ਆਮ ਲੋਕਾਂ ਨੂੰ ਨਾਟਕ ਵੇਖਣ ਦਾ ਚਸਕਾ ਲੱਗ ਗਿਆ ਹੈ। ਨਹੀਂ ਐਵੇਂ ਣੀ ਕੋਈ ਬਠਿੰਡਾ ਦੇ ਦੂਜੇ ਕਿਨਾਰੇ ਤੇ ਰਾਤ ਨੂੰ ਜਾਂਦਾ। ਕਾਰਾਂ ਵਾਲੇ ਹੀ ਨਹੀਂ ਲੋਕ ਆਪਣੀਆਂ ਸਕੂਟੀਆਂ ਤੇ ਵੀ ਆਪਣੇ ਟੱਬਰ ਟੀਰ ਲੱਦਕੇ ਨਾਟਕ ਵਿਖਾਉਣ ਲਈ ਲਿਆਉਂਦੇ ਹਨ। ਪ੍ਰਚਾਰ ਦੇ ਸੀਮਤ ਸਾਧਨਾਂ(ਸਿਰਫ ਮੋਬਾਇਲ ਦੇ ਸੰਦੇਸ਼ ਭੇਜਕੇ) ਐਡਾ ਵੱਡਾ ਹਾਲ ਫੁੱਲ ਕਰ ਲੈਣਾ ਇਹ ਸ਼੍ਰੀ ਕੀਰਤੀ ਕ੍ਰਿਪਾਲ ਦੀ ਹਿੰਮਤ ਹੈ। ਭਾਸ਼ਾ ਵਿਭਾਗ ਦੇ ਇਸ ਸਮਾਗਮ ਵਿੱਚ ਬਠਿੰਡਾ ਦੇ ਸਾਹਿਤਕਾਰਾਂ ਨੇ ਉਚੇਚੀ ਹਾਜ਼ਰੀ ਲਗਵਾਈ ਜਿਸ ਵਿੱਚ ਜਸਪਾਲ ਮਾਨਖੇੜਾ, ਅਮਰਜੀਤ ਪੈਂਟਰ, ਸੁਖਦਰਸ਼ਨ ਗਰਗ, ਸੁਰਿੰਦਰਪ੍ਰੀਤ ਘਣੀਆ, ਪੱਤਰਕਾਰ ਗੁਰਪ੍ਰੇਮ ਲਹਿਰੀ, ਕੁਲਵੰਤ ਬੀਰਾ ਅਤੇ ਹੋਰ ਮੇਰੇ ਵਰਗੇ ਸਮੇਤ ਪਰਿਵਾਰ ਹਾਜ਼ਰ ਸਨ। ਅੱਜ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਮੈਡਮ ਕੀਰਤੀ ਕ੍ਰਿਪਾਲ ਦੇ ਦਰਸ਼ਨ ਹੋਏ। ਉਹ ਪੂਰੀ ਮੁਸਤੈਦੀ ਨਾਲ ਮਹਿਮਾਨਾਂ ਦਾ ਸਵਾਗਤ ਕਰ ਰਹੇ ਸਨ। ਆਪਣੀ ਸਰੀਰਕ ਬਿਮਾਰੀ ਤੋਂ ਬੇਪਰਵਾਹ ਤੰਦਰੁਸਤ ਨਜ਼ਰ ਆਉਂਦੇ ਮੈਡਮ ਨੂੰ ਵੇਖਕੇ ਬਹੁਤ ਖੁਸ਼ੀ ਹੋਈ। ਜੇ ਨਾਟਕ ਦੀ ਗੱਲ ਕਰੀਏ ਤਾਂ ਇਹ ਪੰਜਾਬ ਦੇ ਜਨਮ ਦੀ ਹੀ ਨਹੀਂ ਉਸ ਤੋਂ ਵੀ ਸਦੀਆਂ ਪਹਿਲਾਂ ਦੀ ਕਹਾਣੀ ਹੈ। ਜਿੱਥੇ ਨਾਟਕਕਾਰ ਵਿਸ਼ਵ ਜੇਤੂ ਸਿਕੰਦਰ ਦੀ ਗੱਲ ਕਰਦਾ ਹੈ। ਮੁਗਲ ਸ਼ਾਸ਼ਕਾਂ ਦੇ ਜ਼ੁਲਮ ਦੀ ਗੱਲ ਕਰਦਾ ਹੋਇਆ ਪੂਰੀ ਸਿੱਖ ਹਿਸਟਰੀ ਦੀ ਗੱਲ ਕਰਦਾ ਹੈ। ਬਾਬੇ ਨਾਨਕ ਦੇ ਫਲਸਫੇ ਬਾਬੇ ਨਾਨਕ ਦੀ ਬਾਣੀ ਬਾਬੇ ਨਾਨਕ ਦੀਆਂ ਜੋਤਾਂ ਅਤੇ ਸੰਸਾਰ ਪ੍ਰਸਿੱਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਤ ਪਾਉਂਦਾ ਹੈ। ਗੁਲਾਮੀ ਤੋਂ ਆਜ਼ਾਦੀ ਵੱਲ ਵਧਾਏ ਕਦਮ ਕੁਰਬਾਨੀਆਂ ਅਤੇ ਚੁਕਾਈਆਂ ਕੀਮਤਾਂ ਦੀ ਗੱਲ ਕਰਦਾ ਹੈ। ਪੰਜਾਬੀਆਂ ਦੀ ਵਿਦੇਸ਼ੀ ਹਿਜ਼ਰਤ ਨੂੰ ਉਹ ਬਾਬੇ ਨਾਨਕ ਦੇ ਉੱਜੜ ਜਾਓ ਦੇ ਵਰਦਾਨ ਅਨੁਸਾਰ ਕਿਰਤ ਕਰੋ ਅਤੇ ਵੰਡ ਛਕੋ ਦੇ ਸਿਧਾਂਤ ਨਾਲ ਜੋੜਦਾ ਹੈ। ਸਟੇਜ ਸਕੱਤਰ ਸੰਦੀਪ ਗਿੱਲ ਦਾ ਰੋਲ ਵੀ ਇਸ ਸਫਲ ਨਾਟਕ ਦਾ ਹਿੱਸਾ ਸੀ। ਸਭ ਤੋਂ ਵੱਧ ਵਧਾਈ ਦੇ ਪਾਤਰ ਹਨ ਬਠਿੰਡਾ ਦੇ ਦਰਸ਼ਕ ਹਨ ਜਿੰਨਾ ਨੇ ਬਿਨਾਂ ਕਹੇ ਹੀ ਤਾੜੀਆਂ ਵਜਾਕੇ ਨਾਟਕ ਦੀ ਸਫਲਤਾ ਨੂੰ ਗਰਨਾਦਿਆ ਅਤੇ ਆਪਣੇ ਸੰਜੀਦਾ ਦਰਸ਼ਕ ਹੋਣ ਦਾ ਸਬੁਤ ਦਿੱਤਾ।ਰਮੇਸ਼ ਸੇਠੀ ਬਾਦਲ
9876627233
#114ਸ਼ੀਸ਼ਮਹਿਲਬਠਿੰਡਾ



