ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੀ ਸੋਚ ਨੂੰ ਸਿੱਜਦਾ ਕਰੀਏ

ਸੰਤ ਰਾਮਾਨੰਦ ਜੀ ਦੇ ਆਗਮਨ ਦਿਵਸ ‘ਤੇ ਵਿਸ਼ੇਸ਼

ਸਮਾਜ ਵੀਕਲੀ ਯੂ ਕੇ- 

ਸੰਸਾਰ ਅੰਦਰ ਕੁਝ ਅਜਿਹੀਆਂ ਸ਼ਖਸ਼ੀਅਤਾਂ ਪੈਦਾ ਹੁੰਦੀਆਂ ਹਨ , ਜਿਹੜੀਆਂ ਆਪਣੇ ਕੌਮ ਅਤੇ ਸਮਾਜ ਲਈ ਪਰਉਪਕਾਰੀ ਕੰਮਾਂ ਸਦਕਾ ਰਹਿੰਦੀ ਦੁਨੀਆਂ ਤੱਕ ਆਪਣੀ ਛਾਪ ਛੱਡ ਜਾਂਦੀਆਂ ਹਨ ਪ੍ਰੰਤੂ ਸੰਤ ਜਨ ਕੁੱਲ ਮਨੁੱਖਤਾ ਲਈ ਇਕ ਚਾਨਣ ਮੁਨਾਰੇ ਦੀ ਤਰ੍ਹਾਂ ਕੰਮ ਕਰਦੇ ਹੋਏ ਆਪਣੀਆਂ ਕਿਰਨਾਂ ਸਮਾਜ ‘ਤੇ ਵਿਖੇਰਦੇ ਹਨ, ਜੋ ਪ੍ਰੇਰਨਾਦਾਇਕ ਹੁੰਦੀਆਂ ਹਨ। ਬਾਰਡਰਾਂ ਦੀਆਂ ਸੀਮਤ ਲਕੀਰਾਂ, ਰੰਗਾਂ, ਨਸਲਾਂ, ਮਜ਼ਬਾਂ ਦੀਆਂ ਕੁਝ ਕਹਾਣੀਆਂ ਉਹਨਾਂ ਲਈ ਕੋਈ ਅਰਥ ਨਹੀਂ ਰੱਖਦੀਆਂ ਸਗੋਂ ਸੰਤ ਜਨ ਬੋਹੜ ਦੀ ਛਾਂ ਵਾਂਗੂੰ ਹੁੰਦੇ ਹਨ ,ਜਿਹੜੇ ਪਾਪਾਂ ਰੂਪੀ ਗਰਮੀ ਨਾਲ ਤੱਪਦੀ ਮਨੁੱਖਤਾ ਨੂੰ ਪੱਛਮ ਦੀਆਂ ਠੰਡੀਆਂ ਠਾਰ ਪੌਣਾਂ ਬਣ ਕੇ ਠਾਰਦੇ ਹਨ।

ਅਜਿਹੀ ਇੱਕ ਕ੍ਰਾਂਤੀਕਾਰੀ ਜੋਤ 02 ਫਰਵਰੀ 1952 ਨੂੰ, ਸਤਿਕਾਰਯੋਗ ਪਿਤਾ ਸ੍ਰੀ ਮਹਿੰਗਾ ਰਾਮ ਜੀ, ਸਤਿਕਾਰਯੋਗ ਮਾਤਾ ਜੀਤ ਕੌਰ ਜੀ ਦੇ ਗ੍ਰਹਿ ਰਮਦਾਸਪੁਰ ,ਅਲਾਵਲਪੁਰ ਜਲੰਧਰ ਵਿਚ ਜਨਮੀ। ਜਿਸ ਰੱਬੀ ਜੋਤ ਦਾ ਨਾਂ ਮਾਤਾ -ਪਿਤਾ ਨੇ ‘ਰਾਮਾ ਨੰਦ’ ਰੱਖਿਆ। ਘਰ ਵਿੱਚ ਗੁਰਬਤ ਸੀ। ਪਰ ਮਾਪਿਆਂ ਦਾ ਸੁਭਾਅ ਸੇਵਾ ਭਾਵਨਾ ਵਾਲਾ ਸੀ। ਜਿਸ ਕਰਕੇ ਉਹ ਸੰਤ ਸਰਵਣ ਦਾਸ ਜੀ ਡੇਰਾ ਸੱਚਖੰਡ ਬੱਲਾਂ ਦੀ ਕੁਟੀਆ ਵਿੱਚ ਜਾਇਆ ਕਰਦੇ ਸਨ। ਉਥੋਂ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਸਨ। ਮਾਪਿਆਂ ਨੇ ਕਦੀ ਸੁਪਨਾ ਵੀ ਨਹੀਂ ਲਿਆ ਹੋਵੇਗਾ ਕਿ ਸਾਡਾ ਬੱਚਾ ਵੱਡਾ ਹੋ ਕੇ ਇੱਕ “ਸੰਤ ” ਬਣੇਗਾ, ਤੇ ਬਹੁਜਨ ਸਮਾਜ ਤੇ ਲੋੜਵੰਦਾਂ ਦੀ ਮੱਦਦ ਕਰੇਗਾ। ਸੱਚਮੁੱਚ ਇੱਕ ਅਜਿਹਾ ਸੁਨਹਿਰੀ ਮੌਕਾ ਆਇਆ। ਰਾਮਾਨੰਦ ਜੀ,ਨੇ ਦੋਆਬਾ ਕਾਲਜ ਤੋਂ ਉੱਚ ਵਿੱਦਿਆ ਪ੍ਰਾਪਤ ਕਰ ਲਈ। ਘਰ ਦਾ ਕੁਝ ਮਾਹੌਲ ਸਾਧੂ ਸੰਤਾਂ ਦਾ ਸੇਵਾ ਭਾਵਨਾ ਦਾ ਹੋਣ ਕਰਕੇ ਮਹਾਂਪੁਰਸ਼ਾਂ ‘ਤੇ ਉਸ ਦਾ ਪ੍ਰਭਾਵ ਪੈਣਾ ਲਾਜ਼ਮੀ ਸੀ। ਉਹ ਵੀ ਕਈ ਵਾਰੀ ਆਪਣੇ ਮਾਪਿਆਂ ਨਾਲ ਡੇਰਾ ਸੱਚਖੰਡ ਬੱਲਾਂ ਆਇਆ ਕਰਦੇ ਸਨ ਅਤੇ ਸੰਗਤਾਂ ਦੀ ਸੇਵਾ ਵਿੱਚ ਆਪਣਾ ਸਮਾਂ ਬਿਤਾਉਂਦੇ ਸਨ। ਹੁਣ ਉਹਨਾਂ ਦਾ ਮਨ ਘਰ ਨਹੀਂ ਲੱਗਦਾ ਸੀ। ਉਹ ਚੁੱਪ- ਚੁੱਪ ਤੇ ਉਦਾਸ ਰਹਿਣ ਲੱਗੇ। ਮਾਤਾ ਪਿਤਾ ਨੂੰ ਚਿੰਤਾ ਹੋਈ ਉਹਨਾਂ ਡੇਰੇ ਆ ਕੇ ਵੱਡੇ ਮਹਾਂਪੁਰਸ਼ਾਂ ਨਾਲ ਇਸ ਸਬੰਧੀ ਗੱਲ ਕੀਤੀ। ਸੰਤ ਸਰਵਣ ਦਾਸ ਜੀ ਨੇ ਸ੍ਰੀ ਮਹਿੰਗਾ ਜੀ ਤੇ ਮਾਤਾ ਜੀਤ ਕੌਰ ਨੂੰ ਕਿਹਾ ਕਿ ਆਪਣੇ ਪੁੱਤਰ ਨੂੰ ਡੇਰੇ ਲੈ ਕੇ ਆਓ। ਸਭ ਠੀਕ ਹੋ ਜਾਏਗਾ। ਬੱਸ ਸੰਤਾਂ ਦਾ ਤਾਂ ਇਸ਼ਾਰਾ ਹੀ ਹੁੰਦਾ ਹੈ, ਮਾਪੇ ਆਪਣੇ ਬੱਚੇ ਨੂੰ ਨਾਲ ਲੈ ਕੇ ਡੇਰੇ ਪਹੁੰਚੇ। ਵੱਡੇ ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਲਿਆ। ਸੰਤ ਹਰੀਦਾਸ ਮਹਾਰਾਜ ਜੀ ਤੋਂ ਆਪ ਜੀ ਨੂੰ ਨਾਮ ਦੀ ਬਖਸ਼ਿਸ਼ ਹੋ ਗਈ ਤੇ ਸੰਤ ਗਰੀਬ ਦਾਸ ਮਹਾਰਾਜ ਜੀ ਨੇ ਆਪ ਜੀ ਨੂੰ ਭੇਖ ਦੀ ਦਾਤ ਬਖਸ਼ ਕੇ “ਸੰਤ ” ਬਣਾ ਦਿੱਤਾ। ਬੱਸ ਫਿਰ ਕੀ ਸੀ? ਸੰਤ ਰਾਮਾਨੰਦ ਜੀ ਨੇ ਹੁਣ ਸਾਰਾ ਸਮਾਂ ਡੇਰੇ ਸੰਗਤਾਂ ਦੀ ਸੇਵਾ ਵਿੱਚ ਲਾਉਣਾ ਸ਼ੁਰੂ ਕੀਤਾ। ਸੰਤ ਸਰਵਣ ਦਾਸ ਇੱਕ ਅਜਿਹੇ ਮਹਾਂਪੁਰਸ਼ ਸਨ, ਜਿਨਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਵਿੱਚ ਜਨਮ ਸਥੱਲ ਸੀਰ ਗੋਵਰਧਨਪੁਰ, ਕਾਂਸ਼ੀ ਬਨਾਰਸ ਦੀ ਧਰਤੀ ਤੇ ਸੰਤ ਹਰੀ ਦਾਸ ਜੀ ਮਹਾਰਾਜ ਤੋਂ ਨੀਂਹ ਪੱਥਰ ਰੱਖਵਾਇਆ। ਸੰਤ ਹਰੀ ਦਾਸ ਜੀ ਮਹਾਰਾਜ ਜੀ ਤੋਂ ਮੰਦਰ ਦੀ ਉਸਾਰੀ ਵੀ ਕਰਵਾਈ। ਸੰਤ ਹਰੀ ਦਾਸ ਤੋਂ ਬਾਅਦ ਡੇਰੇ ਦੀ ਵਾਂਗਡੋਰ ਸੰਤ ਗਰੀਬ ਦਾਸ ਜੀ ਮਹਾਰਾਜ ਜੀ ਨੇ ਸੰਭਾਲੀ। ਸੰਤ ਸਰਵਣ ਦਾਸ ਜੀ ਅਤੇ ਸੰਤ ਹਰੀ ਦਾਸ ਜੀ ਮਹਾਰਾਜ ਜੀ ਦੇ ਹੁਕਮਾਂ ਤੇ ਕਦਮਾਂ ‘ਤੇ ਚੱਲਦੇ ਹੋਏ ਗੁਰੂ ਰਵਿਦਾਸ ਮੰਦਰ ਕਾਂਸ਼ੀ, ਬਨਾਰਸ ਦੀ ਉਸਾਰੀ ਕੀਤੀ। ਸੋਨੇ ਦੇ ਕਲਸ਼ ਵੀ ਚੜਾਏ ਗਏ। ਆਪ ਹਮੇਸ਼ਾ ਹੀ ਸੰਤ ਗਰੀਬ ਦਾਸ ਮਹਾਰਾਜ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਸਨ। ਸੰਤ ਗਰੀਬ ਦਾਸ ਮਹਾਰਾਜ ਜੀ ਨੇ ਸੰਤ ਸਰਵਣ ਦਾਸ ਜੀ ਮਹਾਰਾਜ ਜੀ ਦੀ ਯਾਦ ਵਿੱਚ ਅੱਡਾ ਕਠਾਰ, ਆਦਮਪੁਰ ਵਿਖੇ ਹਸਪਤਾਲ ਬਣਾਇਆ। ਜਿੱਥੋਂ ਅੱਜ ਲੱਖਾਂ ਗਰੀਬ ਦਵਾਈ ਲੈ ਕੇ ਸਿਹਤਯਾਬ ਹੋਏ ਹਨ। ਸੰਤ ਹਰੀ ਦਾਸ ਜੀ ਮਹਾਰਾਜ ਜੀ ਦੀ ਯਾਦ ਵਿੱਚ ਡੇਰੇ ਵਿਖੇ ਇੱਕ ਸਤਿਸੰਗ ਹਾਲ ਬਣਾਇਆ। ਜਿੱਥੇ ਸਮਾਗਮ ਹੁੰਦੇ ਸਨ। ਕੌਮ ਦੀ ਆਵਾਜ਼ ਬੁਲੰਦ ਕਰਨ ਲਈ ਬੇਗਮਪੁਰਾ ਹਫਤਾਵਾਰੀ ਪੇਪਰ ਸ਼ੁਰੂ ਕਰਵਾਇਆ। ਜੋ ਅੱਜ ਲੱਖਾਂ ਨਵੇਂ ਲੇਖਕਾਂ, ਵਿਦਵਾਨਾਂ, ਸੂਝਵਾਨਾਂ, ਬੁੱਧੀਜੀਵੀਆਂ, ਕੌਮ ਦੇ ਹਿਤੈਸ਼ੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ।ਸੰਤ ਰਾਮਾਨੰਦ ਜੀ ਨੂੰ ਸੰਤ ਗਰੀਬ ਦਾਸ ਜੀ ਦਾ ਅਕਸਰ ਵਜ਼ੀਰ ਕਿਹਾ ਜਾਂਦਾ। ਕਿਉਂਕਿ ਆਪ ਮਹਾਂਪੁਰਸ਼ਾਂ ਦੇ ਹਰ ਹੁਕਮ ਦੀ ਪਾਲਣਾ ਕਰਦੇ ਅਤੇ ਡੇਰੇ ਨੂੰ ਵਿਕਾਸ ਵੱਲ ਲਿਜਾਣ ਲਈ ਨਵੀਆਂ ਨਵੀਆਂ ਵਿਊਂਤਾਂ ਬਣਾਉਂਦੇ ਅਤੇ ਉਸ ਨੂੰ ਕਾਮਯਾਬ ਵੀ ਕਰਦੇ। ਇਸੇ ਲਈ ਆਪ ਜੀ ਨੂੰ ਡੇਰੇ ਦੇ “ਕੁਸ਼ਲ ਪ੍ਰਬੰਧਕ ” ਵਜੋਂ ਵੀ ਜਾਣਿਆ ਜਾਂਦਾ। ਆਪ ਕਈ ਵਾਰੀ ਸੰਤ ਗਰੀਬ ਦਾਸ ਮਹਾਰਾਜ ਜੀ ਨਾਲ ਵਿਦੇਸ਼ ਵੀ ਗਏ। ਉਥੇ ਮਹਾਂਪੁਰਸ਼ਾਂ ਨੇ ਕਈ ਗੁਰੂ ਘਰਾਂ ਦੇ ਨੀਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖੇ। ਸੰਤ ਗਰੀਬ ਦਾਸ ਮਹਾਰਾਜ ਜੀ ਦੀ ਸੰਸਾਰਕ ਯਾਤਰਾ ਤੋਂ ਬਾਅਦ ਸੰਤ ਨਿਰੰਜਣ ਦਾਸ ਮਹਾਰਾਜ ਜੀ ਨੇ ਡੇਰੇ ਦੀ ਵਾਂਗਡੋਰ ਨੂੰ ਸੰਭਾਲਿਆ। ਇਹਨਾਂ ਮਹਾਂਪੁਰਸ਼ਾਂ ਦੇ ਨਾਲ ਵੀ ਆਪ ਜੀ ਨੇ ਸੇਵਾਵਾਂ ਨਿਭਾਈਆਂ। ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਵੀ ਆਪਣੇ ਗੁਰੂਆਂ ਦੇ ਦੱਸੇ ਹੋਏ ਉਪਦੇਸ਼ਾਂ ‘ਤੇ ਚੱਲਦਿਆਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਚਾਰ ਪ੍ਰਸਾਰ ਵਿੱਚ ਕੋਈ ਕਸਰ ਨਹੀਂ ਛੱਡੀ। ਸਗੋਂ ਇਸ ਨੂੰ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਣ ਲਈ ਅਨੇਕਾਂ ਯਤਨ ਕੀਤੇ ਅਤੇ ਹਮੇਸ਼ਾ ਕਰਦੇ ਰਹਿਣਗੇ। ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਸੰਤ ਸਰਵਣ ਦਾਸ ਮਹਾਰਾਜ ਜੀ ਦੀ ਯਾਦ ਵਿੱਚ ਅੱਖਾਂ ਦਾ ਹਸਪਤਾਲ ਖੋਲ੍ਹਿਆ। ਜਿੱਥੋਂ ਲੱਖਾਂ ਦੀ ਗਿਣਤੀ ਵਿੱਚ ਮਰੀਜ਼ਾਂ ਨੂੰ ਰੋਸ਼ਨੀ ਨਾਲ ਨਵੀਂ ਜ਼ਿੰਦਗੀ ਮਿਲੀ ਹੈ। ਮਰੀਜ਼ ਹਰ ਵਕਤ ਸੰਤਾਂ ਦੇ ਪਰਉਪਕਾਰਾਂ ਦੀ ਗਾਥਾ ਗਾਉਂਦੇ ਹਨ। ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਵਿੱਦਿਆ ਦੇ ਖੇਤਰ ਵਿੱਚ ਹਦੀਆਬਾਦ ਫਗਵਾੜੇ ‘ਚ ਸੀ.ਬੀ. ਐਸ .ਸੀ. ਸਕੂਲ ਖੋਲ੍ਹਿਆ, ਜਿੱਥੋਂ ਗਰੀਬ ਤੇ ਨਿਆਸਰੇ ਵਿਦਿਆਰਥੀ ਇੱਕ ਚੰਗੀ ਵਿੱਦਿਆ ਪ੍ਰਾਪਤ ਕਰਕੇ ਉੱਚ ਅਹੁਦਿਆਂ ‘ਤੇ ਪਹੁੰਚ ਚੁੱਕੇ ਹਨ। ਸ੍ਰੀ ਗੁਰੂ ਰਵਿਦਾਸ ਸਤਿਸੰਗ ਭਵਨ ਡੇਰੇ ਵਿਖੇ ਬਣਾਇਆ, ਜੋ ਏਸ਼ੀਆ ਵਿੱਚੋਂ ਇੱਕ ਨੰਬਰ ਹੈ। ਜਿੱਥੇ ਅੱਜ ਡੇਰੇ ਦੇ ਵੱਡੇ -ਵੱਡੇ ਸਮਾਗਮ ਕੀਤੇ ਜਾਂਦੇ ਹਨ।

ਬੇਗਮਪੁਰਾ ਪੱਤ੍ਰਕਾ ਲਗਾਤਾਰ ਆਪਣੀਆਂ ਸੇਵਾਵਾਂ ਦਿੰਦਾ ਹੋਇਆ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ, ਪ੍ਰਚਾਰ ਤੇ ਪ੍ਰਸਾਰ ਕਰਨ ਵਿੱਚ ਮੋਹਰੀ ਰਿਹਾ ਹੈ। ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਸੀਰ ਗੋਵਰਧਨਪੁਰ, ਕਾਂਸ਼ੀ ਬਨਾਰਸ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜਨਮ ਸਥਲ ‘ਤੇ ਸੱਤ ਮੰਜ਼ਿਲਾਂ ਮੰਦਰ ਨੂੰ ਸੋਨੇ ਵਿੱਚ ਮੜਾਉਣਾ ਸ਼ੁਰੂ ਕੀਤਾ ਹੋਇਆ ਹੈ। ਸੋਨੇ ਦੀ ਪਾਲਕੀ ਦਾ ਸ਼ੁਭ ਉਦਘਾਟਨ ਮਹਾਂਪੁਰਸ਼ਾਂ ਨੇ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਤੋਂ ਕਰਵਾਇਆ। ਇਸ ਤੋਂ ਉਪਰੰਤ ਮੰਦਰ ‘ਤੇ ਸੋਨੇ ਦੇ ਕਲਸ਼ ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਕਰ ਕਮਲਾਂ ਨਾਲ ਚੜ੍ਹਵਾਏ। ਕਾਂਸ਼ੀ ਯੂਨੀਵਰਸਿਟੀ ਦੇ ਸਾਹਮਣੇ ਇੱਕ ਵੱਡਾ ਗੇਟ ਬਣਾਇਆ, ਜਿਸ ਦਾ ਉਦਘਾਟਨ ਦੇਸ਼ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਆਰ. ਕੇ. ਨਰਾਇਣਨ , ਸਾਹਿਬ ਕਾਂਸ਼ੀ ਰਾਮ ਜੀ ਦੀ ਮੌਜੂਦਗੀ ਵਿੱਚ ਕਰਵਾਇਆ। ਜੋ ਇਕ ਇਤਿਹਾਸਿਕ ਕੰਮ ਹੈ।

ਸੰਤ ਰਾਮਾਨੰਦ ਜੀ ਦੀ ਸੋਚ ਸੀ ਕਿ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਨੂੰ ਸੋਨੇ ਵਿੱਚ ਮੜਿਆ ਗਿਆ ਹੈ। ਸਾਡੀ ਕੌਮ ਦਾ ਸ੍ਰੀ ਗੁਰੂ ਰਵਿਦਾਸ ਜਨਮ ਸਥੱਲ,ਤੀਰਥ ਅਸਥਾਨ ਕਾਂਸ਼ੀ ਵੀ ਸੋਨੇ ਵਿੱਚ ਮੜਿਆ ਜਾਣਾ ਚਾਹੀਦਾ ਹੈ। ਆਪ ਹਮੇਸ਼ਾ ਸ਼ਬਦਾਂ ਵਿੱਚ ਕਿਹਾ ਕਰਦੇ ਸਨ ਕਿ “ਚਲੋ ਬਨਾਰਸ ਸਾਧ ਸੰਗਤ ਜੀ ,ਇੱਕ ਇਤਿਹਾਸ ਰਚਾਉਣਾ ਹੈ ।ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਸੋਨੇ ਵਿੱਚ ਮੜਾਉਣਾ ਹੈ ।”

ਅਜਿਹਾ ਕਾਰਜ ਕਹਿਣਾ ਬੜਾ ਸੌਖਾ ਹੁੰਦਾ ਹੈ ਪਰ ਇਸ ਨੂੰ ਕਰਨਾ ਬਹੁਤ ਔਖਾ ਹੈ ਪਰ ਸੰਤਾਂ ਦੇ ਸਦਕੇ ਜਾਈਏ ਉਹਨਾਂ ਇਹ ਅਸੰਭਵ ਕੰਮ ਵੀ ਸੰਗਤਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਨੂੰ ਵੀ ਨੇਪੜੇ ਚਾੜਨ ਦਾ ਟੀਚਾ ਮਿਥਿਆ ਹੋਇਆ। ਸ਼ਾਇਦ ਇਸੇ ਕਰਕੇ ਹੀ ਸੰਤ ਰਾਮਾਨੰਦ ਦੂਸਰਿਆਂ ਦੀਆਂ ਅੱਖਾਂ ਵਿੱਚ ਰੜਕਦੇ ਹੋਣਗੇ। ਉਹਨਾਂ ਜ਼ਾਲਮਾਂ ਨੇ ਵਿਆਨਾਂ ਦੀ ਧਰਤੀ ‘ਤੇ ਸੰਤ ਰਾਮਾਨੰਦ ਜੀ ਦਾ ਕਾਤਲਾਨਾ ਹਮਲਾ ਕਰਕੇ ਉਹਨਾਂ ਨੂੰ ਸਦਾ ਲਈ ਸ਼ਹੀਦ ਕਰ ਦਿੱਤਾ। ਪਰ ਭਾਵੇਂ ਸਰੀਰਕ ਤੌਰ ‘ਤੇ ਸੰਤ ਰਾਮਾਨੰਦ ਜੀ ਸਾਡੇ ਵਿਚਕਾਰ ਨਹੀਂ ਹਨ, ਪ੍ਰੰਤੂ ਉਹਨਾਂ ਦੀ ਵਿਚਾਰਧਾਰਾ ਹਮੇਸ਼ਾ ਹੀ ਸਾਡੇ ਦਿਲਾਂ ਵਿੱਚ ਗੂੰਜਦੀ ਰਹੇਗੀ। ਉਹ ਸਾਨੂੰ ਹਮੇਸ਼ਾ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ, ਸਿੱਖਿਆਵਾਂ, ਬੇਗਮਪੁਰੇ ਦੀ ਸੋਚ, ਬਹੁਜਨ ਰਹਿਬਰਾਂ ਦਾ ਇਤਿਹਾਸ ਨੂੰ ਖੋਜਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਸੰਤ ਰਾਮਾਨੰਦ ਜੀ ਦੇ ਜਾਣ ਤੋਂ ਬਾਅਦ ਰਵਿਦਾਸੀਆ ਧਰਮ ਅਤੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਹੋਂਦ ਵਿੱਚ ਆਈਆਂ। ਇਸ ਪਵਿੱਤਰ ਗ੍ਰੰਥ ਤੋਂ ਸਾਨੂੰ ਸੇਧ ਲੈਣ ਦੀ ਸਭ ਤੋਂ ਵੱਡੀ ਲੋੜ ਹੈ। ਇਸ ਨੂੰ ਪੜਨਾ ਹੀ ਸਭ ਕੁਝ ਨਹੀਂ, ਸਗੋਂ ਇਸ ਦੀ ਇੱਕ -ਇੱਕ ਤੁੱਕ ‘ਤੇ ਅਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੇ ਗੁਰੂਆਂ ਰਹਿਬਰਾਂ ਦੀ ਸੋਚ ‘ਤੇ ਪਹਿਰਾ ਦੇ ਸਕਾਂਗੇ ਤੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਇਤਿਹਾਸ ਪੜਨ ਲਈ ਦੇ ਕੇ ਜਾਵਾਂਗੇ। ਆਓ ਅੱਜ ਆਪਾਂ ਸਾਰੇ ਰਲ ਮਿਲ ਕੇ ਸ਼ਹਿਦ ਦੀਆਂ ਮੱਖੀਆਂ ਵਾਂਗ ਇਕੱਠੇ ਹੋਈਏ। ਆਪਣੇ ਸਵਾਰਥਾਂ ਨੂੰ ਤਿਆਗਦੇ ਹੋਏ ਏਕੇ ਦਾ ਸਬੂਤ ਦਿੰਦੇ ਹੋਏ ਆਪਣੇ ਰਹਿਬਰਾਂ ਸਤਿਗੁਰ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਨੂੰ ਘਰ -ਘਰ ਪਹੁੰਚਾਉਣ ਲਈ ਉਪਰਾਲੇ ਕਰੀਏ। ਸੰਤ ਰਾਮਾਨੰਦ ਜੀ ਦੀ ਸੋਚ ਨੂੰ ਸਿਜਦਾ ਕਰੀਏ।

-ਪ੍ਰਿੰਸੀਪਲ ਪਰਮਜੀਤ ਜੱਸਲ
ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ,
ਜਲੰਧਰ 98721 -80653 .

Previous articleInternational Buddhist Monks Visit Sanghakaya Foundation
Next articleਫਗਵਾੜਾ ਵਿੱਚ ਸ੍ਰੀ ਤੇਜਪਾਲ ਬਸਰਾ ਬਸਪਾ ਦੇ ਸੀਨੀਅਰ ਡਿਪਟੀ ਮੇਅਰ ਬਣੇ