ਸਿਆਸੀ ਆਗੂਆਂ ਦੇ ਵਿਰੋਧ ਕਾਰਨ ਪੁਲੀਸ ਦੀ ਸਿਰਦਰਦੀ ਵਧੀ

ਮਾਨਸਾ (ਸਮਾਜ ਵੀਕਲੀ):  ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਉਠੀ ਨਵੀਂ ਲਹਿਰ ਕਾਰਨ ਸਿਆਸੀ ਧਿਰਾਂ ਦੇ ਵੱਡੇ-ਵੱਡੇ ਆਗੂਆਂ ਦੇ ਹੋ ਰਹੇ ਵਿਰੋਧ ਨੇ ਪੰਜਾਬ ਪੁਲੀਸ ਲਈ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਹੁਣ ਪੁਲੀਸ ਦੀਆਂ ਵੱਡੀਆਂ ਧਾੜਾਂ ਆਸਰੇ ਵਿਧਾਇਕ ਅਤੇ ਵਜ਼ੀਰ ਪਿੰਡਾਂ ਵਿੱਚ ਦਾਖ਼ਲ ਹੋਣ ਵੇਲੇ ਕਿਸਾਨੀ ਰੋਹ ਦਾ ਸਾਹਮਣਾ ਕਰਨ ਲੱਗੇ ਹਨ। ਭਾਵੇਂ ਕਿ ਸੰਯੁਕਤ ਕਿਸਾਨ ਮੋਰਚੇ ਸਮੇਤ ਹੋਰ ਕਿਸੇ ਕਿਸਾਨ ਜਥੇਬੰਦੀ ਦਾ ਭਾਜਪਾ ਤੋਂ ਇਲਾਵਾ ਕਿਸੇ ਵੀ ਦੂਜੀ ਸਿਆਸੀ ਧਿਰ ਦਾ ਅਜੇ ਤੱਕ ਵਿਰੋਧ ਨਹੀਂ ਉਲੀਕਿਆ ਗਿਆ, ਪਰ ਇਸ ਦੇ ਬਾਵਜੂਦ ਪਿੰਡਾਂ ਵਿੱਚ ਸਿਆਸੀ ਨੇਤਾਵਾਂ ਦੇ ਦਾਖ਼ਲੇ ਵਾਲੇ ਲੱਗੇ ਫਲੈਕਸਾਂ ਨੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਨੀਂਦ ਉਡਾ ਦਿੱਤੀ।

ਪਿੰਡਾਂ ’ਚੋਂ ਮਿਲੇ ਵੇਰਵਿਆਂ ਮੁਤਾਬਕ ਲੋਕਾਂ ਵਿੱਚ ਸਿਆਸੀ ਆਗੂਆਂ ਦੀ ਵਾਅਦਾਖਿਲਾਫ਼ੀ ਵਿਰੁੱਧ ਰੋਹ ਖੜ੍ਹਾ ਹੋਣ ਲੱਗਾ ਹੈ, ਜਿਸ ਦੀ ਅਗਵਾਈ ਪਿੰਡ ਦੇ ਕੁਝ ਕੁ ਨੌਜਵਾਨ ਕਰਦੇ ਹਨ। ਹਾਲਾਂਕਿ ਪਿੰਡਾਂ ਵਿਚਲੀਆਂ ਕਿਸਾਨ ਜਥੇਬੰਦੀਆਂ ਦੀਆਂ ਇਕਾਈਆਂ ਦਾ ਸਿੱਧੇ ਤੌਰ ’ਤੇ ਇਸ ਵਿਰੋਧ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।  ਇਸ ਸਬੰਧੀ ਕਿਸਾਨ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਭਾਜਪਾ ਆਗੂਆਂ ਦੇ ਘਿਰਾਓ ਦਾ ਫ਼ੈਸਲਾ ਕੀਤਾ ਹੋਇਆ ਹੈ, ਜੋ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਤੋਂ ਇਲਾਵਾ ਕਿਸੇ ਹੋਰ ਪਾਰਟੀ ਜਾਂ ਸਿਆਸੀ ਆਗੂਆਂ ਦੇ ਘਿਰਾਓ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਮਾਨਸਾ ਹਲਕੇ ਦੇ ਪਿੰਡ ਬੁਰਜ ਰਾਠੀ ਅਤੇ ਬੁਢਲਾਡਾ ਹਲਕੇ ਦੇ ਪਿੰਡਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਵਿਰੋਧ ਕੀਤਾ ਗਿਆ ਸੀ।  ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਿਕ ਭਾਜਪਾ ਆਗੂਆਂ ਨੂੰ ਪਿੰਡਾਂ-ਸ਼ਹਿਰਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ, ਪਰ ਦੂਜੀਆਂ ਸਿਆਸੀ ਧਿਰਾਂ ਦੇ ਵਿਰੋਧ ਪਿੱਛੇ ਕੁਝ ਸ਼ਰਾਰਤੀ ਵਿਅਕਤੀਆਂ ਦਾ ਹੱਥ ਹੋ ਸਕਦਾ ਹੈ।  ਜਿਨ੍ਹਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ।  ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਪੁਲੀਸ ਅਮਨ-ਕਾਨੂੰਨ ਕਾਇਮ ਰੱਖਣ ਲਈ ਹਰ ਤਰ੍ਹਾਂ ਵਚਨਬੱਧ ਹੈ, ਜੋ ਕਿਸੇ ਨੂੰ ਆਪਣੇ ਹੱਥਾਂ ਵਿੱਚ ਕਾਨੂੰਨ ਨਹੀਂ ਲੈਣ ਦੇ ਰਹੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਨੂੰ ਖਾਨਾਜੰਗੀ ਵੱਲ ਧੱਕਿਆ ਜਾ ਰਿਹੈ: ਜਥੇਦਾਰ ਹਰਪ੍ਰੀਤ ਸਿੰਘ
Next articleਕਾਬੁਲ ਤੋਂ ਉੱਡੇ ਅਮਰੀਕੀ ਹਵਾਈ ਜਹਾਜ਼ ਨੇ ਰਿਕਾਰਡ ਸਿਰਜਿਆ