ਸਿੱਖਿਆ ਖੇਤਰ ਦੀ ਮਹਾਨ ਸ਼ਖ਼ਸੀਅਤ : ਮੈਡਮ ਰਜਨੀ

ਮੈਡਮ ਰਜਨੀ

(ਸਮਾਜ ਵੀਕਲੀ)

ਜੀਵਨ ਵਿੱਚ ਆਪਣੇ ਕਿੱਤੇ ਅਤੇ ਸਮਾਜ ਪ੍ਰਤੀ ਸਮਰਪਿਤ ਹੋ ਕੇ ਆਪਣੇ ਕੰਮਾਂ ਨੂੰ ਹੀ ਪੂਜਾ ਦਾ ਰੂਪ ਦੇ ਦੇਣਾ ਵਿਅਕਤੀ ਵਿਸ਼ੇਸ਼ ਦੇ ਹਿੱਸੇ ਆਉਂਦਾ ਹੈ। ਅਜਿਹੇ ਵਿਅਕਤੀਤਵ ਹਮੇਸ਼ਾ ਸਹੀ , ਸੁਚੱਜੇ , ਉਸਾਰੂ ਤੇ ਸੁਚਾਰੂ ਕਾਰਜ ਕਰਦੇ ਹੋਏ ਆਪਣੀ ਲਗਨ ਤੇ ਆਪਣੀ ਇੱਛਾ ਸ਼ਕਤੀ ਨੂੰ ਆਪਣੇ ਕਿੱਤੇ ਤੇ ਆਪਣੇ ਸਮਾਜ ਦੇ ਪ੍ਰਤੀ ਅਰਪਣ ਕਰਕੇ ਆਪਣੇ ਜੀਵਨ ਨੂੰ ਸੁੰਦਰ ਕਰਮਾਂ ਦੀ ਮਾਲਾ ਬਣਾ ਕੇ ਵੱਖਰੀ ਤੇ ਵਿਸ਼ੇਸ਼ ਪਹਿਚਾਣ ਬਣਾ ਲੈਂਦੇ ਹਨ। ਅਜਿਹੇ ਹੀ ਵਿਅਕਤੀਤਵ ਦੀ ਮੂਰਤ ਹੈ – ਸਿੱਖਿਆ ਖੇਤਰ ਨਾਲ ਜੁੜੀ ਅਧਿਆਪਕਾ : ਰਜਨੀ। ਮੈਡਮ ਰਜਨੀ ਜ਼ਿਲ੍ਹਾ ਰੂਪਨਗਰ ਦੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ ਵਿਖੇ ਬਤੌਰ ਈ. ਟੀ. ਟੀ. ਅਧਿਆਪਕਾ ਆਪਣੀ ਸੇਵਾ ਨਿਭਾ ਰਹੇ ਹਨ।

ਮੈਡਮ ਰਜਨੀ ਭਾਵੇਂ ਕਿ ਪਿਛਲੇ ਲਗਪਗ ਦੋ ਸਾਲਾਂ ਤੋਂ ਸਕੂਲ ਵਿੱਚ ਇਕੱਲੇ ਅਧਿਆਪਕਾ ਹੀ ਮੌਜੂਦ ਹਨ , ਪਰ ਉਨ੍ਹਾਂ ਨੇ ਆਪਣੇ ਸਕੂਲ , ਸਿੱਖਿਆ ਤੇ ਵਿਦਿਆਰਥੀਆਂ ਦੇ ਵੱਖ – ਵੱਖ ਵਿੱਦਿਅਕ ਜਾਂ ਹੋਰ ਮੁਕਾਬਲਿਆਂ ਆਦਿ ਦੇ ਖੇਤਰ ਵਿੱਚ ਸੁਚੱਜੇ ਢੰਗ ਨਾਲ ਕੰਮ ਕਰਕੇ ਸਮੁੱਚੀ ਭਾਗੀਦਾਰੀ ਯਕੀਨੀ ਬਣਾਈ ਹੈ। ਪਿਛਲੇ ਅਰਸੇ ਤੋਂ ਚਲੇ ਆ ਰਹੇ ਕੋਰੋਨਾ ਕਾਲ ਦੌਰਾਨ ਵੀ ਮੈਡਮ ਰਜਨੀ ਜੀ ਨੇ ਵੱਖ – ਵੱਖ ਸੰਸਾਧਨਾਂ ਤੇ ਤਕਨੀਕਾਂ ਦਾ ਸਹਾਰਾ ਲੈ ਕੇ ਸਕੂਲੀ ਵਿਦਿਆਰਥੀਆਂ ਨੂੰ ਆੱਨਲਾਈਨ – ਸਿੱਖਿਆ ਨਾਲ ਜੋੜੀ ਰੱਖਿਆ ਹੈ। ਵਿੱਦਿਆ ਦਾ ਪੱਧਰ ਉੱਚਾ ਚੁੱਕਣ ਲਈ ਉਹ ਹਮੇਸਾ ਵਾਧੂ – ਜਮਾਤਾਂ ਦਾ ਆਯੋਜਨ ਕਰਦੇ ਆਏ ਹਨ।

ਮੈਡਮ ਰਜਨੀ ਸਮੇਂ – ਸਮੇਂ ਤੇ ਖ਼ੁਦ ਨਵੀਂਆਂ ਸਿੱਖਣ ਤਕਨੀਕਾਂ ਦੀ ਸਿਖਲਾਈ ਲੈ ਕੇ ਹਮੇਸ਼ਾ ਨਵੀਆਂ ਸਿੱਖਣ ਵਿਧੀਆਂ ਰਾਹੀਂ ਸਿੱਖਿਆ ਨੂੰ ਰੌਚਕ ਤੇ ਆਸਾਨ ਬਣਾ ਕੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੀ ਸੁਚੱਜੀ ਕੋਸ਼ਿਸ਼ ਕਰਦੇ ਆ ਰਹੇ ਨੇ। ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨ ਦੇ ਮੰਤਵ ਨਾਲ ਉਨ੍ਹਾਂ ਵੱਲੋਂ ਸਮਰ – ਕੈਂਪਾਂ ਤੇ ਹੋਰ ਗਤੀਵਿਧੀਆਂ ਦਾ ਆਯੋਜਨ ਵੀ ਕੀਤਾ ਜਾਂਦਾ ਰਿਹਾ ਹੈ। ਸਕੂਲ ਨੂੰ ਸਮਾਰਟ ਬਣਾਉਣ ਹਿੱਤ ਮੈਡਮ ਰਜਨੀ ਸਮਾਜ , ਗ੍ਰਾਮ – ਪੰਚਾਇਤ ਅਤੇ ਹੋਰ ਪਤਵੰਤੇ ਸੱਜਣਾਂ ਦਾ ਯਥਾਸੰਭਵ ਸਹਿਯੋਗ ਲੈਂਦੇ ਆ ਰਹੇ ਹਨ ਅਤੇ ਆਪਣੇ ਭਰਪੂਰ ਯਤਨਾਂ ਸਦਕਾ ਸਕੂਲ ਨੂੰ ਵਾਟਰ ਕੂਲਰ , ਵਿਦਿਆਰਥੀਆਂ ਲਈ ਸਕੂਲ ਬੈਗ , ਡੈਸਕ , ਮਾਸਕ , ਸੈਨੀਟਾਈਜ਼ਰ , ਖਿੜਕੀ ਫਰੇਮ , ਸਟੇਸ਼ਨਰੀ , ਰੰਗ – ਰੋਗਨ ਦਾ ਸਾਮਾਨ , ਹਾੱਫ ਸਰਕਲ ਲੈਡਰ , ਐੱਲ .ਈ. ਡੀ. ਤੇ ਹੋਰ ਸਕੂਲ ਦੀਆਂ ਜ਼ਰੂਰਤਾਂ ਦਾ ਸਾਮਾਨ ਆਦਿ ਮੁਹੱਈਆ ਕਰਵਾਇਆ। ਉਨ੍ਹਾਂ ਕੋਵਿਡ – 19 ਸਬੰਧੀ ਤਹਿਸੀਲ ਪੱਧਰੀ ਡਿਊਟੀ ਨਿਭਾਈ।

ਇਨ੍ਹਾਂ ਦੇ ਸਕੂਲ ਤੇ ਸਿੱਖਿਆ ਖੇਤਰ ਨਾਲ ਜੁੜੇ ਵੀਡੀਓ ਤੇ ਪੋਸਟਰ ਸਟੇਟ ਅਤੇ ਜ਼ਿਲ੍ਹਾ ਪੱਧਰ ‘ਤੇ ਵੀ ਵੱਖ – ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਸ਼ੇਅਰ ਹੁੰਦੇ ਆ ਰਹੇ ਹਨ। ਬੱਚਿਆਂ ਵਿੱਚ ਪੇਂਟਿੰਗਜ਼ ਤੇ ਬਾਲ – ਸਾਹਿਤਕ ਰੁਚੀਆਂ ਪੈਦਾ ਕਰਨ ਵਿੱਚ ਵੀ ਅਧਿਆਪਕਾ ਰਜਨੀ ਦਾ ਯੋਗਦਾਨ ਤੇ ਰੁਚੀ ਰਹੀ ਹੈ। ਬੱਚਿਆਂ ਦਾ ਦਾਖ਼ਲਾ ਵਧਾਉਣ ਵਿੱਚ ਵੀ ਮੈਡਮ ਰਜਨੀ ਦੀ ਅਹਿਮ ਭੂਮਿਕਾ ਰਹੀ। ਜ਼ਿਲ੍ਹਾ – ਪੱਧਰੀ ਯੋਗਾ ਕੈਂਪ ਅਤੇ ਰਾਜ – ਪੱਧਰੀ ਹੋਲਾ – ਮਹੱਲਾ ਵਿੱਦਿਅਕ – ਪ੍ਰਦਰਸ਼ਨੀਆਂ ਵਿੱਚ ਅਧਿਆਪਕਾ ਰਜਨੀ ਨੇ ਵੱਧ – ਚਡ਼੍ਹ ਕੇ ਭਾਗ ਲਿਆ। ਮੈਡਮ ਰਜਨੀ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ” ਸਟਾਰ ਆੱਫ ਦਾ ਵੀਕ ” ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਅਤੇ ਪਿਛਲੇ ਦਿਨੀਂ ਗ੍ਰਾਮ ਪੰਚਾਇਤ ਸੱਧੇਵਾਲ ਵੱਲੋਂ ਵੀ ਮੈਡਮ ਰਜਨੀ ਨੂੰ ਸਕੂਲ , ਸਿੱਖਿਆ ਅਤੇ ਸਮਾਜ ਪ੍ਰਤੀ ਅਦਾ ਕੀਤੇ ਜਾ ਰਹੇ ਭਰਪੂਰ ਯੋਗਦਾਨ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ।

ਅਧਿਆਪਕਾ ਰਜਨੀ ਨੂੰ ਆਪਣੀ ਰੋਜ਼ਾਨਾ ਦਿਨਚਰਿਆ ਤੋਂ ਇਲਾਵਾ ਸਾਹਿਤ ਪੜ੍ਹਨ ਅਤੇ ਲਿਖਣ ਦਾ ਵੀ ਸ਼ੌਂਕ ਹੈ। ਇਹੋ ਜਿਹੀਆਂ ਰੁਚੀਆਂ ਹੀ ਉਹ ਆਪਣੇ ਵਿਦਿਆਰਥੀਆਂ ਵਿੱਚ ਵੀ ਪੈਦਾ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ , ਸਮਾਜ ਤੇ ਆਮ – ਜਨ ਨੂੰ ਸਮਾਜਿਕ ਕੁਰੀਤੀਆਂ , ਵਾਤਾਵਰਨ , ਸਿਹਤ ਸੰਭਾਲ ਤੇ ਕਦਰਾਂ ਕੀਮਤਾਂ ਬਾਰੇ ਜਾਣੂ ਕਰਵਾਉਂਦੇ ਰਹਿਣਾ ਮੈਡਮ ਰਜਨੀ ਦੇ ਸੁਭਾਅ ਦਾ ਹਿੱਸਾ ਹੈ। ਮਿਹਨਤੀ , ਕਿੱਤੇ ਪ੍ਰਤੀ ਸਮਰਪਿਤ ਤੇ ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕਾ ਰਜਨੀ ਜੀ ਦੀ ਸੰਪੂਰਨ ਪਹਿਚਾਣ ਉਨ੍ਹਾਂ ਦੀ ਬਾਣੀ , ਵਿਚਾਰਾਂ ਅਤੇ ਕੰਮਾਂ ਤੋਂ ਹੁੰਦੀ ਹੈ।

 

ਨਵਾਬ ਫੈਸਲ ਖਾਨ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਦਸੇ ਵਿੱਚ ਹੱਥ ਗਵਾਉਣ ਪਿੱਛੋਂ ਵੀ ਹਿੰਮਤ ਨਹੀਂ ਹਾਰੀ ਇਸ ਕ੍ਰਿਕਟ ਖਿਡਾਰੀ ਨੇ
Next articleਗੁਲਜ਼ਾਰ ਸਿੰਘ ਮੂਨਕ ਹੀ ਹੋਣਗੇ ਦਿੜਬਾ ਤੋਂ ਪਾਰਟੀ ਉਮੀਦਵਾਰ- ਅਕਾਲੀ ਆਗੂ