ਸਰਕਾਰੇ ਨੀ ਤੇਰੇ ਪੁੱਠੇ ਕਾਰੇ

ਡਾਕਟਰ ਸਾਹਿਬ ਸਿੰਘ
  (ਸਮਾਜ ਵੀਕਲੀ)   ਕੁੱਝ ਮਹੀਨਿਆਂ ਦੀ ਬੱਚੀ ਨੇ ਸਰਕਾਰੇ ਤੇਰੀ ਮਿਹਰਬਾਨੀ ਨਾਲ ਜੇਲ੍ਹ ਦੇਖ ਲਈ…ਤੈਨੂੰ ਸ਼ਰਮ ਨਾ ਆਈ ਸਰਕਾਰੇ!..ਅੱਸੀ ਸਾਲ ਦੀ ਬਜ਼ੁਰਗ ਔਰਤ ਨੂੰ ਘੜੀਸਿਆ ਗਿਆ ਤੇ ਧੱਕੇ ਨਾਲ ਗੱਡੀ ਚ ਬਹਾ ਕੇ ਜੇਲ੍ਹ ਡੱਕਿਆ ਗਿਆ…ਸਰਕਾਰੇ ਉਹ ਮਾਂ ਫੇਰ ਵੀ ਤੈਨੂੰ ਪੁੱਤ ਪੁੱਤ ਕਹਿੰਦੀ ਆ…ਬੇਬੇ ਕਹਿੰਦੀ ਆ,”ਪੁੱਤ ਐਂ ਨ੍ਹੀ ਕਰੀਦੈ!”..ਪਰ ਤੂੰ ਐਂ ਕਰ’ਤਾ…ਕਾਹਤੋਂ!…ਤੇਰਾਂ ਮਹੀਨੇ ਦੀ ਬੱਚੀ ਤੇ ਅੱਸੀ ਸਾਲ ਦੀ ਬੇਬੇ ਤੋਂ ਵੀ ਭੈਅ ਆਉਣ ਲੱਗ ਗਿਆ!..ਸਰਕਾਰ ਐਨੀ ਲਿੱਸੀ ਕਿਉਂ ਹੋ ਗਈ!…ਐਸੀ ਕੀ ਹਨੇਰੀ ਆ ਗਈ ਕਿ ਪੁਲਿਸ ਦੀ ਵਰਦੀ ਪਾ ਕੇ ਆਮ ਘਰਾਂ ਦੀਆਂ ਕੁੜੀਆਂ ਜੋ ਰੁਜ਼ਗਾਰ ਲੱਗੀਆਂ , ਤੁਸੀਂ ਉਹਨਾਂ ਕੋਲੋਂ ਵੀ ਮਾਵਾਂ ਭੈਣਾਂ ਕੁਟਵਾ ਦਿੱਤੀਆਂ !..ਹਰਿੰਦਰ ਬਿੰਦੂ ਤੇ ਪਰਮਜੀਤ ਪਿੱਥੋ ਤਾਂ ਲੋਕ ਘੋਲ ਦੀਆਂ ਸ਼ੇਰਨੀਆਂ ਨੇ, ਥੋਡੇ ਤੋਂ ਡੱਕੀਆਂ ਨਹੀਂ ਜਾਣੀਆਂ…ਪਰ ਅੱਸੀ ਸਾਲ ਦੀ ਬੇਬੇ!..ਤੇਰਾਂ ਮਹੀਨੇ ਦੀ ਬੱਚੀ!
              ਸਰਕਾਰੇ,ਤੇਰੇ ਚਮਚੇ ਕਹਿੰਦੇ ਨੇ ਕਿ “ਬੁੱਢੀਆਂ ਔਰਤਾਂ ਨੂੰ ਜਾਣ ਬੁੱਝ ਕੇ ਅੱਗੇ ਕਰ ਦਿੰਦੇ ਆ!”…ਯਾਦਦਾਸ਼ਤ ਤਾਂ ਠੀਕ ਆ ਨਾ…ਐਹੋ ਜਿਹੀ ਟਿੱਪਣੀ ਦਿੱਲੀ ਮੋਰਚੇ ਦੌਰਾਨ ਵੀ ਹੋਈ ਸੀ ਤੇ ਅੰਜਾਮ ਏਅਰਪੋਰਟ ‘ਤੇ ਪਈ ਗੂੰਜ ਦੇ ਰੂਪ ਵਿੱਚ ਸਾਹਮਣੇ ਆਇਆ ਸੀ!
                ਵਿਦਿਆਰਥੀਆਂ ਨੂੰ ਤੁਸੀਂ ਕੁੱਟ ਲਿਆ…ਅਧਿਆਪਕ ਕੁੱਟ ਲਏ..ਕਿਸਾਨਾਂ ‘ਤੇ ਲਾਠੀਆਂ ਵਰ੍ਹਾਈਆਂ…ਮਜ਼ਦੂਰਾਂ ਨਾਲ ਧੱਕਾ ਹੋਇਆ…ਧੀਆਂ ਨ੍ਹੀ ਬਖਸ਼ੀਆਂ,ਪੁੱਤ ਨ੍ਹੀ ਬਖਸ਼ੇ…ਬਾਪੂਆਂ ਦੀਆਂ ਦਾੜ੍ਹੀਆਂ ਨਾ ਛੱਡੀਆਂ..ਹੋਰ ਜ਼ੁਲਮ ਕਿਹਨੂੰ ਕਹਿੰਦੇ ਆ ਸਰਕਾਰੇ…ਲੋਕ ਲਾਹਨਤਾਂ ਨਾ ਪਾਉਣ ਤਾਂ ਕੀ ਕਰਨ!
                 ਕੁਝ ਮੀਡੀਆ ਵਾਲੇ ਕਹਿੰਦੇ ਆ, ਧਰਨੇ ਮੁਜ਼ਾਹਰਿਆਂ ਕਰ ਕੇ ਪੰਜਾਬ ਦਾ ਵਿਕਾਸ ਰੁਕਿਆ ਹੋਇਆ…ਸਾਨੂੰ ਕਿਤੇ ਵਿਕਾਸ ਦੀ ਕੋਈ ਤਸਵੀਰ ਈ ਦਿਖਾ ਦਿਓ, ਅਸੀਂ ਰੁਕਵਾ ਦਿਆਂਗੇ ਧਰਨੇ!…ਲੈ ਸਰਕਾਰੇ ਤੇਰੇ ਨਾਲ ਇੱਕ ਵੱਡਾ ਵਾਅਦਾ!..ਮੈਂ ਗਰੰਟੀ ਲੈਨਾ,ਕੋਈ ਧਰਨਾ ਨਹੀਂ ਹੋਏਗਾ ਪੰਜਾਬ ਸਰਕਾਰ ਖਿਲਾਫ!..ਸਿਰਫ ਇੱਕ ਬੇਨਤੀ ਮੰਨ ਲਵੇ ਸਾਡਾ ਮੁੱਖ ਮੰਤਰੀ!
                      ਪੰਜਾਬ ਦੇ ਪੱਚੀ ਸਕੂਲਾਂ ਤੇ ਏਨੇ ਹੀ ਕਾਲਜਾਂ ਵਿੱਚ ਗੇੜਾ ਮਾਰੋ..ਦਿਨ ਬਿਤਾਓ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ…ਗੱਲਾਂ ਕਰੋ ਉਹਨਾਂ ਨਾਲ…ਲਾਮ ਲਸ਼ਕਰ ਲੈ ਕੇ ਨਹੀਂ ਜਾਣਾ, ਨਾ ਦਿੱਲੀ ਆਲ਼ੇ ਨਮੂਨੇ ਨਾਲ ਲੈ ਕੇ ਜਾਣਾ.. ਸਤੌਜ ਪਿੰਡ ਆਲੇ ਘਰ ਜਿਹੜੇ ਪੁਰਾਣੇ ਨੀਲੇ ਪੀਲ਼ੇ ਸੰਗਤਰੀ ਕੁੜਤੇ ਪਜਾਮੇ ਪਏ ਆ, ਉਹ ਪਾ ਕੇ ਜਾਇਓ ਮਾਨ ਸਾਹਿਬ!..ਸਿਰ ‘ਤੇ ਡੱਬੀਆਂ ਆਲ਼ਾ ਪਰਨਾ ਬੰਨ੍ਹ ਕੇ, ਦਿੱਲੀ ਦੁੱਲੀ ਨੇ ਨ੍ਹੀ ਜਿਤਾਇਆ ਤੁਹਾਨੂੰ…ਉਹਨਾਂ ਨੂੰ ਤੁਹਾਡੀ ਲੋੜ ਆ, ਤੁਹਾਨੂੰ ਉਹਨਾਂ ਦੀ ਨਹੀਂ!…ਪਿੰਡਾਂ ਦੇ ਘਰਾਂ ਚ ਦਿਨ ਬਿਤਾਓ,ਮਜ਼ਦੂਰਾਂ ਦੇ ਸਿੰਗਲ ਕਮਰੇ ਆਲੇ ਘਰਾਂ ਚ ਜਾ ਕੇ ਉਹਨਾਂ ਦਾ ਦਰਦ ਮਹਿਸੂਸ ਕਰੋ!…ਪ੍ਰਧਾਨ ਸੇਵਕ ਦੀ ਤਰ੍ਹਾਂ ਰੋਟੀ ਖਾਣ ਜਾਂ ਫੋਟੋ ਖਿੱਚਣ ਦਾ ਪਖੰਡ ਨਾ ਕਰ ਕੇ ਪੰਜਾਬ ਦਾ ਆਪਣਾ ਪੁੱਤ ਬਣ ਕੇ ਜਾਓ!,..ਛੱਡ ਦਿਓ ਦੋ ਕੁ ਮਹੀਨੇ ਲਈ ਕੁਰਸੀ ਚੰਡੀਗੜ੍ਹ ਆਲੀ, ਕਿਤੇ ਨਹੀਂ ਜਾਂਦੀ ਪੰਜ ਸਾਲ ਲਈ!..ਮੁਲਾਜ਼ਮਾਂ ਨਾਲ ਸਮਾਂ ਬਿਤਾਓ…ਸਧਾਰਨ ਕਿਸਾਨਾਂ ਕੋਲ ਜਾਓ..ਕੁਝ ਕਹਿਣ ਲਈ ਨਹੀਂ ,ਸਿਰਫ਼ ਸੁਣਨ ਲਈ ..ਸਭ ਦੀ ਸੁਣ ਕੇ ਇਕ ਐਕਸ਼ਨ ਪਲਾਨ ਤਿਆਰ ਕਰੋ..ਲੋਕ ਸਾਥ ਦੇਣਗੇ …ਗਰੰਟੀ ਹੈ ਕਿ ਪੰਜਾਬ ਸਵਾਗਤ ਕਰੇਗਾ …ਗਲਤੀਆਂ ਮੰਨ ਲਵੋ ,ਦਿੱਲੀ ਦੇ ਧੱਕੇ ਬਾਰੇ ਲੋਕਾਂ ਕੋਲ ਦਿਲ ਹੌਲ਼ਾ ਕਰੋ!
                   ਭਗਵੰਤ ਮਾਨ ਜੀ, ਮੈਂ ਉਸ ਬੇਬੇ ਤੋਂ ਪ੍ਰੇਰਨਾ ਲੈ ਕੇ ਸਤਿਕਾਰ ਨਾਲ ਕਹਿ ਰਿਹਾ ਹਾਂ…ਉਹਨਾਂ ਮਾਵਾਂ ਦਾ ਪੁੱਤ ਬਣ ਕੇ ਸੋਚੋ…ਪੰਜਾਬ ਗ਼ਰਕ ਰਿਹਾ ਹੈ, ਹੋਰ ਗਰਕੇਗਾ!…ਨਾ ਰੁਜ਼ਗਾਰ, ਨਾ ਸਿੱਖਿਆ, ਨਾ ਜਾਨ ਦੀ ਸਲਾਮਤੀ!..ਦਿੱਲੀ ਮਾਡਲ ਵਾਲਿਆਂ ਨੂੰ ਡੱਕਾ ਨ੍ਹੀ ਪਤਾ ਪੰਜਾਬ ਦੇ ਸਮਾਜਿਕ ਸੱਭਿਆਚਾਰਕ ਧਾਰਮਿਕ ਰਹਿਤਲ ਦਾ..ਉਸ ਮਾਡਲ ਦੇ ਸਿਰ ‘ਤੇ ਕਦੇ ਸਿੱਖਿਆ ਕ੍ਰਾਂਤੀ ਤੇ ਕਦੇ ਨਸ਼ਿਆਂ ਖਿਲਾਫ ਪੈਦਲ ਯਾਤਰਾ ਵਰਗੇ ਢਕੌਂਸਲੇ ਬਹੁਤ ਹੋ ਗਏ ਸਰਕਾਰ ਜੀ…ਇਤਿਹਾਸ ਨੇ ਮੌਕਾ ਦਿੱਤਾ ਐ, ਲਾਹ ਮਾਰੋ ਮੋਢਿਆਂ ਤੋਂ ਵਾਧੂ ਦਾ ਬੋਝ, ਪੰਜਾਬ ਅੱਗੇ ਸਿਰ ਝੁਕਾ ਦਿਓ..ਮਾਵਾਂ ਧੀਆਂ ਗੱਭਰੂਆਂ ਬਜ਼ੁਰਗਾਂ ਕੋਲ ਜਾਓ, ਮੁੱਖ ਮੰਤਰੀ ਆਲਾ ਬੋਝ ਕੁਝ ਦੇਰ ਲਈ ਲਾਹ ਕੇ!..
                      ਨਹੀਂ ਤਾਂ ਫਿਰ ਬਹੁਤ ਦੇਰ ਹੋ ਜਾਵੇਗੀ, ਦਿੱਲੀ ਤਾਂ ਬਹੁਤ ਦੂਰ ਐ,ਪੰਜਾਬ ਵੀ ਜਾਂਦਾ ਲੱਗੂ!..ਸਰਕਾਰ ਪੰਜਾਬ ਦੀਆਂ ਅੱਖਾਂ ਚ ਤੈਰਦੇ ਹੰਝੂ ਪੜ੍ਹੇ,ਆਪਣੇ ਹੀ ਲੋਕਾਂ ਨੂੰ ਅੱਖਾਂ ਨਾ ਦਿਖਾਵੇ!…ਤੇਰੀ ਖੈਰ ਹੋਵੇ!
ਬੇਬੇ ਤੇ ਬੱਚੀ ਦੇ ਪੰਜਾਬ ਦਾ ਵਾਸੀ
ਡਾਕਟਰ ਸਾਹਿਬ ਸਿੰਘ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਮਰੇ ਵਿੱਚ ਘਰ
Next articleਮੱਖੀ ,ਮੱਛਰ ,ਕੀੜੇ , ਮਕੌੜੇ ਅਤੇ ਕਾਕਰੋਚ ਭਜਾਉਣ ਦਾ ਨੁਕਤਾ ।