(ਸਮਾਜ ਵੀਕਲੀ)– ਦਿਖਾਵਾ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ।ਹਰ ਪੱਖ ਵਿੱਚ ਦਿਖਾਵਾ ਹੈ।ਮਨੁੱਖ ਉੱਭਰ ਕੇ ਸਾਹਮਣੇ ਆਉੁਣਾ ਚਾਹੁੰਦਾ ਹੈ।ਉਸ ਨੂੰ ਲੱਗਦਾ ਹੈ ਕਿ ਸ਼ਾਇਦ ਸਹਿਜ ਰਹਿੰਦਿਆਂ ਮੇਰੇ ਵੱਲ ਕੋਈ ਧਿਆਨ ਨਹੀਂ ਦੇਵੇਗਾ।ਇਸ ਲਈ ਉਹ ਆਪਣੇ ਆਪ ਨੂੰ ਆਪ ਪੇਸ਼ ਕਰਦਾ ਹੈ।ਜਿਸ ਵਿਸ਼ੇਸ਼ ਗੱਲ ਵੱਲ ਉਸ ਨੇ ਧਿਆਨ ਦਿਵਾਉਣਾ ਹੁੰਦਾ ਹੈ ਉਸ ਦਾ ਵਾਰ ਵਾਰ ਜ਼ਿਕਰ ਕਰਦਾ ਹੈ।ਇਸੇ ਨੂੰ ਦਿਖਾਵਾ ਕਹਿੰਦੇ ਹਨ।ਓਪਰੇ ਤੌਰ ਤੇ ਉਨ੍ਹਾਂ ਗੁਣਾਂ ਦਾ ਇਜ਼ਹਾਰ ਕਰਦਿਆਂ ਜੋ ਅਸਲ ਵਿੱਚ ਮਨੁੱਖ ਵਿਚ ਹੁੰਦੇ ਵੀ ਨਹੀਂ।ਆਪਣੇ ਹਰ ਕਿਰਿਆ ਕਲਾਪਾਂ ਨੂੰ ਹਰ ਵਸਤੂ ਨੂੰ ਪੇਸ਼ ਕਰਨਾ।ਗਾਹੇ ਬਗਾਹੇ ਕੋਸ਼ਿਸ਼ ਕਰਨਾ ਆਪਣੇ ਆਪ ਦੀ ਨੁਮਾਇਸ਼ ਕਰਨ ਦੀ।ਇਹ ਵਰਤਾਰਾ ਬਹੁਤ ਵਧ ਚੁੱਕਾ ਹੈ।ਅੱਜ ਦੀ ਜ਼ਿੰਦਗੀ ਵਿਚ ਦੇਖਿਆ ਜਾਵੇ ਤਾਂ ਦਿਖਾਵਾ ਹੀ ਦਿਖਾਵਾ ਹੈ।ਭਾਵਨਾਤਮਕ ਸਾਂਝ ਕੋਈ ਨਹੀਂ ।
ਦਿਲ ਵਿੱਚ ਕੋਈ ਅਹਿਸਾਸ ਨਹੀਂ।ਸੁਭਾਅ ਵਿੱਚ ਖੁਸ਼ਕੀ ਹੈ ਪਰ ਦਿਖਾਵਾ ਅਪਣੱਤ ਦਾ।ਆਪਣੀ ਸ਼ਾਨੋ ਸ਼ੌਕਤ ਦਿਖਾਵਾ ਤਾਂ ਆਮ ਜਿਹੀ ਗੱਲ ਹੈ।ਜੇ ਇੱਕ ਛੋਟੀ ਜਿਹੀ ਵਸਤੂ ਲੈ ਲਈ ਤਾਂ ਉਸ ਦਾ ਇੰਨਾ ਦਿਖਾਵਾ ਕੀਤਾ ਜਾਂਦਾ ਹੈ ਕਿ ਸਾਹਮਣੇ ਵਾਲਾ ਵੀ ਅੱਕ ਜਾਂਦਾ ਹੈ।ਅਸੀਂ ਉੱਭਰ ਕੇ ਜਿਊਣਾ ਚਾਹੁੰਦੇ ਹਾਂ।ਅਸੀਂ ਇਹ ਭੁੱਲ ਜਾਂਦੇ ਹਾਂ ਕਿ ਹਥੌੜਾ ਉੱਭਰੇ ਹੋਏ ਕਿੱਲ ਤੇ ਹੀ ਵੱਜਦਾ ਹੈ।ਕੁਦਰਤੀ ਤੌਰ ਤੇ ਸਾਡੀ ਫਿਤਰਤ ਹੈ ਕਿ ਸਾਨੂੰ ਹਰ ਚੀਜ਼ ਸਮਤਲ ਹੀ ਪਸੰਦ ਆਉਂਦੀ ਹੈ।ਅਸੀਂ ਕੋਈ ਪਲਾਟ ਵੀ ਖਰੀਦਦੇ ਹਾਂ ਤਾਂ ਉਸ ਨੂੰ ਸਮਤਲ ਕਰਨ ਦੀ ਕੋਸ਼ਿਸ਼ ਪਹਿਲਾਂ ਕਰਦੇ ਹਾਂ।ਵਿਸ਼ੇਸ਼ ਤੌਰ ਤੇ ਉੱਭਰੀ ਹੋਈ ਕਿ ਚੀਜ਼ ਇਕਦਮ ਧਿਆਨ ਖਿੱਚਦੀ ਹੈ।ਪਰ ਥੋੜ੍ਹੀ ਦੇਰ ਬਾਅਦ ਅੱਖਾਂ ਵਿੱਚ ਚੁੱਭਣ ਲੱਗਦੀ ਹੈ।ਸਾਡੀਆਂ ਅੱਖਾਂ ਨੂੰ ਵਸਤੂ ਦਾ ਸਮਤਲ ਹੋਣਾ ਹੀ ਪਸੰਦ ਹੈ।ਇਹ ਸਾਡਾ ਕੁਦਰਤੀ ਸੁਭਾਅ ਹੈ।ਕੰਧ ਉੱਪਰ ਅਗਰ ਕੋਈ ਉੱਭਰੀ ਹੋਈ ਕਿੱਲ ਹੈ ਤਾਂ ਜਾਂ ਤਾਂ ਅਸੀਂ ਉਸ ਉਪਰ ਕੁਝ ਇਸ ਟੰਗ ਦਵਾਂਗੇ ਨਹੀਂ ਤਾਂ ਹਥੌੜਾ ਲੈ ਕੇ ਉਸ ਨੂੰ ਸਮਤਲ ਕਰਾਂਗੇ।ਉੱਭਰੇ ਹੋਏ ਚੀਜ਼ ਸਾਡੀਆਂ ਅੱਖਾਂ ਨੂੰ ਅੱਖਰਦੀ ਹੈ।ਇਹ ਜ਼ਰੂਰ ਹੈ ਕਿ ਸਾਡਾ ਧਿਆਨ ਵਾਰ ਵਾਰ ਉਸ ਵੱਲ ਜਾਂਦਾ ਹੈ।ਪਰ ਇਹ ਉਸ ਦੀ ਵਿਸ਼ੇਸ਼ਤਾ ਕਰਕੇ ਨਹੀਂ ਇਸ ਕਰਕੇ ਜਾਂਦਾ ਹੈ ਕਿ ਉਹ ਬਾਕੀਆਂ ਨਾਲੋਂ ਅਲੱਗ ਹੈ ਤੇ ਉੱਭਰੀ ਹੋਈ ਹੈ।ਉਹ ਆਲੇ ਦੁਆਲੇ ਦੀ ਦਿੱਖ ਖ਼ਰਾਬ ਕਰਦੀ ਹੈ।ਇਹੋ ਹਾਲ ਦਿਖਾਵਾ ਕਰਨ ਵਾਲੇ ਮਨੁੱਖ ਦਾ ਹੁੰਦਾ ਹੈ।
ਉਸ ਨੂੰ ਜਾਪਦਾ ਹੈ ਕਿ ਉਹ ਆਕਰਸ਼ਣ ਦਾ ਕੇਂਦਰ ਬਣ ਰਿਹਾ ਹੈ।ਪਰ ਅਸਲ ਵਿੱਚ ਉਹ ਕਿਸੇ ਨੂੰ ਚੁੱਪ ਰਿਹਾ ਹੁੰਦਾ ਹੈ ਕਿਸੇ ਦੀਆਂ ਅੱਖਾਂ ਵਿੱਚ ਖਟਕ ਰਿਹਾ ਹੁੰਦਾ ਹੈ ਤੇ ਕਿਸੇ ਨੂੰ ਸੱਭਿਅਕ ਨਹੀਂ ਲੱਗ ਰਿਹਾ ਹੁੰਦਾ।ਹਰ ਤਰ੍ਹਾਂ ਦੇ ਦ੍ਰਿਸ਼ਟੀਕੋਣ ਵਿੱਚ ਇੱਛਾ ਇੱਕ ਹੀ ਹੁੰਦੀ ਹੈ ਉਸ ਨੂੰ ਸਮਤਲ ਕਰਨ ਦੀ।ਜ਼ਾਹਿਰ ਜਿਹੀ ਗੱਲ ਹੈ ਕਿ ਇਸ ਲਈ ਹਥੌੜੇ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਇਹ ਕਿੱਲ ਹੋਵੇ। ਜਦੋਂ ਵਿਅਕਤੀ ਦੀ ਗੱਲ ਆਉਂਦੀ ਹੈ ਤਾਂ ਕਈ ਵਾਰ ਗੱਲਾਂ ਨਾਲ ਸਮਤਲ ਕੀਤਾ ਜਾਂਦਾ ਹੈ ਜੇ ਟੋਕਾ ਟਕਾਈ ਨਾਲ।ਮਨੁੱਖ ਦਿਖਾਵੇ ਨੂੰ ਕੁਝ ਹੱਦ ਤਕ ਨਜ਼ਰਅੰਦਾਜ਼ ਕਰਦਾ ਹੈ ਪਰ ਇਹ ਲੰਬਾ ਸਮਾਂ ਨਹੀਂ ਚੱਲਦਾ।ਜਿਵੇਂ ਹਥੌੜੇ ਨਾਲ ਕਿੱਲ ਠੋਕ ਕੇ ਬਰਾਬਰ ਕਰ ਦਿੱਤਾ ਜਾਂਦਾ ਹੈ ਉਸੇ ਤਰ੍ਹਾਂ ਵਿਅਕਤੀ ਨੂੰ ਕਈ ਵਾਰ ਲਤਾੜ ਕੇ ਅਤੇ ਕਈ ਵਾਰ ਖੁੰਭ ਠੱਪ ਕੇ ਸਮਤਲ ਕਰ ਦਿੱਤਾ ਜਾਂਦਾ ਹੈ ਤੇ ਕਈ ਵਾਰ ਖੁੰਭ ਠੱਪ ਕੇ।ਮਨੁੱਖ ਨੂੰ ਜਿੱਥੋਂ ਤਕ ਹੋ ਸਕੇ ਦਿਖਾਵੇ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਗੈਰ ਕੁਦਰਤੀ ਵਰਤਾਰਾ ਹੈ।ਇਸ ਦਾ ਅੱਖਾਂ ਵਿੱਚ ਚੁੱਭਣ ਜਾਂ ਪਸੰਦ ਨਾ ਆਉਣਾ ਲਾਜ਼ਿਮ ਹੈ।ਦੇਖਿਆ ਜਾਵੇ ਤਾਂ ਸਾਹਮਣੇ ਵਾਲੇ ਨੂੰ ਕੀ ਫ਼ਰਕ ਪੈਂਦਾ ਹੈ ਕਿ ਸਾਡੇ ਕੋਲ ਕੀ ਹੈ ਤੇ ਕੀ ਨਹੀਂ।ਦਿਖਾਵਾ ਕਰਨ ਵਾਲਾ ਮਨੁੱਖ ਦੂਜੇ ਦੀ ਮੱਦਦ ਕਰਨ ਵਾਲਾ ਕਦੀ ਨਹੀਂ ਹੁੰਦਾ।
ਪੰਜਾਬੀ ਦੀ ਇੱਕ ਕਹਾਵਤ ਹੈ
ਕੋਹੜੀ ਦੇ ਠੂਠੇ ਵਿਚ ਖੀਰ ਦਾ ਦਾ ਕਿਸੇ ਨੂੰ ਕੀ ਭਾਅ
ਜੋ ਸਾਡੇ ਕੋਲ ਹੈ ਉਸ ਦੀ ਵਰਤੋਂ ਵੀ ਅਸੀਂ ਕਰਦੇ ਹਾਂ ਉਸ ਦਾ ਫ਼ਾਇਦਾ ਵੀ ਸਾਨੂੰ ਹੀ ਹੁੰਦਾ ਹੈ।ਇਕ ਦਇਆਵਾਨ ਮਨੁੱਖ ਆਪਣੀਆਂ ਵਸਤੂਆਂ ਨੂੰ ਦੂਜਿਆਂ ਨਾਲ ਸਾਂਝਾ ਕਰਦਾ ਹੈ ਪਰ ਜੋ ਦਿਖਾਵਾ ਕਰਦਾ ਹੈ ਉਸ ਵਿੱਚ ਇਹ ਪ੍ਰਵਿਰਤੀ ਨਹੀਂ ਹੁੰਦੀ।ਇਸ ਲਈ ਜਿੱਥੋਂ ਤਕ ਹੋ ਸਕੇ ਦਿਖਾਵੇ ਤੋਂ ਬਚਣਾ ਚਾਹੀਦਾ ਹੈ।ਵਿਦਿਆਰਥੀ ਜੀਵਨ ਦਾ ਕੋਈ ਫ਼ਾਇਦਾ ਨਹੀਂ।ਅੱਜ ਦੇ ਯੁੱਗ ਵਿਚ ਦਿਖਾਵਾ ਹੀ ਪ੍ਰਮੁੱਖ ਹੈ।ਕੋਸ਼ਿਸ਼ ਕਰੋ ਕਿ ਅਜਿਹੀ ਕਿੱਲ ਨਾ ਬਣੋ ਜਿਸ ਨੂੰ ਹਥੌੜੇ ਨਾਲ ਠੋਕਿਆ ਜਾਵੇ ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly