ਹਾਦਸੇ ਵਿੱਚ ਹੱਥ ਗਵਾਉਣ ਪਿੱਛੋਂ ਵੀ ਹਿੰਮਤ ਨਹੀਂ ਹਾਰੀ ਇਸ ਕ੍ਰਿਕਟ ਖਿਡਾਰੀ ਨੇ

(ਸਮਾਜ ਵੀਕਲੀ)

ਪੰਜਾਬ ਦੀ ਧਰਤੀ ਨੇ ਭਾਰਤ ਨੂੰ ਖੇਡ ਜਗਤ ਵਿੱਚ ਅਨੇਕਾਂ ਹੀ ਹੋਣਹਾਰ ਖਿਡਾਰੀ ਦਿੱਤੇ ਹਨ। ਉਹਨਾਂ ਵਿੱਚੋਂ ਹੀ ਇੱਕ ਹੈ ਸੋਨੀ ਸਹੋਤਾ। ਪਿੰਡ ਬਧੋਛੀ ਕਲਾਂ ਜਿਲਾ ਫਤਿਹਗੜ ਸਾਹਿਬ ਦਾ ਜੰਮਪਲ ਸੋਨੀ ਸਹੋਤਾ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡ ਨਾਲ ਬਹੁਤ ਲਗਾਵ ਹੈ। ਮੈਂ ਬਚਪਨ ਤੋਂ ਲੈਕੇ ਹੁਣ ਤੱਕ ਹਮੇਸ਼ਾ ਕ੍ਰਿਕੇਟ ਨਾਲ ਜੁੜਿਆ ਰਿਹਾ। ਸਕੂਲ ਟਾਈਮ ਵਿੱਚ ਵੀ ਕ੍ਰਿਕੇਟ ਖੇਡ ਹੀ ਜਿਆਦਾ ਖੇਡ ਦਾ ਸੀ। ਮੇਰਾ ਸੁਰੂ ਤੋਂ ਇੱਕੋ ਇੱਕ ਸੁਪਨਾ ਸੀ ਕਿ ਮੈਂ ਆਪਣੇ ਦੇਸ਼ ਲਈ ਖੇਡਾਂ। ਹੌਲੀ ਹੌਲੀ ਖੇਡਦਾ ਖੇਡਦਾ ਪਿੰਡ ਦੀ ਕ੍ਰਿਕੇਟ ਟੀਮ ਦਾ ਹਿੱਸਾ ਬਣਿਆ।ਫਿਰ ਪਿੰਡ ਦੀ ਟੀਮ ਵੱਲੋਂ ਬਾਹਰ ਦੇ ਪਿੰਡਾ ਚ ਖੇਡਣ ਜਾਣਾ ਤੇ ਮੈਂ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਾ ਤੇ ਹਰ ਇੱਕ ਮੈਚ ਜਿੱਤ ਕੇ ਆਪਣੀ ਟੀਮ ਦੀ ਝੋਲੀ ਪਾਉਂਦਾ।

ਵਧੀਆ ਖੇਡ ਕਰਕੇ ਆਸੇ ਪਾਸੇ ਦੇ ਪਿੰਡਾਂ ਵਿਚ ਸਾਰੇ ਮੈਨੂੰ ਜਾਨਣ ਲੱਗ ਪਏ। ਲੋਕਲ ਟੂਰਨਾਮੈਂਟਾਂ ਵਿਚ ਵੀ ਮੈਂ ਕਾਫ਼ੀ ਨਾਮ ਕਮਾਇਆ ਤੇ ਬਹੁਤ ਸਾਰੇ ਇਨਾਮ ਜਿੱਤੇ । ਜਿਵੇਂ ਜਿਵੇਂ ਖੇਡਦਾ ਗਿਆ ਤਾਂ ਮੈਂਨੂੰ ਪਤਾ ਲਗਾ ਫਿਰੋਜ਼ਪੁਰ ਵਿਚ ਕ੍ਰਿਕੇਟ ਦੇ ਟ੍ਰਾਈਲ ਹਨ। ਫਿਰ ਪੰਜਾਬ ਦੀ ਸ਼ੇਰੇ ਏ ਪੰਜਾਬ ਕ੍ਰਿਕੇਟ ਟੀਮ ਲਈ ਟ੍ਰਾਈਲ ਦੇਣ ਲਈ ਫਿਰੋਜ਼ਪੁਰ ਖੇਡਣ ਗਿਆ ਤੇ ਉਸ ਟ੍ਰਾਈਲ ਵਿੱਚ ਮੈਂ ਸਲੈਕਟ ਹੋ ਗਿਆ। ਫ਼ਿਰ ਉਸ ਤੋਂ ਬਾਅਦ ਮੈਂ ਉਸ ਟੀਮ ਦਾ ਹਿੱਸਾ ਬਣ ਗਿਆ ਤੇ ਮੈਂ ਪਹਿਲੀ ਵਾਰ ਸਟੇਟ ਟੂਰਨਾਮੈਂਟ ਖੇਡਣ ਜੈਪੁਰ ਰਾਜਸਥਾਨ ਗਿਆ । ਉਸਤੋਂ ਬਾਅਦ ਦਿੱਲੀ, ਮੁੰਬਈ, ਮੱਧ ਪ੍ਰਦੇਸ, ਤੇ ਹੋਰ ਕਾਫੀ ਜਗਾ੍ਹ ਖੇਡ ਕੇ ਆਇਆ। ਪਰ ਘਰ ਦੀ ਆਰਥਿਕ ਸਥਿਤੀ ਕਮਜੋਰ ਹੋਣ ਕਰਕੇ ਮੈਂ ਅੱਗੇ ਤੱਕ ਨਹੀਂ ਖੇਡ ਸਕਿਆ। ਘਰ ਦੀਆਂ ਮਜਬੂਰੀਆਂ ਨੇ ਮੈਂਨੂੰ ਅੱਗੇ ਵਧਣ ਨਹੀ ਦਿੱਤਾ।

ਉਸਤੋਂ ਬਾਅਦ ਮੈਂ ਮੰਡੀ ਗੋਬਿੰਦਗੜ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਨੌਕਰੀ ਕਰਨ ਲੱਗ ਗਿਆ। ਤਕਰੀਬਨ 2 ਸਾਲ ਬਾਅਦ ਮੇਰੇ ਨਾਲ ਉਸ ਫੈਕਟਰੀ ਵਿੱਚ ਇੱਕ ਹਾਦਸਾ ਵਾਪਰਿਆ। ਉਸ ਹਾਦਸੇ ਵਿਚ ਮੇਰਾ ਸੱਜਾ ਹੱਥ ਕੱਟਿਆ ਗਿਆ। ਇਸ ਹਾਦਸੇ ਨੇ ਮੈਂਨੂੰ ਅਦਰੋਂ ਅਦਰੀ ਤੋੜ ਕੇ ਰੱਖ ਦਿੱਤਾ ਤੇ ਮੈਂ ਵੀ ਹੁਣ ਦੀਵਿਆਂਗ ਲੋਕਾਂ ਵਿਚ ਆ ਗਿਆ। ਮੇਰੇ ਨਾਮ ਨਾਲ ਹੁਣ ਹੇਂਡਿਕੈਪ ਸ਼ਬਦ ਜੁੜ ਗਿਆ ਤੇ ਮੇਰਾ ਅਪਣੇ ਦੇਸ਼ ਲਈ ਖੇਡਣ ਦਾ ਸੁਪਨਾ ਅੱਧ ਵਿਚਕਾਰ ਹੀ ਰਹਿ ਗਿਆ।

ਕੁੱਝ ਸਾਲ ਘਰ ਬੈਠਾ ਰਿਹਾ। ਘਰ ਬੈਠੇ ਨੂੰ ਇੰਝ ਲਗਦਾ ਸੀ ਕਿ ਮੈੱ ਆਪਣੇ ਘਰ ਦਿਆਂ ਤੇ ਬੋਜ਼ ਬਣ ਗਿਆ ਹਾਂ। ਪਰ ਮੈਂ ਹਿੰਮਤ ਹਾਰਨ ਵਾਲਾ ਨਹੀਂ ਸੀ। ਮੈਂ ਹੌਲੀ ਹੌਲੀ ਘਰ ਦਾ ਕੰਮ ਕਰਨਾ ਸ਼ੁਰੂ ਕੀਤਾ ਤੇ ਜਦੋਂ ਮੇਰੇ ਹੱਥ ਦਾ ਜਖ਼ਮ ਠੀਕ ਹੋਇਆ ਤਾਂ ਫਿਰ ਮੈਂ ਕੰਮ ਦੀ ਭਾਲ ਵਿਚ ਕਈ ਥਾਵਾਂ ਤੇ ਗਿਆ ਪਰ ਕਿਸੀ ਵੀ ਜਗ੍ਹਾ ਮੈਂਨੂੰ ਕੰਮ ਨਹੀਂ ਮਿਲਿਆ ਸਾਰੇ ਮੇਰਾ ਹੱਥ ਦੇਖ ਕੇ ਕਹਿ ਦੇਂਦੇ ਸੀ ਕਿ ਤੇਰੇ ਤੋ ਕੰਮ ਨਹੀਂ ਹੋਣਾ। ਮਨ ਬਹੁਤ ਦੁਖੀ ਹੋਇਆ ਪਰ ਮੈਂ ਹਾਰ ਨਹੀਂ ਮੰਨੀ। ਮੈਂ ਰਾਜ ਮਿਸਤਰੀ ਕੋਲ ਮਜ਼ਦੂਰੀ ਕਰਨ ਲਗਾ ਤੇ ਹੌਲੀ ਹੌਲੀ ਹੋਰ ਵੀ ਕੰਮ ਕਰਦਾ ਰਿਹਾ। ਪਰ ਮੈਨੂੰ ਬਾਕੀ ਕੰਮ ਕਰਨ ਵਾਲਿਆਂ ਤੋਂ ਪੈਸੇ ਘੱਟ ਮਿਲਦੇ ਸੀ। ਕੁੱਝ ਸਮਾਂ ਲੰਘਿਆ ਮੈਂ ਇੱਕ ਦਿਨ ਟੀਵੀ ਦੇਖ ਰਿਹਾ ਸੀ ਤੇ ਮੈਂ ਦੇਖਿਆ ਕਿ ਹੈਂਡੀਕੈਪ ਖਿਡਾਰੀਆਂ ਦਾ ਮੈਚ ਚਲ ਰਿਹਾ ਸੀ। ਮੈਂਨੂੰ ਦੇਖ ਕੇ ਬਹੁਤ ਖਸ਼ੀ ਹੋਈ ਕੇ ਅਗਰ ਇਹ ਖੇਡ ਸਕਦੇ ਤਾਂ ਫ਼ਿਰ ਮੈਂ ਵੀ ਖੇਡ ਸਕਦਾ।

ਮੈਨੂੰ ਜ਼ਿੰਦਗੀ ਨੇ ਫਿਰ ਇੱਕ ਮੌਕਾ ਦਿੱਤਾ ਆਪਣਾ ਸੁਪਨਾ ਸਾਕਾਰ ਕਰਨ ਦਾ। ਫ਼ਿਰ ਮੈਂ ਪਤਾ ਕਰਨਾ ਸੁਰੂ ਕੀਤਾ ਕਿ ਇਸ ਦੀ‌‌ਵਿਅੰਗ ਕ੍ਰਿਕੇਟ ਟੀਮ ਵਿਚ ਖੇਡਣ ਲਈ ਕੀ ਕਰਨਾ ਚਾਹੀਦਾ ਹੈ ਤਾਂ ਪਤਾ ਲੱਗਿਆ ਕਿ ਪੰਜਾਬ ਦੀ ਵੀ ਇੱਕ ਦੀਵਿਅੰਗ ਟੀਮ ਹੈ । ਫਿਰ ਮੈਂ ਪੰਜਾਬ ਦੀ ਦੀਵਿਅੰਗ ਟੀਮ ਨਾਲ਼ ਸੰਪਰਕ ਕੀਤਾ। ਹੌਲੀ ਹੌਲੀ ਮੈਂ ਫਿਰ ਤੋਂ ਖੇਡਣਾ ਸ਼ੁਰੂ ਕੀਤਾ ਤੇ ਇੱਕ ਸਾਲ ਦੇ ਵਿੱਚ ਮੈਂ ਪੰਜਾਬ ਟੀਮ ਵਿਚ ਸ਼ਾਮਿਲ ਹੋ ਗਿਆ। ਫਿਰ ਮੈਂ ਕਦੀ ਪਿੱਛੇ ਮੁੜਕੇ ਨਹੀਂ ਦੇਖਿਆ ਤੇ ਜ਼ਿੰਦਗੀ ਨੇ ਜੋ ਚਣੌਤੀਆਂ ਮੈਂਨੂੰ ਦਿੱਤੀਆਂ ਮੈਂ ਉਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ। ਮੈਂ ਹੁਣ ਤੱਕ ਪੰਜਾਬ ਵੱਲੋਂ ਪੂਰੇ ਭਾਰਤ ਦੇ ਹਰ ਸਟੇਟ ਵਿਚ ਖੇਡ ਚੁੱਕਾ ਹਾਂ।

ਮੈਂ ਨੈਸ਼ਨਲ ਲੈਵਲ ਤੇ ਵੀ ਖੇਡ ਚੁੱਕਾ ਹਾਂ। ਮੈਂਨੂੰ ਉੱਤਰਪ੍ਰਦੇਸ 2019 ਵਿਚ ਮੇਰਠ ਦੀਵਿਅੰਗ ਰਤਨ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਮੈਂ 2017 ਵਿਚ ਮੁੰਬਈ ਫ਼ਿਲਮੀ ਸਿਤਾਰਿਆਂ ਨਾਲ ਵੀ ਖੇਡ ਕੇ ਆਇਆ ਸੀ । ਪਿਛਲੇ ਸਾਲ ਭਾਰਤ ਦੀ ਟੀਮ ਇਗਲੈਂਡ ਵਿਚ ਹੋਏ ਵਰਲਡ ਦੀਵਿਅੰਗ ਕੱਪ ਜਿੱਤ ਕੇ ਆਈ ਹੈ ਤੇ ਹੁਣ ਭਾਰਤ ਵਿਚ DPL (ਦੀਵਿਅੰਗ ਪ੍ਰੀਮੀਅਰ ਲੀਗ) ਹੋਣ ਜਾ ਰਹੀ ਹੈ ਜੋ ਕੀ ਸੋਨੀਪਤ ਹਰਿਆਣਾ ਤੇ ਚੰਡੀਗੜ੍ਹ ਵਿਚ ਹੋਵੇਗੀ। ਜਿਸ ਵਿਚ ਕਿ ਮੇਰੀ ਸਲੈਕਸ਼ਨ ਹੋ ਗਈ ਹੈ। ਮੈਂ ਅਪਣਾ ਸਾਰਾ ਖਰਚਾ ਆਪ ਹੀ ਕਰਦਾ ਹਾਂ। ਮੇਰੀ ਸਰਕਾਰ ਵੱਲੋਂ ਜਾਂ ਕਿਸੀ ਵੀ ਹੋਰ ਅਦਾਰੇ ਵੱਲੋਂ ਮੇਰੀ ਕੋਈ ਮਦਦ ਨਹੀਂ ਹੋ ਰਹੀ। ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੇਰੀ ਲੋੜੀਂਦੀ ਮਦਦ ਕੀਤੀ ਜਾਵੇ ਤਾਂ ਜੋ ਮੈਂ ਅਪਣੇ ਖੇਡ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਾਂ ਤੇ ਭਾਰਤ ਲਈ ਮੈਡਲ ਜਿੱਤਾਂ। ਮੈਂ ਆਪਣੀ ਮਿਹਨਤ ਸਦਕਾ ਬਹੁਤ ਜਲਦ ਭਾਰਤ ਟੀਮ ਦਾ ਹਿਸਾ ਬਣਾਂਗਾ ਤੇ ਆਪਣੇ ਮਾਤਾ ਪਿਤਾ ਤੇ ਆਪਣੇ ਜਿਲ੍ਹੇ ਦਾ ਨਾਮ ਰੌਸ਼ਨ ਕਰਾਂਗਾ।

ਸੁਖਦੇਵ ਸਿੰਘ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁਹਰੰਗੀ ਹੈ ਮੇਰਾ ਮੋਲਾ
Next articleਸਿੱਖਿਆ ਖੇਤਰ ਦੀ ਮਹਾਨ ਸ਼ਖ਼ਸੀਅਤ : ਮੈਡਮ ਰਜਨੀ