ਨਵੀਂ ਦਿੱਲੀ (ਸਮਾਜ ਵੀਕਲੀ): ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਕੌਂਸਲ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ’ਚ ਪੰਜ ਫੀਸਦ ਦੀ ਟੈਕਸ ਸਲੈਬ ਖਤਮ ਕਰਨ ਦੀ ਤਜਵੀਜ਼ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਦੀ ਥਾਂ ਕੁਝ ਵੱਧ ਖਪਤ ਵਾਲੇ ਉਤਪਾਦਾਂ ਨੂੰ ਤਿੰਨ ਫੀਸਦ ਤੇ ਬਾਕੀ ਨੂੰ ਅੱਠ ਫੀਸਦ ਦੀ ਸਲੈਬ ’ਚ ਪਾਇਆ ਜਾ ਸਕਦਾ ਹੈ। ਫਿਲਹਾਲ ਜੀਐਸਟੀ ’ਚ 5, 12, 18 ਤੇ 28 ਦੀਸਦ ਦੀਆਂ ਚਾਰ ਸਲੈਬਾਂ ਹਨ। ਸੋਨੇ ਅਤੇ ਸੋਨੇ ਤੇ ਗਹਿਣਿਆਂ ’ਤੇ ਤਿੰਨ ਫੀਸਦ ਟੈਕਸ ਲੱਗਦਾ ਹੈ। ਇਸ ਤੋਂ ਇਲਾਵਾ ਕੁਝ ਬਿਨਾਂ ਬਰਾਂਡ ਤੇ ਬਿਨਾਂ ਪੈਕਿੰਗ ਵਾਲੇ ਉਤਪਾਦ ਹਨ ਜਿਨ੍ਹਾਂ ’ਤੇ ਜੀਐੱਸਟੀ ਨਹੀਂ ਲੱਗਦਾ। ਸੂਤਰਾਂ ਨੇ ਕਿਹਾ ਕਿ ਮਾਲੀਆ ਵਧਾਉਣ ਲਈ ਕੌਂਸਲ ਕੁਝ ਗ਼ੈਰ ਖੁਰਾਕੀ ਵਸਤੂਆਂ ਨੂੰ ਤਿੰਨ ਫੀਸਦ ਸਲੈਬ ’ਚ ਲਿਆ ਕੇ ਟੈਕਸ ਛੋਟ ਪ੍ਰਾਪਤ ਵਸਤੂਆਂ ਦੀ ਸੂਚੀ ’ਚ ਕਟੌਤੀ ਕਰਨ ਦਾ ਫ਼ੈਸਲਾ ਲੈ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਪੰਜ ਫੀਸਦ ਸਲੈਬ ਨੂੰ ਵਧਾ ਕੇ 7 ਜਾਂ 8 ਜਾਂ 9 ਫੀਸਦ ਕਰਨ ’ਤੇ ਚਰਚਾ ਚੱਲ ਰਹੀ ਹੈ। ਇਸ ’ਤੇ ਆਖਰੀ ਫ਼ੈਸਲਾ ਜੀਐਸਟੀ ਕੌਂਸਲ ਵੱਲੋਂ ਲਿਆ ਜਾਵੇਗਾ। ਕੇਂਦਰੀ ਮੰਤਰੀ ਦੀ ਅਗਵਾਈ ਹੇਠਲੀ ਜੀਐਸਟੀ ਕੌਂਸਲ ’ਚ ਸਾਰੇ ਰਾਜਾਂ ਦੇ ਵਿੱਤ ਮੰਤਰੀ ਸ਼ਾਮਲ ਹਨ। ਇਸ ਨਾਲ ਵਸਤਾਂ ਮਹਿੰਗੀਆਂ ਹੋ ਸਕਦੀਆਂ ਹਨ।
ਇੱਕ ਅਨੁਮਾਨ ਅਨੁਸਾਰ ਪੰਜ ਫੀਸਦ ਸਲੈਬ ’ਚ ਹਰੇਕ ਇੱਕ ਫੀਸਦ ਦੇ ਵਾਧੇ ਨਾਲ ਮੋਟੇ ਤੌਰ ’ਤੇ ਸਾਲਾਨਾ 50 ਹਜ਼ਾਰ ਕਰੋੜ ਰੁਪਏ ਦਾ ਵੱਧ ਮਾਲੀਆ ਪ੍ਰਾਪਤ ਹੋਵੇਗਾ। ਹਾਲਾਂਕਿ ਵੱਖ ਵੱਖ ਬਦਲਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਕੌਂਸਲ ’ਚ ਜ਼ਿਆਦਾਤਰ ਵਸਤੂਆਂ ਲਈ ਅੱਠ ਫੀਸਦ ਜੀਐੱਸਟੀ ’ਤੇ ਸਹਿਮਤੀ ਬਣਨ ਦੀ ਉਮੀਦ ਹੈ। ਫਿਲਹਾਲ ਇਨ੍ਹਾਂ ਉਤਪਾਦਾਂ ’ਤੇ ਜੀਐਸਟੀ ਦੀ ਦਰ ਪੰਜ ਫੀਸਦ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly