ਪਿੰਡ ਮੰਡੀ ਵਿਖੇ ਘਰ ਨੂੰ ਲੱਗੀ ਅੱਗ, 55 ਸਾਲ ਦਾ ਬਿਮਾਰ ਵਿਅਕਤੀ ਜਿੰਦਾ ਸੜ ਕੇ ਰਾਖ

*ਮਿ੍ਤਕ ਦੇ ਸਰੀਰ ਨੂੰ  ਘਰ ਦੀ ਛੱਤ ਪਾੜ ਕੇ ਕੱਢਿਆ ਬਾਹਰ*ਘਰ ਦਾ ਸਾਰਾ ਸਮਾਨ ਵੀ ਸੜ ਕੇ ਹੋਇਆ ਸੁਆਹ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਸਵੇਰੇ ਕਰੀਬੀ ਪਿੰਡ ਮੰਡੀ ਵਿਖੇ ਸੰਘਣੀ ਅਬਾਦ ‘ਚ ਸਥਿਤ ਇੱਕ ਘਰ ਨੂੰ  ਅਚਾਨਕ ਅੱਗ ਲੱਗ ਗਈ, ਜਿਸ ਕਾਰਣ ਘਰ ‘ਚ ਸੌ ਰਿਹਾ ਘਰ ਦਾ ਮਾਲਕ  55 ਸਾਲ ਦਾ ਬਿਮਾਰ ਵਿਅਕਤੀ ਜਿੰਦਾ ਸੜ ਕੇ ਸੁਆਹ ਹੋ ਗਿਆ | ਪਿੰਡ ਵਾਸੀਆਂ ਨੇ ਪੰਚਾਇਤ ਮੈਂਬਰਾਂ ਨੇ ਇਕੱਤਰ ਹੋ ਕੇ ਘਰ ਦੀ ਛੱਤ ਪਾੜ ਕੇ ਮਿ੍ਤਕ ਦੇ ਸਰੀਰ ਨੂੰ  ਬਾਹਰ ਕੱਢਿਆ |
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਗੁਰਦਾਵਰ ਰਾਮ (55) ਪੁੱਤਰ ਭਗਤ ਰਾਮ ਵਾਸੀ ਪਿੰਡ ਮੰਡੀ ਪਹਿਲਾਂ ਚੰਨੀਆਂ ਰੰਗਣ ਦਾ ਕੰਮ ਕਰਦਾ ਸੀ | ਗੁਰਦਾਵਰ ਰਾਮ ਪਿਛਲੇ ਕੁਝ ਸਮੇਂ ਤੋਂ ਬਿਮਾਰ ਰਹਿੰਦਾ ਸੀ ਤੇ ਉਸਦੇ ਇੱਕ ਪੈਰ ‘ਤੇ ਸੱਟ ਵੀ ਲੱਗੀ ਹੋਈ ਸੀ ਗੁਰਦਾਵਰ ਰਾਮ ਦੇ ਦੋ ਲੜਕੇ ਤੇ ਇੱਕ ਲੜਕੀ ਸੀ | ਗੁਰਦਾਵਰ ਰਾਮ ਦੀ ਲੜਕੀ ਉਸਦੇ ਸਹੁਰੇ ਪਰਿਵਾਰ ‘ਚ ਰਹਿੰਦੀ ਸੀ ਤੇ ਉਨਾਂ ਨੇ ਹੀ ਉਸਦਾ ਵਿਆਹ ਕੀਤਾ ਸੀ | ਗੁਰਦਾਵਰ ਰਾਮ ਦਾ ਇੱਕ ਲੜਕਾ ਰੋਜ਼ੀ ਰੋਟੀ ਲਈ ਵਿਦੇਸ਼ ਦੁਬਈ ਗਿਆ ਹੋਇਆ ਸੀ | ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਕੱਲ ਹੀ ਗੁਰਦਾਵਰ ਰਾਮ ਦੀ ਪਤਨੀ ਤੇ ਦੂਸਰਾ ਲੜਕਾ ਗੁਰਦਾਵਰ ਰਾਮ ਦੇ ਸਹੁਰੇ ਪਰਿਵਾਰ ਮੋਗਾ ਵਿਖੇ ਕਿਸੇ ਕੰਮ ਗਏ ਹੋਏ ਸਨ | ਜਦੋਂ ਅੱਗ ਲੱਗੀ ਤਾਂ ਗੁਰਦਾਵਰ ਰਾਮ ਘਰ ‘ਚ ਇਕੱਲਾ ਹੀ ਸੀ | ਮੌਕੇ ‘ਤੇ ਇਕੱਤਰ ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾਂ ਨੇ ਅੱਗੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਨਾਂ ਨੇ ਗੁਰਦਾਵਰ ਰਾਮ ਦੇ ਘਰ ‘ਚ ਧੂੰਆਂ ਨਿਕਲਦਾ ਦੇਖਿਆ ਤਾਂ ਉਨਾਂ ਨੇ ਗੁਰਦਾਵਰ ਰਾਮ ਦਾ ਦਰਵਾਜਾ ਵਾਰ-ਵਾਰ ਖੜਕਾਇਆ | ਗੁਰਦਾਵਰ ਰਾਮ ਵਲੋਂ ਦਰਵਾਜਾ ਨਾ ਖੋਲਣ ‘ਤੇ ਪਿੰਡ ਵਾਸੀਆਂ ਨੇ ਪੌੜੀ ਲਗਾ ਕੇ ਘਰ ਦੀ ਛੱਤ ‘ਤੇ ਦਾਖਲ ਹੋ ਕੇ ਜਦੋਂ ਘਰ ਦੀ ਛੱਤ ਪੱਟੀ ਤਾਂ ਅੰਦਰ ਗੁਰਦਾਵਰ ਰਾਮ ਦੇ ਸਰੀਰ ਸਮੇਤ ਸਾਰਾ ਘਰ ਜਲ ਚੁੱਕਿਆ ਸੀ | ਉਸਦੇ ਮਿ੍ਤਕ ਸਰੀਰ ਨੂੰ  ਘਰ ਦੀ ਛੱਤ ਰਾਹੀ ਬਾਹਰ ਲਿਆਂਦਾ ਗਿਆ, ਜੋ ਕਿ ਲਗਭਗ 100 ਪ੍ਰਤੀਸ਼ਤ ਜਲ ਚੁੱਕਿਆ ਸੀ | ਘਟਨਾ ਦੀ ਸੂਚਨਾ ਮਿਲਦਿਆਂ ਹੀ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਏ ਤੇ ਮਿ੍ਤਕ ਸਰੀਰ ਨੂੰ  ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ | ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਅਨੁਮਾਨ ਹੈ ਕਿ ਘਰ ਨੂੰ  ਅੱਗ ਸ਼ਾਰਟ ਸਰਕਟ ਕਾਰਣ ਅੱਗ ਲੱਗੀ ਹੈ, ਜਿਸ ਕਾਰਣ ਕੱਪੜਿਆਂ ਨੂੰ  ਅੱਗ ਲੱਗ ਗਈ ਤੇ ਇਹ ਹਾਦਸਾ ਵਾਪਰ ਗਿਆ | ਇਸ ਮੌਕੇ ਇਕਤੱਰ ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਗੁਰਦਾਵਰ ਰਾਮ ਦਾ ਪਰਿਵਾਰ ਬਹੁਤ ਹੀ ਗਰੀਬ ਤੇ ਜਰੂਰਤਮੰਦ ਹੈ | ਇਸ ਲਈ ਉਨਾਂ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਗੁਰਦਾਵਰ ਰਾਮ ਦੇ ਪਰਿਵਾਰ ਨੂੰ  ਮੁਆਵਜ਼ਾ ਦਿੱਤਾ ਜਾਵੇ |

Previous articleਸਮਾਜ ਸੇਵਕ ਅਮਰੀਕ ਸਿੰਘ ਜੱਜਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
Next articleਜੇ ਤੇਰੀ ਕ੍ਰਿਪਾ ਹੋਈ