HOME “ਸਾਈਬਰ ਅਪਰਾਧਾਂ ਦਾ ਵਧਦਾ ਖਤਰਾ ਅਤੇ ਇਸ ਤੋਂ ਸੁਰੱਖਿਆ ਦੇ ਢੰਗ”

“ਸਾਈਬਰ ਅਪਰਾਧਾਂ ਦਾ ਵਧਦਾ ਖਤਰਾ ਅਤੇ ਇਸ ਤੋਂ ਸੁਰੱਖਿਆ ਦੇ ਢੰਗ”

ਪਵਨ ਕੁਮਾਰ ਅੱਤਰੀ
   (ਸਮਾਜ ਵੀਕਲੀ)   ਸਾਈਬਰ:- ਸਾਈਬਰ ਸ਼ਬਦ ਗਰੀਕ ਭਾਸ਼ਾ ਦੇ ਸਾਈਬਰਨੇਟਿਕ ਸ਼ਬਦ ਤੋਂ ਬਣਿਆ ਹੈ ।ਸਾਈਬਰ ਦਾ ਅਰਥ ਹੈ ਕੰਪਿਊਟਰ, ਇਲੈਕਟ੍ਰਾਨਿਕ ਨੈੱਟਵਰਕ, ਖਾਸ ਕਰਕੇ ਇੰਟਰਨੈੱਟ, ਇਲੈਕਟ੍ਰਾਨਿਕ ਸੰਚਾਰ ਅਤੇ ਸੰਬੰਧਿਤ ਟੈਕਨੌਲੋਜੀ ਨੂੰ ਸ਼ਾਮਲ ਕਰਨਾ ਜਾਂ ਵਰਤਣਾ।ਇੰਟਰਨੈਟ ਦੀ ਦੁਨੀਆ ਜਿਸ ਵਿੱਚ ਕੰਪਿਊਟਰ ਅਧਾਰਿਤ ਟੈਕਨੌਲੋਜੀ ਦੀ ਵਰਤੋਂ ਕਰਕੇ ਸੂਚਨਾਵਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇਸ ਨੂੰ ਵੀ ਸਾਈਬਰ ਦਾ ਨਾਮ ਦਿੱਤਾ ਜਾ ਸਕਦਾ ਹੈ ।
ਸਾਈਬਰ ਅਪਰਾਧ:- ਸਾਈਬਰ ਅਪਰਾਧ ਕੰਪਿਊਟਰ, ਨੈੱਟਵਰਕ, ਇੰਟਰਨੈੱਟ ਅਤੇ ਹੋਰ ਡਿਜੀਟਲ ਡਿਵਾਈਸਿਜ਼ ਦੀ ਵਰਤੋਂ ਕਰਕੇ ਕੀਤਾ ਜਾਣ ਵਾਲਾ ਅਪਰਾਧ ਹੈ। ਕਿਸੇ ਵੀ ਡਿਜੀਟਲ ਕੰਪਿਊਟਿੰਗ ਡਿਵਾਈਸ ਦੀ ਵਰਤੋਂ ਕਰਕੇ ਕਿਸੇ ਨੂੰ ਕਿਸੇ ਵੀ ਤਰ੍ਹਾ ਦਾ ਨੁਕਸਾਨ ਪਹੁੰਚਾਉਣਾ ਸਾਈਬਰ ਅਪਰਾਧ ਹੈ। ਜਾਂ ਹੋਰ ਸ਼ਬਦਾਂ ਵਿੱਚ ਇਹ ਬੋਲ ਸਕਦੇ ਹਾਂ ਕਿ ਇਲੈਕਟਰੋਨਿਕ ਸਾਧਨਾ ਦੀ ਵਰਤੋਂ ਕਰਕੇ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੂੰ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ ਜਾਂ ਉਸਦੀ ਕਿਸੇ ਪ੍ਰਕਾਰ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ ਸਾਈਬਰ ਅਪਰਾਧ ਵਜੋਂ ਜਾਣਿਆ ਜਾਂਦਾ ਹੈ ।
        ਮੇਰੇ ਮੁਤਾਬਿਕ ਸਾਈਬਰ ਅਪਰਾਧ ਕਰਨ ਵਾਲੇ ਵਿਅਕਤੀ ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਚੋਰਾਂ ਅਤੇ ਠੱਗਾਂ ਦਾ ਐਡਵਾਂਸ ਵਰਜਨ ਹਨ । ਇਹ ਉਹ ਪੜ੍ਹੇ ਲਿਖੇ ਵਿਅਕਤੀ ਹਨ ਜਿਨਾਂ ਨੂੰ ਡਿਜੀਟਲ ਡਿਵਾਈਸਾਂ ਦੀ ਵਰਤੋਂ ਵਧੀਆ ਤਰੀਕੇ ਨਾਲ ਕਰਨੀ ਆਉਂਦੀ ਹੈ ਪਰ ਇਹ ਉਸ ਦੀ ਵਰਤੋਂ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਅਤੇ ਆਪਣੇ ਫਾਇਦੇ ਲਈ ਕਰਦੇ ਹਨ । ਇੰਟਰਨੇਟ ਦੀ ਵਰਤੋਂ ਦਿਨੋਂ ਦਿਨ ਵੱਧ ਰਹੀ ਹੈ ।ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੇ ਸਮੇਂ ਵਿੱਚ ਇੰਟਰਨੇਟ ਅਤੇ ਕੰਪਿਊਟਰ ਅਧਾਰਿਤ ਟੈਕਨੌਲੋਜੀ ਦਾ ਫਾਇਦਾ ਉਠਾਉਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਪਰ ਮਾੜੀ ਗੱਲ ਇਹ ਹੈ ਕਿ ਨਾਲ ਹੀ ਇਸ ਦਾ ਦੁਰਉਪਯੋਗ ਕਰਨ ਵਾਲੇ ਵੀ ਵੱਧਦੇ ਜਾ ਰਹੇ ਹਨ । ਇਸ ਲਈ ਸਾਈਬਰ ਅਪਰਾਧ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ।
ਸਾਈਬਰ ਅਪਰਾਧ ਕਰਨ ਵਾਲੇ ਵਿਅਕਤੀ ਕਈ ਤਰੀਕਿਆਂ ਨਾਲ ਇਹ ਅਪਰਾਧ ਕਰਦੇ ਹਨ । ਉਹਨਾਂ ਦੇ ਇਹ ਅਪਰਾਧ ਕਰਨ ਦੇ ਤਰੀਕਿਆਂ ਅਤੇ ਕੀਤੇ ਜਾਣ ਵਾਲੇ ਅਪਰਾਧਾਂ ਦੇ ਆਧਾਰ ਤੇ ਅਸੀਂ ਸਾਈਬਰ ਅਪਰਾਧਾਂ ਨੂੰ ਇਹਨਾਂ ਕਿਸਮਾਂ ਵਿਚ ਵੰਡ ਸਕਦੇ ਹਾਂ:-
1. ਹੈਕਿੰਗ:- ਸਾਈਬਰ ਅਪਰਾਧ ਵਿੱਚ ਹੈਕਿੰਗ ਸਭ ਤੋਂ ਪੁਰਾਣਾ ਅਤੇ ਜਿਆਦਾ ਵਰਤਿਆ ਜਾਣ ਵਾਲਾ ਸ਼ਬਦ ਹੈ । ਜਦੋਂ ਕੋਈ ਵਿਅਕਤੀ ਕਿਸੇ ਹੋਰ ਦੇ ਕੰਪਿਊਟਰ ਸਿਸਟਮ, ਕਿਸੇ ਖ਼ਾਸ ਸਾਫਟਵੇਅਰ, ਜਾਂ ਕਿਸੇ ਦੇ ਨਿੱਜੀ ਡਾਟਾ ਤੱਕ ਅਣਅਧਿਕਾਰਤ ਪਹੁੰਚ ਕਰਦਾ ਹੈ ਤਾਂ ਉਸ ਨੂੰ  ਹੈਕਿੰਗ ਕਿਹਾ ਜਾਂਦਾ ਹੈ ਅਤੇ ਅਜਿਹਾ ਅਪਰਾਧ ਕਰਨ ਵਾਲੇ ਵਿਅਕਤੀ ਨੂੰ ਇੱਕ ਹੈਕਰ ਕਿਹਾ ਜਾਂਦਾ ਹੈ । ਹੈਕਰ ਕਿਸੇ ਵਿਅਕਤੀ ਦੇ ਕੰਪਿਊਟਰ ਸਿਸਟਮ ਤੱਕ ਪਹੁੰਚ ਕਰਨ ਲਈ ਅਲੱਗ ਅਲੱਗ ਤਰ੍ਹਾਂ ਦੇ ਸਾਫਟਵੇਅਰਾਂ ਦੀ ਵਰਤੋਂ ਕਰਦੇ ਹਨ । ਇਹ ਕੰਮ ਉਹ ਰਿਮੋਟ ਲੋਕੇਸ਼ਨ ਤੋਂ ਵੀ ਕਰ ਸਕਦਾ ਹੈ । ਇਸ ਲਈ ਕਈ ਵਾਰ ਤਾਂ ਇਹ ਪਤਾ ਹੀ ਨਹੀਂ ਚਲਦਾ ਕਿ ਕੋਈ ਸਾਡੇ ਕੰਪਿਊਟਰ ਸਿਸਟਮ ਵਿਚ ਨਜ਼ਰ ਰੱਖ ਰਿਹਾ ਹੈ । ਹੈਕਰ ਦਾ ਮੁੱਖ ਉਦੇਸ਼ ਕਿਸੇ ਦੀ ਨਿੱਜੀ ਜਾਣਕਾਰੀ ਨੂੰ ਨੁਕਸਾਨ ਪਹੁੰਚਾਉਣਾ ਜਾਂ ਹੇਰਾਫੇਰੀ ਕਰਨਾ ਹੁੰਦਾ ਹੈ ।
2. ਡਾਟਾ ਡਿੱਡਲਿੰਗ:- ਡਾਟਾ ਡਿਡਲਿੰਗ ਤੋਂ ਭਾਵ ਹੈ ਕੰਪਿਊਟਰ ਸਿਸਟਮ ਦੀ ਵਰਤੋਂ ਕਰਕੇ ਕਿਸੇ ਵਿਅਕਤੀ ਦਾ ਡਾਟਾ ਉਸ ਦੀ ਮਨਜੂਰੀ ਤੋਂ ਬਿਨਾਂ ਆਪਣੇ ਨਿੱਜੀ ਹਿੱਤ ਲਈ ਬਦਲਣਾ, ਗਲਤ ਡਾਟਾ ਐਂਟਰ ਕਰਨਾ, ਡਲੀਟ ਕਰਨਾ ਆਦਿ ।ਅਜਿਹੇ ਅਪਰਾਧ ਕਰਨ ਵਾਲਾ ਵਿਅਕਤੀ ਕਿਸੇ ਦੁਆਰਾ ਭਰੀ ਜਾ ਰਹੀ ਆਨਲਾਈਨ ਐਂਟਰੀਆਂ ਨੂੰ ਬਦਲ ਸਕਦਾ ਹੈ ਜਾਂ ਡਿਲੀਟ ਕਰ ਸਕਦਾ ਹੈ ਤਾਂ ਜੋ ਆਪਣੇ ਕਿਸੇ ਨਿੱਜੀ ਹਿੱਤ ਲਈ ਨਤੀਜੇ ਪ੍ਰਾਪਤ ਕੀਤੇ ਜਾ ਸਕਣ।
3. ਵੈੱਬ ਜੈਕਿੰਗ:- ਸਾਈਬਰ ਅਪਰਾਧ ਕਰਨ ਵਾਲਾ ਵਿਅਕਤੀ ਜਦੋਂ ਕਿਸੇ ਹੋਰ ਦੀ ਬਣਾਈ ਹੋਈ ਵੈੱਬਸਾਈਟ ਨੂੰ ਹੈਕ ਕਰ ਲੈਂਦਾ ਹੈ ਤਾਂ ਉਸ ਨੂੰ ਵੈੱਬ ਜੈਕਿੰਗ ਕਹਿੰਦੇ ਹਨ । ਅਜਿਹੇ ਅਪਰਾਧੀ ਕਿਸੇ ਹੋਰ ਦੀ ਬਣਾਈ ਹੋਈ ਵੈੱਬ ਸਾਈਟ ਵਿਚ ਅਣਅਧਿਕਾਰਤ ਬਦਲਾਵ ਕਰ ਸਕਦਾ ਹੈ ।
4. ਸਟਾਕਿੰਗ:- ਸਟਾਕਿੰਗ ਸ਼ਬਦ ਦਾ ਅਰਥ ਹੈ ਕਿਸੇ ਦੇ ਪਿੱਛੇ ਪੈ ਜਾਣਾ ਜਾਂ ਕਿਸੇ ਦਾ ਪਿੱਛਾ ਕਰਨਾ । ਜਦੋਂ ਕੋਈ ਵਿਅਕਤੀ ਇੰਟਰਨੈੱਟ ਅਧਾਰਿਤ ਐਪਲੀਕੇਸ਼ਨ, ਸਾਫਟਵੇਅਰ ਜਾਂ ਸੋਸ਼ਲ ਮੀਡੀਆ ਤੇ ਕਿਸੇ ਵਿਅਕਤੀ ਦੀ ਮਨਜ਼ੂਰੀ ਤੋਂ ਬਿਨਾਂ ਪਿੱਛੇ ਪੈ ਕੇ ਉਸਨੂੰ ਪਰੇਸ਼ਾਨ ਜਾਂ ਬਲੈਕਮੇਲ ਕਰਦਾ ਹੈ ਤਾਂ ਉਸਨੂੰ ਸਟੋਕਿੰਗ ਅਪਰਾਧ ਕਿਹਾ ਜਾਂਦਾ ਹੈ । ਅਜਿਹੇ ਅਪਰਾਧੀ ਕਿਸੇ ਨੂੰ ਅਣਚਾਹੇ ਸਮੱਗਰੀ ਜਾਂ ਸੰਦੇਸ਼ ਭੇਜ ਕੇ ਤੰਗ ਕਰਦੇ ਹਨ ਅਤੇ ਉਸ ਨੂੰ ਨਿੱਜੀ ਜਾਣਕਾਰੀ ਦੇਣ ਲਈ ਮਜਬੂਰ ਕਰਦੇ ਹਨ ।
5. ਪਾਇਰੇਸੀ:- ਜਦੋਂ ਕੋਈ ਵਿਅਕਤੀ ਕਿਸੇ ਦੂਸਰੇ ਵਿਅਕਤੀ ਦੁਆਰਾ ਬਣਾਏ ਸਾਫਟਵੇਅਰ ਜਾਂ ਹੋਰ ਕੰਪਿਊਟਰ ਅਧਾਰਿਤ ਸਮੱਗਰੀ ਨੂੰ ਉਸਦੀ ਮਨਜੂਰੀ ਤੋਂ ਬਿਨਾਂ ਕਾਪੀ ਕਰਕੇ ਕਿਸੇ ਨੂੰ ਵੇਚਦਾ ਹੈ ਤਾਂ ਉਸਨੂੰ ਪਾਈਰੇਸੀ ਕਹਿੰਦੇ ਹਨ । ਅਜਿਹਾ ਕਰਨ ਨਾਲ ਅਸਲ ਮਾਲਕ ਨੂੰ ਭਾਰੀ ਨੁਕਸਾਨ ਹੁੰਦਾ ਹੈ । ਕਿਸੇ ਦੂਜੇ ਵਿਅਕਤੀ ਦੀਆਂ ਬਣਾਈਆਂ ਵੀਡੀਓਜ ਅਤੇ ਆਡੀਓਜ ਆਦਿ ਸਮੱਗਰੀ ਦੀ ਪਾਇਰੇਸੀ ਤਾਂ ਆਮ ਜਿਹੀ ਗੱਲ ਹੋ ਗਈ ਹੈ ।
6. ਫਿਸ਼ਿੰਗ:- ਫਿਸ਼ਿੰਗ ਸ਼ਬਦ ਦਾ ਅਰਥ ਹੈ ਕਿਸੇ ਨੂੰ ਧੋਖਾ ਦੇ ਕੇ ਆਪਣੇ ਜਾਲ ਵਿੱਚ ਫਸਾਉਣਾ । ਅਜਿਹੇ ਅਪਰਾਧੀ ਕਿਸੇ ਨੂੰ ਈਮੇਲ, ਜਾਂ ਮੈਸੇਜ ਆਦਿ ਭੇਜ ਕੇ ਕੋਈ ਖਾਸ ਆਕਰਸ਼ਕ ਪੇਸ਼ਕਸ਼ਾਂ ਦਿੰਦੇ ਹਨ ਤਾਂ ਜੋ ਉਹਨਾਂ ਨੂੰ ਗੁਮਰਾਹ ਕਰਕੇ ਨਿੱਜੀ ਜਾਣਕਾਰੀ ਜਿਵੇਂ ਕਿ ਕ੍ਰੈਡਿਟ ਕਾਰਡ ਨੰਬਰ, ਡੈਬਿਟ ਕਾਰਡ ਨੰਬਰ, ਨੈੱਟ ਬੈਂਕਿੰਗ ਆਈ. ਡੀ. ਪਾਸਵਰਡ ਆਦਿ ਪ੍ਰਾਪਤ ਕੀਤੀ ਜਾ ਸਕੇ । ਫਿਰ ਅਜਿਹੇ ਅਪਰਾਧੀ ਇਹ ਸਭ ਜਾਣਕਾਰੀ ਦੀ ਦੁਰਵਰਤੋਂ ਕਰਦੇ ਹਨ ।
7. ਟ੍ਰੋਲਿੰਗ:- ਟ੍ਰੋਲਿੰਗ ਦਾ ਅਰਥ ਹੈ ਦੂਜਿਆਂ ਨੂੰ ਭੜਕਾਉਣ ਲਈ ਨੁਕਸਾਨਦੇਹ ਜਾਂ ਪਰੇਸ਼ਾਨ ਕਰਨ ਵਾਲੀ ਸਮੱਗਰੀ ਆਨਲਾਈਨ ਪੋਸਟ ਕਰਨਾ । ਇਹ ਵੀ ਸਾਈਬਰ ਅਪਰਾਧ ਦਾ ਇੱਕ ਰੂਪ ਹੈ ਜੋ ਭਾਵਨਾਤਮਕ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ, ਕਿਸੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਇੱਕ ਵਿਰੋਧੀ ਆਨਲਾਈਨ ਵਾਤਾਵਰਣ ਬਣਾ ਸਕਦਾ ਹੈ। ਟ੍ਰੋਲਿੰਗ ਵਿੱਚ ਪਰੇਸ਼ਾਨੀ, ਨਫ਼ਰਤ ਭਰੀ ਬੋਲੀ ਅਤੇ ਸਾਈਬਰ ਧੱਕੇਸ਼ਾਹੀ ਸ਼ਾਮਲ ਹੋ ਸਕਦੀ ਹੈ ਅਤੇ ਪੀੜਤਾਂ ਲਈ ਗੰਭੀਰ ਨਤੀਜੇ ਹੋ ਸਕਦੇ ਹਨ।
8. ਜਾਸੂਸੀ:- ਕੰਪਿਊਟਰ ਆਧਾਰਿਤ ਸਿਸਟਮ ਦੀ ਵਰਤੋਂ ਕਰਕੇ ਕਿਸੇ ਵਿਅਕਤੀ, ਕਿਸੇ ਵਿਅਕਤੀਆਂ ਦੇ ਗਰੁੱਪ, ਕਿਸੇ ਕੰਪਨੀ ਜਾਂ ਕਿਸੇ ਵੀ ਸੰਸਥਾ ਦੀ ਚੋਰੀ-ਚੋਰੀ ਅਣਅਧਿਕਾਰਤ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰਨਾ ਅਤੇ ਉਸ ਜਾਣਕਾਰੀ ਦੀ ਦੁਰਵਰਤੋਂ ਕਰਨਾ ਜਾਂ ਆਪਣੇ ਹਿੱਤ ਲਈ ਵਰਤਣਾ ਵੀ ਇੱਕ ਸਾਈਬਰ ਅਪਰਾਧ ਹੈ।
9. ਸਮੈਪਿੰਗ:- ਜਦੋਂ ਕੋਈ ਵਿਅਕਤੀ ਕਿਸੇ ਨੂੰ ਬਿਨਾਂ ਆਗਿਆ ਤੋਂ ਫਾਲਤੂ ਦੀਆਂ ਈਮੇਲਾਂ ਜਾਂ ਸੰਦੇਸ਼ ਭੇਜੇ ਉਸਨੂੰ ਸਮੈਪਿੰਗ ਕਿਹਾ ਜਾਂਦਾ ਹੈ । ਕਈ ਵਿਅਕਤੀ ਕਿਸੇ ਚੀਜ ਦੀ ਮਾਰਕੀਟਿੰਗ ਲਈ ਵੀ ਅਜਿਹੇ ਕੰਮ ਕਰਦੇ ਹਨ ।ਇਹ ਵੀ ਇਕ ਸਾਈਬਰ ਅਪਰਾਧ ਹੈ । ਇਸ ਤਰ੍ਹਾਂ ਦੇ ਅਪਰਾਧੀ ਦਾ ਉਦੇਸ਼ ਕਿਸੇ ਨੂੰ ਆਪਣੇ ਨਿੱਜੀ ਹਿੱਤ ਲਈ ਕਿਸੇ ਖਾਸ ਪ੍ਰਕਿਰਿਆ ਵਿੱਚ ਫਸਾਉਣ ਦਾ ਹੁੰਦਾ ਹੈ । ਅਪਰਾਧੀ ਕਿਸੇ ਤੋਂ ਗੁਪਤ ਸੂਚਨਾ ਲੈ ਕੇ ਉਸਦੀ ਦੁਰਵਰਤੋਂ ਵੀ ਕਰ ਸਕਦਾ ਹੈ ।
10. ਈਮੇਲ ਸਪੂਫਿੰਗ:-ਇਹ ਇਕ ਅਜਿਹੀ ਆਨਲਾਈਨ ਕਾਰਵਾਈ ਹੈ ਜਿਸ ਵਿਚ ਕੋਈ ਅਣਜਾਣ ਵਿਅਕਤੀ ਦੁਆਰਾ ਆਪਣਾ ਈਮੇਲ ਐਡਰੈਸ ਹਾਈਡ ਕਰਕੇ ਦੂਸਰਿਆਂ ਨੂੰ ਈਮੇਲਾਂ ਜਾਂ ਸੰਦੇਸ਼ ਭੇਜੇ ਜਾਂਦੇ ਹਨ। ਇਸ ਨੂੰ ਈਮੇਲ ਸਪੂਫ਼ਿੰਗ ਕਿਹਾ ਜਾਂਦਾ ਹੈ । ਅਜਿਹੇ ਅਪਰਾਧੀ ਦੂਸਰਿਆਂ ਨੂੰ ਡਰਾਉਣ, ਧਮਕਾਉਣ ਲਈ ਜਾਂ ਕਿਸੇ ਨੂੰ ਬਲੈਕਮੇਲ ਕਰਕੇ ਉਸ ਤੋਂ ਜਾਣਕਾਰੀ ਹਾਸਿਲ ਕਰਨ ਲਈ ਅਜਿਹਾ ਕਰਦੇ ਹਨ ।
         ਸਾਈਬਰ ਅਪਰਾਧੀ ਅਪਰਾਧ ਕਰਨ ਦੇ ਨਵੇਂ ਨਵੇਂ ਤਰੀਕੇ ਖੋਜਦੇ ਰਹਿੰਦੇ ਹਨ ਪਰ ਅਜਿਹਾ ਨਹੀਂ ਹੈ ਕਿ ਅਸੀਂ ਸਭ ਸਾਈਬਰ ਅਪਰਾਧੀਆਂ ਦੇ ਸ਼ਿਕਾਰ ਹੋ ਜਾਵਾਂਗੇ । ਇਸ ਤੋਂ ਬਚਣ ਦੇ ਵੀ ਕਈ ਤਰੀਕੇ ਹਨ । ਅਜਿਹਾ ਦੇਖਣ ਵਿੱਚ ਜਰੂਰ ਆਇਆ ਹੈ ਕਿ ਕੰਪਿਊਟਰ ਅਧਾਰਿਤ ਸਿਸਟਮ ਅਤੇ ਇੰਟਰਨੈਟ ਦੀ ਘੱਟ ਜਾਣਕਾਰੀ ਹੋਣ ਨਾਲ ਲੋਕੀ ਸਾਈਬਰ ਅਪਰਾਧੀਆਂ ਦੇ ਜਲਦੀ ਸ਼ਿਕਾਰ ਹੋ ਜਾਂਦੇ ਹਨ ।
ਸਾਈਬਰ ਅਪਰਾਧ ਤੋਂ ਬਚਣ ਲਈ ਕੁਝ ਸੁਝਾਵ:-
1. ਮਜ਼ਬੂਤ ਪਾਸਵਰਡ:- ਕੰਪਿਊਟਰ ਅਧਾਰਿਤ ਜਿਹੜੇ ਵੀ ਅਸੀਂ ਡਿਵਾਈਸ ਵਰਤ ਰਹੇ ਹਾਂ ਉਸ ਦਾ ਪਾਸਵਰਡ ਮਜਬੂਤ ਹੋਣਾ ਚਾਹੀਦਾ ਹੈ । ਅਜਿਹਾ ਪਾਸਵਰਡ ਰੱਖੋ ਜਿਸ ਦਾ ਆਸਾਨੀ ਨਾਲ ਅੰਦਾਜਾ ਨਾ ਲਗਾਇਆ ਜਾ ਸਕੇ । ਇਸ ਡਿਵਾਈਸ ਵਿੱਚ ਅਸੀਂ ਜਿੰਨੇ ਵੀ ਆਪਣੇ ਨਿੱਜੀ ਅਕਾਊਂਟ ਲੋਗ ਇਨ ਕੀਤੇ ਹੋਏ ਹਨ ਜਾਂ ਕਰਦੇ ਹਾਂ ਉਹਨਾਂ ਦੇ ਪਾਸਵਰਡ ਵੀ ਇੰਨੇ ਮਜਬੂਤ ਰੱਖੋ ਕਿ ਇਸਨੂੰ ਦੂਸਰਾ ਵਿਅਕਤੀ ਨਾ ਖੋਲ ਸਕੇ । ਪੈਸਿਆਂ ਦਾ ਲੈਣ ਦੇਣ ਕਰਨ ਵਾਲਾ ਕੋਈ ਵੀ ਅਕਾਊਂਟ ਹੋਵੇ ਉਸ ਦਾ ਪਾਸਵਰਡ ਆਪਣੇ ਡਿਵਾਈਸ ਵਿੱਚ ਸੇਵ ਨਾ ਕਰੋ ।
2. ਸੁਰੱਖਿਤ ਇੰਟਰਨੇਟ ਕੁਨੈਕਸ਼ਨ:- ਅੱਜ ਅਸੀਂ ਸਾਰੇ ਹੀ ਆਪਣੀ ਨਿੱਜੀ ਜਾਣਕਾਰੀ ਆਨਲਾਈਨ ਵਰਤਦੇ ਹਾਂ । ਇਸ ਲਈ ਸਾਡਾ ਇੰਟਰਨੈਟ ਕਨੈਕਸ਼ਨ ਸੁਰੱਖਿਤ ਹੋਣਾ ਚਾਹੀਦਾ ਹੈ। ਸਾਨੂੰ ਬਿਨਾਂ ਪਾਸਵਰਡ ਸੁਰੱਖਿਆ ਵਾਲੇ ਜਨਤਕ ਵਾਈਫਾਈ  ਤੋਂ ਬਚਣਾ ਚਾਹੀਦਾ ਹੈ । ਬਿਨਾਂ ਕਾਰਨ ਤੋਂ ਅਣਜਾਨ ਵਿਅਕਤੀਆਂ ਨਾਲ ਇੰਟਰਨੈਟ ਕਨੈਕਸ਼ਨ ਸ਼ੇਅਰ ਨਹੀਂ ਕਰਨਾ ਚਾਹੀਦਾ ।
3. ਸ਼ੱਕੀ ਵੈੱਬਸਾਈਟ ਅਤੇ ਲਿੰਕ ਤੋਂ ਦੂਰ ਰਹੋ:- ਸਾਨੂੰ ਅਣਜਾਣ ਵਿਅਕਤੀਆਂ ਦੁਆਰਾ ਭੇਜੇ ਗਏ ਕਿਸੇ ਵੀ ਤਰ੍ਹਾਂ ਦੇ ਮੈਸੇਜ ਚਾਹੇ ਉਹ ਸਾਨੂੰ ਟੈਕਸਟ ਮੈਸੇਜ ਆਉਣ, ਕਿਸੇ ਸੋਸ਼ਲ ਮੀਡੀਆ ਰਾਹੀਂ ਮੈਸੇਜ ਕੀਤੇ ਜਾਣ ਜਾਂ ਕਿਸੇ ਈਮੇਲ ਰਾਹੀਂ ਸਾਨੂੰ ਮੈਸੇਜ ਕੀਤੇ ਜਾਣ ਉਹਨਾਂ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ ।  ਜਦੋਂ ਸਾਨੂੰ ਕੋਈ ਅਣਜਾਣ ਵਿਅਕਤੀ ਕੋਈ ਲਿੰਕ ਭੇਜਦਾ ਹੈ ਤਾਂ ਸਾਨੂੰ ਉਸ ਉੱਪਰ ਕਲਿੱਕ ਨਹੀਂ ਕਰਨਾ ਚਾਹੀਦਾ ।
4. ਸੰਵੇਦਨਸ਼ੀਲ ਡਾਟਾ ਤੋਂ ਸਾਵਧਾਨ:- ਜਦੋਂ ਅਸੀਂ ਕੋਈ ਵੀ ਆਪਣਾ ਭੌਤਿਕ ਦਸਤਾਵੇਜ ਕੋਈ ਡੈਬਿਟ ਕਾਰਡ ਕੋਈ ਕ੍ਰੈਡਿਟ ਕਾਰਡ ਸੁੱਟਣਾ ਚਾਹੁੰਦੇ ਹਾਂ ਤਾਂ ਕਦੇ ਵੀ ਇਸਨੂੰ ਨਸ਼ਟ ਕੀਤੇ ਬਿਨਾਂ ਨਾ ਸੁੱਟੋ । ਇਹ ਧਿਆਨ ਰੱਖੋ ਕਿ ਉਸਨੂੰ ਪੂਰੀ ਤਰ੍ਹਾਂ ਨਸ਼ਟ ਕੀਤਾ ਜਾਏ ਤਾਂ ਜੋ ਉਸ ਉਪਰ ਦਿੱਤੇ ਹੋਏ ਨੰਬਰ ਨੂੰ ਕੋਈ ਦੂਸਰਾ ਵਿਅਕਤੀ ਨਾ ਜਾਣ ਪਾਵੇ ਅਤੇ ਇਸ ਉਪਰ ਲੱਗੀ ਹੋਈ ਚਿੱਪ ਨੂੰ ਨਾ ਵਰਤਿਆ ਜਾ ਸਕੇ ।
5. ਤੁਰੰਤ ਕਾਰਵਾਈ:- ਅਗਰ ਕਦੇ ਵੀ ਤੁਹਾਡੇ ਨਾਲ ਕਿਸੇ ਵੀ ਪ੍ਰਕਾਰ ਦਾ ਸਾਈਬਰ ਕ੍ਰਾਈਮ ਹੋ ਜਾਂਦਾ ਹੈ ਤਾਂ ਤੁਹਾਨੂੰ ਉਸ ਦੇ ਖਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ । ਤੁਹਾਨੂੰ ਸਾਈਬਰ ਕ੍ਰਾਈਮ ਦੇ ਟੋਲ ਫਰੀ ਨੰਬਰਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ।
6. ਓ.ਟੀ.ਪੀ. ਸ਼ੇਅਰ ਨਾ ਕਰੋ:- ਅੱਜ ਕੱਲ ਹਰ ਵਿਅਕਤੀ ਦਾ ਬੈਂਕ ਖਾਤਾ ਚਾਹੇ ਕਿਸੇ ਵੀ ਬੈਂਕ ਵਿੱਚ ਹੋਵੇ ਉਸ ਨੂੰ ਮੋਬਾਈਲ ਨੰਬਰ ਨਾਲ ਲਿੰਕ ਕੀਤਾ ਹੋਇਆ ਹੈ । ਇਹ ਬਹੁਤ ਹੀ ਜਰੂਰੀ ਹੈ ਕਿ ਅਸੀਂ ਕਦੇ ਵੀ ਕਿਸੇ ਅਣਜਾਣ ਵਿਅਕਤੀ ਨੂੰ ਆਪਣੇ ਫੋਨ ਜਾਂ ਈਮੇਲ ਵਿੱਚ ਆਏ ਹੋਏ ਓ.ਟੀ.ਪੀ. ਨੰਬਰ ਨਹੀਂ ਦਸਣਾ ਚਾਹਿਦਾ ਹੈ । ਕਿਉਂਕਿ ਇਹ ਆਮ ਗੱਲ ਹੋ ਗਈ ਹੈ ਅਣਜਾਨ ਵਿਅਕਤੀਆਂ ਦੁਆਰਾ ਸਾਡੀ ਨਿੱਜੀ ਜਾਣਕਾਰੀ ਪ੍ਰਾਪਤ ਕਰ ਕੇ ਸਾਨੂੰ ਗੁਮਰਾਹ ਕਰਕੇ ਓ.ਟੀ.ਪੀ. ਪੁੱਛੇ ਜਾਂਦੇ ਹਨ ।
7. ਆਪਣੇ ਡਿਵਾਈਸਾਂ ਨੂੰ ਸੁਰੱਖਿਤ ਰੱਖੋ:- ਆਪਣੇ ਕੰਪਿਊਟਰ ਅਧਾਰਿਤ ਡਿਵਾਈਸਾਂ ਨੂੰ ਹਮੇਸ਼ਾ ਸੁਰੱਖਿਤ ਰੱਖਣਾ ਚਾਹੀਦਾ ਹੈ ।ਇਸ ਵਿੱਚ ਸਮੇਂ ਸਮੇਂ ਤੇ ਸਾਫਟਵੇਅਰ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ । ਇਸ ਵਿੱਚ ਐਂਟੀ ਵਾਇਰਸ ਜਰੂਰ ਇੰਸਟਾਲ ਕਰਨੇ ਚਾਹੀਦੇ ਹਨ ।
8. ਓਵਰ ਸ਼ੇਅਰਿੰਗ ਤੋਂ ਬਚੋ:- ਅੱਜ ਬਹੁਤ ਸਾਰੇ ਵਿਅਕਤੀਆਂ ਨੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾਏ ਹੋਏ ਹਨ। ਸਾਨੂੰ ਇਸ ਅਕਾਊਂਟ ਵਿੱਚ ਆਪਣੀ ਕਿਸੇ ਵੀ ਤਰ੍ਹਾਂ ਦੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚਣਾ ਚਾਹੀਦਾ ਹੈ । ਕਦੇ ਵੀ ਆਪਣੀ ਕੋਈ ਵੀ ਅਜਿਹੀ ਫੋਟੋ ਜਾਂ ਵੀਡੀਓ ਸ਼ੇਅਰ ਨਾ ਕੀਤੀ ਜਾਏ ਜਿਸ ਦੀ ਦੁਰਵਰਤੋਂ ਕਰਕੇ ਕੋਈ ਵਿਅਕਤੀ ਤੁਹਾਨੂੰ ਬਲੈਕਮੇਲ ਕਰ ਸਕੇ । ਯਾਦ ਰੱਖੋ ਓਵਰ ਸ਼ੇਅਰਿੰਗ ਵੀ ਇਕ ਗੰਭੀਰ ਸਮੱਸਿਆ ਬਣ ਜਾਂਦੀ ਹੈ ।
ਸਿੱਟੇ ਵਜੋਂ, ਸਾਈਬਰ ਅਪਰਾਧ ਸਾਡੀ ਵਧਦੀ ਡਿਜੀਟਲ ਦੁਨੀਆ ਵਿੱਚ ਇੱਕ ਨਿਰੰਤਰ ਅਤੇ ਵਿਕਸਤ ਹੋ ਰਿਹਾ ਖ਼ਤਰਾ ਬਣਿਆ ਹੋਇਆ ਹੈ, ਜਿਸ ਲਈ ਵਿਅਕਤੀਆਂ, ਸੰਗਠਨਾਂ ਅਤੇ ਸਰਕਾਰਾਂ ਤੋਂ ਨਿਰੰਤਰ ਚੌਕਸੀ ਅਤੇ ਵਿਆਪਕ ਸੁਰੱਖਿਆ ਉਪਾਵਾਂ ਦੀ ਮੰਗ ਕੀਤੀ ਜਾਂਦੀ ਹੈ। ਜਦੋਂ ਕਿ ਇਹਨਾਂ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਕਾਨੂੰਨ ਅਤੇ ਤਕਨੀਕੀ ਬਚਾਅ ਲਗਾਤਾਰ ਵਿਕਸਤ ਅਤੇ ਅਪਡੇਟ ਕੀਤੇ ਜਾ ਰਹੇ ਹਨ। ਭਾਰਤ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਸਾਨੂੰ ਕਿਸੇ ਵੀ ਤਰ੍ਹਾਂ ਦਾ ਆਪਣਾ ਗੁਪਤ ਡਾਟਾ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਕਰਨਾ ਚਾਹੀਦਾ । ਸਾਈਬਰ ਸੁਰੱਖਿਆ ਦੀ ਜਾਣਕਾਰੀ ਵਿੱਚ ਵਾਧਾ ਕਰਨਾ ਚਾਹੀਦਾ ਹੈ ।
ਪਵਨ ਕੁਮਾਰ ਅੱਤਰੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਮਜੀਤਪੁਰ (ਕਪੂਰਥਲਾ)
ਮੌਬਾਇਲ 8427791277
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous article“ਪਰਵਾਜ਼” 
Next articleਤਿੜਕੀ ਮੁਹੱਬਤ