(ਸਮਾਜ ਵੀਕਲੀ)
ਕਣਕਾਂ ਪੱਕੀਆਂ ਤੇ ਵੇਚ ਹੋਏ ਵਿਹਲੇ਼,
ਕਿ ਧੂੜਾਂ ਪੁੱਟਦੇ ਜਾਣ ਮੇਲੇ ਨੂੰ।
ਕਰਦੇ ਨਮਨ ਕਲਗੀਆਂ ਵਾਲੇ,
ਆਪੇ ਗੁਰੂ ਤੇ ਆਪੇ ਚੇਲੇ ਨੂੰ।
ਕਣਕਾਂ ਪੱਕੀਆਂ…..
ਜਿੱਥੇ ਸਾਜਿਆਂ ਸੀ ਵਾਜਾਂ ਵਾਲ਼ੇ ਖ਼ਾਲਸਾ,
ਓਸ ਥਾਂ ਜਾ ਕੇ ਸੀਸ ਝੁੱਕਦੇ।
ਦੁੱਖ,ਕਸ਼ਟ,ਕਲੇਸ਼ ਸਾਰੇ ਸਾਲ ਦੇ,
ਇੱਕੋ ਵਾਰੀ ਏਥੇ ਜਾ ਕੇ ਮੁੱਕਦੇ।
ਇੱਥੇ ਰੌਣਕਾਂ ਨੇ ਲੱਗਦੀਆਂ ਚਾਰੇ ਪਾਸੇ,
ਵੇਖੀਂ ਗਤਕੇ ਦੇ ਹੁੰਦੇ ਖੇਲੇ ਨੂੰ।
ਕਣਕਾਂ ਪੱਕੀਆਂ…..
ਚਿੜੀਆਂ ਦੇ ਨਾਲ਼ ਬਾਜ਼ ਲੜਾ ਕੇ,
ਸਤਿਗੁਰਾਂ ਸਾਜਿਆ ਸੀ ਖ਼ਾਲਸਾ।
ਉਹਨਾਂ ਪੱਲੇ ਕੁੱਝ ਨਾ ਬੰਨਿਆਂ,
ਨਾ ਰਾਜ-ਪਾਟ ਦੀ ਰੱਖੀ ਲਾਲਸਾ।
ਓਥੇ ਆਪੇ ਹੀ ਸਿਰ ਝੁੱਕ ਜਾਂਦਾ,
ਕਰਕੇ ਯਾਦ ਤਸ਼ੱਦਦ ਝੇਲੇ ਨੂੰ।
ਕਣਕਾਂ ਪੱਕੀਆਂ……
ਇਹ ਆਨੰਦਪੁਰ ਧਰਤੀ ਭਾਗਾਂ ਵਾਲੀ,
ਜਿੱਥੇ ਸਤਗੁਰਾਂ ਵਿਸਾਖੀ ਮਨਾਈ।
ਕਰਕੇ ਆਵਾਜ਼ ਬੁਲੰਦ ਉਹਨਾਂ,
ਇੱਕ ਵੱਖਰੀ ਫੌਜ਼ ਬਣਾਈ।
ਮਾਣ ਨਿਮਾਣਾ ਹੈ ਓਹ ਫ਼ੇਰ ਵੀ,
ਉਹਨਾਂ ਘਰ ਬਣਾਇਆ ਜੰਗਲ ਬੇਲੇ ਨੂੰ।
ਕਣਕਾਂ ਪੱਕੀਆਂ ਤੇ ਵੇਚ ਹੋਏ ਵਿਹਲੇ,
ਕਿ ਧੂੜਾਂ ਪੁੱਟਦੇ ਜਾਣ ਮੇਲੇ ਨੂੰ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly