ਯੂਕਰੇਨ-ਰੂਸ ਸੰਘਰਸ਼ ’ਚ ਭਾਰਤ ਨੇ ਸ਼ਾਂਤੀ ਦਾ ਰਾਹ ਚੁਣਿਆ: ਜੈਸ਼ੰਕਰ

ਨਵੀਂ ਦਿੱਲੀ (ਸਮਾਜ ਵੀਕਲੀ):  ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ, ਰੂਸ-ਯੂਕਰੇਨ ਯੁੱਧ ਦੇ ਖ਼ਿਲਾਫ਼ ਹੈ ਕਿਉਂਕਿ ਖ਼ੂਨ-ਖ਼ਰਾਬੇ ਨਾਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਕੋਈ ਰਾਹ ਚੁਣਿਆ ਹੈ ਤਾਂ ਉਹ ਸ਼ਾਂਤੀ ਦਾ ਹੈ ਅਤੇ ਉਹ ਚਾਹੁੰਦੇ ਹਨ ਕਿ ਹਿੰਸਾ ਦਾ ਫ਼ੌਰੀ ਖਾਤਮਾ ਹੋਵੇ। ਯੂਕਰੇਨ ਦੇ ਹਾਲਾਤ ਬਾਰੇ ਲੋਕ ਸਭਾ ’ਚ ਚਰਚਾ ਦਾ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ, ਯੂਕਰੇਨ ਅਤੇ ਰੂਸ ਵਿਚਕਾਰ ਵਾਰਤਾ ਦੇ ਪੱਖ ’ਚ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਜੇਕਰ ਭਾਰਤ ਕੋਈ ਸਹਿਯੋਗ ਕਰ ਸਕਦਾ ਹੈ ਤਾਂ ਉਹ ਇਸ ’ਚ ਯੋਗਦਾਨ ਪਾ ਕੇ ਖੁਸ਼ ਹੋਣਗੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਯੂਕਰੇਨ ਹਾਲਾਤ ਦੇ ਮੱਦੇਨਜ਼ਰ ਭਾਰਤ ਦੇ ਰੁਖ਼ ਨੂੰ ਸਿਆਸੀ ਰੰਗਤ ਦੇਣਾ ਠੀਕ ਨਹੀਂ ਹੈ। ‘ਸਾਰੇ ਮੈਂਬਰ ਇਸ ਗੱਲ ਤੋਂ ਸਹਿਮਤ ਹੋਣਗੇ ਕਿ ਭਾਰਤ ਦੀ ਪਹੁੰਚ ਕੌਮੀ ਕਦਰਾਂ-ਕੀਮਤਾਂ, ਕੌਮੀ ਹਿੱਤ ਅਤੇ ਰਣਨੀਤੀ ’ਤੇ ਆਧਾਰਿਤ ਹੋਣੀ ਚਾਹੀਦੀ ਹੈ।’

ਵਿਦੇਸ਼ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਰਤ ਵੱਲੋਂ ਰੂਸ ਤੋਂ ਕੱਚਾ ਤੇਲ ਸਸਤੇ ਭਾਅ ’ਤੇ ਖ਼ਰੀਦਣ ਦੇ ਸੰਕੇਤ ਦੇਣ ’ਤੇ ਪੱਛਮੀ ਮੁਲਕਾਂ ’ਚ ਰੋਹ ਵਧ ਰਿਹਾ ਹੈ। ਯੂਕਰੇਨੀ ਸ਼ਹਿਰ ਬੂਚਾ ’ਚ ਆਮ ਲੋਕਾਂ ਨੂੰ ਤਸ਼ੱਦਦ ਦੇ ਕੇ ਮਾਰਨ ਦੀਆਂ ਘਟਨਾਵਾਂ ਬਾਰੇ ਜੈਸ਼ੰਕਰ ਨੇ ਕਿਹਾ ਕਿ ਉਹ ਇਨ੍ਹਾਂ ਹੱਤਿਆਵਾਂ ਦੀ ਸਖ਼ਤ ਨਿਖੇਧੀ ਕਰਦੇ ਹਨ ਅਤੇ ਇਹ ਗੰਭੀਰ ਮਾਮਲਾ ਹੈ ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ,‘‘ਅੱਜ ਦੇ ਆਲਮੀ ਹਾਲਾਤ ’ਚ ਸਾਡਾ ਮੰਨਣਾ ਹੈ ਕਿ ਸਾਰੇ ਮੁਲਕਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ ਅਤੇ ਸਾਰੇ ਕੌਮਾਂਤਰੀ ਕਾਨੂੰਨਾਂ ਤੇ ਸਾਰਿਆਂ ਦੀ ਖੇਤਰੀ ਅਖੰਡਤਾ ਤੇ ਖੁਦਮੁਖਤਿਆਰੀ ਦਾ ਸਨਮਾਨ ਕਰਨਾ ਚਾਹੀਦਾ ਹੈ।’’

ਉਨ੍ਹਾਂ ਕਿਹਾ ਕਿ ਭਾਰਤ ਪਹਿਲਾ ਮੁਲਕ ਸੀ ਜਿਸ ਨੇ ਉਥੇ ਫਸੇ ਆਪਣੇ ਨਾਗਰਿਕਾਂ ਨੂੰ ਕੱਢਿਆ ਅਤੇ ਦੂਜੇ ਮੁਲਕਾਂ ਲਈ ਪ੍ਰੇਰਣਾ ਬਣਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਵੀ ਯੂਕਰੇਨ ਅਤੇ ਰੂਸ ਦੇ ਰਾਸ਼ਟਰਪਤੀਆਂ ਨੂੰ ਗੱਲਬਾਤ ਕਰਨ ਲਈ ਕਿਹਾ ਹੈ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਦਿੱਲੀ ਦੌਰੇ ਮੌਕੇ ਵੀ ਗੱਲਬਾਤ ਅਤੇ ਕੂਟਨੀਤੀ ਦਾ ਇਹੋ ਸੁਨੇਹਾ ਦਿੱਤਾ ਗਿਆ ਸੀ। ਯੂਕਰੇਨ ’ਚ ਮਾਨਵੀ ਰਾਹਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਪਹਿਲਾਂ ਹੀ 90 ਟਨ ਰਾਹਤ ਸਮੱਗਰੀ ਮੁਹੱਈਆ ਕਰਵਾਈ ਹੈ। ‘ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਯੂਲੀਆ ਸਿਵਰੀਡੈਂਕੋ ਨੇ ਹੋਰ ਦਵਾਈਆਂ ਦੀ ਸਪਲਾਈ ਦੇਣ ਦੀ ਬੇਨਤੀ ਕੀਤੀ ਸੀ ਅਤੇ ਸਦਨ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇਹ ਸਪਲਾਈ ਛੇਤੀ ਭੇਜ ਦਿੱਤੀ ਜਾਵੇਗੀ।’ ਗੁਆਂਢੀ ਮੁਲਕ ਸ੍ਰੀਲੰਕਾ ਨੂੰ ਵੀ ਸਹਾਇਤਾ ਪ੍ਰਦਾਨ ਕਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀਲੰਕਾ ਨੂੰ ਕਰਜ਼ੇ ’ਤੇ ਈਂਧਣ, ਭੋਜਨ ਅਤੇ ਅਨਾਜ ਦੀ ਸਪਲਾਈ ਕੀਤੀ ਜਾ ਰਹੀ ਹੈ।

ਖਾਣ ਵਾਲੇ ਤੇਲ ਸਮੇਤ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ’ਤੇ ਜਤਾਈ ਜਾ ਰਹੀ ਚਿੰਤਾ ਬਾਰੇ ਜੈਸ਼ੰਕਰ ਨੇ ਕਿਹਾ ਕਿ ਵਣਜ ਕੂਟਨੀਤੀ ਨੂੰ ਵਾਧੂ ਵਸੀਲੇ ਤਲਾਸ਼ਣੇ ਪੈਣਗੇ। ਭਾਰਤੀ ਸਫ਼ਾਰਤਖਾਨੇ ਅਤੇ ਹੋਰ ਮੁਲਕਾਂ ਦੀਆਂ ਸਲਾਹਾਂ ਨੂੰ ਲੈ ਕੇ ਆਰਐੱਸਪੀ ਦੇ ਐੱਨ ਕੇ ਪ੍ਰੇਮਚੰਦਰਨ ਵੱਲੋਂ ਕੀਤੀ ਤੁਲਨਾ ਬਾਰੇ ਉਨ੍ਹਾਂ ਕਿਹਾ ਕਿ ਪੱਛਮੀ ਮੁਲਕਾਂ ਦਾ ਸਿਆਸੀ ਏਜੰਡਾ ਰਿਹਾ। ‘ਸਾਡਾ ਉਦੇਸ਼ ਸਬੰਧਤ ਵਰਗਾਂ ਦੇ ਕਲਿਆਣ ਨਾਲ ਜੁੜਿਆ ਹੋਇਆ ਹੈ।’ ਵਿਦੇਸ਼ ਮੰਤਰੀ ਦੇ ਬਿਆਨ ਮਗਰੋਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਜਿਵੇਂ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਇਸ ਗੰਭੀਰ ਚੁਣੌਤੀ ਦਾ ਸਫ਼ਲਤਾਪੂਰਬਕ ਸਾਹਮਣਾ ਕੀਤਾ ਹੈ ਅਤੇ ਮੁਲਕ ਦੇ ਬੱਚਿਆਂ ਨੂੰ ਯੂਕਰੇਨ ’ਚੋਂ ਕੱਢਿਆ ਹੈ, ਉਹ ਸ਼ਲਾਘਾਯੋਗ ਹੈ ਅਤੇ ਪੂਰੇ ਸਦਨ ਨੂੰ ਇਸ ਗੱਲ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ।

ਜੈਸ਼ੰਕਰ ਨੇ ਚਾਰ ਮੰਤਰੀਆਂ ਜਯੋਤਿਰਾਦਿੱਤਿਆ ਸਿੰਧੀਆ, ਹਰਦੀਪ ਸਿੰਘ ਪੁਰੀ, ਕਿਰੇਨ ਰਿਜਿਜੂ ਅਤੇ ਜਨਰਲ (ਰਿਟਾਇਰਡ) ਵੀ ਕੇ ਸਿੰਘ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਜਿਹੜੇ ਭਾਰਤੀਆਂ ਨੂੰ ਯੂਕਰੇਨ ’ਚੋਂ ਕੱਢਣ ਲਈ ਗੁਆਂਢੀ ਮੁਲਕਾਂ ’ਚ ਗਏ ਸਨ। ਉਨ੍ਹਾਂ ਕਿਹਾ ਕਿ ਦੁਨੀਆ ਦੇ ਬਦਲਦੇ ਰੰਗ ਨਾਲ ਸਿੱਝਣ ਦਾ ਇਕੋ ਇਕ ਰਾਹ ਆਤਮ-ਨਿਰਭਰ ਭਾਰਤ ਹੈ। ਉਨ੍ਹਾਂ ਕਿਹਾ ਕਿ ਆਤਮ-ਨਿਰਭਰ ਭਾਰਤ ਸਿਰਫ਼ ਆਰਥਿਕ ਨੀਤੀ ਨਹੀਂ ਹੈ ਸਗੋਂ ਇਹ ਆਪਣੇ ਲੋਕਾਂ ਦੀ ਕਦਰ ਵੀ ਕਰਦੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 12 ਫ਼ੀਸਦ ਵਧੀ
Next articleਵਿਆਪਕ ਤਬਾਹੀ ਦੇ ਹਥਿਆਰਾਂ ਦੀ ਫੰਡਿੰਗ ’ਤੇ ਰੋਕ ਵਾਲਾ ਬਿੱਲ ਲੋਕ ਸਭਾ ’ਚ ਪਾਸ