ਪੰਜਾਬ ਨੂੰ ਖਾਨਾਜੰਗੀ ਵੱਲ ਧੱਕਿਆ ਜਾ ਰਿਹੈ: ਜਥੇਦਾਰ ਹਰਪ੍ਰੀਤ ਸਿੰਘ

ਸੰਗਰੂਰ/ਲੌਂਗੋਵਾਲ (ਸਮਾਜ ਵੀਕਲੀ):  ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 36ਵੀਂ ਬਰਸੀ ਮੌਕੇ ਗੁਰਦੁਆਰਾ ਕੈਂਬੋਵਾਲ ਸਾਹਿਬ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਹਾਜ਼ਰ ਸਨ। ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਕਿਹਾ ਕਿ ਪੰਜਾਬ ਨੂੰ ਖਾਨਾਜੰਗੀ ਵਾਲੇ ਪਾਸੇ ਧੱਕਿਆ ਜਾ ਰਿਹਾ ਹੈ। ਪੰਜਾਬ ਵਿਚ ਗਵਰਨਰੀ ਰਾਜ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ। ਕੇਂਦਰ ਵੱਲੋਂ ਕਿਸਾਨਾਂ ਦਾ ਕਿਸਾਨਾਂ ਨਾਲ ਹੀ ਟਕਰਾਅ ਕਰਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸਿੱਖਾਂ ’ਚ ਧਰਮ ਅਤੇ ਸਿਆਸਤ ਦਾ ਬਹੁਤ ਵਧੀਆ ਸੁਮੇਲ ਹੈ। ਸਿਆਸਤ ਧਰਮ ਤੋਂ ਉਪਰ ਨਹੀਂ ਹੈ ਸਗੋਂ ਧਰਮ ਉਪਰ ਹੈ ਪਰ ਸਾਡੀਆਂ ਖੁਦਗਰਜ਼ੀਆਂ ਅਤੇ ਲਾਲਸਾਵਾਂ ਵੱਲੋਂ ਸਿਆਸਤ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਨੇ ਹਰ ਸੰਘਰਸ਼ ਵਿਚ ਕਿਸਾਨਾਂ ਦੇ ਹੱਕਾਂ ’ਤੇ ਪਹਿਰਾ ਦਿੱਤਾ ਹੈ ਜਿਸ ਦੀ ਮਿਸਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਲੜੇ ਗਏ ਮੋਰਚਿਆਂ ਤੋਂ ਮਿਲਦੀ ਹੈ। ਸੰਤ ਲੌਂਗੋਵਾਲ ਵਰਗੇ ਦਰਵੇਸ਼ ਆਗੂ ਦੇ ਸ਼ਰਧਾਂਜਲੀ ਸਮਾਗਮ ਵਿਚ ਕਿਸਾਨਾਂ ਵੱਲੋਂ ਕੀਤਾ ਵਿਰੋਧ ਸਹੀ ਨਹੀਂ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਡੇ ਘਰਾਣਿਆਂ ਦੇ ਦਬਾਅ ਹੇਠ ਆ ਕੇ ਕਿਸਾਨਾਂ ਅਤੇ ਸਿੱਖ ਸੰਗਤ ਵਿਚਕਾਰ ਤਰੇੜਾਂ ਪੈਦਾ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਜਿਸ ਤੋਂ ਸਮੁੱਚੀ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ,  ਸਾਬਕਾ ਸੰਸਦੀ ਸਕੱਤਰ ਬਲਵੀਰ ਸਿੰਘ ਘੁਨਸ, ਸਾਬਕਾ ਮੰਤਰੀ ਇਕਰਾਮ ਬੱਗੇ ਖਾਂ, ਸਿਮਰਪ੍ਰਤਾਪ ਸਿੰਘ ਬਰਨਾਲਾ ਸ਼ਾਮਲ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਤੀ ਮਹਿਲ ਘੇਰਨ ਦੇ ਐਲਾਨ ਨਾਲ ਇੰਜਨੀਅਰਾਂ ਦੀ ਹੜਤਾਲ਼ ਸਮਾਪਤ
Next articleਸਿਆਸੀ ਆਗੂਆਂ ਦੇ ਵਿਰੋਧ ਕਾਰਨ ਪੁਲੀਸ ਦੀ ਸਿਰਦਰਦੀ ਵਧੀ